ਦੇਸੀ ਮਹੀਨੇ ਵਿਚ ਫੱਗਣ ਦੀ ਪੂਰਨਮਾਸ਼ੀ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਫੱਗਣ ਦੇ ਮਹੀਨੇ ਮਨਾਏ ਜਾਣ ਕਾਰਨ ਉਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੇ ਮਾਲਵੇ ਖੇਤਰ ਵਿਚ ਇਸ ਤਿਉਹਾਰ ਨੂੰ ‘ਫਾਗ’ ਵੀ ਕਿਹਾ ਜਾਂਦਾ ਹੈ। ਉਂਜ ਇਹ ਤਿਉਹਾਰ ਹੋਲੀ ਦੇ ਨਾਂ ਨਾਲ ਵਧੇਰੇ ਜਾਣਿਆ ਜਾਂਦਾ ਹੈ।

ਦੇਸੀ ਮਹੀਨੇ ਵਿਚ ਫੱਗਣ ਦੀ ਪੂਰਨਮਾਸ਼ੀ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਫੱਗਣ ਦੇ ਮਹੀਨੇ ਮਨਾਏ ਜਾਣ ਕਾਰਨ ਉਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੇ ਮਾਲਵੇ ਖੇਤਰ ਵਿਚ ਇਸ ਤਿਉਹਾਰ ਨੂੰ ‘ਫਾਗ’ ਵੀ ਕਿਹਾ ਜਾਂਦਾ ਹੈ। ਉਂਜ ਇਹ ਤਿਉਹਾਰ ਹੋਲੀ ਦੇ ਨਾਂ ਨਾਲ ਵਧੇਰੇ ਜਾਣਿਆ ਜਾਂਦਾ ਹੈ।
ਫੱਗਣ ਦੀ ਪੁੰਨਿਆ ਸਮੇਂ ਬਹਾਰ ਦੀ ਰੁੱਤ ਦਾ ਸਿਖ਼ਰ ਹੁੰਦਾ ਹੈ। ਇਸ ਰੁੱਤੇ ਦਿਲ ਦੇ ਗਹਿਰੇ ਸਾਗਰ ਅੰਦਰ ਜਵਾਰ ਭਾਟਾ ਉਠਦਾ ਹੈ। ਦਿਲ ਆਪ-ਮੁਹਾਰੇ ਆਪਣੇ ਪਿਆਰੇ ਵੱਲ ਉਛਲ-ਉਛਲ ਪੈਂਦਾ ਹੈ। ਹਰ ਕਿਸੇ ਨੂੰ ਪਿਆਰੇ ਦੀ ਤਾਂਘ ਹੁੰਦੀ ਹੈ। ਬਹਾਰ ਦੇ ਦਿਨਾਂ ਵਿਚ ਜੁਆਨ, ਜਹਾਨ ਦਿਲ ਫੁੱਲਾਂ ਵਾਂਗ ਖਿੜ ਜਾਂਦੇ ਹਨ। ਮਸਤੀ, ਖਰਮਸਤੀ ਵਿਚ ਬਦਲ ਜਾਂਦੀ ਹੈ। ਪੁਰਾਤਨ ਸਮੇਂ ਵਿਚ ਪੰਜਾਬ ਦੇ ਮਾਲਵੇ ਖੇਤਰ ਵਿਚ ਇਸ ਦਿਨ ਦਿਉਰ-ਭਰਜਾਈ ਜੀਅ ਭਰ ਕੇ ਹੋਲੀ ਖੇਡਦੇ ਸਨ। ਸਮਾਜਿਕ ਦ੍ਰਿਸ਼ਟੀ ਤੋਂ ਇਹ ਇਕ ਸ਼ਗਨ ਮਾਤਰ ਹੁੰਦਾ ਸੀ, ਸਮਾਜਿਕ ਮਰਿਆਦਾ ਦੀ ਅਵੱਗਿਆ ਨਹੀਂ ਸੀ। ਇਸ ਦਿਨ ਘਰ ’ਚ ਪੈਦਾ ਹੋਇਆ ਹਾਸਾ ਠੱਠਾ ਸ਼ੁੱਭ ਸ਼ਗਨ ਹੁੰਦਾ ਸੀ। ਅਜਿਹਾ ਸ਼ੁਭ ਸ਼ਗਨ, ਜਿਹੜਾ ਮਾਨਵੀ ਜੀਵਨ ਦੀ ਚਾਲ ਨੂੰ ਸਾਵਾਂ ਪੱਧਰਾ ਰੱਖਦਾ ਸੀ।
ਸਰਦੀ ਦੀ ਰੁੱਤ ਦਾ ਅੰਦਾਜ਼-ਮਿਜ਼ਾਜ ਬਸੰਤ ਪੰਚਮੀ ਤੋਂ ਬਦਲਣਾ ਸ਼ੁਰੂ ਹੋ ਜਾਂਦਾ ਹੈ। ਬਹਾਰ ਦੀ ਰੁੱਤ ਜੀਵਨ ਅੰਦਰ ਨਿਘ ਭਰ ਦਿੰਦੀ ਹੈ। ਹੋਲੀ ਦਾ ਤਿਉਹਾਰ ਬਸੰਤ ਪੰਚਮੀ ਤੋਂ ਚਾਲੀ ਦਿਨ ਬਾਅਦ ਹੁੰਦਾ ਹੈ। ਇਸੇ ਲਈ ਹੋਲੀ ਦੇ ਤਿਉਹਾਰ ਨੂੰ ਬਹਾਰ ਰੁੱਤ ਦਾ ਚਾਲੀਹਾ ਕਿਹਾ ਜਾਂਦਾ ਹੈ। ਪੁਰਾਤਨ ਜੀਵਨਸ਼ੈਲੀ ਦੌਰਾਨ ਚਾਲੀਹਾ ਸ਼ਬਦ ਚਾਲੀ ਦਿਨ ਨਿਰੰਤਰ ਕੀਤੇ ਜਾਣ ਵਾਲੇ ਕਰਮਕਾਂਡ ਨੂੰ ਕਿਹਾ ਜਾਂਦਾ ਸੀ। ਸੰਤ ਮਹਾਤਮਾ ਵੱਲੋਂ ਚਾਲੀ ਦਿਨ ਦੀ ਤਪ ਸਾਧਨਾ ਚਾਲੀਹਾ ਹੁੰਦੀ ਸੀ।
ਹੋਲੀ ਦੇ ਤਿਉਹਾਰ ਤੋਂ ਬਾਅਦ ਗਰਮੀ ਦੀ ਰੁੱਤ ਅਾਰੰਭ ਹੋ ਜਾਂਦੀ ਹੈ। ਇਸ ਤਿਉਹਾਰ ਤੋਂ ਬਾਅਦ ਪੰਜਾਬ ਦੇ ਮਾਲਵੇ ਖੇਤਰ ਅੰਦਰ ਸ਼ੀਤਲਾ ਮਾਤਾ ਦੀ ਪੂਜਾ ਦਾ ਤਿਉਹਾਰ ‘ਬਾਸੜੀਏ’ ਮਨਾਇਆ ਜਾਂਦਾ ਹੈ। ਬਾਸੜੀਏ ਦਾ ਸ਼ਾਬਦਿਕ ਅਰਥ ਹੈ, ਬਾਸੀ ਪਕਵਾਨ। ਇਸ ਤਿਉਹਾਰ ਸਮੇਂ ਸ਼ਾਮ ਨੂੰ ਮਿੱਠੀਆਂ ਰੋਟੀਆਂ, ਗੁਲਗਲੇ ਅਤੇ ਬੇਹੜਮੀਆਂ ਵਰਗੇ ਮਿੱਠੇ ਪਕਵਾਨ ਬਣਾਏ ਜਾਂਦੇ ਹਨ, ਜਿਹੜੇ ਸਵੇਰੇ ਸੁੱਚੇ ਮੂੰਹ ਸ਼ੀਤਲਾ ਮਾਤਾ ਦੀ ਪੂਜਾ ਉਪਰੰਤ ਖਾਧੇ ਜਾਂਦੇ ਹਨ। ਬਾਸੜੀਏ ਦਾ ਮੂਕ ਇਹ ਸ਼ੰਦੇਸ਼ ਹੁੰਦਾ ਹੈ ਕਿ ਹੁਣ ਮੌਸਮ ਬਦਲ ਗਿਆ ਹੈ। ਲੋਹੜੀ ਵੇਲੇ ਦਾ ਇਹ ਸਲੋਗਨ ਕਿ ‘ਪੋਹ ਰਿਧੀ, ਮਾਘ ਖਾਧੀ’ ਹੁਣ ਬੰਦ ਕਰ ਦੇਣਾ ਹੀ ਉਚਿਤ ਹੋਵੇਗਾ। ਅਰਥਾਤ ਬਾਸੜੀਏ ਤੋਂ ਬਾਅਦ ਬਾਸੀ ਭੋਜਨ ਖਾਣਾ ਸਮੱਸਿਆ ਪੈਦਾ ਕਰ ਸਕਦਾ ਹੈ। ਕਿੰਨਾ ਅਦਭੁੱਤ ਸ਼ੰਦੇਸ਼ ਹੈ। ਇਉਂ ਤਿਉਹਾਰ ਮਨੋਰੰਜਨ ਦੇ ਨਾਲ-ਨਾਲ ਮਨੁੱਖ ਨੂੰ ਪ੍ਰਕਿਰਤਿਕ ਰਮਝਾਂ, ਰਹੱਸਾਂ ਵੱਲੋਂ ਵੀ ਸੁਚੇਤ ਕਰਦੇ ਰਹੇ ਹਨ।
ਪੰਜਾਬੀ ਸੱਭਿਆਚਾਰ ਅੰਦਰ ਹੋਲੀ ਅਤੇ ਹੋਲਾ (ਹੋਲਾ ਮਹੱਲਾ) ਦੋ ਸੰਕਲਪ ਮਿਲਦੇ ਹਨ। ਇਸ ਗੱਲ ਦੀ ਪੁਸ਼ਟੀ ਲੋਕ ਮੁਹਾਵਰੇ ਦੇ ਰੂਪ ਵਿਚ ਪ੍ਰਚੱਲਿਤ ਹੋਈ ਇਸ ਕਾਵਿ ਸਤਰ ਤੋਂ ਹੋ ਜਾਂਦੀ ਹੈ।
ਹੋਲੀ ਆਈ ਹੋਲੇ ਸੰਗ,
ਪਾਣੀ ਦੇ ਵਿਚ ਘੋਲੇ ਰੰਗ।
ਅਰਥਾਤ ਪੁਰਾਤਨ ਸਮੇਂ ਵਿਚ ਸੁੱਕੇ ਗੁਲਾਲ ਦੇ ਰੂਪ ਵਿਚ ਰੰਗ ਪ੍ਰਯੋਗ ਨਹੀਂ ਸੀ ਹੁੰਦੇ ਸਗੋਂ ਪਾਣੀ ਵਿਚ ਘੁਲੇ ਰੰਗ ਹੀ ਇਕ ਦੂਜੇ ਉੱਤੇ ਪਾਏ ਜਾਂਦੇ ਸਨ। ਇਸ ਕਾਵਿ ਸਤਰ ਦਾ ਦੂਜਾ ਪੱਖ, ਸਿਖ ਜਗਤ ਅੰਦਰ ਮਨਾਏ ਜਾਂਦੇ ਹੋਲਾ ਮਹੱਲਾ ਦੇ ਤਿਉਹਾਰ ਨਾਲ ਸਬੰਧ ਰੱਖਦਾ ਹੈ। ਹੋਲਾ ਮਹੱਲਾ, ਹੋਲੀ ਦੇ ਤਿਉਹਾਰ ਤੋਂ ਬਾਅਦ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਮੁੱਢ ਦਸਮ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤਰ ਵਦੀ ਏਕਮ ਸੰਮਤ 1757 ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਬੰਨ੍ਹਿਆ ਸੀ। ਇਹ ਰੰਗਾਂ ਦਾ ਤਿਉਹਾਰ ਨਹੀਂ ਸਗੋਂ ਸ਼ਾਸਤਰ ਵਿੱਦਿਆ ਦੇ ਮਾਹਿਰ ਯੁਵਕਾਂ ਦੇ ਯੁੱਧ ਨਾਲ ਸਬੰਧਿਤ ਕਰਤੱਵਾਂ ਦੇ ਪ੍ਰਦਰਸ਼ਨ ਦਾ ਤਿਉਹਾਰ ਹੁੰਦਾ ਹੈ। ਇਹ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਸ੍ਰੀ ਨਾਂਦੇੜ ਸਾਹਿਬ ਤੇ ਸ੍ਰੀ ਪਾਉਂਟਾ ਸਾਹਿਬ ਵਿਖੇ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ‘ਮਹੱਲਾ’ ਅਰਬੀ ਭਾਸ਼ਾ ਦੇ ਸ਼ਬਦ ‘ਮਹਲੱਹੇ’ ਦਾ ਤਦਭਵ ਰੂਪ ਹੈ, ਜਿਸ ਦਾ ਅਰਥ ਹੈ ਫ਼ਤਿਹ ਉਪਰੰਤ ਟਿਕਾਣਾ ਕਰਨਾ। ਸਿੱਖ ਜਗਤ ਹੋਲੀ ਨਾਲੋਂ ਹੋਲੇ ਮਹੱਲੇ ਦੇ ਤਿਉਹਾਰ ਨੂੰ ਵਧੇਰੇ ਤਰਜੀਹ ਦਿੰਦਾ ਰਿਹਾ ਹੈ ਪ੍ਰੰਤੂ ਬਾਜ਼ਾਰੂ
ਸੋਚ ਨੇ ਇਸ ਤਿਉਹਾਰ ਨੂੰ ਵੀ ਮੰਡੀ ਦੇ ਵੰਨ-ਸੁਵੰਨੇ ਕੈਮੀਕਲ ਵਾਲੇ ਰੰਗਾਂ
ਨਾਲ ਜੋੜ ਦਿੱਤਾ ਹੈ।
ਪੁਰਾਤਨ ਦਾਨਿਸ਼ਵਰ ਪੁਰਸ਼ਾਂ ਵੱਲੋਂ ਤਿੱਥ ਤਿਉਹਾਰਾਂ ਨੂੰ ਭੌਤਿਕ ਰੂਪ ਵਿਚ ਮਨਾਉਣ ਦਾ ਵਿਧੀ ਵਿਧਾਨ ਨਿਰਧਾਰਿਤ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਮਨੁੱਖੀ ਮਾਨਸਿਕਤਾ ਨੂੰ ਪੱਕੇ ਤੌਰ ’ਤੇ ਇਨ੍ਹਾਂ ਤਿੱਥ ਤਿਉਹਾਰਾਂ ਨਾਲ ਜੋੜਨ ਦੀ ਜੁਗਤ ਵੀ ਨਿਰਧਾਰਿਤ ਕਰ ਰੱਖੀ ਸੀ। ਇਸ ਮੰਤਵ ਲਈ ਉਨ੍ਹਾਂ ਨੇ ਕੁਝ ਪ੍ਰਾਭੌਤਿਕ ਪ੍ਰਸੰਗ, ਅਨੁਸ਼ੰਠਾਨ ਜਾਂ ਕਥਾ ਕਹਾਣੀਆਂ ਇਨ੍ਹਾਂ ਤਿਉਹਾਰਾਂ ਨਾਲ ਜੋੜ ਦਿੱਤੀਆਂ ਸਨ। ਇਨ੍ਹਾਂ ਕਥਾ ਕਹਾਣੀਆਂ ਦਾ ਮਹਾਤਮ ਵੀ ਨਿਰਧਾਰਤ ਕਰ ਦਿੱਤਾ ਗਿਆ ਸੀ। ਪਹਾੜੀ ਇਲਾਕੇ ਵਿਚ ਹੋਲੀ ਵਾਲੇ ਦਿਨ ਮੇਲੇ ਲੱਗਦੇ ਹਨ ਅਤੇ ਮੰਦਰਾਂ ’ਚ ਪੂਜਾ ਕੀਤੀ ਜਾਂਦੀ ਹੈ। ਡਾਕਟਰ ਸੋਹਿੰਦਰ ਸਿੰਘ ਬੇਦੀ ਅਨੁਸਾਰ ਸਿਰਮੂਰ ਵਿਚ ਕਾਲਾ ਅੰਬ ਵਿਖੇ ਹੋਲੀ ਦੀ ਪੂਰਵ ਰਾਤਰੀ ਨੂੰ ਹਨੂੰਮਾਨ ਮੰਦਰ ਦੇ ਬਾਹਰ ਭਾਰੀ ਮੇਲਾ ਲੱਗਦਾ ਹੈ, ਜੋ ਦੋ ਦਿਨ ਭਰਦਾ ਹੈ। ਮੰਡੀ ਵਿਖੇ ਸ਼੍ਰੀ ਮਾਧਵ ਰਾਏ ਦੇ ਮੰਦਰ ਵਿਖੇ ਦੇਵ ਪੂਜਾ ਕੀਤੀ ਜਾਂਦੀ ਹੈ। ਇਸ ਸਥਾਨ ਤੇ ਮਾਧਵ ਰਾਏ ਦੀ ਮੂਰਤੀ ਉੱਤੇ ਗੁਲਾਲ ਧੂੜ ਕੇ ਧੂਮ ਧਾਮ ਨਾਲ ਹੋਲੀ ਖੇਡੀ ਜਾਂਦੀ ਹੈ। ਇਸ ਤੋਂ ਬਾਅਦ ਮਾਧਵ ਰਾਏ ਦੀ ਮੂਰਤੀ ਨੂੰ ਪਾਲਕੀ ਵਿਚ ਸਜਾ ਕੇ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਸਾਰੇ ਇਸਤਰੀ ਪੁਰਸ਼ ਸ਼ੋਭਾ ਯਾਤਰਾ ਦੇ ਰੂਪ ਵਿਚ ਭੂਤਨਾਥ ਦੇ ਮੰਦਰ ਪਹੁੰਚਦੇ ਹਨ। ਇਨ੍ਹਾਂ ਦੇ ਅੱਗੇ ਅੱਗੇ ਢੋਲ, ਮਿਰਦੰਗ, ਤੂਤਨੀਆਂ ਅਤੇ ਹੋਰ ਸਾਜ਼ਾ ਦੀ ਮਧੁਰ ਧੁਨੀ ਅਨੁਸਾਰ ਕੀਰਤਨ ਹੋ ਰਿਹਾ ਹੁੰਦਾ ਹੈ। ਭੂਤਨਾਥ ਦੇ ਮੰਦਰ ਪਹੁੰਚ ਕੇ ਸਾਰੇ ਇਸਤਰੀ ਪੁਰਸ਼ ਨਾਰੀਅਲ ਦੀਆਂ ਠੂਠੀਆਂ ਅਤੇ ਕੁਝ ਹੋਰ ਪਦਾਰਥ ਭੂਤਨਾਥ ਦੇਵਤਾ ਨੂੰ ਭੇਟ ਕਰਦੇ ਹਨ। ਅਜਿਹਾ ਕਰਨ ਉਪਰੰਤ ਇਹ ਲੋਕ ਉਵੇਂ ਹੀ ਮਾਧਵ ਰਾਏ ਦੇ ਮੰਦਰ ਵਿਖੇ ਵਾਪਸ ਪਰਤ ਆਉਂਦੇ ਹਨ।
ਹਰਿਆਣੇ ਦੇ ਇਲਾਕੇ ਵਿਚ ਹੋਲੀ ਦਾ ਤਿਉਹਾਰ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। ਹਰਿਆਣੇ ਵਿਚ ਸਵਾਣੀਆਂ ਹੋਲੀ ਤੋਂ ਪਹਿਲਾਂ ਜੌਂ ਬੀਜ ਦਿੰਦੀਆਂ ਹਨ। ਹੋਲੀ ਦੇ ਦਿਨ ਅੱਗ ਦੇ ਸ਼ੋਅਲਿਆਂ ’ਚ ਇਹ ਹਰੇ ਜੌਂ ਸੁੱਟੇ ਜਾਂਦੇ ਹਨ। ਅਜਿਹਾ ਭਗਤ ਪ੍ਰਹਿਲਾਦ ਨੂੰ ਬਲਦੀ ਅੱਗ ਦੇ ਸੇਕ ਤੋਂ ਬਚਾਉਣ ਦੀ ਭਾਵਨਾ ਅਧੀਨ ਕੀਤਾ ਜਾਂਦਾ ਹੈ। ਹੋਲੀ ਦੇ ਤਿਉਹਾਰ ਸਮੇਂ ਹਰਿਆਣੇ ਦੀਆਂ ਔਰਤਾਂ ਰਾਧਾ ਕ੍ਰਿਸ਼ਨ ਦੀ ਪ੍ਰੇਮ ਕਰੀੜਾ ਦੇ ਗੀਤ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਵਿਚ ਸ਼ਿਵ ਭਗਵਾਨ ਦੀ ਲੀਲਾ ਦੇ ਗੀਤ ਵੀ ਸ਼ਾਮਲ ਹੁੰਦੇ ਹਨ। ਬਹੁਤ ਸਾਰਾ ਅੰਸ਼ ਅਬੀਰ ਅਤੇ ਲਾਲ ਗੁਲਾਲ ਦੀ ‘ਉੜਤ ਗੁਲਾਲ, ਲਾਲ ਭਯੇ ਬਾਦਲ’ ਵਰਗੀ ਮਾਧੁਰ ਧੁਨੀ ਵੀ ਸ਼ਾਮਲ ਹੁੰਦੀ ਹੈ। ਇਸਤਰੀ ਮਰਦ ਰੰਗਾਂ ਦੀ ਹੋਲੀ ਖੇਡਦੇ ਹਨ। ਕੁਝ ਥਾਵਾਂ ਉੱਤੇ ਹੋਲੀ ਦੇ ਤਿਉਹਾਰ ਸਮੇਂ ਘੋਲ ਖੇਡ ਵੀ ਕਰਵਾਈ ਜਾਂਦੀ ਹੈ। ਇਉਂ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਹੋਲੀ ਦੇ ਤਿਉਹਾਰ ਸਮੇਂ ਚਾਰ ਕਿਸਮ ਦੇ ਕਰਮਕਾਂਡ ਨਿਭਾਏ ਜਾਂਦੇ ਹਨ, ਜਿਵੇਂ :
(ੳ) ਰੰਗ ਸੁੱਟਣਾ।
(ਅ) ਸਵਾਂਗ ਭਰਨਾ ।
(ੲ) ਹੋਲੀ ਬਾਲਣਾ।
(ਸ) ਦੇਵ ਪੂਜਾ ਕਰਨਾ।
ਸੱਭਿਆਚਾਰਕ ਪਰਿਵਰਤਨ ਦੇ ਅਮਲ ਨੇ ਤਿਉਹਾਰਾਂ ਨਾਲ ਜੁੜੀ ਸਾਡੀ ਲੋਕਧਰਾਈ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਹੈ। ਮਨੁੱਖ ਦੀ ਸੋਚ ਅਤੇ ਵਿਵਹਾਰ ਦੋਵੇਂ ਬਦਲ ਗਏ ਹਨ। ਵਰਤਮਾਨ ਸਮੇਂ ਦਾ ਨੌਜਵਾਨ ਵਰਗ ਇਸ ਤਿਉਹਾਰ ਨੂੰ ਹੁੱਲੜਬਾਜ਼ੀ ਦੇ ਲਹਿਜ਼ੇ ਨਾਲ ਮਨਾਉਂਦਾ ਹੈ। ਉਹ ਮਨੋਰੰਜਨ ਨਹੀਂ ਕਰਦਾ, ਖਰੂਦ ਪਾਉਂਦਾ ਹੈ। ਉਹ ਸੰਜੀਦਾ ਪਿਆਰ ਦੇ ਅਰਥ ਨਹੀਂ ਸਮਝਦਾ, ਆਪ ਹੁਦਰੇਪਣ ਦਾ ਪ੍ਰਦਰਸ਼ਨ ਕਰਦਾ ਹੈ। ਇਸੇ ਕਾਰਨ ਤਿਉਹਾਰਾਂ ਦੌਰਾਨ ਪਰਸਪਰ ਸਾਂਝ ਨਾਲੋਂ ਵਿਰੋਧ ਦਾ ਅਕਸ ਭਾਰੂ ਰਹਿੰਦਾ ਹੈ, ਜਿਸ ਦੇ ਫਲਸਰੂਪ ਤਿਉਹਾਰਾਂ ਦੀ ਪ੍ਰੰਪਰਾਗਤ ਆਭਾ ਖ਼ਤਮ ਹੁੰਦੀ ਜਾ ਰਹੀ ਹੈ।
ਅਜੋਕੇ ਤਜਾਰਤੀ ਰੁਚੀਆਂ ਵਾਲੇ ਯੁੱਗ ਨੇ ਇਸ ਤਿਉਹਾਰ ਨੂੰ ਸੁੱਕੇ ਕੈਮੀਕਲ ਵਾਲੇ, ਬਾਜ਼ਾਰੂ ਰੰਗਾਂ ਤੱਕ ਹੀ ਸੀਮਤ ਕਰ ਦਿੱਤਾ ਹੈ। ਮਨੁੱਖ ਦਾ ਹਰਿਆ ਭਰਿਆ ਜੀਵਨ ਨੀਰਸ ਰੰਗਤ ਧਾਰਨ ਕਰ ਗਿਆ ਹੈ। ਇਹ ਹਕੀਕਤ ਹੈ ਕਿ ਵਰਤਮਾਨ ਸਮੇਂ ਦੀ ਜਿਸ ਰਵਾਇਤ ਨਾਲ ਮੰਡੀ ਦਾ ਮੁਨਾਫ਼ਾ ਨਹੀਂ ਜੁੜਿਆ ਹੁੰਦਾ, ਉਹ ਰਵਾਇਤ ਲੋਪ ਹੋ ਰਹੀ ਹੈ। ਜਿਹੜੀ ਰੀਤ ਜਾਂ ਰਵਾਇਤ ਮੁਨਾਫੇ਼ ਨਾਲ ਜੁੜੀ ਹੋਈ ਹੈ, ਉਹ ਖੂ਼ਬ ਉਭਾਰੀ ਜਾਂਦੀ ਹੈ :
ਸਾਡੀ ਗਲੀ ਆਈਂ ਢੋਲਣਾ
ਅੱਗ ਬਾਲ ਕੇ, ਭੁੰਨੀਆਂ ਨੇ ਹੋਲਾ਼ਂ
ਤੂੰ ਵੀ ਚਖਦਾ ਜਾਈਂ, ਢੋਲਣਾ।
ਤਿਉਹਾਰ ਸਮਾਜ ਦੀ ਲੋਕਧਾਰਾ ਦਾ ਆਪਮੁਹਾਰਾ ਪਰਵਾਹ ਹੁੰਦੇ ਹਨ ਇਹ ਮਨੁੱਖ ਦੇ ਮਨ ਦੀ ਖੁ਼ਰਾਕ ਹੁੰਦੇ ਹਨ। ਇਹ ਮਾਨਵ ਜਗਤ ਅੰਦਰ ਖੁ਼ਸ਼ੀਆਂ, ਖੇੜਿਆਂ ਦਾ ਪੈਗਾਮ ਲੈ ਕੇ ਆਉਂਦੇ ਹਨ। ਜੀਵਨ ਦੀ ਖੜੋਤ ਨੂੰ ਗਤੀ ਪਰਦਾਨ ਕਰਦੇ ਹਨ। ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਨ੍ਹਾਂ ਪਵਿੱਤਰ ਉਤਸਵਾਂ ਨੂੰ ਫਿਰਕੂ ਜਾਂ ਬਾਜ਼ਾਰੂ ਰੰਗ ਦੇਣ ਦਾ ਯਤਨ ਨਾ ਕਰੀਏ । ਲੋਕ ਰੰਗਤ ਵਾਲੇ ਤਿਉਹਾਰ ਹੀ ਰਹਿਣ ਦੇਈਏ । ਇਸੇ ਗਲ ਵਿਚ ਸਾਡਾ ਸਾਰਿਆਂ ਦਾ ਭਲਾ ਹੈ।
ਅਗਨੀ ਨਾਲ ਸਬੰਧਿਤ ਤਿਉਹਾਰ
ਭਾਰਤੀ ਤਿਉਹਾਰ ਮਾਲਾ ਅੰਦਰ ਅਗਨੀ ਅਤੇ ਰੋਸ਼ਨੀ ਨਾਲ ਸਬੰਧਿਤ ਤਿੰਨ ਤਿਉਹਾਰਾਂ ਦਾ ਜ਼ਿਕਰ ਮਿਲਦਾ ਹੈ । ਇਹ ਤਿੰਨ ਤਿਉਹਾਰ ਹਨ, ਹੋਲੀ, ਲੋਹੜੀ ਅਤੇ ਦੀਵਾਲੀ। ਇਨ੍ਹਾਂ ਵਿੱਚੋਂ ਦੀਵਾਲੀ ਦੀਵਿਆ ਦੀ ਰੌਸ਼ਨੀ ਦਾ ਤਿਉਹਾਰ ਹੈ। ਲੋਕ ਵਿਸ਼ਵਾਸ ਅਨੁਸਾਰ ਇਹ ਤਿਉਹਾਰ ਪ੍ਰੇਤ ਰੂਹਾਂ ਨੂੰ ਲੋਕ ਜੀਵਨ ਤੋਂ ਦੂਰ ਭਜਾਉਣ ਦੇ ਮੰਤਵ ਨਾਲ ਅਗਨੀ ਦਾ ਪ੍ਰਯੋਗ ਕਰਦਾ ਹੈ। ਲੋਹੜੀ ਸਮੇਂ ਕਹਿਰ ਦੀ ਠੰਢ ਤੋਂ ਰਾਹਤ ਪ੍ਰਾਪਤ ਕਰਨ ਲਈ ਅੱਗ ਦਾ ਪ੍ਰਯੋਗ ਹੁੰਦਾ ਹੈ। ਹੋਲੀ ਸਮੇਂ ਬਦੀ ਦਾ ਵਿਨਾਸ਼ ਕਰਨ ਲਈ ਅੱਗ ਦਾ ਪ੍ਰਯੋਗ ਹੁੰਦਾ ਹੈ। ਹੋਲੀ ਅਤੇ ਲੋਹੜੀ ਭਾਵੇਂ ਦੋਵੇਂ ਅਗਨੀ ਬਾਲਣ ਦੇ ਤਿਉਹਾਰ ਹਨ ਪ੍ਰੰਤੂ ਦੋਵੇ ਤਿਉਹਾਰਾਂ ਸਮੇਂ ਅੱਗ ਬਾਲਣ ਦੀ ਪ੍ਰਕਿਰਿਆ ਵੱਖਰੀ-ਵੱਖਰੀ ਹੁੰਦੀ ਹੈ। ਇਉਂ ਲੱਗਦੈ ਜਿਵੇਂ ਲੋਹੜੀ, ਮਾਘੀ ਦੇ ਸਵਾਗਤ ਦਾ ਤਿਉਹਾਰ ਹੁੰਦੀ ਹੈ ਅਤੇ ਹੋਲੀ ਨਵੇਂ ਸੰਮਤ ਦੇ ਸੁਆਗਤ ਦਾ ਤਿਉਹਾਰ ਹੋਵੇ। ਹੋਲੀ ਦੇ ਤਿਉਹਾਰ ਨਾਲ ਭਾਵੇਂ ਕਿੰਨੇ ਹੀ ਵੰਨ ਸੁਵੰਨੇ ਲੋਕਧਰਾਈ ਪ੍ਰਪੰਚ ਜੁੜੇ ਹੋਣ ਪਰ ਮੂਲ ਰੂਪ ਵਿਚ ਹੋਲੀ ਰੰਗਾਂ ਦਾ ਤਿਉਹਾਰ ਹੀ ਹੁੰਦੀ ਹੈ। ਲੋਕ ਨਿਸ਼ਚੇ ਅਨੁਸਾਰ ਰੰਗਾਂ ’ਚ ਕੁਦਰਤ ਵੱਸਦੀ ਹੈ। ਕੁਦਰਤ ਵਿਚ ਰੱਬ ਦਾ ਵਾਸਾ ਹੈ। ਸੁਭਾਵਿਕ ਤੌਰ ’ਤੇ ਰੰਗਾਂ ਨਾਲ ਖੇਡਦਾ ਮਨੁੱਖ ਕੁਦਰਤ ਅਤੇ ਕਾਦਰ ਨਾਲ ਇਕਸੁਰ ਹੋ ਜਾਂਦਾ ਹੈ। ਇਸੇ ਲਈ ਇਸ ਦਿਨ ਇਕ-ਦੂਜੇ ਉੱਤੇ ਰੰਗ ਸੁੱਟੇ ਜਾਂਦੇ ਹਨ। ਮੂੰਹ ’ਤੇ ਗੁਲਾਲ ਮਲਿਆ ਜਾਂਦਾ ਹੈ। ਰੰਗਾਂ ਦੀ ਬਰਖਾ ਵਾਤਾਵਰਣ ਨੂੰ ਰੰਗੀਨ ਕਰ ਦਿੰਦੀ ਹੈ। ਰੰਗਾਂ ਦਾ ਇਹ ਅਦਭੁੱਤ ਦ੍ਰਿਸ਼ ਇਲਾਹੀ ਬਖ਼ਸ਼ਿਸ਼ ਦਾ ਪ੍ਰਤੀਕ ਬਣ ਜਾਂਦਾ ਹੈ।
• ਡਾ. ਜੀਤ ਸਿੰਘ ਜੋਸ਼ੀ