'ਆਮ ਆਦਮੀ ਮਾਈ ਫੁੱਟ' ਸੰਜੀਵ ਬਿਖਚੰਦਾਨੀ ਨੇ ਗਿਗ ਵਰਕਰਾਂ 'ਤੇ ਚੱਲ ਰਹੀ ਬਹਿਸ ਦੌਰਾਨ ਰਾਘਵ ਚੱਢਾ 'ਤੇ ਕੱਸਿਆ ਤਨਜ਼
ਇਸ ਤੋਂ ਪਹਿਲਾਂ, ਗੋਇਲ ਨੇ ਗਿਗ ਅਰਥਚਾਰੇ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਇਸ ਨੇ ਮਜ਼ਦੂਰਾਂ ਲਈ ਸਦੀਆਂ ਦੀ ਅਣਦੇਖੀ ਨੂੰ ਖ਼ਤਮ ਕਰ ਦਿੱਤਾ ਹੈ। ਪਹਿਲੀ ਵਾਰ ਵਰਕਰਾਂ, ਡਿਲੀਵਰੀ ਭਾਗੀਦਾਰਾਂ, ਰਾਈਡਰਾਂ ਅਤੇ ਹੋਰ ਲੋਕ ਵੱਡੇ ਪੱਧਰ 'ਤੇ ਸਿੱਧੇ ਖਪਤਕਾਰਾਂ ਨਾਲ ਗੱਲਬਾਤ ਕਰਦੇ ਹਨ।
Publish Date: Sat, 03 Jan 2026 11:47 AM (IST)
Updated Date: Sat, 03 Jan 2026 12:01 PM (IST)
ਮੁੰਬਈ (ਏਐੱਨਆਈ) : ਪ੍ਰਸਿੱਧ ਨਿਵੇਸ਼ਕ ਅਤੇ ਨੌਕਰੀਡਾਟ ਕਾਮ ਦੇ ਸੰਸਥਾਪਕ ਸੰਜੀਵ ਬਿਖਚੰਦਾਨੀ ਨੇ ਗਿਗ ਵਰਕਰਾਂ 'ਤੇ ਚੱਲ ਰਹੀ ਬਹਿਸ ਵਿਚ ਹਿੱਸਾ ਲੈਂਦੇ ਹੋਏ ਜ਼ੋਮੈਟੋ ਦੇ ਸੰਸਥਾਪਕ ਦੀਪੇਂਦਰ ਗੋਇਲ ਦੀ ਗਿਗ ਵਰਕਰਾਂ ਦੀ ਇਕ ਦਿਨ ਦੀ ਹੜਤਾਲ 'ਤੇ ਕੀਤੀ ਟਿੱਪਣੀ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਗਿਗ ਵਰਕਰਾਂ ਦੇ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ 'ਤੇ ਤਨਜ਼ ਕਰਦਿਆਂ ਕਿਹਾ, "ਆਮ ਆਦਮੀ ਮਾਈ ਫੁੱਟ।"
ਗੋਇਲ ਦੀ ਐਕਸ 'ਤੇ ਪੋਸਟ ਦੇ ਜਵਾਬ ਵਿਚ ਬਿਖਚੰਦਾਨੀ ਨੇ ਲਿਖਿਆ, "ਬਹੁਤ ਵਧੀਆ ਲਿਖਿਆ ਹੈ ਦੀਪੇਂਦਰ ਗੋਇਲ। ਹਰ ਸ਼ਬਦ ਸੱਚ ਹੈ। ਇਹ ਮੰਨਣਾ ਮੁਸ਼ਕਿਲ ਹੈ ਕਿ ਇਕ ਸ਼ੈਂਪੇਨ ਸੋਸ਼ਲਿਸਟ (ਐਸ਼ ਵਾਲੀ ਜ਼ਿੰਦਗੀ ਜਿਊਣ ਵਾਲਾ ਸਮਾਜਵਾਦੀ) ਜਿਸ ਨੇ ਇਕ ਫਿਲਮ ਅਦਾਕਾਰਾ ਨਾਲ ਉਦੈਪੁਰ ਵਿਚ ਵਿਆਹ ਕੀਤਾ ਅਤੇ ਮਾਲਦੀਵ ਵਿਚ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ, ਉਸ ਵਿਚ ਇੰਨੀ ਹਿੰਮਤ ਹੈ ਕਿ ਉਹ ਗਿਗ ਵਰਕਰਾਂ ਦੇ ਕਥਿਤ ਸ਼ੋਸ਼ਣ 'ਤੇ ਮਗਰਮੱਛ ਵਾਲੇ ਅੱਥਰੂ ਵਹਾ ਰਿਹਾ ਹੈ। ਆਮ ਆਦਮੀ ਮਾਈ ਫੁੱਟ।"
ਇਸ ਤੋਂ ਪਹਿਲਾਂ, ਗੋਇਲ ਨੇ ਗਿਗ ਅਰਥਚਾਰੇ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਇਸ ਨੇ ਮਜ਼ਦੂਰਾਂ ਲਈ ਸਦੀਆਂ ਦੀ ਅਣਦੇਖੀ ਨੂੰ ਖ਼ਤਮ ਕਰ ਦਿੱਤਾ ਹੈ। ਪਹਿਲੀ ਵਾਰ ਵਰਕਰਾਂ, ਡਿਲੀਵਰੀ ਭਾਗੀਦਾਰਾਂ, ਰਾਈਡਰਾਂ ਅਤੇ ਹੋਰ ਲੋਕ ਵੱਡੇ ਪੱਧਰ 'ਤੇ ਸਿੱਧੇ ਖਪਤਕਾਰਾਂ ਨਾਲ ਗੱਲਬਾਤ ਕਰਦੇ ਹਨ। ਉਸ ਨੇ ਕਿਹਾ ਕਿ ਇਸ ਨਾਲ ਨਾ-ਬਰਾਬਰੀ ਵਿਅਕਤੀਗਤ ਹੋ ਜਾਂਦੀ ਹੈ, ਇਹੀ ਵਜ੍ਹਾ ਹੈ ਕਿ ਗਿਗ ਅਰਥਚਾਰੇ ਕਾਰਨ ਬੇਚੈਨੀ ਤੇ ਗਰਮਾਗਰਮ ਬਹਿਸ ਹੁੰਦੀ ਹੈ। ਯਾਦ ਰਹੇ ਰਾਘਵ ਚੱਢਾ ਨੇ 10 ਮਿੰਟ ਡਿਲੀਵਰੀ ਐਪਸ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਇਸ ਕਾਰਨ ਬਿਖਚੰਦਾਨੀ ਨੇ ਇਹ ਤਲਖ਼ ਟਿੱਪਣੀ ਕੀਤੀ ਹੈ।