ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ ਤੇ ਇਹ ਲੱਖਾਂ ਕਰੋੜਾਂ ਜੀਵਾਂ ਦਾ ਘਰ ਹੈ। ਧਰਤੀ ਪੌਦਿਆਂ, ਜੀਵ-ਜੰਤੂਆਂ ਨੂੰ ਰਹਿਣ ਲਈ ਆਸਰਾ ਪ੍ਰਦਾਨ ਕਰਦੀ ਹੈ। ਸਾਰੀਆਂ ਹੀ ਜਾਤੀਆਂ ਇਕ ਦੂਜੇ ਨਾਲ ਬੜੇ ਗੁੰਝਲਦਾਰ ਤਰੀਕੇ ਨਾਲ ਜੁੜ ਕੇ ਭੋਜਨ ਜਾਲ ਬਣਾਉਂਦੀਆਂ ਹਨ।
ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ ਤੇ ਇਹ ਲੱਖਾਂ ਕਰੋੜਾਂ ਜੀਵਾਂ ਦਾ ਘਰ ਹੈ। ਧਰਤੀ ਪੌਦਿਆਂ, ਜੀਵ-ਜੰਤੂਆਂ ਨੂੰ ਰਹਿਣ ਲਈ ਆਸਰਾ ਪ੍ਰਦਾਨ ਕਰਦੀ ਹੈ। ਸਾਰੀਆਂ ਹੀ ਜਾਤੀਆਂ ਇਕ ਦੂਜੇ ਨਾਲ ਬੜੇ ਗੁੰਝਲਦਾਰ ਤਰੀਕੇ ਨਾਲ ਜੁੜ ਕੇ ਭੋਜਨ ਜਾਲ ਬਣਾਉਂਦੀਆਂ ਹਨ। ਧਰਤੀ ਉੱਪਰ ਹਰ ਤਰ੍ਹਾਂ ਦੇ ਜੀਵਨ ਦੀਆਂ ਕਿਸਮਾਂ, ਉਨ੍ਹਾਂ ਦੀ ਸੰਖਿਆ ਅਤੇ ਉਨ੍ਹਾਂ ਦੀਆਂ ਵਿਭਿੰਨਤਾਵਾਂ ਨੂੰ ਜੈਵਿਕ ਵਿਭਿੰਨਤਾ ਕਹਿੰਦੇ ਹਨ।
22 ਮਈ ਦਾ ਦਿਨ ਪੂਰੇ ਵਿਸ਼ਵ ’ਚ ਅੰਤਰਰਾਸ਼ਟਰੀ ਜੈਵਿਕ-ਵਿਭਿੰਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਨੇ 22 ਮਈ 1992 ਨੂੰ ਨੈਰੋਬੀ ਵਿਖੇ ਹੋਈ ਵਾਤਾਵਰਨ ਕਾਨਫਰੰਸ ਦੁਆਰਾ ਦਿੱਤੇ ਸੁਝਾਆਂ ਨੂੰ ਅਪਣਾਉਣ ਲਈ 22 ਮਈ ਨੂੰ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ। ਦਰਿਆ, ਝੀਲਾਂ, ਸਮੁੰਦਰ, ਜਲਗਾਹਾਂ, ਜੰਗਲ, ਦਲ-ਦਲ ਵਾਲੀਆਂ ਥਾਵਾਂ, ਮਾਰੂਥਲ, ਵਿਸ਼ਾਲ ਘਾਹ ਦੇ ਮੈਦਾਨ, ਪਹਾੜ ਜੈਵਿਕ-ਵਿਭਿੰਨਤਾ ਦਾ ਥੰਮ੍ਹ ਹਨ। ਜਿੱਥੇ ਵੀ ਜਿਉਂਦੇ ਜੀਵ ਹਨ, ਜੀਵਨ ਹੈ ਉੱਥੇ ਜੈਵਿਕ ਵਿਭਿੰਨਤਾ ਹੈ। ਜੈਵਿਕ ਵਿਭਿੰਨਤਾ ਹਰ ਜਗ੍ਹਾ ਪਾਈ ਜਾਂਦੀ ਹੈ। ਛੱਪੜਾਂ, ਝੀਲਾਂ, ਜਲਗਾਹਾਂ, ਘੋਗੇ, ਡੱਡੂ, ਮੱਛੀਆਂ, ਜਲੀ ਪੌਦਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ। ਜੰਗਲਾਂ ’ਚ ਰੁੱਖਾਂ, ਝਾੜੀਆਂ, ਜੜੀਆਂ-ਬੂਟੀਆਂ ਦੀਆਂ ਅਣਗਿਣਤ ਕਿਸਮਾਂ ਮਿਲਦੀਆਂ ਹਨ। ਮਾਰੂਥਲਾਂ ’ਚ ਥੋਹਰਾਂ ਦੀਆਂ ਅਨੇਕਾਂ ਕਿਸਮਾਂ ਆਪਣਾ ਰੰਗ ਬਿਖੇਰਦੀਆਂ ਹਨ। ਇਹ ਗੱਲ ਸਮਝਣ ਦੀ ਲੋੜ ਹੈ ਕਿ ਜੈਵਿਕ -ਵਿਭਿੰਨਤਾ ਹਰ ਜਗ੍ਹਾ ਪਾਈ ਜਾਦੀ ਹੈ, ਸਾਡੇ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਵੀ।
ਧਰਤੀ ਉੱਪਰ ਜੀਵਾਂ ਦੀ ਵੰਡ ਇਕ ਸਾਰ ਨਹੀਂ ਹੈ। ਕਿਸੇ ਪ੍ਰਸਥਿਤਿਕ ਪ੍ਰਬੰਧ ’ਚ ਪੌਦਿਆਂ ਤੇ ਜੀਵ ਜੰਤੂਆਂ ਦੀਆਂ ਜ਼ਿਆਦਾ ਕਿਸਮਾਂ ਪਾਈਆਂ ਜਾਂਦੀਆਂ ਹਨ, ਕਿਸੇ ਥਾਂ ਘੱਟ ਪਰ ਸਥਾਨ ਸਾਰੇ ਮਹੱਤਵਪੂਰਨ ਹਨ। ਕੁੱਝ ਪਰਜਾਤੀਆਂ ਕਿਸੇ ਵਿਸ਼ੇਸ਼ ਖੇਤਰ ਜਾਂ ਖਿੱਤੇ ’ਚ ਹੀ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸਥਾਨਕ ਪਰਜਾਤੀਆਂ ਕਿਹਾ ਜਾਂਦਾ ਹੈ। ਇਹ ਪਰਜਾਤੀਆਂ ਕਿਸੇ ਸੀਮਤ ਭੂਗੋਲਿਕ ਖੇਤਰ ’ਚ ਹੀ ਪਾਈਆਂ ਜਾਦੀਆਂ ਹਨ। ਇਕ ਸਿੰਗ ਵਾਲਾ ਗੈਂਡਾ ਕੇਵਲ ਭਾਰਤ, ਨੇਪਾਲ ਤੇ ਭੂਟਾਨ ’ਚ ਹੀ ਪਾਇਆ ਜਾਂਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਜੀਵ ਪਹਿਲਾਂ ਹੀ ਧਰਤੀ ’ਤੇ ਸੀਮਤ ਖੇਤਰ ’ਚ ਪਾਏ ਜਾਂਦੇ ਹਨ, ਜੇ ਇਨ੍ਹਾਂ ਖੇਤਰਾਂ ’ਚ ਇਨ੍ਹਾਂ ਦਾ ਨਿਵਾਸ ਸਥਾਨ ਨਸ਼ਟ ਹੁੰਦਾ ਹੈ ਤਾਂ ਇਹ ਜਾਤੀਆਂ ਇਸ ਦੁਨੀਆ ਤੋਂ ਖ਼ਤਮ ਹੋ ਜਾਣਗੀਆਂ।
ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ’ਚ ਸਭ ਤਰ੍ਹਾਂ ਦਾ ਵਾਤਾਵਰਨ ਪਾਇਆ ਜਾਂਦਾ ਹੈ। ਭਾਰਤ ਇਕ ਉੱਚਕੋਟੀ ਦੀ ਜੈਵਿਕ-ਵਿਭਿੰਨਤਾ ਵਾਲਾ ਦੇਸ਼ ਹੈ। ਇੱਥੇ ਧਰਾਤਲ ਤੇ ਨਿਵਾਸ ਸਥਾਨਾਂ ’ਚ ਬਹੁਤ ਵਿਭਿੰਨਤਾ ਪਾਈ ਜਾਂਦੀ ਹੈ। ਭਾਰਤ ’ਚ ਲਗਪਗ 850 ਕਿਸਮ ਦੇ ਜੀਵਾਣੂ, 23000 ਕਿਸਮ ਦੀਆਂ ਕਾਈਆਂ, 12500 ਕਿਸਮ ਦੀਆਂ ਉੱਲੀਆਂ, 2564 ਕਿਮਸ ਦੇ ਬ੍ਰਾਇਓਫਾਈਟਸ, 1012 ਕਿਸਮ ਦੇ ਟੈਰੀਡੋਫਾਈਟਸ, 64 ਕਿਸਮ ਦੇ ਜਿਮਨੋਸਪਰਮਸ ਤੇ 1500 ਕਿਸਮਾਂ ਦੇ ਫੱੁਲਾਂ ਵਾਲੇ ਪੌਦਿਆਂ ਦੀਆਂ ਪਾਈਆਂ ਜਾਂਦੀਆਂ ਹਨ। ਜੰਗਲੀ ਜੀਵਾਂ ਦੀ ਗੱਲ ਕਰੀਏ ਤਾਂ ਭਾਰਤ ’ਚ 372 ਕਿਸਮ ਦੇ ਥਣਧਾਰੀ ਜੀਵ,1228 ਕਿਸਮ ਦੇ ਪੰਛੀ,428 ਕਿਸਮ ਦੇ ਰੇਂਗਣ ਵਾਲੇ ਜੀਵ, 2546 ਕਿਸਮ ਦੀਆਂ ਮੱਛੀਆਂ, 57525 ਕਿਸਮ ਦੇ ਕੀਟ ਮਿਲਦੇ ਹਨ। ਭਾਰਤ ਦੀ ਜੈਵਿਕ-ਵਿਭਿੰਨਤਾ ਬਹੁਤ ਅਮੀਰ ਹੈ। ਪੰਜਾਬ ’ਚ ਸ਼ਿਵਾਲਕ ਦੀਆਂ ਪਹਾੜੀਆਂ ਵਾਲਾ ਖੇਤਰ, ਜਲਗਾਹਾਂ, ਰੱਖਾਂ, ਬੀੜਾਂ ਦਾ ਜੰਗਲੀ ਖੇਤਰ ’ਚ ਜੀਵ-ਜੰਤੂਆਂ, ਪੌਦਿਆਂ, ਕੀਟ-ਪਤੰਗਿਆਂ, ਜੜੀਆਂ-ਬੂਟੀਆਂ, ਰੁੱਖਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ। ਪੰਜਾਬ ’ਚ 397 ਕਿਸਮ ਦੀਆਂ ਕਾਈਆਂ, 498 ਕਿਸਮ ਦੀਆਂ ਉੱਲੀਆਂ, 34 ਕਿਸਮ ਦੇ ਬ੍ਰਾਇਓਫਾਈਟਸ, 48 ਕਿਸਮ ਦੇ ਟੈਰੀਡੋਫਾਈਟਸ, 21 ਕਿਸਮਾਂ ਦੇ ਜਿਮਨੋਸਪਰਮਸ ਤੇ 1939 ਕਿਸਮ ਦੇ ਫੁੱਲਾਂ ਵਾਲੇ ਪੌਦੇ ਮਿਲਦੇ ਹਨ। ਜੇਕਰ ਪੰਜਾਬ ਦੇ ਜੰਗਲੀ ਜੀਵ-ਜੰਤੂਆਂ ਦੀ ਗੱਲ ਕਰੀਏ ਤਾਂ 1147 ਕਿਸਮ ਦੇ ਕੀਟ-ਪਤੰਗੇ, 112 ਕਿਸਮ ਦੀਆਂ ਮੱਛੀਆਂ, 25 ਕਿਸਮ ਦੇ ਰੇਂਗਣ ਵਾਲੇ ਜੀਵ, 442 ਕਿਸਮ ਦੇ ਪੰਛੀ ਤੇ 43 ਕਿਸਮ ਦੇ ਥਣਧਾਰੀ ਜੀਵ ਮਿਲਦੇ ਹਨ। ਜੀਵ-ਜੰਤੂਆਂ ਦੀਆਂ ਕੁਝ ਜਾਤੀਆਂ ਤਾਂ ਕੁਦਰਤ ’ਚ ਆਪਣੇ ਆਪ ਲੋਪ ਹੋ ਗਈਆਂ ਹਨ ਤੇ ਕੁੱਝ ਮਨੁੱਖੀ ਲਾਲਚ ਤੇ ਤਸ਼ੱਦਦ ਕਰਕੇ ਲੋਪ ਹੋ ਗਈਆਂ ਹਨ ਜਾਂ ਲੋਪ ਹੋਣ ਦੇ ਕਿਨਾਰੇ ’ਤੇ ਹਨ। ਹਾਥੀ ਦੰਦ ਲਈ ਮਨੁੱਖ ਹਾਥੀਆਂ ਦੀ ਜਾਨ ਦਾ ਵੈਰੀ ਬਣਿਆ ਹੋਇਆ ਹੈ। ਗੈਂਡੇ ਨੂੰ ਸਿੰਗ ਦੀ ਪ੍ਰਾਪਤੀ ਲਈ ਮਾਰਿਆ ਜਾਂਦਾ ਹੈ। ਹੋਰ ਬਹੁਤ ਸਾਰੇ ਜਾਨਵਰਾਂ ਨੂੰ ਖੱਲ ਦੀ ਪ੍ਰਾਪਤੀ ਲਈ ਮਾਰਿਆ ਜਾਂਦਾ ਹੈ। ਜਾਗਰੂਕਤਾ ਦੀ ਕਮੀ ਕਰਕੇ ਕੁੱਝ ਜਾਨਵਰ ਅਣਜਾਣੇ ਹੀ ਮਾਰ ਦਿੱਤੇ ਜਾਦੇ ਹਨ। ਗੋਹ (ਮੋਨੀਟਰ ਲਿਜ਼ਰਡ) ਨੂੰ ਗੋਹ-ਗੀ੍ਹਰਾ ਜਾਂ ਚੰਨਣ ਗੀ੍ਹਰਾ ਕਹਿ ਕੇ ਮਾਰ ਦਿੱਤਾ ਜਾਂਦਾ ਹੈ। ਮਨੱੁਖ ਦੀ ਜੀਵ ਦੇ ਸਵਾਦ ਨੇ ਤਿੱਤਰ, ਬਟੇਰੇ, ਰੋਝ (ਨੀਲ ਗਊ) ਵਰਗੇ ਜੀਵਾਂ ਨੂੰ ਖ਼ਾਤਮੇ ਦੀ ਕਾਗਾਰ ’ਤੇ ਲਿਆ ਖੜ੍ਹਾ ਕੀਤਾ ਹੈ। ਕੀਟਨਾਸ਼ਕਾਂ, ਨਦੀਨਨਾਸ਼ਕਾਂ, ਉਦਯੋਗਾਂ ਦੇ ਰਸਾਇਣਾਂ ਵਾਲੇ ਪਾਣੀ ਨੇ ਜਲੀ ਜੀਵਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੂੰ ਖ਼ਾਤਮੇ ਵੱਲ ਧੱਕਿਆ ਹੈ। ਜੈਵਿਕ ਵਿਭਿੰਨਤਾ ਸਾਡੀਆਂ ਮੁਢਲੀਆਂ ਲੋੜਾਂ ਭੋਜਨ, ਸਾਫ਼ ਹਵਾ, ਰਹਿਣ ਲਈ ਸਥਾਨ, ਦਵਾਈਆਂ, ਲੱਕੜ ਆਦਿ ਨੂੰ ਪੂਰਾ ਕਰਦੀ ਹੈ। ਵਾਤਾਵਰਨ ’ਚ ਸੰਤੁਲਨ ਬਣਾਉਣਾ, ਹੜ੍ਹ ਤੇ ਸੋਕਾ ਵਰਗੀਆਂ ਸਥਿਤੀਆਂ, ਜਲ ਸ੍ਰੋਤਾਂ ਨੂੰ ਮੁੜ ਚਾਰਜ ਕਰਨ, ਪੋਸ਼ਕ ਤੱਤਾਂ ਦੀ ਪੂਰਤੀ, ਪਰਾਗਣ ਕਿਰਿਆ ’ਚ ਜੈਵਿਕ-ਵਿਭਿੰਨਤਾ ਅਹਿਮ ਭੂਮਿਕਾ ਨਿਭਾੳਂੁਦੀ ਹੈ ਪਰ ਮਨੁੱਖ ਦੇ ਅਣਗਹਿਲੀ ਵਾਲੇ ਵਤੀਰੇ ਨੇ ਜੈਵਿਕ ਵਿਭਿੰਨਤਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਅਸੀਂ ਕੁਦਰਤੀ ਰਹਿਣ ਬਸੇਰੇ ਖ਼ਤਮ ਕਰ ਦਿੱਤੇ ਹਨ। ਫੈਕਟਰੀਆਂ ਦਾ ਧੂੰਆਂ, ਪਰਾਲੀ ਦੀ ਅੱਗ, ਫੈਕਟਰੀਆਂ ਦਾ ਗੰਦਾ ਪਾਣੀ ਨੇ ਜੀਵ-ਜੰਤੂਆਂ, ਪੰਛੀਆਂ ਦਾ ਜੀਣਾ ਬੇਹਾਲ ਕੀਤਾ ਪਿਆ ਹੈ। ਅੰਧਾ-ਧੁੰਦ ਕੀਟਨਾਸ਼ਕਾਂ, ਨਦੀਨ-ਨਾਸ਼ਕਾਂ ਦੀ ਵਰਤੋਂ, ਜੰਗਲੀ ਜੀਵਨ ਬਾਰੇ ਜਾਗਰੂਕਤਾ ਦੀ ਕਮੀ ਨੇ ਜੈਵਿਕ-ਵਿਭਿੰਨਤਾ ਨੂੰ ਖੋਰਾ ਲਾਇਆ ਹੈ। ਮਨੁੱਖ ਇਹ ਸਮਝਦਾ ਹੈ ਕਿ ਜੀਵ-ਜੰਤੂ, ਪੌਦੇ, ਝਾੜੀਆਂ, ਜੰਗਲ-ਬੇਲੇ ਸਭ ਫਾਲਤੂ ਹਨ। ਇਨ੍ਹਾਂ ਦੀ ਮਨੁੱਖ ਨੂੰ ਕੋਈ ਲੋੜ ਨਹੀਂ ਹੈ। ਭਾਰਤ ਸਰਕਾਰ ਨੇ ਜੈਵਿਕ-ਵਿਭਿੰਨਤਾ ਨੂੰ ਬਚਾਉਣ ਲਈ ਤੇ ਜੈਵਿਕ ਸਰੋਤਾਂ ਉੱਪਰ ਪੈ ਰਹੇ ਦਬਾਅ ਨੂੰ ਕਾਬੂ ਕਰਨ ਲਈ ਜੈਵਿਕ-ਵਿਭਿੰਨਤਾ ਕਾਨੂੰਨ-2002 ਬਣਾਇਆ। ਇਸ ਕਾਨੂੰਨ ’ਚ ਜੈਵਿਕ ਵਿਭਿੰਨਤਾ ਨੂੰ ਬਚਾਉਣ ਤੇ ਜੈਵਿਕ ਕੁੁਦਰਤੀ ਸਰੋਤਾਂ ਦੀ ਵਰਤੋਂ ਦੇ ਟਿਕਾਊ ਪ੍ਰਬੰਧਨ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੀ ਸਥਾਪਨਾ ਦਸੰਬਰ 2004 ’ਚ ਕੀਤੀ ਗਈ ਹੈ ਤਾਂ ਜੋ ਪੰਜਾਬ ਵਿਚਲੀ ਜੈਵਿਕ-ਵਿਭਿੰਨਤਾ ਨੂੰ ਬਚਾਇਆ ਜਾ ਸਕੇ ਤੇ ਸੂਬੇ ’ਚ ਵਪਾਰਕ ਪੱਧਰ ’ਤੇ ਹੋਣ ਵਾਲੀ ਜੈਵਿਕ ਸਰੋਤਾਂ ਦੀ ਵਰਤੋਂ ਨੂੰ ਕੰਟਰੋਲ ਕੀਤਾ ਜਾ ਸਕੇ।
ਜੈਵਿਕ-ਵਿਭਿੰਨਤਾ ਜੀਵਨ ਦਾ ਅਧਾਰ ਹੈ। ਆਓ! ਰਲ-ਮਿਲ ਕੇ ਜੈਵਿਕ-ਵਿਭਿੰਨਤਾ ਨੂੰ ਬਚਾਈਏ। ਲਾਲਚ, ਸ਼ੋਹਰਤ ਤੇ ਫੋਕੇ ਵਿਖਾਵੇ ਨੂੰ ਛੱਡ ਕੇ, ਅੱਜ ਦੇ ਸਮੇਂ ਬਾਰੇ ਸੋਚੀਏ। ਜੋ ਕੁੱਝ ਅਲੋਪ ਹੋ ਗਿਆ, ਹੋ ਗਿਆ! ਪਰ ਜੋ ਕੁੱਝ ਬਚਿਆ ਹੈ ਉਸ ਨੂੰ ਤਾਂ ਸੰਭਾਲ ਲਈਏ। ਆਮ ਲੋਕਾਂ ਨੂੰ ਜਾਗਰੂਕ ਕਰੀਏ। ਜੀਵ-ਜੰਤੂਆਂ ਪ੍ਰਤੀ ਕਰੂਰਤਾ ਵਾਲਾ ਰਵੱਈਆ ਛੱਡ ਕੇ ਉਨ੍ਹਾਂ ਪ੍ਰਤੀ ਦਿਆਲੂ ਰਵੱਈਆ ਰੱਖੀਏ। ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਈਏ। ਅਲੋਪ ਹੋ ਰਹੇ ਪੰਛੀਆਂ, ਜੀਵਾਂ, ਪੌਦਿਆਂ ਨੂੰ ਬਚਾਉਣ ਲਈ ਆਪਣਾ-ਆਪਣਾ ਯੋਗਦਾਨ ਪਾਈਏ। ਆਓ! ਰਲ ਕੇ ਜੈਵਿਕ-ਵਿਭਿੰਨਤਾ ਨੂੰ ਬਚਾਉਣ ਦਾ ਪ੍ਰਣ ਕਰੀਏ। ਆਮ ਲੋਕਾਂ, ਵਿਦਿਆਰਥੀਆਂ ਤੇ ਨੌਜਵਾਨ ਪੀੜ੍ਹੀ ਨੂੰ ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਜਾਗਰੂਕ ਕਰੀਏ।
- ਬਲਜਿੰਦਰ ਸਿੰਘ