ਸੁਖਦੇਵ ਮਾਦਪੁਰੀ- ਪੰਜਾਬ ਰੰਗਲੀਆਂ ਤੇ ਮਨਮੋਹਕ ਰੁੱਤਾਂ ਵਾਲਾ ਪ੍ਰਾਂਤ ਹੈ। ਇੱਥੇ ਗਰਮੀ ਲੋਹੜੇ ਦੀ ਪੈਂਦੀ ਹੈ ਅਤੇ ਸਰਦੀ ਵੀ ਕਾਂਬਾ ਛੇੜ ਦਿੰਦੀ ਹੈ। ਸਾਉਣ ਦੀਆਂ ਫੁਹਾਰਾਂ ਰੂਹਾਂ ਨੂੰ ਸਰਸ਼ਾਰ ਕਰਦੀਆਂ ਹਨ ਅਤੇ ਬਸੰਤ ਰੁੱਤ ਵਿਚ ਧਰਤੀ ਮੌਲਦੀ ਹੈ ਤੇ ਬਨਸਪਤੀ 'ਤੇ ਨਵਾਂ ਨਿਖਾਰ ਆਉਂਦਾ ਹੈ। ਪੰਜਾਬ ਇਨ੍ਹਾਂ ਵੰਨ-ਸੁਵੰਨੀਆਂ ਰੁੱਤਾਂ ਨੂੰ ਮਨੋਰੰਜਨ ਭਰਪੂਰ ਤਿਉਹਾਰ ਮਨਾ ਕੇ ਮਾਣਦੇ ਹਨ। ਸਾਲ 2020 ਦੀ ਲੋਹੜੀ 13 ਜਨਵਰੀ ਨੂੰ ਮਨਾਈ ਜਾ ਰਹੀ ਹੈ। (Lohri Is Celebrated on 13 January 2020)

ਦੀਵਾਲੀ, ਦੁਸਹਿਰਾ, ਲੋਹੜੀ, ਵਿਸਾਖੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਅਤੇ ਉਮਾਹ ਲੈ ਕੇ ਆਉਂਦੇ ਹਨ। ਲੋਹੜੀ ਪੰਜਾਬੀਆਂ ਦਾ ਸਰਦ ਰੁੱਤ ਦਾ ਤਿਉਹਾਰ ਹੈ। ਇਹ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਲੋਕ ਜੀਵਨ ਵਿਚ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ। ਇਸ ਨੂੰ ਪੰਜਾਬੀ ਬੜੇ ਚਾਅ ਨਾਲ ਮਨਾਉਂਦੇ ਹਨ।

ਲੋਹੜੀ ਮਨਾਉਣ ਸਬੰਧੀ ਕਈ ਧਾਰਨਾਵਾਂ ਪ੍ਰਚਲਿਤ ਹਨ।


ਲੋਹੜੀ ਦਾ ਇਤਿਹਾਸ ਤੇ ਮਹੱਤਤਾ

ਕਿਹਾ ਜਾਂਦਾ ਹੈ ਕਿ ਹਰਨਾਕਸ਼ ਦੀਆਂ ਦੋ ਭੈਣਾਂ ਸਨ ਹੋਲਿਕਾ ਅਤੇ ਲੋਹੜੀ ਇਨ੍ਹਾਂ ਨੂੰ ਵਰ ਪ੍ਰਾਪਤ ਸੀ ਕਿ ਅੱਗ ਇਨ੍ਹਾਂ ਨੂੰ ਸਾੜ ਨਹੀਂ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਰੱਬ ਦਾ ਭਗਤ ਸੀ ਜੋ ਆਪਣੇ ਪਿਤਾ ਦੀ ਬਜਾਏ ਰੱਬ ਦੀ ਪੂਜਾ ਕਰਦਾ ਸੀ ਜਿਸ ਕਰਕੇ ਹਰਨਾਕਸ਼ ਉਸ ਨਾਲ ਨਫ਼ਰਤ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ। ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਬਲਦੀ ਹੋਈ ਚਿਖਾ ਵਿਚ ਬੈਠ ਜਾਵੇ। ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਬਲਦੀ ਹੋਈ ਚਿਖਾ ਵਿਚ ਬੈਠ ਗਈ। ਵਰ ਦੇ ਬਾਵਜੂਦ ਉਹ ਤਾਂ ਸੜ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਲੋਹੜੀ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਿਹਾ ਗਿਆ। ਦੋਨੋਂ ਭੈਣਾਂ ਸੜ ਗਈਆਂ ਪਰ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਲਈ ਲੋਹੜੀ (Lohri 2020) ਬਾਲਣ ਲੱਗੇ।

ਲੋਹੜੀ ਦੇ ਪਿਛੋਕੜ ਨੂੰ ਬਿਆਨ ਕਰਦੈ ਗੀਤ 'ਸੁੰਦਰ ਮੁੰਦਰੀਏ'

ਪੰਜਾਬ ਵਿਚ ਗਾਏ ਜਾਂਦੇ ਲੋਹੜੀ ਤੇ ਗੀਤਾਂ ਵਿਚ 'ਸੁੰਦਰ-ਮੁੰਦਰੀਏ' ਨਾਂ ਦਾ ਲੋਕ ਗੀਤ ਬੜਾ ਪ੍ਰਸਿੱਧ ਹੈ। ਇਹ ਲੋਹੜੀ ਦੇ ਪਿਛੋਕੜ ਨਾਲ ਜੁੜੀ ਇਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗ਼ਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਸਬੰਧਿਤ ਹੈ ਜਿਸ ਨੇ ਰਾਤ ਸਮੇਂ ਲੱਕੜਾਂ ਬਾਲ਼ ਕੇ ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਦਾ ਵਿਆਹ ਕੀਤਾ ਸੀ।

ਸੁੰਦਰ ਮੁੰਦਰੀਏ ਹੋ

ਤੇਰਾ ਕੌਣ ਵਿਚਾਰਾ ਹੋ

ਦੁੱਲਾ ਭੱਟੀ ਵਾਲਾ ਹੋ

ਦੁੱਲੇ ਧੀ ਵਿਆਹੀ ਹੋ

ਸ਼ੇਰ ਸ਼ੰਕਰ ਪਾਈ ਹੋ...ਇਕ ਮਿਥਹਾਸਿਕ ਕਥਾ ਨਾਲ ਵੀ ਜੁੜਿਆ ਹੈ ਲੋਹੜੀ ਦਾ ਤਿਉਹਾਰ (Mythology Of Lohri 2019)

Lohri 2020- ਇਕ ਮਿਥਹਾਸਿਕ ਕਥਾ ਅਨੁਸਾਰ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ ਸਬੰਧ ਰੱਖਦੀ ਹੈ ਜਿਸ ਨੇ ਇਕ ਭੈੜੇ ਦੈਂਤ ਨੂੰ ਸਾੜਕੇ ਸੁਆਹ ਕਰ ਦਿੱਤਾ ਸੀ। ਉਦੋਂ ਤੋਂ ਲੋਕ ਉਸਦੀ ਯਾਦ ਨੂੰ ਸੁਲਗਾ-ਸੁਲਗਾ ਕੇ ਯਾਦ ਕਰਦੇ ਹਨ।

ਲੋਹੜੀ (Lohri 2020) ਦੇ ਤਿਉਹਾਰ ਨਾਲ ਮਨੁੱਖ ਦੀ ਆਪਣੇ ਵੰਸ਼ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਤਿਉਹਾਰ ਨਵੇਂ ਵਿਆਹਾਂ ਅਤੇ ਨਵ-ਜਨਮੇ ਬੱਚਿਆਂ ਦੀ ਖ਼ੁਸ਼ੀ ਲਈ ਮਨਾਇਆਂ ਜਾਂਦਾ ਹੈ। ਬੱਚਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ ਖ਼ੁਸ਼ੀ ਸਾਰੇ ਪਿੰਡ ਲਈ ਸਾਂਝੀ ਹੁੰਦੀ ਹੈ। ਇਸ ਦਿਨ ਸਾਰੇ ਰਲਕੇ ਨਵ-ਜਨਮੇ ਮੁੰਡੇ ਤੇ ਘਰੋਂ ਵਧਾਈਆਂ ਦਾ ਗੁੜ ਮੰਗਕੇ ਲਿਆਉਂਦੇ ਹਨ।


ਬੱਚੇ ਗੀਤ ਗਾਉਂਦੇ ਹੋਏ ਮੰਗਦੇ ਨੇ ਲੋਹੜੀ ਦੀਆਂ ਵਧਾਈਆਂ

ਲੋਹੜੀ ਵਿਚ ਬੱਚੇ ਵੱਧ-ਚੜ੍ਹਕੇ ਭਾਗ ਲੈਂਦੇ ਹਨ। ਜਿੱਧਰ ਵੇਖੋ ਬੱਚਿਆਂ ਦੀਆਂ ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ ਫਿਰਦੀਆਂ ਹਨ। ਵਿਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਓੜੀਆਂ, ਤਲੂਏਂ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ-ਘਰ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ। ਮੰਗਣ ਵਾਲੇ ਬੱਚਿਆਂ ਵਿਚ ਛੋਟੇ-ਵੱਡੇ ਘਰਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਅਤੇ ਨਾ ਜਾਤਪਾਤ ਦਾ ਫ਼ਰਕ ਹੁੰਦਾ ਹੈ। ਬੱਚੇ ਸਮੂਹਿਕ ਰੂਪ ਵਿਚ ਹੀ ਗੀਤ ਗਾਉਂਦੇ ਹਨ। ਵੱਡੀਆ ਕੁੜੀਆਂ ਅਤੇ ਸੁਆਣੀਆਂ ਇੱਕਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਹਨ। ਉਹ ਘਰ ਦੇ ਦਲਾਨ ਵਿਚ ਜਾ ਕੇ ਗਿੱਧਾ ਪਾਉਂਦੀਆਂ ਹੋਈਆਂ ਖ਼ੂਬ ਨੱਚਦੀਆ ਹਨ। ਗਿੱਧੇ ਵਿਚ ਵਧੇਰੇ ਕਰਕੇ ਵੀਰ ਪਿਆਰ ਦੀਆਂ ਬੋਲੀਆਂ ਹੀ ਪਾਈਆਂ ਜਾਂਦੀਆਂ ਹਨ। ਮੁੰਡੇ ਆਪਣੀ ਵੱਖਰੀ ਭੇਲੀ ਮੰਗਦੇ ਹਨ। (Lohri Festival 2020) ਇਸ ਮਗਰੋਂ ਪਿੰਡ ਦੀ ਸੱਥ ਵਿਚ ਸਾਰੀਆਂ ਭੇਲੀਆਂ ਇੱਕਠੀਆਂ ਕਰ ਕੇ ਗੁੜ ਦੀਆਂ ਭੇਲੀਆਂ ਭੁੰਨਕੇ ਰੋੜੀਆਂ ਅਥਵਾਂ ਡਲੀਆਂ ਬਣਾ ਲਈਆਂ ਜਾਂਦੀਆਂ ਹਨ। ਇਸ ਮਗਰੋਂ ਵਧਾਈਆਂ ਦਾ ਗੁੜ ਸਭ ਨੂੰ ਇਕੋ ਜਿਹਾ ਵਰਤਾਅ ਦਿੱਤਾ ਜਾਂਦਾ ਹੈ।'ਜਿੰਨੇ ਜਠਾਣੀ ਤਿਲ਼ ਸੁੱਟੇਗੀ ਓਨੇ ਦਰਾਣੀ ਪੁੱਤ ਜਣੇਗੀ'

ਹਰ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਲੋਹੜੀ ਬਾਲ਼ੀ ਜਾਂਦੀ ਹੈ। ਲੱਕੜ ਦੇ ਵੱਡੇ-ਵੱਡੇ ਖੁੰਢਾਂ ਨੂੰ ਅੱਗ ਲਾ ਕੇ ਸਾਰੇ ਸੇਕ ਰਹੇ ਹੁੰਦੇ ਹਨ, ਕਿਸੇ ਵਡਾਰੂ ਪਾਸੋਂ ਕੋਈ ਰੌਚਕ ਕਥਾ ਵਾਰਤਾ ਸੁਣਦੇ ਹੋਏ ਨਾਲੋਂ ਨਾਲ ਅੱਗ ਉੱਪਰ ਤਿਲ਼ ਸੁੱਟੇ ਜਾਂਦੇ ਹਨ। ਤਿਲ਼ ਪਟਾਕ-ਪਟਾਕ ਕੇ ਇਕ ਅਨੂਪਮ ਰਾਗ ਉਤਪੰਨ ਕਰਦੇ ਹਨ। ਬਲ਼ਦੀ ਲੋਹੜੀ 'ਤੇ ਤਿਲ਼ ਸੁੱਟਣ ਦਾ ਵਿਸ਼ੇਸ਼ ਮਹੱਤਵ ਸਮਝਿਆਂ ਜਾਂਦਾ ਹੈ। ਕਹਾਵਤ ਹੈ ਕਿ ਜਿੰਨੇ ਜਠਾਣੀ ਤਿਲ਼ ਸੁੱਟੇਗੀ ਓਨੇ ਦਰਾਣੀ ਪੁੱਤ ਜਣੇਗੀ।


ਲੋਹੜੀ ਮੌਕੇ ਕੁੜੀਆਂ ਤੇ ਮੁੰਡੇ ਗਾਉਂਦੇ ਨੇ ਸ਼ਗਨਾਂ ਦੇ ਗੀਤ

ਦਰਜਣਾ ਦੀ ਗਿਣਤੀ 'ਚ ਲੋਹੜੀ ਦੇ ਗੀਤ ਉਪਲੱਬਧ ਹਨ। ਕੁੜੀਆਂ ਦੇ ਗੀਤਾਂ ਦਾ ਮੁੰਡਿਆਂ ਦੇ ਗੀਤਾਂ ਨਾਲੋਂ ਫ਼ਰਕ ਹੁੰਦਾ ਹੈ। ਮੁੰਡੇ ਰੌਲ਼ਾ ਰੱਪਾ ਬਹੁਤ ਪਾਉਂਦੇ ਹਨ। ਕੁੜੀਆਂ ਬੜੇ ਸਲੀਕੇ ਨਾਲ ਗੀਤ ਗਾਉਂਦੀਆਂ ਹਨ। ਸਮੁੱਚੇ ਪਰਿਵਾਰ ਲਈ ਸ਼ੁਭ ਕਾਮਨਾਵਾਂ ਭੇਟ ਕਰਦੀਆਂ ਹੋਈਆਂ ਕੁੜੀਆਂ ਗਾਉਂਦੀਆਂ ਹਨ।

ਪਾ ਨੀ ਮਾਏ ਪਾ

ਕਾਲ਼ੇ ਕੁੱਤੇ ਨੂੰ ਵੀ ਪਾ

ਕਾਲਾ ਕੁੱਤਾ ਦਏ ਵਧਾਈ

ਤੇਰੀ ਜੀਵੇ ਮੱਝੀ ਗਾਈਂ

ਮੱਝੀ ਗਾਈਂ ਨੇ ਦਿੱਤਾ ਦੁੱਧ

ਤੇਰੇ ਜੀਵਨ ਸੱਤੇ ਪੁੱਤ

ਸੱਤਾਂ ਪੁੱਤਾਂ ਦੀ ਕੁੜਮਾਈ

ਡੋਲੀ ਛਮ-ਛਮ ਕਰਦੀ ਆਈ

ਸਾਨੂੰ ਸੇਰ ਸ਼ੱਕਰ ਪਾਈ...।


ਇਸ ਤਰ੍ਹਾਂ ਹੀ ਮੁੰਡੇ ਗਾਉਂਦੇ ਹਨ

ਲੋਹੜੀ ਬਈ ਲੋਹੜੀ

ਥੋਡਾ ਕਰਮਾ ਚੜ੍ਹਿਆ ਘੋੜੀ

ਘੋੜੀ ਨੇ ਮਾਰੀ ਲੱਤ

ਥੋਡੇ ਮੁੰਡੇ ਜੰਮਣ ਸੱਤ

ਸਾਡੀ ਲੋਹੜੀ ਮਨਾ ਦੋ...


ਭਾਵਨਾਤਮਕ ਏਕਤਾ ਦਾ ਪ੍ਰਤੀਕ ਐ ਲੋਹੜੀ ਦਾ ਤਿਉਹਾਰ

ਲੋਹੜੀ ਦਾ ਇਹ ਪਰੰਪਰਾਗਤ ਤਿਉਹਾਰ ਸਮੂਹ ਪੰਜਾਬੀਆਂ ਲਈ ਖ਼ੁਸ਼ੀਆਂ ਦੇ ਮੌਕੇ ਪ੍ਰਦਾਨ ਕਰਦਾ ਹੈ। ਇਹ ਬਹੁਤ ਹੀ ਖ਼ੁਸ਼ੀ ਦਾ ਮੁਕਾਮ ਹੈ ਕਿ ਅੱਜ ਕੱਲ੍ਹ ਕੁੜੀਆਂ ਦੀ ਲੋਹੜੀ ਵੀ ਮੁੰਡਿਆਂ ਵਾਂਗ ਮਨਾਈ ਜਾਣ ਲੱਗੀ ਹੈ। ਸੱਚਮੁੱਚ ਹੀ ਇਹ ਤਿਉਹਾਰ ਪੰਜਾਬੀਆਂ ਦੀ ਭਾਈਚਾਰਕ ਸਾਂਝੇ ਅਤੇ ਭਾਵਨਾਤਮਕ ਏਕਤਾ ਦਾ ਪ੍ਰਤੀਕ ਹੈ।

Posted By: Sukhdev Singh