ਧੋਖੇਦੇਣੀ ਲੁਟੇਰੀ ਦੁਲਹਣ ਗੈਂਗ ਮੁੜ ਸਰਗਰਮ ! ਕਾਂਗੜਾ ਤੋਂ ਬਾਅਦ ਇਸ ਸ਼ਹਿਰ 'ਚ ਮਾਰੀ ਠੱਗੀ; ਵਿਆਹ ਦੇ 14 ਦਿਨਾਂ ਬਾਅਦ ਸਭ ਲੈ ਕੇ ਹੋ ਗਈ ਫੁਰਰ...
ਵਿਨੈ ਦਾ ਦੋਸ਼ ਹੈ ਕਿ ਵਿਆਹ ਕਰਵਾਉਣ ਵਾਲੇ ਸੁਰੇਂਦਰ ਮੋਹਨ ਉਰਫ਼ ਸ਼ੈਂਟੀ ਤੇ ਉਸਦੇ ਸਹਿਯੋਗੀਆਂ ਨੇ ਉਸ ਤੋਂ 1.60 ਲੱਖ ਰੁਪਏ ਵਸੂਲ ਕੀਤੇ। 22 ਨਵੰਬਰ ਨੂੰ ਰਾਤ ਸਵਾ ਅੱਠ ਵਜੇ ਪਤਨੀ ਘਰੋਂ 50,000 ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਈ।
Publish Date: Mon, 24 Nov 2025 02:04 PM (IST)
Updated Date: Mon, 24 Nov 2025 02:10 PM (IST)
ਜਾਗਰਣ ਟੀਮ, ਊਨਾ : ਹਿਮਾਚਲ ਪ੍ਰਦੇਸ਼ 'ਚ ਲੁਟੇਰੀ ਦੁਲਹਣ ਦਾ ਗੈਂਗ ਸਰਗਰਮ ਹੋ ਗਿਆ ਹੈ। ਜ਼ਿਲ੍ਹਾ ਕਾਂਗੜਾ ਤੋਂ ਬਾਅਦ ਹੁਣ ਊਨਾ 'ਚ ਵੀ ਵਿਆਹ ਦੇ ਨਾਂ ’ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਕਾਂਗੜਾ ਦੇ ਨਗਰੋਟਾ ਬਗਵਾਂ ਤੇ ਤੰਗਰੋਟੀ 'ਚ ਦੋ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਫੜ ਵੀ ਲਿਆ ਸੀ। ਹੁਣ ਊਨਾ 'ਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਿਲ੍ਹਾ ਊਨਾ ਦੇ ਉਪਮੰਡਲ ਬੰਗਾਣਾ ਖੇਤਰ 'ਚ ਵਿਆਹ ਦੇ ਕੁਝ ਦਿਨਾਂ ਬਾਅਦ ਦੁਲਹਣ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਈ। ਪੀੜਤ ਨੌਜਵਾਨ ਨੇ ਇਸ ਨੂੰ ਇਕ ਸੰਗਠਿਤ ਗਿਰੋਹ ਦਾ ਕਾਰਨਾਮਾ ਦੱਸਦੇ ਹੋਏ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਬਰੇਲੀ ਦੀ ਲੜਕੀ ਨਾਲ ਹੋਇਆ ਸੀ ਵਿਆਹ
ਵਿਨੈ ਕੁਮਾਰ ਵਾਸੀ ਥਾਣਾਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਵਿਆਹ 9 ਨਵੰਬਰ 2025 ਨੂੰ ਕਸ਼ਿਸ਼ ਨਾਂ ਦੀ ਲੜਕੀ ਨਾਲ ਹੋਇਆ ਸੀ ਜੋ ਮੂਲ ਰੂਪ 'ਚ ਰਤਨਪੁਰੀ, ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਦੀ ਰਹਿਣ ਵਾਲੀ ਹੈ।
ਵਿਆਹ ਕਰਵਾਉਣ ਬਦਲੇ ਵਿਚੋਲੀਏ ਨੇ ਲਏ ਸਨ 1.60 ਲੱਖ ਰੁਪਏ
ਵਿਨੈ ਦਾ ਦੋਸ਼ ਹੈ ਕਿ ਵਿਆਹ ਕਰਵਾਉਣ ਵਾਲੇ ਸੁਰੇਂਦਰ ਮੋਹਨ ਉਰਫ਼ ਸ਼ੈਂਟੀ ਤੇ ਉਸਦੇ ਸਹਿਯੋਗੀਆਂ ਨੇ ਉਸ ਤੋਂ 1.60 ਲੱਖ ਰੁਪਏ ਵਸੂਲ ਕੀਤੇ। 22 ਨਵੰਬਰ ਨੂੰ ਰਾਤ ਸਵਾ ਅੱਠ ਵਜੇ ਪਤਨੀ ਘਰੋਂ 50,000 ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਈ।
ਵਿਆਹ 'ਚ ਸਨ ਕਈ ਸ਼ੱਕੀ ਲੋਕ
ਪੀੜਤ ਨੇ ਦੱਸਿਆ ਕਿ ਵਿਆਹ ਦੌਰਾਨ ਲੜਕੀ ਦੇ ਪੱਖ ਤੋਂ ਕਈ ਸ਼ੱਕੀ ਲੋਕ ਸਨ, ਜਿਨ੍ਹਾਂ ਦੇ ਨਾਂ ਉਸ ਨੇ ਪੁਲਿਸ ਨੂੰ ਸੌਂਪ ਦਿੱਤੇ ਹਨ। ਇਨ੍ਹਾਂ ਵਿਚ ਇਸਮਾਈਲ, ਰੋਹਿਤ, ਅਨੂਪ, ਸੋਹਨ ਸਿੰਘ ਸਰਦਾਰ ਸਮੇਤ ਕਈ ਹੋਰ ਵਿਅਕਤੀ ਸ਼ਾਮਲ ਹਨ।
ਗਿਰੋਹ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ
ਵਿਨੈ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਇਹ ਸਮੂਹ ਪਹਿਲਾਂ ਵੀ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਹੋ ਸਕਦਾ ਹੈ। ਉਸਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਇਸ ਗਿਰੋਹ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸਦੀ ਪਤਨੀ ਅਤੇ ਸਬੰਧਤ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਥਾਣਾ ਮੁਖੀ ਰੋਹਿਤ ਚੌਧਰੀ ਨੇ ਕਿਹਾ ਕਿ ਸ਼ਿਕਾਇਤ ਪੱਤਰ ਆਇਆ ਹੈ, ਕਾਰਵਾਈ ਕੀਤੀ ਜਾਵੇਗੀ।