ਸਾਲ 2026 ’ਚ ਜਦੋਂ ਭਿਆਨਕ ਜੰਗਾਂ ਦੇ ਦੌਰ ਵਿਚ ‘ਧਰਤੀ ਦਿਵਸ’ ਮਨਾਉਣ ਲਈ ਇਕੱਠੇ ਹੋ ਰਹੇ ਹਾਂ, ਤਾਂ ਪੂਰੀ ਮਨੁੱਖਤਾ ਅਜੀਬ ਜਿਹੇ ਮੋੜ ’ਤੇ ਖੜ੍ਹੀ ਹੈ। ਇਸ ਸਾਲ ਦਾ ਵਿਸ਼ਾ ‘ਸਾਡੀ ਸ਼ਕਤੀ, ਸਾਡਾ ਗ੍ਰਹਿ’ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਬ੍ਰਹਿਮੰਡ ਦੀ ਸਭ ਤੋਂ ਸ਼ਕਤੀਸ਼ਾਲੀ ਇਕਾਈ ਮਨੁੱਖ ਕੋਲ ਹੀ ਇਸ ਧਰਤੀ ਨੂੰ ਬਚਾਉਣ ਜਾਂ ਤਬਾਹ ਕਰਨ ਦੀ ਸਮਰੱਥਾ ਹੈ।

ਸਾਲ 2026 ’ਚ ਜਦੋਂ ਭਿਆਨਕ ਜੰਗਾਂ ਦੇ ਦੌਰ ਵਿਚ ‘ਧਰਤੀ ਦਿਵਸ’ ਮਨਾਉਣ ਲਈ ਇਕੱਠੇ ਹੋ ਰਹੇ ਹਾਂ, ਤਾਂ ਪੂਰੀ ਮਨੁੱਖਤਾ ਅਜੀਬ ਜਿਹੇ ਮੋੜ ’ਤੇ ਖੜ੍ਹੀ ਹੈ। ਇਸ ਸਾਲ ਦਾ ਵਿਸ਼ਾ ‘ਸਾਡੀ ਸ਼ਕਤੀ, ਸਾਡਾ ਗ੍ਰਹਿ’ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਬ੍ਰਹਿਮੰਡ ਦੀ ਸਭ ਤੋਂ ਸ਼ਕਤੀਸ਼ਾਲੀ ਇਕਾਈ ਮਨੁੱਖ ਕੋਲ ਹੀ ਇਸ ਧਰਤੀ ਨੂੰ ਬਚਾਉਣ ਜਾਂ ਤਬਾਹ ਕਰਨ ਦੀ ਸਮਰੱਥਾ ਹੈ। ਅੱਜ ਜਿੱਥੇ ਤਕਨੀਕੀ ਵਿਕਾਸ ਸਿਖ਼ਰਾਂ ’ਤੇ ਹੈ, ਉੱਥੇ ਹੀ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਚੱਲ ਰਹੀਆਂ ਜੰਗਾਂ ਤੇ ਮਾਰੂ ਹਥਿਆਰਾਂ ਦੀ ਦੌੜ ਨੇ ਧਰਤੀ ਦੀ ਹੋਂਦ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਜੰਗਾਂ ਸਿਰਫ਼ ਸਰਹੱਦਾਂ ਨਹੀਂ ਬਦਲਦੀਆਂ ਸਗੋਂ ਇਹ ਮਿੱਟੀ ਨੂੰ ਬੰਜਰ, ਹਵਾ ਨੂੰ ਜ਼ਹਿਰੀਲੀ ਤੇ ਪਾਣੀ ਨੂੰ ਮਾਰੂ ਬਣਾ ਦਿੰਦੀਆਂ ਹਨ। ਅਜਿਹੇ ਸਮੇਂ ’ਚ ਅਧਿਆਤਮਿਕਤਾ ਅਤੇ ਵਾਤਾਵਰਣ ਦੀ ਸੰਭਾਲ ਦਾ ਆਪਸੀ ਸਬੰਧ ਪਹਿਲਾਂ ਨਾਲੋਂ ਕਿਤੇ ਵੱਧ ਅਹਿਮ ਹੋ ਗਿਆ ਹੈ।
ਮਨੁੱਖੀ ਅਧਿਕਾਰ ਤੇ ਨੈਤਿਕ ਸੰਕਟ
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਜਲਵਾਯੂ ਤਬਦੀਲੀ ਸਿਰਫ਼ ਵਿਗਿਆਨਕ ਅੰਕੜਿਆਂ ਦਾ ਵਿਸ਼ਾ ਨਹੀਂ ਹੈ ਸਗੋਂ ਇਹ ਗੰਭੀਰ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ। ਇਹ ਸਿੱਧੇ ਤੌਰ ’ਤੇ ਮਨੁੱਖ ਦੇ ਜਿਊਣ ਦੇ ਅਧਿਕਾਰ, ਭੋਜਨ, ਸਾਫ਼ ਪਾਣੀ ਅਤੇ ਸਿਰ ਢਕਣ ਦੀ ਛੱਤ ’ਤੇ ਹਮਲਾ ਕਰਦੀ ਹੈ। ਇਸ ’ਚ ਸਭ ਤੋਂ ਵੱਡੀ ਨੈਤਿਕ ਦੁਬਿਧਾ ਇਹ ਹੈ ਕਿ ਜਿਨ੍ਹਾਂ ਗ਼ਰੀਬ ਦੇਸ਼ਾਂ ਨੇ ਵਾਤਾਵਰਣ ਨੂੰ ਸਭ ਤੋਂ ਘੱਟ ਨੁਕਸਾਨ ਪਹੁੰਚਾਇਆ ਹੈ, ਉਹੀ ਅੱਜ ਹੜ੍ਹਾਂ ਅਤੇ ਸੋਕੇ ਦੀ ਮਾਰ ਸਭ ਤੋਂ ਵੱਧ ਝੱਲ ਰਹੇ ਹਨ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅਮੀਰ ਦੇਸ਼ਾਂ ਦੀ ਬੇਅੰਤ ਖਪਤ ਅਤੇ ਗ਼ਰੀਬਾਂ ਦੀ ਬੇਵੱਸੀ ਵਿਚਕਾਰ ਸੰਤੁਲਨ ਪੈਦਾ ਕਰੀਏ।
ਅਧਿਆਤਮਿਕ ਉੱਨਤੀ ਤੇ ਵਾਤਾਵਰਣ ਸੁਰੱਖਿਆ
ਪੁਰਾਣੀ ਕਹਾਵਤ ਹੈ,‘ਜਦੋਂ ਸਾਡੇ ਮਨ ਦਾ ਵਾਤਾਵਰਣ ਮੰਦਰ ਵਰਗਾ ਸ਼ੁੱਧ ਅਤੇ ਸ਼ਾਂਤ ਹੁੰਦਾ ਹੈ, ਤਾਂ ਬਾਹਰਲਾ ਵਾਤਾਵਰਣ ਆਪਣੇ ਆਪ ਸਵਰਗ ਵਾਂਗ ਹਰਿਆ-ਭਰਿਆ ਅਤੇ ਪਵਿੱਤਰ ਬਣ ਜਾਂਦਾ ਹੈ।’ ਸਾਡੀ ਸੋਚ ਦੀ ਸ਼ੁੱਧਤਾ ਅਤੇ ਇਰਾਦਿਆਂ ਦੀ ਦਇਆ ਹੀ ਕੁਦਰਤ ਪ੍ਰਤੀ ਪਿਆਰ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਅਸੀਂ ਆਪਣੀ ‘ਅੰਦਰੂਨੀ ਕੁਦਰਤ’ ਨੂੰ ਜਿੰਨਾ ਜ਼ਿਆਦਾ ਅਧਿਆਤਮਿਕ ਸਿਧਾਂਤਾਂ ਨਾਲ ਸਿੰਝਾਂਗੇ, ਬਾਹਰੀ ਕੁਦਰਤ ਓਨੀ ਹੀ ਜ਼ਿਆਦਾ ਖ਼ੁਸ਼ਹਾਲ ਹੋਵੇਗੀ। ਵਾਤਾਵਰਣ ਦੀ ਸੁਰੱਖਿਆ ਕੋਈ ਬਾਹਰੀ ਪ੍ਰਕਿਰਿਆ ਨਹੀਂ ਹੈ ਸਗੋਂ ਇਹ ਮਨੁੱਖੀ ਚੇਤਨਾ ਦਾ ਵਿਸਥਾਰ ਹੈ। ਜਦੋਂ ਅਸੀਂ ਅੰਦਰੋਂ ਸ਼ਾਂਤ ਅਤੇ ਸੰਤੁਸ਼ਟ ਹੁੰਦੇ ਹਾਂ, ਤਾਂ ਸਾਡੀਆਂ ਲੋੜਾਂ ਸੀਮਤ ਹੋ ਜਾਂਦੀਆਂ ਹਨ ਅਤੇ ਅਸੀਂ ਕੁਦਰਤ ਦਾ ਸ਼ੋਸ਼ਣ ਕਰਨਾ ਬੰਦ ਕਰ ਦਿੰਦੇ ਹਾਂ।’
ਅੰਦਰੂਨੀ ਤਬਦੀਲੀ ਹੀ ਬਾਹਰੀ ਸੰਭਾਲ ਦਾ ਆਧਾਰ
ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਵਾਤਾਵਰਣ ਪ੍ਰੇਮੀ ਹਾਂ? ਮੈਂ ਮੁਸਕਰਾ ਕੇ ਜਵਾਬ ਦਿੰਦੀ ਹਾਂ ਕਿ ਮੈਂ ਖ਼ੁਦ ਨੂੰ ਇਕ ਅਧਿਆਤਮਵਾਦੀ ਜਾਂ ਅਭਿਆਸੀ ਮੰਨਦੀ ਹਾਂ। ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਹੀ ਕੁਦਰਤੀ ਤੌਰ ’ਤੇ ਵਾਤਾਵਰਨ ਪ੍ਰੇਮੀ ਹਾਂ। ਅਸੀਂ ਉਹੀ ਹਵਾ ਲੈਂਦੇ ਹਾਂ, ਜੋ ਕੁਦਰਤ ਦਿੰਦੀ ਹੈ, ਉਹੀ ਪਾਣੀ ਪੀਂਦੇ ਹਾਂ, ਜੋ ਧਰਤੀ ਦੀਆਂ ਰਗਾਂ ਵਿੱਚੋਂ ਵਗਦਾ ਹੈ ਅਤੇ ਉਹੀ ਭੋਜਨ ਖਾਂਦੇ ਹਾਂ, ਜੋ ਮਿੱਟੀ ਪੈਦਾ ਕਰਦੀ ਹੈ। ਸਾਡਾ ਜੀਵਨ ਵਾਤਾਵਰਣ ਤੋਂ ਵੱਖਰਾ ਨਹੀਂ ਹੈ। ਇਸ ਲਈ ਕੁਦਰਤ ਦੀ ਸੰਭਾਲ ਕਰਨਾ ਕੋਈ ਵਾਧੂ ਜ਼ਿੰਮੇਵਾਰੀ ਨਹੀਂ ਸਗੋਂ ਸਾਡੀ ਹੋਂਦ ਦਾ ਮੂਲ ਆਧਾਰ ਹੈ। ਅਸੀਂ ਸਿਰਫ਼ ਵਾਤਾਵਰਣ ਵਿਚ ਨਹੀਂ ਰਹਿੰਦੇ ਸਗੋਂ ਅਸੀਂ ਖ਼ੁਦ ਵਾਤਾਵਰਣ ਹਾਂ। ਮੇਰੇ 20 ਸਾਲਾਂ ਦੇ ਮੈਡੀਟੇਸ਼ਨ (ਸਿਮਰਨ) ਦੇ ਅਭਿਆਸ ਨੇ ਮੈਨੂੰ ਸਿਖਾਇਆ ਹੈ ਕਿ ਜਦੋਂ ਤੱਕ ਮਨੁੱਖ ਅੰਦਰੋਂ ਨਹੀਂ ਬਦਲਦਾ, ਬਾਹਰਲੇ ਨਿਯਮ ਤੇ ਕਾਨੂੰਨ ਵਾਤਾਵਰਣ ਨੂੰ ਨਹੀਂ ਬਚਾ ਸਕਦੇ।
ਮਨੁੱਖੀ ਲਾਲਚ ਹਨ ਅਸੀਮਤ
ਲਗਭਗ ਪੰਦਰਾਂ ਸਾਲ ਪਹਿਲਾਂ ਕੋਪਨਹੇਗਨ ਜਲਵਾਯੂ ਸੰਮੇਲਨ ਦੌਰਾਨ ਮੈਂ ਬਹੁਤ ਵੱਡੀ ਵਿਰੋਧਾਭਾਸ ਵਾਲੀ ਸਥਿਤੀ ਦੇਖੀ। ਉਸ ਸਮੇਂ ਦੁਨੀਆ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੀ ਸੀ। ਅਖ਼ਬਾਰ ਦੇ ਇਕ ਪੰਨੇ ’ਤੇ ਲਿਖਿਆ ਸੀ, ‘ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਵੱਧ ਤੋਂ ਵੱਧ ਖ਼ਰੀਦਦਾਰੀ ਕਰੋ, ਜਦੋਂਕਿ ਅਗਲੇ ਹੀ ਪੰਨੇ ’ਤੇ ਚੇਤਾਵਨੀ ਸੀ ਕਿ ਪ੍ਰਦੂਸ਼ਣ ਘਟਾਉਣ ਲਈ ਖਪਤ ਘਟਾਓ।’ ਇਹ ਅੱਜ ਦੇ ਸੰਸਾਰ ਦੀ ਸਭ ਤੋਂ ਵੱਡੀ ਦੁਬਿਧਾ ਹੈ। ਅਸੀਂ ਇਕ ਪਾਸੇ ਆਰਥਿਕ ਵਿਕਾਸ ਚਾਹੁੰਦੇ ਹਾਂ ਅਤੇ ਦੂਜੇ ਪਾਸੇ ਧਰਤੀ ਨੂੰ ਬਚਾਉਣਾ ਚਾਹੁੰਦੇ ਹਾਂ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਧਰਤੀ ਦੇ ਸਰੋਤ ਸੀਮਤ ਹਨ ਪਰ ਮਨੁੱਖੀ ਲਾਲਚ ਅਸੀਮਤ। ਇੱਥੇ ਹੀ ਅਧਿਆਤਮਿਕਤਾ ਕੰਮ ਆਉਂਦੀ ਹੈ, ਜੋ ਸਾਨੂੰ ਲੋੜ ਅਤੇ ਲਾਲਚ ਵਿਚਕਾਰ ਫ਼ਰਕ ਕਰਨਾ ਸਿਖਾਉਂਦੀ ਹੈ।
ਜੰਗ ਦੇ ਬੱਦਲ ਤੇ ਧਰਤੀ ਦਾ ਵਿਨਾਸ਼
2026 ਵਿਚ ਵੀ ਦੁਨੀਆ ਕਈ ਖੇਤਰੀ ਜੰਗਾਂ ਦੀ ਗਵਾਹ ਬਣ ਰਹੀ ਹੈ। ਜਦੋਂ ਇਕ ਮਿਜ਼ਾਈਲ ਚੱਲਦੀ ਹੈ, ਤਾਂ ਉਹ ਸਿਰਫ਼ ਦੁਸ਼ਮਣ ਦੇ ਇਲਾਕੇ ਨੂੰ ਹੀ ਨਹੀਂ ਸਗੋਂ ਉਸ ਹਵਾ ਨੂੰ ਵੀ ਜ਼ਹਿਰੀਲਾ ਕਰਦੀ ਹੈ, ਜਿਸ ਵਿਚ ਆਉਣ ਵਾਲੀਆਂ ਨਸਲਾਂ ਨੇ ਸਾਹ ਲੈਣਾ ਹੁੰਦਾ ਹੈ। ਫ਼ੌਜੀ ਗਤੀਵਿਧੀਆਂ ਦੁਨੀਆ ਦੇ ਕਾਰਬਨ ਫੁੱਟਪ੍ਰਿੰਟ ਵਿਚ ਬਹੁਤ ਵੱਡਾ ਹਿੱਸਾ ਪਾਉਂਦੀਆਂ ਹਨ। ‘ਸਾਡੀ ਸ਼ਕਤੀ’ ਦਾ ਇਸਤੇਮਾਲ ਵਿਨਾਸ਼ ਲਈ ਨਹੀਂ ਸਗੋਂ ‘ਸਾਡੇ ਗ੍ਰਹਿ’ ਦੀ ਸਿਰਜਣਾ ਲਈ ਹੋਣਾ ਚਾਹੀਦਾ ਹੈ। ਜੰਗਾਂ ਮਨੁੱਖੀ ਮਨ ਵਿਚ ਪੈਦਾ ਹੁੰਦੀਆਂ ਹਨ, ਇਸ ਲਈ ਸ਼ਾਂਤੀ ਦੀ ਸਥਾਪਨਾ ਵੀ ਮਨ ’ਚ ਹੀ ਹੋਣੀ ਚਾਹੀਦੀ ਹੈ।
ਅਧਿਆਤਮਿਕ ਸੰਸਥਾਵਾਂ ਦੀ ਭੂਮਿਕਾ
ਦੁਨੀਆ ਦੀ ਲਗਭਗ 85 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਧਰਮ ਜਾਂ ਅਧਿਆਤਮਿਕ ਪ੍ਰੰਪਰਾ ਨਾਲ ਜੁੜੀ ਹੋਈ ਹੈ। ਜੇ ਇਹ ਸਾਰੀਆਂ ਸੰਸਥਾਵਾਂ ਵਾਤਾਵਰਣ ਦੀ ਸੰਭਾਲ ਨੂੰ ਆਪਣਾ ਮੁੱਖ ਏਜੰਡਾ ਬਣਾ ਲੈਣ, ਤਾਂ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ। ਮੰਦਰਾਂ, ਗੁਰਦੁਆਰਿਆਂ, ਚਰਚਾਂ ਅਤੇ ਮੈਡੀਟੇਸ਼ਨ ਸੈਂਟਰਾਂ ਕੋਲ ਵੱਡੀ ਮਾਤਰਾ ਵਿਚ ਜ਼ਮੀਨ ਅਤੇ ਸਰੋਤ ਹਨ। ਹਾਲ ਹੀ ਵਿਚ COP29 ਕਾਨਫਰੰਸ ’ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਅਧਿਆਤਮਿਕ ਸੰਸਥਾਵਾਂ ਆਪਣੀਆਂ ਇਮਾਰਤਾਂ ਨੂੰ ਗ੍ਰੀਨ ਬਣਾ ਸਕਦੀਆਂ ਹਨ ਸੌਰ ਊਰਜਾ ਦੀ ਵਰਤੋਂ, ਪਾਣੀ ਦੀ ਮੁੜ ਵਰਤੋਂ ਅਤੇ ਜ਼ੀਰੋ ਵੇਸਟ ਮੈਨੇਜਮੈਂਟ ਰਾਹੀਂ। ਅਨੇਕਾਂ ਸੰਸਥਾਵਾਂ ਜਾਂ ਐਨਜੀਓਜ਼ ਸਿਰਫ਼ ਰੁੱਖ ਲਗਾਉਂਦੇ ਹੀ ਨਹੀਂ ਸਗੋਂ ਇਕ ਐਪ ਰਾਹੀਂ ਉਨ੍ਹਾਂ ਦੀ ਨਿਗਰਾਨੀ ਵੀ ਕਰਦੇ ਹਨ। ਲੱਖਾਂ ਰੁੱਖਾਂ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਕੇਵਲ ਕਾਗਜ਼ਾਂ ’ਤੇ ਨਹੀਂ ਸਗੋਂ ਅਸਲ ਵਿਚ ਧਰਤੀ ’ਤੇ ਵਧਣ। ਯੋਗਿਕ ਖੇਤੀ ਇਕ ਵਿਲੱਖਣ ਪਹਿਲਕਦਮੀ ਹੈ, ਜਿਸ ਵਿਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਨਾਲ-ਨਾਲ ਹਾਂ-ਪੱਖੀ ਵਿਚਾਰਾਂ (ਮੈਡੀਟੇਸ਼ਨ) ਦੀ ਵਰਤੋਂ ਕਰਨਾ ਸਿਖਾਇਆ ਜਾਂਦਾ ਹੈ। ਜਦੋਂ ਮਿੱਟੀ ਨੂੰ ਰਸਾਇਣਾਂ ਦੀ ਬਜਾਏ ਪਿਆਰ ਅਤੇ ਸ਼ਾਂਤੀ ਦੀਆਂ ਤਰੰਗਾਂ ਮਿਲਦੀਆਂ ਹਨ, ਤਾਂ ਫ਼ਸਲ ਦੀ ਗੁਣਵੱਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ। ਨਵਿਆਉਣਯੋਗ ਊਰਜਾ ਕਈ ਕੇਂਦਰਾਂ, ਜਿਵੇਂ ਮਾਊਂਟ ਆਬੂ ਵਿਚ ‘ਇੰਡੀਆ ਵਨ’ ਸੋਲਰ ਥਰਮਲ ਪਾਵਰ ਪਲਾਂਟ ਇਸ ਗੱਲ ਦਾ ਸਬੂਤ ਹਨ ਕਿ ਅਧਿਆਤਮਿਕਤਾ ਤੇ ਆਧੁਨਿਕ ਤਕਨੀਕ ਮਿਲ ਕੇ ਧਰਤੀ ਨੂੰ ਬਚਾ ਸਕਦੇ ਹਨ।
ਸੁਚੇਤ ਜੀਵਨ ਹੀ ਭਵਿੱਖ ਦਾ ਰਸਤਾ
ਜਦੋਂ ਸਾਡੀ ਚੇਤਨਾ ਬਦਲਦੀ ਹੈ, ਤਾਂ ਸਾਡਾ ਵਿਹਾਰ ਆਪਣੇ ਆਪ ਬਦਲ ਜਾਂਦਾ ਹੈ। ਮੈਡੀਟੇਸ਼ਨ ਸਾਡੇ ਅੰਦਰ ਸੰਜਮ, ਸਤਿਕਾਰ ਅਤੇ ਹਰ ਜੀਵ ਪ੍ਰਤੀ ਦਇਆ ਪੈਦਾ ਕਰਦਾ ਹੈ। ਇਹ ਗੁਣ ਸਾਨੂੰ ਦੱਸਦੇ ਹਨ ਕਿ ਅਸੀਂ ਕਿੰਨੀ ਖਪਤ ਕਰਨੀ ਹੈ ਅਤੇ ਕਿੰਨਾ ਕੁਦਰਤ ਨੂੰ ਵਾਪਸ ਦੇਣਾ ਹੈ। ਇਕ ਟਿਕਾਊ ਭਵਿੱਖ ਲਈ ਅੰਦਰੂਨੀ ਜਾਗ੍ਰਿਤੀ ਤੇ ਵਿਹਾਰਕ ਕਾਰਵਾਈ ਦੋਵਾਂ ਦੀ ਲੋੜ ਹੈ। ਜਦੋਂ ਅਧਿਆਤਮਿਕਤਾ ਸਾਡੇ ਫ਼ੈਸਲਿਆਂ ਦਾ ਹਿੱਸਾ ਬਣਦੀ ਹੈ ਤਾਂ ਧਰਤੀ ਦੀ ਸੰਭਾਲ ਇਕ ਕੁਦਰਤੀ ਨਤੀਜਾ ਬਣ ਜਾਂਦੀ ਹੈ। ਸਾਡੇ ਵਿਚਾਰਾਂ ਵਿਚ ਅਦੁੱਤੀ ਸ਼ਕਤੀ ਹੁੰਦੀ ਹੈ। ਮੈਡੀਟੇਸ਼ਨ ਦੇ ਅਭਿਆਸ ਦੁਆਰਾ ਜਦੋਂ ਅਸੀਂ ਸ਼ਾਂਤੀ, ਸ਼ੁੱਧਤਾ ਅਤੇ ਪਰਉਪਕਾਰ ਦੇ ਸੰਕਲਪ ਕਰਦੇ ਹਾਂ, ਤਾਂ ਇਹ ਵਾਈਬ੍ਰੇਸ਼ਨਾਂ ਕੁਦਰਤ ਦੇ ਤੱਤਾਂ ਨੂੰ ਵੀ ਸ਼ਾਂਤ ਕਰਦੀਆਂ ਹਨ। ਜਦੋਂ ਅਸੀਂ ਕੁਦਰਤ ਨੂੰ ਸਿਰਫ਼ ‘ਵਰਤਣ’ ਦੀ ਚੀਜ਼ ਨਹੀਂ ਸਗੋਂ ਇਕ ਜੀਵੰਤ ਹੋਂਦ ਮੰਨ ਕੇ ਉਸ ਦੀ ਸੇਵਾ ਕਰਦੇ ਹਾਂ, ਤਾਂ ਕੁਦਰਤ ਵੀ ਸਾਨੂੰ ਮੋੜਵੇਂ ਰੂਪ ਵਿਚ ਸੁੱਖ ਦਿੰਦੀ ਹੈ। ਸੁਆਰਥ ਦਾ ਘਟਣਾ ਅਤੇ ਉਦਾਰਤਾ ਦਾ ਵਧਣਾ ਹੀ ਵਾਤਾਵਰਣ ’ਚ ਮੁੜ ਸੰਤੁਲਨ ਲਿਆ ਸਕਦਾ ਹੈ।
ਸੋਚ ’ਚ ਹੈ ਸ਼ਕਤੀ
2026 ਦਾ ਧਰਤੀ ਦਿਵਸ ਸਾਨੂੰ ਇਹੀ ਸੁਨੇਹਾ ਦੇ ਰਿਹਾ ਹੈ ਕਿ ਸਾਡੇ ਕੋਲ ਅਜੇ ਵੀ ਸਮਾਂ ਹੈ। ਸਾਡੀ ‘ਸ਼ਕਤੀ’ ਸਾਡੀ ਸੋਚ ਵਿਚ ਹੈ। ਜੇ ਅਸੀਂ ਅੱਜ ਆਪਣੇ ਅੰਦਰੂਨੀ ਵਾਤਾਵਰਣ ਨੂੰ ਸ਼ੁੱਧ ਕਰ ਲਈਏ ਤਾਂ ਬਾਹਰੀ ਧਰਤੀ ਨੂੰ ਮੁੜ ਹਰਿਆ-ਭਰਿਆ ਬਣਾਉਣਾ ਕੋਈ ਔਖਾ ਕੰਮ ਨਹੀਂ ਹੋਵੇਗਾ। ਜਲਵਾਯੂ ਤਬਦੀਲੀ ਦਾ ਹੱਲ ਸਿਰਫ਼ ਪਾਲਿਸੀਆਂ ਵਿਚ ਨਹੀਂ ਸਗੋਂ ਚੇਤਨਾ ਦੀ ਤਬਦੀਲੀ ਵਿਚ ਹੈ। ਖਪਤ ਤੋਂ ਸੰਭਾਲ ਵੱਲ, ਸ਼ੋਸ਼ਣ ਤੋਂ ਸੇਵਾ ਵੱਲ ਅਤੇ ਅਗਿਆਨਤਾ ਤੋਂ ਜਾਗਰੂਕਤਾ ਵੱਲ ਵਧਣਾ ਹੀ ਅਸਲ ਧਰਤੀ ਦਿਵਸ ਹੈ। ਯਾਦ ਰੱਖੋ, ‘ਗ੍ਰਹਿ ਨੂੰ ਠੀਕ ਕਰਨ ਦੀ ਸ਼ੁਰੂਆਤ ਆਪਣੇ ਆਪ ਨੂੰ ਠੀਕ ਕਰਨ ਤੋਂ ਹੁੰਦੀ ਹੈ।’
ਆਓ ਪ੍ਰਣ ਕਰੀਏ ਕਿ ਅਸੀਂ ਨਾ ਸਿਰਫ਼ ਇਕ ਵਾਤਾਵਰਣ ਪ੍ਰੇਮੀ ਬਣਾਂਗੇ ਸਗੋਂ ਇਕ ਸੁਚੇਤ ਰੂਹ ਵਜੋਂ ਇਸ ਧਰਤੀ ਦੀ ਰੱਖਿਆ ਕਰਾਂਗੇ। ਜੇ ਮਨ ਹਰਿਆਵਲ ਭਰਿਆ ਹੈ, ਤਾ ਦੁਨੀਆ ਵੀ ਹਰੀ-ਭਰੀ ਰਹੇਗੀ। ਆਓ, ਆਪਣੀ ਅੰਦਰੂਨੀ ਸ਼ਕਤੀ ਨੂੰ ਇਸ ਗ੍ਰਹਿ ਦੀ ਸੁੰਦਰਤਾ ਤੇ ਸ਼ਾਂਤੀ ਲਈ ਸਮਰਪਿਤ ਕਰੀਏ।
- ਪ੍ਰਿੰ. ਮਨਿੰਦਰ ਕੌਰ