ਪਿਛਲੇ ਕੁਝ ਸਾਲਾਂ ਦੌਰਾਨ ਦੀਵਾਲੀ ਵਾਲੇ ਦਿਨ ਪੰਜਾਬ ’ਚ ਪ੍ਰਦੂਸ਼ਣ ਦਾ ਪੱਧਰ (ਏਅਰ ਕੁਆਲਟੀ ਇੰਡੈਕਸ) ਉੱਚਾ ਰਿਹਾ ਹੈ, ਆਮ ਤੌਰ ’ਤੇ ਖਰਾਬ ਜਾਂ ਬਹੁਤ ਖਰਾਬ ਸ਼੍ਰੇਣੀ ਵਿੱਚ। ਇਹ ਪੱਧਰ ਦੀਵਾਲੀ ਦੀ ਰਾਤ ਨੂੰ ਪਟਾਕਿਆਂ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਹੋਰ ਵੀ ਵੱਧ ਜਾਂਦਾ ਹੈ।
ਕੁਦਰਤ ਅਨਮੋਲ ਦਾਤ ਹੈ, ਜਿਸ ’ਚ ਹਵਾ, ਪਾਣੀ, ਮਿੱਟੀ, ਜੰਗਲ, ਅਤੇ ਪਹਾੜ ਵਰਗੀਆਂ ਨਿਆਮਤਾਂ ਸ਼ਾਮਲ ਹਨ। ਇਹ ਸਭ ਕੁਦਰਤ ਦਾ ਮੁਜੱਸਮਾ ਹਨ, ਜੋ ਧਰਤੀ ’ਤੇ ਜੀਵਨ ਦਾ ਆਧਾਰ ਬਣਦੀਆਂ ਹਨ। ਕੁਦਰਤ ਦੀ ਖ਼ੂਬਸੂਰਤੀ ਅਤੇ ਸੰਤੁਲਨ ਹੀ ਸਾਡੇ ਜੀਵਨ ਨੂੰ ਸੁਖਾਵਾਂ ਬਣਾਉਂਦਾ ਹੈ ਪਰ ਅਫ਼ਸੋਸ, ਅੱਜ ਮਨੁੱਖ ਦੀਆਂ ਲਾਲਚ ਭਰੀਆਂ ਅਤੇ ਕੁਦਰਤ ਵਿਰੋਧੀ ਗਤੀਵਿਧੀਆਂ ਕਾਰਨ ਇਸ ਅਨਮੋਲ ਵਿਰਾਸਤ ’ਤੇ ਪ੍ਰਦੂਸ਼ਣ ਦਾ ਇਕ ਵੱਡਾ ਧੱਬਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਪਾਣੀ ਦੇ ਸਰੋਤਾਂ ਨੂੰ ਗੰਧਲਾ ਕਰਨਾ ਅਤੇ ਜ਼ਹਿਰੀਲੀਆਂ ਗੈਸਾਂ ਦਾ ਹਵਾ ’ਚ ਘੁਲਣਾ ਕੇਵਲ ਵਾਤਾਵਰਣ ਨੂੰ ਹੀ ਨੁਕਸਾਨ ਨਹੀਂ ਪਹੁੰਚਾ ਰਿਹਾ, ਸਗੋਂ ਇਹ ਮਨੁੱਖੀ ਸਿਹਤ ਅਤੇ ਭਵਿੱਖ ਲਈ ਵੀ ਖਤਰਨਾਕ ਸਾਬਤ ਹੋ ਰਿਹਾ ਹੈ। ਗਲੋਬਲ ਵਾਰਮਿੰਗ, ਬੇਮੌਸਮੀ ਬਾਰਸ਼ਾਂ ਅਤੇ ਕੁਦਰਤੀ ਆਫ਼ਤਾਂ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ ਕਿ ਕੁਦਰਤ ਹੁਣ ਗੁੱਸੇ ’ਚ ਹੈ।ਅਜਿਹੇ ਨਾਜ਼ੁਕ ਹਾਲਾਤਾਂ ’ਚ ਕੁਦਰਤ ਦੀਆਂ ਇਨ੍ਹਾਂ ਨਿਆਮਤਾਂ ਨੂੰ ਬਚਾਉਣਾ ਹਰ ਮਨੁੱਖ ਦਾ ਨੈਤਿਕ ਫਰਜ਼ ਅਤੇ ਸਮੇਂ ਦੀ ਲੋੜ ਬਣ ਗਿਆ ਹੈ। ਸਾਨੂੰ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪਾਣੀ ਦੀ ਬਰਬਾਦੀ ਰੋਕਣੀ ਚਾਹੀਦੀ ਹੈ ਅਤੇ ਇਸ ਨੂੰ ਸਾਫ਼ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ। ਪਲਾਸਟਿਕ ਦੀ ਵਰਤੋਂ ਘਟਾਉਣੀ, ਊਰਜਾ ਦੀ ਬੱਚਤ ਕਰਨਾ ਅਤੇ ਵਾਤਾਵਰਣ-ਅਨੁਕੂਲ ਤਰੀਕਿਆਂ ਨੂੰ ਅਪਣਾਉਣਾ ਸਮੇਂ ਦੀ ਮੰਗ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਦੀਵਾਲੀ ਵਾਲੇ ਦਿਨ ਪੰਜਾਬ ’ਚ ਪ੍ਰਦੂਸ਼ਣ ਦਾ ਪੱਧਰ (ਏਅਰ ਕੁਆਲਟੀ ਇੰਡੈਕਸ) ਉੱਚਾ ਰਿਹਾ ਹੈ, ਆਮ ਤੌਰ ’ਤੇ ਖਰਾਬ ਜਾਂ ਬਹੁਤ ਖਰਾਬ ਸ਼੍ਰੇਣੀ ਵਿੱਚ। ਇਹ ਪੱਧਰ ਦੀਵਾਲੀ ਦੀ ਰਾਤ ਨੂੰ ਪਟਾਕਿਆਂ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਹੋਰ ਵੀ ਵੱਧ ਜਾਂਦਾ ਹੈ।
ਇੰਜ ਬਦਲ ਰਿਹਾ ਏਕਿਊਆਈ
2023 ’ਚ ਪੰਜਾਬ ਦਾ ਔਸਤ ਏਕਿਊਆਈ 207 (ਮੋਡਰੇਟ/ਪੂਅਰ ਸ਼੍ਰੇਣੀ) ਦਰਜ ਕੀਤਾ ਗਿਆ (12 ਨਵੰਬਰ ਦੀ ਸਵੇਰ 7 ਵਜੇ ਤੋਂ 13 ਨਵੰਬਰ ਦੀ ਸਵੇਰ 6 ਵਜੇ ਤੱਕ), ਜੋ ਪਿਛਲੇ ਸਾਲ ਨਾਲੋਂ ਬਿਹਤਰ ਸੀ। ਇਸੇ ਤਰ੍ਹਾਂ 2022 ’ਚ ਪੰਜਾਬ ਦਾ ਔਸਤ ਏਕਿਊਆਈ 224 (ਖਰਾਬ ਸ਼੍ਰੇਣੀ) ਦਰਜ ਕੀਤਾ ਗਿਆ। 2021 ’ਚ 268 (ਖਰਾਬ ਸ਼੍ਰੇਣੀ) ਦਰਜ ਕੀਤਾ ਗਿਆ। 2020 ’ਚ ਇਹ 328 ਦਰਜ ਕੀਤਾ ਗਿਆ ਸੀ। ਆਮ ਤੌਰ ’ਤੇ ਦੀਵਾਲੀ ਵਾਲੇ ਦਿਨ ਸ਼ਾਮ 5 ਵਜੇ ਤੋਂ ਲੈ ਕੇ ਅਗਲੇ ਦਿਨ ਸ਼ਾਮ 4 ਵਜੇ ਤੱਕ ਦੇ 24 ਘੰਟੇ ਦੇ ਔਸਤ ਵਜੋਂ ਲਏ ਜਾਂਦੇ ਹਨ। ਬਹੁਤ ਖਰਾਬ ਏਕਿਊਆਈ 201 ਤੋਂ 300 ਦੇ ਵਿਚਕਾਰ ਹੁੰਦਾ ਹੈ, ਜਦੋਂ ਕਿ ‘ਬਹੁਤ ਖਰਾਬ’ ਏਕਿਊਆਈ 301 ਤੋਂ 400 ਦੇ ਵਿਚਕਾਰ ਹੁੰਦਾ ਹੈ। ਸ਼ਹਿਰਾਂ ਦੇ ਹਿਸਾਬ ਨਾਲ ਇਸ ’ਚ ਬਹੁਤ ਅੰਤਰ ਹੋ ਸਕਦਾ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਸ਼ਹਿਰਾਂ ’ਚ ਪ੍ਰਦੂਸ਼ਣ ਦਾ ਪੱਧਰ ਅਕਸਰ ਔਸਤ ਤੋਂ ਵੱਧ ਹੁੰਦਾ ਹੈ ਤੇ ਦੀਵਾਲੀ ਦੀ ਰਾਤ 400 ਜਾਂ 500 ਤੱਕ ਵੀ ਪਹੁੰਚ ਜਾਂਦਾ ਹੈ।
ਪਟਾਕਿਆਂ ਨਾਲ ਮਨੁੱਖੀ ਸਿਹਤ ’ਤੇ ਨੁਕਸਾਨ
ਦੀਵਾਲੀ ਦੀ ਖੁਸ਼ੀ ’ਚ ਚਲਾਏ ਜਾਣ ਵਾਲੇ ਪਟਾਕੇ, ਅਸਲ ’ਚ ਮਨੁੱਖੀ ਸਿਹਤ ਲਈ ਇਕ ਵੱਡਾ ਖ਼ਤਰਾ ਬਣ ਜਾਂਦੇ ਹਨ। ਇਹਨਾਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਅਤੇ ਤੇਜ਼ ਆਵਾਜ਼ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਪਟਾਕਿਆਂ ਵਿਚ ਸਲਫਰ, ਜ਼ਿੰਕ, ਤਾਂਬਾ, ਕੈਡਮੀਅਮ, ਸੀਸਾ ਅਤੇ ਮੈਗਨੀਸ਼ੀਅਮ ਵਰਗੇ ਕਈ ਖ਼ਤਰਨਾਕ ਰਸਾਇਣ ਹੁੰਦੇ ਹਨ। ਜਦੋਂ ਇਹ ਫਟਦੇ ਹਨ, ਤਾਂ ਪੀਐੱਮ 2.5 ਅਤੇ ਪੀਐੱਮ 10 ਵਰਗੇ ਬਰੀਕ ਕਣ ਹਵਾ ਵਿਚ ਫੈਲ ਜਾਂਦੇ ਹਨ, ਜੋ ਸਾਹ ਰਾਹੀਂ ਸਾਡੇ ਫੇਫੜਿਆਂ ਵਿਚ ਜਾ ਕੇ ਜਮ੍ਹਾਂ ਹੋ ਜਾਂਦੇ ਹਨ। ਇਸ ਪ੍ਰਦੂਸ਼ਣ ਕਾਰਨ ਦਮੇ, ਬ੍ਰੌਨਕਾਈਟਿਸ ਅਤੇ ਸੀਓਪੀਡੀ ਵਰਗੇ ਸਾਹ ਦੇ ਮਰੀਜ਼ਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਸਿਹਤਮੰਦ ਲੋਕਾਂ ਨੂੰ ਵੀ ਗਲੇ ਵਿੱਚ ਜਲਨ, ਖਾਂਸੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। ਹਵਾ ’ਚ ਵਧੇ ਹੋਏ ਜ਼ਹਿਰੀਲੇ ਕਣ ਦਿਲ ਦੇ ਮਰੀਜ਼ਾਂ ਲਈ ਬਹੁਤ ਖ਼ਤਰਨਾਕ ਹਨ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਕੈਡਮੀਅਮ ਖੂਨ ਵਿਚ ਆਕਸੀਜਨ ਲੈ ਕੇ ਜਾਣ ਦੀ ਸਮਰੱਥਾ ਨੂੰ ਘਟਾਉਂਦਾ ਹੈ, ਜਿਸ ਨਾਲ ਅਨੀਮੀਆ ਹੋ ਸਕਦਾ ਹੈ। ਧੂੰਏਂ ਕਾਰਨ ਅੱਖਾਂ ਵਿਚ ਜਲਨ, ਲਾਲੀ ਅਤੇ ਪਾਣੀ ਆਉਣ ਦੀ ਸਮੱਸਿਆ ਆਮ ਹੈ। ਚਮੜੀ ਦੀਆਂ ਐਲਰਜੀਆਂ ਵੀ ਵੱਧ ਜਾਂਦੀਆਂ ਹਨ। ਤੇਜ਼ ਆਵਾਜ਼ ਕਾਰਨ ਸੁਣਨ ਸ਼ਕਤੀ ‘ਤੇ ਅਸਰ ਪੈਂਦਾ ਹੈ ਅਤੇ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ’ਤੇ ਮਾਨਸਿਕ ਤਣਾਅ ਪੈਦਾ ਹੁੰਦਾ ਹੈ। ਇੱਥੋਂ ਤੱਕ ਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਪਟਾਕਿਆਂ ਤੋਂ ਬਚਾਅ ਹੀ ਸਭ ਤੋਂ ਵੱਡਾ ਸਿਹਤ ਉਪਾਅ ਹੈ।
ਪ੍ਰਦੂਸ਼ਣ ਤੋਂ ਬਚਾਅ ਲਈ ਮਾਹਿਰਾਂ ਦੀ ਰਾਏ
ਵਾਤਾਵਰਨ ਮਾਹਿਰਾਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਦੀਵਾਲੀ ਨੂੰ ਪ੍ਰਦੂਸ਼ਣ-ਮੁਕਤ ਤਰੀਕੇ ਨਾਲ ਮਨਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਹੇਠ ਲਿਖੇ ਉਪਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਪਟਾਕੇ ਚਲਾਉਣੇ ਜ਼ਰੂਰੀ ਹਨ, ਤਾਂ ਸਿਰਫ਼ ਗ੍ਰੀਨ ਪਟਾਕਿਆਂ ਦੀ ਵਰਤੋਂ ਕਰੋ, ਜਿਨ੍ਹਾਂ ਵਿੱਚ ਨੁਕਸਾਨਦੇਹ ਰਸਾਇਣ 30-40% ਘੱਟ ਹੁੰਦੇ ਹਨ ਅਤੇ ਉਹ ਘੱਟ ਧੂੰਆਂ ਅਤੇ ਆਵਾਜ਼ ਪੈਦਾ ਕਰਦੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤੈਅ ਕੀਤੇ ਗਏ ਸਮੇਂ (ਆਮ ਤੌਰ ‘ਤੇ ਦੋ ਘੰਟੇ) ਦੌਰਾਨ ਹੀ ਪਟਾਕੇ ਚਲਾਓ। ਪ੍ਰਦੂਸ਼ਣ ਜ਼ਿਆਦਾ ਹੋਣ ‘ਤੇ ਬਾਹਰ ਨਿਕਲਣ ਤੋਂ ਪਰਹੇਜ਼ ਕਰੋ। ਜੇਕਰ ਬਾਹਰ ਜਾਣਾ ਪਵੇ ਤਾਂ ਐੱਨ95 ਜਾਂ ਐੱਨ99 ਮਾਸਕ ਪਹਿਨੋ, ਜੋ ਬਰੀਕ ਕਣਾਂ ਨੂੰ ਫਿਲਟਰ ਕਰਨ ਵਿਚ ਮਦਦ ਕਰਦਾ ਹੈ। ਘਰ ਦੇ ਅੰਦਰਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ।
ਵਾਤਾਵਰਨ ਨੂੰ ਕਿਵੇਂ ਰੱਖੀਏ ਸਾਫ਼
ਦੀਵਾਲੀ ਦੇ ਤਿਉਹਾਰ ਨੂੰ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਬਣਾਏ ਰੱਖਣ ਲਈ, ਸਾਨੂੰ ਵਾਤਾਵਰਨ ਨੂੰ ਸਾਫ਼ ਅਤੇ ਸਿਹਤਮੰਦ ਰੱਖਣ ਲਈ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਵਾਤਾਵਰਨ ਨੂੰ ਸਾਫ਼ ਰੱਖਣ ਦੇ ਤਰੀਕੇ ਸਿਰਫ਼ ਦੀਵਾਲੀ ਤੱਕ ਹੀ ਸੀਮਤ ਨਹੀਂ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੋਣੇ ਚਾਹੀਦੇ ਹਨ। ਹਵਾ ਅਤੇ ਸ਼ੋਰ ਪ੍ਰਦੂਸ਼ਣ ਦੇ ਮੁੱਖ ਸਰੋਤ ਪਟਾਕਿਆਂ ਨੂੰ ਪੂਰੀ ਤਰ੍ਹਾਂ ਨਾ ਕਹਿ ਦਿਓ। ਇਸ ਦੀ ਬਜਾਏ ਸਮੂਹਿਕ ਤੌਰ ’ਤੇ ਦੀਵੇ ਜਗਾਉਣ ਜਾਂ ਲਾਈਟ ਸ਼ੋਅ ਕਰਵਾਓ। ਦੀਵਾਲੀ ਦੀ ਸਫਾਈ ਦੌਰਾਨ ਜਿਹੜਾ ਖ਼ਰਾਬ ਇਲੈਕਟ੍ਰਾਨਿਕ ਸਮਾਨ ਨਿਕਲਦਾ ਹੈ, ਉਸ ਨੂੰ ਆਮ ਕੂੜੇ ਵਿਚ ਨਾ ਸੁੱਟੋ। ਇਸ ਨੂੰ ਸਹੀ ਈ-ਵੇਸਟ ਰੀਸਾਈਕਲਿੰਗ ਸੈਂਟਰ ’ਤੇ ਜਮ੍ਹਾ ਕਰਵਾਓ। ਸਜਾਵਟ ਅਤੇ ਤੋਹਫ਼ਿਆਂ ਦੀ ਪੈਕਿੰਗ ਲਈ ਪਲਾਸਟਿਕ ਦੀ ਵਰਤੋਂ ਤੋਂ ਬਚੋ। ਕੱਪੜੇ, ਜੂਟ ਜਾਂ ਕਾਗਜ਼ ਦੇ ਬੈਗ ਅਤੇ ਸਜਾਵਟੀ ਸਮਾਨ ਦੀ ਵਰਤੋਂ ਕਰੋ।
ਕਾਗਜ਼ੀ ਲਾਲਟੈਨਾਂ ਤੇ ਤੋਹਫ਼ੇ ਕੁਦਰਤੀ
ਆਪਣੇ ਘਰ ਨੂੰ ਸਜਾਉਣ ਲਈ ਤਾਜ਼ੇ ਫੁੱਲਾਂ (ਖ਼ਾਸ ਕਰਕੇ ਗੇਂਦੇ ਦੇ ਫੁੱਲਾਂ), ਪੱਤਿਆਂ, ਅਤੇ ਘਰ ਵਿਚ ਬਣੇ ਕਾਗਜ਼ੀ ਲਾਲਟੈਨਾਂ ਦੀ ਵਰਤੋਂ ਕਰੋ। ਇਹ ਸੁੰਦਰ ਹੋਣ ਦੇ ਨਾਲ-ਨਾਲ ਬਾਇਓਡੀਗ੍ਰੇਡੇਬਲ ਵੀ ਹਨ। ਰਵਾਇਤੀ ਮਿੱਟੀ ਦੇ ਦੀਵਿਆਂ ਜਾਂ ਮਧੂ ਮੱਖੀ ਦੇ ਮੋਮ ਤੋਂ ਬਣੀਆਂ ਮੋਮਬੱਤੀਆਂ ਨੂੰ ਤਰਜੀਹ ਦਿਓ। ਐਲਈਡੀ ਲਾਈਟਾਂ ਦੀ ਵਰਤੋਂ ਵੀ ਬਿਜਲੀ ਦੀ ਬੱਚਤ ਕਰਦੀ ਹੈ। ਤੋਹਫ਼ਿਆਂ ਵਿਚ ਪੌਦੇ, ਜੈਵਿਕ ਉਤਪਾਦ ਜਾਂ ਹੱਥ ਨਾਲ ਬਣੀਆਂ ਚੀਜ਼ਾਂ ਸ਼ਾਮਲ ਕਰੋ, ਜਿਨ੍ਹਾਂ ਦੀ ਪੈਕੇਜਿੰਗ ਘੱਟ ਹੋਵੇ। ਦੀਵਾਲੀ ਤੋਂ ਬਾਅਦ ਪੈਦਾ ਹੋਏ ਕੂੜੇ ਨੂੰ ਗਿੱਲੇ (ਭੋਜਨ, ਫੁੱਲ, ਪੱਤੇ) ਅਤੇ ਸੁੱਕੇ (ਕਾਗਜ਼, ਪਲਾਸਟਿਕ, ਸ਼ੀਸ਼ਾ) ਵਿੱਚ ਵੱਖ-ਵੱਖ ਕਰਕੇ ਸੁੱਟੋ। ਫੁੱਲਾਂ ਦੀਆਂ ਮਾਲਾਵਾਂ ਅਤੇ ਖਾਣੇ ਦੇ ਬਚੇ ਹੋਏ ਜੈਵਿਕ ਕੂੜੇ ਨੂੰ ਕੰਪੋਸਟ (ਖਾਦ) ਬਣਾਉਣ ਲਈ ਵਰਤੋਂ, ਜਿਸ ਨੂੰ ਬਾਗਬਾਨੀ ਵਿਚ ਵਰਤਿਆ ਜਾ ਸਕਦਾ ਹੈ।
ਗਰੀਨ ਪਟਾਕੇ
ਗਰੀਨ ਪਟਾਕੇ ਵਾਤਾਵਰਣ-ਅਨੁਕੂਲ ਪਟਾਕੇ ਹੁੰਦੇ ਹਨ, ਜੋ ਰਵਾਇਤੀ ਪਟਾਕਿਆਂ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਫੈਲਾਉਂਦੇ ਹਨ। ਇਹਨਾਂ ਨੂੰ ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ - ਨੈਸ਼ਨਲ ਐਨਵਾਇਰਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਦੁਆਰਾ ਤਿਆਰ ਕੀਤਾ ਗਿਆ ਹੈ। ਗਰੀਨ ਪਟਾਕੇ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਨਹੀਂ ਹਨ, ਪਰ ਇਹ ਵਾਤਾਵਰਣ ’ਤੇ ਰਵਾਇਤੀ ਪਟਾਕਿਆਂ ਦੇ ਮੁਕਾਬਲੇ ਘੱਟ ਮਾੜਾ ਪ੍ਰਭਾਵ ਪਾਉਂਦੇ ਹਨ। ਇਹ ਤਿਉਹਾਰਾਂ ਨੂੰ ਮਨਾਉਣ ਅਤੇ ਵਾਤਾਵਰਣ ਦੀ ਰੱਖਿਆ ਵਿਚ ਸੰਤੁਲਨ ਬਣਾਉਣ ਲਈ ਇਕ ਕਦਮ ਹਨ। ਰਵਾਇਤੀ ਪਟਾਕਿਆਂ ਵਿਚ ਆਮ ਤੌਰ ’ਤੇ ਨੁਕਸਾਨਦੇਹ ਰਸਾਇਣ ਜਿਵੇਂ ਕਿ ਬੇਰੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ, ਐਂਟੀਮਨੀ, ਲਿਥੀਅਮ, ਪਾਰਾ, ਆਰਸੈਨਿਕ ਅਤੇ ਲੈੱਡ ਦੇ ਮਿਸ਼ਰਣ ਸ਼ਾਮਲ ਹੁੰਦੇ ਹਨ, ਜੋ ਹਵਾ ਵਿੱਚ ਭਾਰੀ ਧਾਤਾਂ ਅਤੇ ਜ਼ਹਿਰੀਲੇ ਕਣਾਂ ਨੂੰ ਛੱਡਦੇ ਹਨ, ਜਿਸ ਨਾਲ ਗੰਭੀਰ ਪ੍ਰਦੂਸ਼ਣ ਹੁੰਦਾ ਹੈ।
ਇਸ ਦੇ ਉਲਟ, ਗਰੀਨ ਪਟਾਕਿਆਂ ਵਿਚ ਨੁਕਸਾਨਦੇਹ ਰਸਾਇਣਾਂ ਦੀ ਵਰਤੋਂ ਘੱਟ ਹੁੰਦੀ ਹੈ। ਇਹ ਬੇਰੀਅਮ ਸਾਲਟ ਜਾਂ ਐਂਟੀਮਨੀ, ਲਿਥੀਅਮ, ਪਾਰਾ, ਆਰਸੈਨਿਕ, ਲੈੱਡ ਜਾਂ ਸਟ੍ਰੋਂਸ਼ੀਆਮ ਕ੍ਰੋਮੇਟ ਵਰਗੇ ਬਹੁਤ ਸਾਰੇ ਖਤਰਨਾਕ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ। ਨੈਸ਼ਨਲ ਐਨਵਾਇਰਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਅਨੁਸਾਰ, ਇਹ ਰਵਾਇਤੀ ਪਟਾਕਿਆਂ ਦੇ ਮੁਕਾਬਲੇ ਕਣਾਂ ਵਾਲੇ ਪ੍ਰਦੂਸ਼ਕਾਂ, ਨਾਈਟ੍ਰਸ ਆਕਸਾਈਡ ਅਤੇ ਸਲਫਰ ਡਾਈਆਕਸਾਈਡ ਦੇ ਨਿਕਾਸ ਨੂੰ ਲਗਭਗ 20 ਫੀਸਦ ਤੋਂ 30 ਫੀਸਦ ਤੱਕ ਘਟਾਉਂਦੇ ਹਨ। ਇਹਨਾਂ ਨੂੰ ਖੋਲ੍ਹ ਦੇ ਆਕਾਰ ਨੂੰ ਛੋਟਾ ਕਰਕੇ, ਰਾਖ ਦੀ ਵਰਤੋਂ ਨੂੰ ਖਤਮ ਕਰਕੇ ਅਤੇ ਰਚਨਾ ਵਿਚ ਕੱਚੇ ਮਾਲ ਦੀ ਘੱਟ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ। ਇਹਨਾਂ ਦੀ ਪਛਾਣ ਸੀਐੱਸਆਈਆਰ-ਐੱਨਈਈਆਰਈ ਦੇ ਹਰੇ ਲੋਗੋ ਅਤੇ ਇਕ ਵਿਲੱਖਣ ਕਿਊਆਰ ਕੋਡ ਰਾਹੀਂ ਕੀਤੀ ਜਾ ਸਕਦੀ ਹੈ। ਇਹ ਕਿਊਆਰ ਕੋਡ ਖਰੀਦਦਾਰਾਂ ਨੂੰ ਪਟਾਕੇ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਵਿਚ ਮਦਦ ਕਰਦਾ ਹੈ।
ਪਟਾਕਿਆਂ ਕਾਰਨ ਛਾਤੀ ਨੂੰ ਨੁਕਸਾਨ
ਰਵਾਇਤੀ ਪਟਾਕਿਆਂ ਦੇ ਮੁਕਾਬਲੇ, ਗਰੀਨ ਪਟਾਕੇ 20% ਤੋਂ 30% ਘੱਟ ਕਣਾਂ ਵਾਲੇ ਪਦਾਰਥ ਪੈਦਾ ਕਰਦੇ ਹਨ। ਇਹ ਕਣ ਸਾਹ ਪ੍ਰਣਾਲੀ ਲਈ ਸਭ ਤੋਂ ਵੱਧ ਨੁਕਸਾਨਦੇਹ ਹੁੰਦੇ ਹਨ ਅਤੇ ਹਵਾ ਦੀ ਗੁਣਵੱਤਾ ਨੂੰ ਬਹੁਤ ਖ਼ਰਾਬ ਕਰਦੇ ਹਨ। ਕਣਾਂ ਦੀ ਕਮੀ ਨਾਲ ਹਵਾ ਦੀ ਗੁਣਵੱਤਾ ਬਿਹਤਰ ਰਹਿੰਦੀ ਹੈ। ਗਰੀਨ ਪਟਾਕਿਆਂ ਦੀ ਤਿਆਰੀ ਵਿੱਚ ਖਤਰਨਾਕ ਭਾਰੀ ਧਾਤਾਂ ਅਤੇ ਰਸਾਇਣਾਂ, ਜਿਵੇਂ ਕਿ ਬੇਰੀਅਮ ਨਾਈਟ੍ਰੇਟ, ਪਾਰਾ, ਆਰਸੈਨਿਕ ਅਤੇ ਲੈੱਡ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਾਂ ਬਹੁਤ ਘੱਟ ਕੀਤੀ ਜਾਂਦੀ ਹੈ। ਇਹ ਰਸਾਇਣ ਨਾ ਸਿਰਫ਼ ਹਵਾ ਨੂੰ ਜ਼ਹਿਰੀਲਾ ਬਣਾਉਂਦੇ ਹਨ, ਸਗੋਂ ਸਾੜਨ ਤੋਂ ਬਾਅਦ ਮਿੱਟੀ ਅਤੇ ਪਾਣੀ ਵਿਚ ਵੀ ਘੁਲ ਸਕਦੇ ਹਨ, ਜਿਸ ਨਾਲ ਲੰਬੇ ਸਮੇਂ ਲਈ ਵਾਤਾਵਰਣ ਪ੍ਰਦੂਸ਼ਣ ਹੁੰਦਾ ਹੈ। ਇਨ੍ਹਾਂ ਪਟਾਕਿਆਂ ਦੀ ਬਣਤਰ ਵਿਚ ਵਿਸ਼ੇਸ਼ ਰਸਾਇਣਕ ਫਾਰਮੂਲੇ ਵਰਤੇ ਜਾਂਦੇ ਹਨ ਜੋ ਨਾਈਟ੍ਰੋਜਨ ਅਤੇ ਸਲਫਰ ਆਕਸਾਈਡਾਂ ਵਰਗੀਆਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਂਦੇ ਹਨ। ਇਹ ਗੈਸਾਂ ਤੇਜ਼ਾਬੀ ਬਾਰਿਸ਼ ਅਤੇ ਸਮੋਗ ਬਣਾਉਣ ਵਿਚ ਯੋਗਦਾਨ ਪਾਉਂਦੀਆਂ ਹਨ, ਜਿਸ ਨੂੰ ਗਰੀਨ ਪਟਾਕੇ ਘੱਟ ਕਰਦੇ ਹਨ। ਕਈ ਗਰੀਨ ਪਟਾਕਿਆਂ ਵਿੱਚ ਧੂੜ ਸੋਖਣ ਵਾਲੇ ਏਜੰਟ ਸ਼ਾਮਲ ਹੁੰਦੇ ਹਨ ਜੋ ਧੂੰਏਂ ਅਤੇ ਧੂੜ ਦੇ ਨਿਕਾਸ ਨੂੰ ਹੋਰ ਘਟਾਉਣ ਵਿੱਚ ਮਦਦ ਕਰਦੇ ਹਨ।ਇਸ ਤਰ੍ਹਾਂ, ਗਰੀਨ ਪਟਾਕੇ ਤਿਉਹਾਰਾਂ ਦੇ ਜਸ਼ਨਾਂ ਦੌਰਾਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਮਾਤਰਾ ਅਤੇ ਜ਼ਹਿਰੀਲੇਪਣ ਨੂੰ ਘਟਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਭਾਰਤ ’ਚ ਗਰੀਨ ਪਟਾਕਿਆਂ ਦੀ ਧਾਰਨਾ ਅਤੇ ਇਸ ਦੀ ਵਰਤੋਂ ਸਬੰਧੀ ਮਹੱਤਵਪੂਰਨ ਹੁਕਮ ਮੁੱਖ ਤੌਰ ’ਤੇ 2018 ਅਤੇ 2020 ਸਾਲ ਵਿੱਚ ਕੀਤੇ ਗਏ ਹਨ। 23 ਅਕਤੂਬਰ 2018 ਨੂੰ, ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਨੇ ਦੇਸ਼ ਭਰ ਵਿਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਇਕ ਮਹੱਤਵਪੂਰਨ ਫੈਸਲਾ ਸੁਣਾਇਆ। ਅਦਾਲਤ ਨੇ ਖਰਾਬ ਹਵਾ ਗੁਣਵੱਤਾ ਵਾਲੇ ਖੇਤਰਾਂ ਵਿਚ ਰਵਾਇਤੀ ਪਟਾਕਿਆਂ ’ਤੇ ਪਾਬੰਦੀ ਲਗਾ ਦਿੱਤੀ ਅਤੇ ਦੇਸ਼ ਭਰ ਵਿਚ ਸਿਰਫ਼ ‘ਗਰੀਨ ਪਟਾਕੇ’ ਚਲਾਉਣ ਦੀ ਇਜਾਜ਼ਤ ਦਿੱਤੀ। ਇਸ ਹੁਕਮ ਨੇ ਸੀਐੱਸਆਈਆਰ-ਐਨਈਈਆਰਆਈ ਨੂੰ ਗਰੀਨ ਪਟਾਕਿਆਂ ਦੇ ਫਾਰਮੂਲੇ ਨੂੰ ਵਿਕਸਤ ਕਰਨ ਅਤੇ ਪ੍ਰਮਾਣਿਤ ਕਰਨ ਲਈ ਪ੍ਰੇਰਿਤ ਕੀਤਾ। 9 ਨਵੰਬਰ 2020 ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਖ਼ਾਸ ਕਰਕੇ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ, ਗ੍ਰੀਨ ਪਟਾਕਿਆਂ ਦੀ ਵਰਤੋਂ ਬਾਰੇ ਹੋਰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ।ਐਨਜੀਟੀ ਨੇ ਉਨ੍ਹਾਂ ਸ਼ਹਿਰਾਂ/ਕਸਬਿਆਂ ਵਿਚ ਜਿੱਥੇ ਹਵਾ ਦੀ ਗੁਣਵੱਤਾ ‘ਮਾੜੀ’ ਜਾਂ ਇਸ ਤੋਂ ਉੱਪਰ ਸੀ, ਦੀਵਾਲੀ ਅਤੇ ਹੋਰ ਤਿਉਹਾਰਾਂ ਦੌਰਾਨ ਹਰ ਤਰ੍ਹਾਂ ਦੇ ਪਟਾਕਿਆਂ (ਗਰੀਨ ਪਟਾਕਿਆਂ ਸਮੇਤ) ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ। ਹੋਰ ਖੇਤਰਾਂ ਵਿਚ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉਹ ਵੀ ਸੀਮਤ ਸਮੇਂ ਲਈ (ਜਿਵੇਂ ਕਿ ਦੀਵਾਲੀ ’ਤੇ ਰਾਤ 8 ਵਜੇ ਤੋਂ 10 ਵਜੇ ਤੱਕ)। ਇਸ ਤੋਂ ਬਾਅਦ, ਵੱਖ-ਵੱਖ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਅਤੇ ਐੱਨਜੀਟੀ ਦੇ ਇਹਨਾਂ ਹੁਕਮਾਂ ਦੇ ਆਧਾਰ ’ਤੇ ਹਰ ਸਾਲ ਤਿਉਹਾਰਾਂ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਬਾਰੇ ਸਮੇਂ-ਸਮੇਂ ‘ਤੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਲਈ, ਗਰੀਨ ਪਟਾਕਿਆਂ ਦੀ ਵਰਤੋਂ ਨੂੰ ਲਾਜ਼ਮੀ ਕਰਨ ਦੀ ਬੁਨਿਆਦ 2018 ਵਿਚ ਰੱਖੀ ਗਈ ਸੀ।
ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਹਵਾ ਪ੍ਰਦੂਸ਼ਣ, ਖਾਸ ਕਰਕੇ ਤਿਉਹਾਰਾਂ ਦੌਰਾਨ ਨੂੰ ਰੋਕਣ ਲਈ ਪਟਾਕੇ ਚਲਾਉਣ ਸਬੰਧੀ ਕਈ ਅਹਿਮ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਦਾ ਮੁੱਖ ਉਦੇਸ਼ ਨਾਗਰਿਕਾਂ ਦੇ ਸਿਹਤ ਦੇ ਅਧਿਕਾਰ ਦੀ ਰੱਖਿਆ ਕਰਨਾ ਹੈ। ਦੇਸ਼ ਦੇ ਉਹਨਾਂ ਸਾਰੇ ਸ਼ਹਿਰਾਂ ਅਤੇ ਕਸਬਿਆਂ ’ਚ ਸਾਰੇ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਜਿੱਥੇ ਹਵਾ ਦੀ ਗੁਣਵੱਤਾ ‘ਪੂਅਰ’ ਜਾਂ ਇਸ ਤੋਂ ਉੱਪਰ (ਜਿਵੇਂ ਕਿ ‘ਬਹੁਤ ਖਰਾਬ’ ਜਾਂ ‘ਗੰਭੀਰ’) ਸ਼੍ਰੇਣੀ ਵਿਚ ਆਉਂਦੀ ਹੈ। ਇਹ ਪਾਬੰਦੀ ਆਮ ਤੌਰ ’ਤੇ ਨਵੰਬਰ ਦੇ ਮਹੀਨੇ ਵਿਚ ਲਾਗੂ ਹੁੰਦੀ ਹੈ, ਜਦੋਂ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ ਅਤੇ ਇਸਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਦਿੱਲੀ-ਐਨ.ਸੀ.ਆਰ. ਵਿੱਚ ਵੀ ਸਮੇਂ-ਸਮੇਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਉਹਨਾਂ ਥਾਵਾਂ ’ਤੇ ਜਿੱਥੇ ਹਵਾ ਦੀ ਗੁਣਵੱਤਾ ‘ਮੱਧਮ’ (ਮੋਡਰੇਟ) ਜਾਂ ਇਸ ਤੋਂ ਹੇਠਲੀ ਸ਼੍ਰੇਣੀ ਵਿਚ ਆਉਂਦੀ ਹੈ, ਉੱਥੇ ਸਿਰਫ਼ ‘ਗ੍ਰੀਨ ਪਟਾਕੇ’ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਿੱਥੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੈ, ਉੱਥੇ ਵੀ ਸਮਾਂ ਨਿਰਧਾਰਤ ਕੀਤਾ ਗਿਆ ਹੈ। ਆਮ ਤੌਰ ’ਤੇ ਦੀਵਾਲੀ ਅਤੇ ਗੁਰਪੁਰਬ ਵਰਗੇ ਤਿਉਹਾਰਾਂ ’ਤੇ ਸਿਰਫ਼ ਦੋ ਘੰਟੇ ਲਈ ਹੀ ਪਟਾਕੇ ਚਲਾਉਣ ਦੀ ਆਗਿਆ ਹੁੰਦੀ ਹੈ, ਜੋ ਕਿ ਰਾਤ 8 ਵਜੇ ਤੋਂ 10 ਵਜੇ ਤੱਕ ਦਾ ਸਮਾਂ ਹੋ ਸਕਦਾ ਹੈ। ਐੱਨਜੀਟੀ ਨੇ ਪਟਾਕਿਆਂ ਵਿੱਚ ਬੇਰੀਅਮ ਨਮਕ ਸਮੇਤ ਹੋਰ ਜ਼ਹਿਰੀਲੇ ਰਸਾਇਣਾਂ (ਜਿਵੇਂ ਕਿ ਐਂਟੀਮਨੀ, ਲਿਥੀਅਮ, ਆਰਸੈਨਿਕ, ਪਾਰਾ, ਲੈੱਡ ਜਾਂ ਸਟ੍ਰੋਂਸ਼ੀਅਮ ਕ੍ਰੋਮੇਟ ਦੇ ਮਿਸ਼ਰਣ) ਦੀ ਵਰਤੋਂ ’ਤੇ ਸਖ਼ਤ ਪਾਬੰਦੀ ਲਗਾਈ ਹੈ। ਐੱਨਜੀਟੀ ਨੇ ਰਾਜ ਸਰਕਾਰਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਇਹਨਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
• ਨਵਦੀਪ ਢੀਂਗਰਾ