ਬ੍ਰਿਟਿਸ਼ ਰਾਜਾ ਜੇਮਜ਼ ਪਹਿਲੇ ਦੇ ਦੂਤ ਵਜੋਂ 1616 'ਚ ਅਜਮੇਰ 'ਚ ਜਹਾਂਗੀਰ ਦੇ ਦਰਬਾਰ 'ਚ ਆਏ ਸਰ ਥਾਮਸ ਰੋ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਰਜ ਕੀਤਾ ਕਿ ਇਹ ਆਦਤ ਕਿੰਨੀ ਤੇਜ਼ੀ ਨਾਲ ਫੈਲ ਚੁੱਕੀ ਸੀ। ਇਸੇ ਨੂੰ ਦੇਖਦੇ ਹੋਏ, ਸਾਲ 1617 'ਚ ਸਮਰਾਟ ਜਹਾਂਗੀਰ ਨੇ ਇਕ ਸ਼ਾਹੀ ਫ਼ਰਮਾਨ ਜਾਰੀ ਕਰ ਕੇ ਪੂਰੇ ਮੁਗ਼ਲ ਸਾਮਰਾਜ 'ਚ ਤੰਬਾਕੂ ਦੀ ਖੇਤੀ, ਵਿਕਰੀ ਅਤੇ ਵਰਤੋਂ ਨੂੰ ਅਪਰਾਧ ਐਲਾਨ ਦਿੱਤਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਤੰਬਾਕੂ ਦੀ ਵਰਤੋਂ ਅੱਜ ਪੂਰੇ ਭਾਰਤ 'ਚ ਖੂਬ ਕੀਤੀ ਜਾਂਦੀ ਹੈ। ਬੀੜੀ, ਸਿਗਰਟ ਤੋਂ ਲੈ ਕੇ ਮਿਸ਼ਰੀ ਤੇ ਜ਼ਰਦੇ ਤਕ, ਤੰਬਾਕੂ ਹਰ ਵਰਗ ਦੇ ਲੋਕਾਂ ਤਕ ਪਹੁੰਚ ਚੁੱਕਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤੰਬਾਕੂ ਆਖਰਕਾਰ ਭਾਰਤ ਕਿਵੇਂ ਪਹੁੰਚਿਆ? ਇਸਦੇ ਪਿੱਛੇ ਦੀ ਕਹਾਣੀ ਕਾਫ਼ੀ ਦਿਲਚਸਪ ਹੈ ਤੇ 15ਵੀਂ ਸਦੀ 'ਚ ਅਮਰੀਕਾ ਦੀ ਖੋਜ ਨਾਲ ਜੁੜੀ ਹੋਈ ਹੈ। ਆਓ ਜਾਣੀਏ ਤੰਬਾਕੂ ਦੇ ਭਾਰਤ ਪਹੁੰਚਣ ਦੀ ਕਹਾਣੀ।
ਤੰਬਾਕੂ ਦੇ ਇਤਿਹਾਸ ਨੂੰ ਲੈ ਕੇ ਕਾਊਂਟ ਕੌਰਟੀ, ਹਰਬਰਟ ਜੋਸਫ਼ ਸਪਿੰਡਨ, ਜੇਐੱਚ ਮਾਨਸ, ਕ੍ਰਿਕ ਬੈਕਹੋਮ ਤੇ ਅਰਨੈਸਟ ਐੱਲ. ਵਿੰਡਰ ਵਰਗੇ ਵਿਦਵਾਨਾਂ ਦਾ ਮੰਨਣਾ ਹੈ ਕਿ ਤੰਬਾਕੂ ਮੂਲ ਰੂਪ 'ਚ ਅਮਰੀਕੀ ਹੈ। ਇਸ ਸਫ਼ਰ ਦੀ ਸ਼ੁਰੂਆਤ 3 ਅਗਸਤ 1492 ਨੂੰ ਹੋਈ, ਜਦੋਂ ਕ੍ਰਿਸਟੋਫਰ ਕੋਲੰਬਸ ਆਪਣੇ 120 ਸਾਥੀਆਂ ਨਾਲ ਦੁਨੀਆ ਦੀ ਖੋਜ 'ਤੇ ਨਿਕਲਿਆ। ਜਦੋਂ ਕੋਲੰਬਸ ਇਕ ਟਾਪੂ 'ਤੇ ਪਹੁੰਚਿਆ ਤਾਂ ਉਸਨੇ ਉੱਥੇ ਦੇਖਿਆ ਕਿ ਲੋਕਾਂ ਦੇ ਹੱਥਾਂ 'ਚ ਕੁਝ ਸੁੱਕੀਆਂ ਪੱਤੀਆਂ ਸਨ ਜਿਨ੍ਹਾਂ ਨੂੰ ਉਹ ਬਲਦੇ ਹੋਏ ਕੋਲਿਆਂ ਨਾਲ ਸੁਲਗਾਉਂਦੇ ਸਨ ਤੇ ਉਸ ਨਾਲ ਖੁਦ ਨੂੰ ਸੁਗੰਧਿਤ ਕਰਦੇ ਸਨ।
ਪੱਤੀਆਂ ਨੂੰ ਜਲਾਈ ਰੱਖਣ ਲਈ ਉਹ ਉਨ੍ਹਾਂ ਨੂੰ ਵਾਰ-ਵਾਰ ਮੂੰਹ 'ਚ ਰੱਖਦੇ, ਫੂਕ ਮਾਰਦੇ ਤੇ ਧੂੰਆਂ ਅੰਦਰ ਖਿੱਚਦੇ। ਇਹ ਦੇਖ ਕੇ ਕੋਲੰਬਸ ਅਮਰੀਕਾ ਨੂੰ ਭਾਰਤ ਸਮਝਣ ਦੀ ਭੁੱਲ ਕਰ ਬੈਠਾ ਸੀ, ਕਿਉਂਕਿ ਭਾਰਤ 'ਚ ਗਾਂਜਾ ਤੇ ਭੰਗ ਦੀ ਵਰਤੋਂ ਸਦੀਆਂ ਤੋਂ ਹੋ ਰਹੀ ਸੀ ਜਿਸਦਾ ਵਰਣਨ ਧਾਰਮਿਕ ਗ੍ਰੰਥਾਂ 'ਚ ਵੀ ਮਿਲਦਾ ਹੈ। ਹਾਲਾਂਕਿ, ਉਹ ਭਾਰਤ ਨਹੀਂ ਅਮਰੀਕਾ ਪਹੁੰਚਿਆ ਸੀ। ਇਹ ਕਿੱਸਾ ਇਸ ਗੱਲ ਦਾ ਸਬੂਤ ਹੈ ਕਿ ਤੰਬਾਕੂ ਮੂਲ ਰੂਪ 'ਚ ਅਮਰੀਕਾ ਦੀ ਹੀ ਦੇਣ ਹੈ।
ਕੋਲੰਬਸ ਦੀ ਇਸ ਖੋਜ ਤੋਂ ਬਾਅਦ ਪੁਰਤਗਾਲੀਆਂ ਨੇ ਤੰਬਾਕੂ ਤੇ ਭਾਰਤ ਦੋਵਾਂ ਨੂੰ ਲੱਭ ਲਿਆ। 20 ਮਈ 1498 ਨੂੰ ਜਦੋਂ ਵਾਸਕੋ ਡੀ ਗਾਮਾ ਕੋਜ਼ੀਕੋਡ ਪਹੁੰਚਿਆ ਤਾਂ ਉਸਨੇ ਦੂਜੇ ਪੁਰਤਗਾਲੀਆਂ ਲਈ ਰਾਹ ਖੋਲ੍ਹ ਦਿੱਤਾ। ਇਸ ਤੋਂ ਬਾਅਦ ਦੱਖਣੀ ਅਮਰੀਕਾ ਦੀ ਯਾਤਰਾ ਕਰਨ ਵਾਲੀ ਇਕ ਪੁਰਤਗਾਲੀ ਟੀਮ ਨੇ ਸਾਲ 1508 'ਚ ਤੰਬਾਕੂ ਨੂੰ ਭਾਰਤ 'ਚ ਪੇਸ਼ ਕੀਤਾ। ਉਸ ਸਮੇਂ ਤਕ ਭਾਰਤ 'ਚ ਗਾਂਜਾ ਤੇ ਭੰਗ ਵਰਗੇ ਕੈਨਾਬਿਸ ਦੀ ਵਰਤੋਂ ਸਿਗਰਟਨੋਸ਼ੀ ਲਈ ਕੀਤੀ ਜਾਂਦੀ ਸੀ।
ਭਾਰਤ ਦਾ ਪੌਣ-ਪਾਣੀ ਤੰਬਾਕੂ ਦੀ ਖੇਤੀ ਲਈ ਕਾਫੀ ਅਨੁਕੂਲ ਸੀ ਤੇ ਇੱਥੇ ਪਹਿਲਾਂ ਹੀ ਸਿਗਰਟਨੋਸ਼ੀ ਦਾ ਸੱਭਿਆਚਾਰ ਲੋਕਾਂ 'ਚ ਪ੍ਰਚੱਲਿਤ ਸੀ, ਇਸ ਲਈ ਭਾਰਤ 'ਚ ਇਸਨੂੰ ਆਸਾਨੀ ਨਾਲ ਅਪਣਾ ਲਿਆ ਗਿਆ। ਸ਼ੁਰੂਆਤ 'ਚ ਇਹ ਕੇਵਲ ਕਿਸਾਨਾਂ ਤੇ ਹੇਠਲੇ ਕੁਲੀਨ ਵਰਗ ਤਕ ਸੀਮਤ ਰਿਹਾ, ਜਦੋਂਕਿ ਮੁਗ਼ਲ ਦਰਬਾਰ 'ਚ ਤੰਬਾਕੂ ਦੀ ਐਂਟਰੀ ਅਜੇ ਤਕ ਨਹੀਂ ਹੋਈ ਸੀ।
ਅਕਬਰ ਦੇ ਸ਼ਾਸਨਕਾਲ ਦੇ ਮਹਾਨ ਇਤਿਹਾਸਕਾਰ ਅਬੁਲ ਫ਼ਜ਼ਲ ਨੇ ਆਪਣੀ ਪੁਸਤਕ 'ਆਈਨ-ਏ-ਅਕਬਰੀ' (1590) 'ਚ ਖੇਤੀਬਾੜੀ ਫ਼ਸਲਾਂ ਦਾ ਵੇਰਵਾ ਦਿੱਤਾ ਹੈ। ਇਸ ਵਿਚ ਪੁਰਤਗਾਲੀਆਂ ਵੱਲੋਂ ਲਿਆਂਦੇ ਗਏ ਮੱਕਾ ਤੇ ਅਨਾਨਾਸ ਦਾ ਜ਼ਿਕਰ ਤਾਂ ਹੈ, ਪਰ ਤੰਬਾਕੂ ਦਾ ਕੋਈ ਨਾਮ ਨਹੀਂ ਹੈ।
ਡਬਲਯੂਐੱਚ ਮੋਰਲੈਂਡ ਅਨੁਸਾਰ, ਅਕਬਰ ਦੇ ਸ਼ਾਸਨਕਾਲ 'ਚ ਤੰਬਾਕੂ ਦਾ ਉਤਪਾਦਨ ਸ਼ੁਰੂ ਤਾਂ ਹੋਇਆ ਸੀ ਪਰ ਮਾਲੀਆ (ਟੈਕਸ) ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਨਹੀਂ ਸੀ ਕਿਉਂਕਿ 16ਵੀਂ ਸਦੀ 'ਚ ਇਹ ਵੱਡੇ ਪੱਧਰ 'ਤੇ ਨਹੀਂ ਉਗਾਇਆ ਗਿਆ ਸੀ। ਪੁਰਤਗਾਲੀਆਂ ਨੇ ਸਭ ਤੋਂ ਪਹਿਲਾਂ ਗੁਜਰਾਤ ਦੇ ਕਾਇਰਾ ਤੇ ਮਹਿਸਾਣਾ 'ਚ ਛੋਟੇ ਪੱਧਰ 'ਤੇ ਇਸਦੀ ਖੇਤੀ ਸ਼ੁਰੂ ਕੀਤੀ ਸੀ।
ਵਿਦਵਾਨ ਇਰਫ਼ਾਨ ਹਬੀਬ ਅਨੁਸਾਰ, ਆਈਨ-ਏ-ਅਕਬਰੀ ਦੇ ਲਿਖੇ ਜਾਣ ਦੇ ਇਕ ਦਹਾਕੇ ਦੇ ਅੰਦਰ, ਮੱਕਾ ਤੋਂ ਪਰਤੇ ਤੀਰਥ ਯਾਤਰੀਆਂ ਨੇ ਮੁਗ਼ਲ ਦਰਬਾਰ 'ਚ ਉੱਥੇ ਤੰਬਾਕੂ ਦੇ ਚਲਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ, ਬੀਜਾਪੁਰ ਤੋਂ ਪਰਤੇ ਇਕ ਸ਼ਾਹੀ ਦੂਤ ਅਸਦ ਬੇਗ ਨੇ ਸਮਰਾਟ ਅਕਬਰ ਨੂੰ ਇਕ ਬੇਹੱਦ ਖੂਬਸੂਰਤ ਤੇ ਪੂਰੀ ਤਰ੍ਹਾਂ ਤਿਆਰ ਹੁੱਕਾ ਭੇਟ ਕੀਤਾ। ਉਸਨੇ ਸਮਰਾਟ ਨੂੰ ਦੱਸਿਆ ਕਿ ਇਹ ਨਵੀਆਂ ਪੱਤੀਆਂ ਤੰਬਾਕੂ ਹਨ, ਜੋ ਮੱਕਾ ਤੇ ਮਦੀਨਾ 'ਚ ਕਾਫੀ ਮਸ਼ਹੂਰ ਹਨ। ਅਸਦ ਬੇਗ ਨੇ ਕੁਝ ਤੰਬਾਕੂ ਦੂਜੇ ਦਰਬਾਰੀਆਂ ਨੂੰ ਵੀ ਭੇਜਿਆ।
ਵਿਲੀਅਮ ਫ਼ੌਸਟਰ ਦੀ ਕਿਤਾਬ 'ਦਿ ਇੰਗਲਿਸ਼ ਫੈਕਟਰੀਜ਼ ਇਨ ਇੰਡੀਆ' (1618-1669) 'ਚ ਇਕ ਕਿੱਸੇ ਦਾ ਜ਼ਿਕਰ ਹੈ ਕਿ ਜਦੋਂ ਦਰਬਾਰੀ ਮਿਰਜ਼ਾ ਅਜ਼ੀਜ਼ ਕੋਕਾ ਨੇ ਅਕਬਰ ਨੂੰ ਸਿਹਤ ਦੀ ਦਵਾਈ ਵਜੋਂ ਬੀਜਾਪੁਰ ਤੋਂ ਲਿਆਂਦੀ ਗਈ ਪਹਿਲੀ ਚਿਲਮ ਪੇਸ਼ ਕੀਤੀ ਤਾਂ ਅਕਬਰ ਨੇ ਇਸਦੇ ਕੁਝ ਕਸ਼ ਲਏ। ਉਦੋਂ ਹੀ ਸ਼ਾਹੀ ਹਕੀਮ ਹਕੀਮ ਅਬਦੁਲ ਫ਼ਤਿਹ ਗਿਲਾਨੀ ਨੇ ਬਹਿਸ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਨਵੀਂ ਚੀਜ਼ ਨੂੰ ਦਵਾਈ ਕਿਵੇਂ ਕਿਹਾ ਜਾ ਸਕਦਾ ਹੈ। ਬਹਿਸ ਨੂੰ ਗਰਮ ਹੁੰਦਾ ਦੇਖ ਅਕਬਰ ਨੇ ਉਸਨੂੰ ਉੱਥੇ ਹੀ ਛੱਡ ਦਿੱਤਾ। ਅਕਬਰ ਦੀ ਇਸ ਥੋੜ੍ਹੀ ਜਿਹੀ ਬੇਰੁਖ਼ੀ ਨੇ ਕੁਝ ਸਾਲਾਂ ਲਈ ਤੰਬਾਕੂ ਨੂੰ ਸ਼ਾਹੀ ਦਰਬਾਰ ਤੋਂ ਦੂਰ ਰੱਖਿਆ, ਪਰ ਇਸਨੂੰ ਜ਼ਿਆਦਾ ਸਮਾਂ ਤੱਕ ਰੋਕਿਆ ਨਹੀਂ ਜਾ ਸਕਿਆ।
ਦਿਲਚਸਪ ਗੱਲ ਇਹ ਹੈ ਕਿ ਜਿਸ ਸ਼ਾਹੀ ਹਕੀਮ ਨੇ ਇਸਦਾ ਵਿਰੋਧ ਕੀਤਾ ਸੀ, ਉਨ੍ਹਾਂ ਨੂੰ ਹੀ ਭਾਰਤ 'ਚ ਹੁੱਕੇ ਦੀ ਸ਼ੁਰੂਆਤ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਫ਼ਤਿਹਪੁਰ ਸੀਕਰੀ 'ਚ ਅਕਬਰ ਦੇ ਦਰਬਾਰ 'ਚ ਆਉਣ ਵਾਲੇ ਜੇਸੂਇਟ ਮਿਸ਼ਨਰੀਆਂ ਅਨੁਸਾਰ, ਪਹਿਲਾਂ ਇਨ੍ਹਾਂ ਹੁੱਕਿਆਂ 'ਚ ਜ਼ਿਆਦਾਤਰ ਗਾਂਜਾ ਪੀਤਾ ਜਾਂਦਾ ਸੀ ਜਿਸਦੀ ਜਗ੍ਹਾ ਬਾਅਦ 'ਚ ਤੰਬਾਕੂ ਨੇ ਲੈ ਲਈ।
ਅਕਬਰ ਤੋਂ ਬਾਅਦ ਜਦੋਂ ਜਹਾਂਗੀਰ ਮੁਗ਼ਲ ਸਮਰਾਟ ਬਣਿਆ ਤਾਂ ਤੰਬਾਕੂ ਦਾ ਚਲਣ ਤੇ ਇਸਦੀ ਲਤ ਬਹੁਤ ਤੇਜ਼ੀ ਨਾਲ ਲੋਕਾਂ 'ਚ ਫੈਲੀ। 'ਜਹਾਂਗੀਰਨਾਮਾ' ਤੋਂ ਪਤਾ ਲੱਗਦਾ ਹੈ ਕਿ ਫਾਰਸ ਦੇ ਰਾਜਦੂਤ ਖ਼ਾਨ-ਆਲਮ ਤੇ ਫਾਰਸ ਦੇ ਸ਼ਾਸਕ ਦੇ ਰਾਜਦੂਤ ਯਾਦਗੀਰ ਅਲੀ ਸੁਲਤਾਨ ਨੂੰ ਤੰਬਾਕੂ ਦੀ ਗੰਭੀਰ ਲਤ ਸੀ।
ਬ੍ਰਿਟਿਸ਼ ਰਾਜਾ ਜੇਮਜ਼ ਪਹਿਲੇ ਦੇ ਦੂਤ ਵਜੋਂ 1616 'ਚ ਅਜਮੇਰ 'ਚ ਜਹਾਂਗੀਰ ਦੇ ਦਰਬਾਰ 'ਚ ਆਏ ਸਰ ਥਾਮਸ ਰੋ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਰਜ ਕੀਤਾ ਕਿ ਇਹ ਆਦਤ ਕਿੰਨੀ ਤੇਜ਼ੀ ਨਾਲ ਫੈਲ ਚੁੱਕੀ ਸੀ। ਇਸੇ ਨੂੰ ਦੇਖਦੇ ਹੋਏ, ਸਾਲ 1617 'ਚ ਸਮਰਾਟ ਜਹਾਂਗੀਰ ਨੇ ਇਕ ਸ਼ਾਹੀ ਫ਼ਰਮਾਨ ਜਾਰੀ ਕਰ ਕੇ ਪੂਰੇ ਮੁਗ਼ਲ ਸਾਮਰਾਜ 'ਚ ਤੰਬਾਕੂ ਦੀ ਖੇਤੀ, ਵਿਕਰੀ ਅਤੇ ਵਰਤੋਂ ਨੂੰ ਅਪਰਾਧ ਐਲਾਨ ਦਿੱਤਾ।
ਜਹਾਂਗੀਰ ਦੀ ਪਾਬੰਦੀ ਦੇ ਬਾਵਜੂਦ, ਸ਼ਾਹਜਹਾਂ ਤੇ ਔਰੰਗਜ਼ੇਬ ਦੇ ਸ਼ਾਸਨਕਾਲ ਤਕ ਤੰਬਾਕੂ ਮੁਗ਼ਲ ਸਮਾਜ ਦੇ ਹਰ ਵਰਗ ਤਕ ਪਹੁੰਚ ਗਿਆ। ਔਰੰਗਜ਼ੇਬ ਦੇ ਸਮੇਂ ਭਾਰਤ ਆਏ ਇਕ ਵੇਨਿਸ ਦੇ ਯਾਤਰੀ ਐੱਨ. ਮਨੂਚੀ ਨੇ ਦੇਖਿਆ ਕਿ ਮੁਗ਼ਲ ਸਮਰਾਟ ਨੇ ਤੰਬਾਕੂ 'ਤੇ ਲੱਗਣ ਵਾਲੇ ਟੈਕਸ ਨੂੰ ਹਟਾ ਦਿੱਤਾ ਸੀ। ਉਸ ਦੌਰ 'ਚ ਸਰਾਵਾਂ 'ਚ ਠਹਿਰਨ ਵਾਲੇ ਯਾਤਰੀਆਂ ਤੇ ਭਿਖਾਰੀਆਂ ਨੂੰ ਖੁਦ ਖਾਣਾ ਬਣਾਉਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਜਨਤਕ ਅੰਨ ਭੰਡਾਰਾਂ ਦੇ ਸੇਵਕ ਉਨ੍ਹਾਂ ਦੇ ਸਮਾਜਿਕ ਪੱਧਰ ਦੇ ਹਿਸਾਬ ਨਾਲ ਖਾਣਾ ਤੇ ਨਾਲ ਹੀ ਤੰਬਾਕੂ ਪਰੋਸਦੇ ਸਨ। ਸਾਹਿਬ-ਏ-ਬਾਰਾਤ ਜਾਂ ਮੇਲਿਆਂ ਦੌਰਾਨ ਇਹ ਬਹੁਤ ਆਮ ਗੱਲ ਸੀ।
ਜਿਵੇਂ-ਜਿਵੇਂ ਮੰਗ ਵਧੀ, ਤੰਬਾਕੂ ਦੀ ਸਪਲਾਈ ਵੀ ਵਧਦੀ ਗਈ। ਜਲਦੀ ਹੀ ਇਹ ਫ਼ਸਲ ਦੇਸ਼ ਦੇ ਹੋਰ ਹਿੱਸਿਆਂ ਜਿਵੇਂ ਕਿ ਕੋਂਕਣ (ਮਹਾਰਾਸ਼ਟਰ), ਮਸੂਲੀਪਟਨਮ (ਆਂਧਰਾ ਪ੍ਰਦੇਸ਼), ਗੋਲਕੁੰਡਾ (ਤੇਲੰਗਾਨਾ) ਤੇ ਗੋਆ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਫੈਲ ਗਈ।
ਜਿੱਥੇ ਪੁਰਤਗਾਲੀਆਂ ਨੇ ਭਾਰਤ ਨੂੰ ਤੰਬਾਕੂ ਨਾਲ ਰੂਬਰੂ ਕਰਵਾਇਆ, ਉੱਥੇ ਹੀ ਅੰਗਰੇਜ਼ਾਂ ਨੇ ਇਸ ਵਿਚ ਇਕ ਵੱਡਾ ਬਿਜ਼ਨੈੱਸ ਮੌਕਾ ਦੇਖਿਆ। ਅੰਗਰੇਜ਼ਾਂ ਨੇ ਤੰਬਾਕੂ ਨੂੰ ਨਕਦੀ ਫ਼ਸਲ 'ਚ ਬਦਲ ਦਿੱਤਾ ਅਤੇ ਇਸਦਾ ਉਦਯੋਗਿਕ ਪੱਧਰ 'ਤੇ ਉਤਪਾਦਨ ਸ਼ੁਰੂ ਕੀਤਾ।