ਅਨਮੋਲ ਬਿਸ਼ਨੋਈ ਤੋਂ ਹੁਣ ਤਿਹਾੜ ਜੇਲ੍ਹ ’ਚ ਹੋ ਸਕੇਗੀ ਪੁੱਛਗਿੱਛ, ਧਾਰਾ 303 ਤਹਿਤ ਕੀਤੀ ਗਈ ਕਾਰਵਾਈ
ਐੱਨਆਈਏ ਦੇ ਵਿਸ਼ੇਸ਼ ਸਰਕਾਰੀ ਵਕੀਲ ਰਾਹੁਲ ਤਿਆਗੀ ਨੇ ਮਾਮਲੇ ਦੀ ਸੁਣਵਾਈ ਮਗਰੋਂ ਦੱਸਿਆ ਕਿ ਅਨਮੋਲ ਬਿਸ਼ਨੋਈ ਨੇ ਕੋਰਟ ਨੂੰ ਆਪਣੀ ਜਾਨ ਦਾ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਲਈ ਇਕ ਅਰਜ਼ੀ ਦਾਖ਼ਲ ਕੀਤੀ ਗਈ ਸੀ। ਇਸ ’ਤੇ ਕੋਰਟ ਨੇ ਮਾਮਲੇ ਦੀ ਸੁਣਵਾਈ ਐੱਨਆਈਏ ਹੈੱਡਕੁਆਰਟਰ ਸ਼ਿਫਟ ਕਰ ਦਿੱਤੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਵਰਚੁਅਲੀ ਕੋਰਟ ’ਚ ਪੇਸ਼ ਕੀਤਾ ਗਿਆ।
Publish Date: Sat, 13 Dec 2025 08:06 AM (IST)
Updated Date: Sat, 13 Dec 2025 08:09 AM (IST)
ਨਵੀਂ ਦਿੱਲੀ (ਏਜੰਸੀ) : ਐੱਨਆਈਏ ਦੇ ਵਿਸ਼ੇਸ਼ ਜੱਜ ਨੇ ਸ਼ੁੱਕਰਵਾਰ ਨੂੰ ਅਨਮੋਲ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ। ਯਾਨੀ ਹੁਣ ਇਕ ਸਾਲ ਤੱਕ ਕਿਸੇ ਵੀ ਸੂਬੇ ਦੀ ਪੁਲਿਸ ਜਾਂ ਜਾਂਚ ਏਜੰਸੀ ਉਸ ਨੂੰ ਪੁੱਛਗਿੱਛ ਲਈ ਨਹੀਂ ਲਿਜਾ ਸਕੇਗੀ। ਉਸ ਤੋਂ ਪੁੱਛਗਿੱਛ ਸਿਰਫ਼ ਤਿਹਾੜ ਜੇਲ੍ਹ ’ਚ ਹੀ ਹੋ ਸਕੇਗੀ। ਇਹ ਕਾਰਵਾਈ ਬੀਐੱਨਐੱਸ ਦੀ ਧਾਰਾ 303 ਤਹਿਤ ਕੀਤੀ ਗਈ ਹੈ।
ਐੱਨਆਈਏ ਦੇ ਵਿਸ਼ੇਸ਼ ਸਰਕਾਰੀ ਵਕੀਲ ਰਾਹੁਲ ਤਿਆਗੀ ਨੇ ਮਾਮਲੇ ਦੀ ਸੁਣਵਾਈ ਮਗਰੋਂ ਦੱਸਿਆ ਕਿ ਅਨਮੋਲ ਬਿਸ਼ਨੋਈ ਨੇ ਕੋਰਟ ਨੂੰ ਆਪਣੀ ਜਾਨ ਦਾ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਲਈ ਇਕ ਅਰਜ਼ੀ ਦਾਖ਼ਲ ਕੀਤੀ ਗਈ ਸੀ। ਇਸ ’ਤੇ ਕੋਰਟ ਨੇ ਮਾਮਲੇ ਦੀ ਸੁਣਵਾਈ ਐੱਨਆਈਏ ਹੈੱਡਕੁਆਰਟਰ ਸ਼ਿਫਟ ਕਰ ਦਿੱਤੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਵਰਚੁਅਲੀ ਕੋਰਟ ’ਚ ਪੇਸ਼ ਕੀਤਾ ਗਿਆ। ਤਿਆਗੀ ਨੇ ਵੀ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਮੁਲਜ਼ਮ ਦੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਵੀ ਆਦੇਸ਼ ਜਾਰੀ ਕੀਤੇ ਸਨ ਕਿ ਉਸ ਖ਼ਿਲਾਫ਼ ਪੈਂਡਿੰਗ ਹੋਰ ਮਾਮਲਿਆਂ ਦੀ ਜਾਂਚ ਲਈ ਉਸ ਨੂੰ ਦੂਜਿਆਂ ਸੂਬਿਆਂ ਦੀਆਂ ਏਜੰਸੀਆਂ ਨੂੰ ਨਾ ਸੌਂਪਿਆ ਜਾਵੇ।
ਅਨਮੋਲ ਬਿਸ਼ਨੋਈ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਤੇ ਉਸਨੂੰ ਹਾਲੀਆ ਅਮਰੀਕਾ ਤੇ ਡਿਪੋਰਟ ਕੀਤਾ ਗਿਆ ਸੀ। ਉਸਨੂੰ ਭਾਰਤ ਪਹੁੰਚਦੇ ਹੀ ਐੱਨਆਈਏ ਨੇ ਗ੍ਰਿਫ਼ਤਾਰ ਕਰ ਲਿਆ ਸੀ। ਏਜੰਸੀ ਉਸ ਖ਼ਿਲਾਫ਼ ਮਾਰਚ 2023 ’ਚ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਐੱਨਆਈਏ ਮੁਤਾਬਕ, ਅਨਮੋਲ ਅਮਰੀਕਾ ਤੋਂ ਗਿਰੋਹ ਦੀਆਂ ਸਰਗਰਮੀਆਂ ਚਲਾ ਰਿਹਾ ਸੀ। ਉਹ ਕਈ ਹਾਈ ਪ੍ਰੋਫਾਈਲ ਕੇਸਾਂ ’ਚ ਲੁੜੀਂਦਾ ਸੀ, ਜਿਨ੍ਹਾਂ ’ਚ ਐੱਨਸੀਪੀ ਦੇ ਆਗੂ ਬਾਬਾ ਸਦੀਕੀ ਦੀ ਹੱਤਿਆ, ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਅਪ੍ਰੈਲ 2024 ’ਚ ਕੀਤੀ ਫਾਇਰਿੰਗ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕੇਸ ਸ਼ਾਮਲ ਹਨ।