ਜੀਵਨ ਦੇ ਰਾਹਾਂ ’ਤੇ ਵਿਚਰਦਿਆਂ ਦੇਖਦੇ ਹਾਂ ਕਿ ਹਰ ਕਿਸੇ ਦੀ ਜੀਵਨ-ਤੋਰ ਵੱਖਰੀ ਤੇ ਵਿਲੱਖਣ ਹੈ। ਕੁਝ ਲੋਕ ਪੈਸਾ ਤੇ ਹੋਰ ਪਦਾਰਥਕ ਵਸਤਾਂ ਵਿੱਚੋਂ ਹੀ ਜ਼ਿੰਦਗੀ ਲੱਭਦੇ ਹਨ ਤੇ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਆਰਥਿਕ ਰੂਪ ’ਚ ਤਾਂ ਭਾਵੇਂ ਬਹੁਤ ਪੱਛੜੇ ਹੋਏ ਹੋਣ ਪਰ ਸਬਰ ਤੇ ਸੰਤੋਖ ਨਾਲ ਵਰਸਾਏ ਅਜਿਹੇ ਲੋਕਾਂ ਦੇ ਚਿਹਰੇ ਤੋਂ ਜੀਵਨ ਦੀ ਖ਼ੁਸ਼ੀ ਸਪੱਸ਼ਟ ਦਿਖਾਈ ਦਿੰਦੀ ਹੈ।

ਜੀਵਨ ਦੇ ਰਾਹਾਂ ’ਤੇ ਵਿਚਰਦਿਆਂ ਦੇਖਦੇ ਹਾਂ ਕਿ ਹਰ ਕਿਸੇ ਦੀ ਜੀਵਨ-ਤੋਰ ਵੱਖਰੀ ਤੇ ਵਿਲੱਖਣ ਹੈ। ਕੁਝ ਲੋਕ ਪੈਸਾ ਤੇ ਹੋਰ ਪਦਾਰਥਕ ਵਸਤਾਂ ਵਿੱਚੋਂ ਹੀ ਜ਼ਿੰਦਗੀ ਲੱਭਦੇ ਹਨ ਤੇ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਆਰਥਿਕ ਰੂਪ ’ਚ ਤਾਂ ਭਾਵੇਂ ਬਹੁਤ ਪੱਛੜੇ ਹੋਏ ਹੋਣ ਪਰ ਸਬਰ ਤੇ ਸੰਤੋਖ ਨਾਲ ਵਰਸਾਏ ਅਜਿਹੇ ਲੋਕਾਂ ਦੇ ਚਿਹਰੇ ਤੋਂ ਜੀਵਨ ਦੀ ਖ਼ੁਸ਼ੀ ਸਪੱਸ਼ਟ ਦਿਖਾਈ ਦਿੰਦੀ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਪੈਸਾ ਜ਼ਿੰਦਗੀ ਦੀ ਲੋੜ ਹੈ ਪਰ ਪੈਸਾ ਕਿਸੇ ਤਰ੍ਹਾਂ ਵੀ ਜ਼ਿੰਦਗੀ ਨਹੀਂ ਹੈ। ਸਾਦਗੀ ਤੇ ਸਹਿਜ ਰੂਪ ’ਚ ਜੀਵਨ ਜਿਊਣਾ ਵਿਰਲੇ ਲੋਕਾਂ ਦੇ ਹੀ ਹਿੱਸੇ ਆਉਂਦਾ ਹੈ। ਸਮਾਜ ਦੇ ਵੱਡੀ ਗਿਣਤੀ ਲੋਕ ਦਿਖਾਵੇ ਦੇ ਭਰਮਜਾਲ ਤੇ ਚਕਾਚੌਂਧ ’ਚ ਪੈ ਕੇ ਅਜਿਹਾ ਜੀਵਨ ਜਿਊਣ ਦੀ ਤਾਂਘ ਵਿਚ ਵਿਚਰਦੇ ਹਨ ਕਿ ਉਹ ਦੂਜਿਆਂ ਤੋਂ ਬਿਲਕੁਲ ਵੱਖਰੇ ਜਾਪਣ। ਪਾਣੀ ਵਾਂਗ ਪੈਸਾ ਵਹਾ ਕੇ ਆਪਣੀ ਹਉਮੈ ਨੂੰ ਹੀ ਪੱਠੇ ਪਾਉਣੇ ਅਜਿਹੇ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦਾ ਹੈ।
ਲੋਪ ਹੁੰਦੀ ਜਾ ਰਹੀ ਸਾਦਗੀ
ਅਸਲ ’ਚ ਅਜੋਕੇ ਸਮੇਂ ਵਿਚ ਜੀਵਨ ਵਿੱਚੋਂ ਸਾਦਗੀ ਲਗਾਤਾਰ ਲੋਪ ਹੁੰਦੀ ਜਾ ਰਹੀ ਹੇ। ਸਾਦਾ ਜੀਵਨ ਤੇ ਉੱਚੀ ਸੋਚ ਦਾ ਮੁਹਾਵਰਾ ਤਾਂ ਜਿਵੇਂ ਸਮਿਆਂ ਦੀ ਧੂੜ ਵਿਚ ਹੀ ਕਿਤੇ ਗੁਆਚ ਗਿਆ ਹੈ। ਬਿਨਾਂ ਸ਼ੱਕ ਸਮੇਂ ਦੇ ਬਦਲਣ ਨਾਲ ਜੀਵਨ ਜਾਚ ਦੇ ਢੰਗ ਤਰੀਕੇ ਵੀ ਬਦਲ ਜਾਂਦੇ ਹਨ। ਇਸ ਬਦਲ ਰਹੀ ਸਥਿਤੀ ਬਾਰੇ ਹੀ ਮਨੁੱਖ ਨੇ ਆਪਣੀ ਸੂਝ ਨਾਲ ਸੋਚਣਾ ਹੈ ਕਿ ਉਸ ਨੇ ਜੀਵਨ ਕਿਸ ਤਰ੍ਹਾਂ ਜਿਊਣਾ ਹੈ। ਜੇ ਮਨੁੱਖ ਦਿਖਾਵੇ ਦੇ ਭਰਮ ਜਾਲ ’ਚ ਫਸ ਕੇ ਅਜਿਹੇ ਜੀਵਨ ਵਿਚ ਖਚਿਤ ਹੋ ਜਾਂਦਾ ਹੈ ਤਾਂ ਇਹ ਸਮਾਜ ਲਈ ਕਿਸੇ ਤਰ੍ਹਾਂ ਵੀ ਲਾਭਕਾਰੀ ਨਹੀਂ ਕਿਹਾ ਜਾ ਸਕਦਾ।
ਪੈਸਾ ਹੋਇਆ ਭਾਰੂ
ਜ਼ਿੰਦਗੀ ਦੀ ਸ਼ਾਨੋ-ਸ਼ੌਕਤ ਤਾਂ ਬਹੁਤ ਉੱਚੀ ਹੋ ਗਈ ਹੈ ਪਰ ਸੋਚਾਂ ਦੀ ਗ਼ਰੀਬੀ ਨੇ ਮਨੁੱਖ ਨੂੰ ਬਹੁਤ ਬੌਨਾ ਕਰ ਦਿੱਤਾ ਹੈ। ਜੀਵਨ ਦੇ ਹਰ ਸਰੋਕਾਰ ’ਤੇ ਪੈਸਾ ਹੀ ਭਾਰੂ ਹੋ ਗਿਆ ਹੈ। ਸਮਾਜ ਵਿਚ ਕਿਸੇ ਮਨੁੱਖ ਦੀ ਪਛਾਣ ਦੌਲਤ, ਜ਼ਮੀਨ-ਜਾਇਦਾਦ, ਕੋਠੀਆਂ ਕਾਰਾਂ ਤੇ ਅਨੇਕਾਂ ਹੋਰ ਪਦਾਰਥਕ ਵਸਤਾਂ ਦੀ ਬਹੁਲਤਾ ਨਾਲ ਹੀ ਆਂਕੀ ਜਾਣ ਦਾ ਰੁਝਾਨ ਭਾਰੂ ਹੈ। ਜ਼ਿੰਦਗੀ ਦੀ ਦੌੜ ਵਿਚ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲ ਤੇ ਲਾਲਸਾ ਵਿਚ ਮਨੁੱਖ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਕਈਆਂ ਨੂੰ ਪੈਰਾਂ ਹੇਠ ਲਤਾੜਦਾ, ਦੁੱਖ ਪਹੁੰਚਾਉਂਦਾ ਅੱਗੇ ਵਧੀ ਜਾਂਦਾ ਹੈ। ਧਨ-ਦੌਲਤ, ਜਾਇਦਾਦਾਂ ਤੇ ਹੋਰ ਵਸਤਾਂ ਦੀ ਪ੍ਰਾਪਤੀ ਲਈ ਮਨੁੱਖ ਕਈ ਵਾਰ ਗ਼ਲਤ ਰਸਤੇ ਅਖ਼ਤਿਆਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਬਹੁਤ ਕੁਝ ਪ੍ਰਾਪਤ ਹੋ ਵੀ ਜਾਵੇ ਤਾਂ ਮਨੁੱਖੀ ਮਨ ’ਚ ਹੋਰ ਦੀ ਲਾਲਸਾ ਪੈਦਾ ਹੋ ਜਾਂਦੀ ਹੈ ਤੇ ਉਹ ਆਪਣਾ ਸੁੱਖ-ਆਰਾਮ ਤੇ ਚੈਨ ਵੀ ਖੋਹ ਬਹਿੰਦਾ ਹੈ। ਮਨੁੱਖ ਹਫਿਆ ਹੋਇਆ ਦੌੜਿਆ ਜਾ ਰਿਹਾ ਹੈ ਪਰ ਕਿਤੇ ਵੀ ਪਹੁੰਚ ਨਹੀਂ ਰਿਹਾ।
ਮਨੁੱਖੀ ਮਨ ਦੀ ਸਹਿਜਤਾ ਨੂੰ ਕਰ ਦਿੱਤਾ ਭੰਗ
ਅਜੋਕੇ ਤੇਜ਼ ਰਫ਼ਤਾਰ ਸਮਿਆਂ ’ਚ ਵੀ ਮਨੁੱਖ ਕੋਲ ਸਮਾਂ ਨਹੀਂ ਹੈ। ਉਹ ਹਰ ਵੇਲੇ ਕਿਸੇ ਤੋੜਾ-ਖੋਹੀ ਵਿਚ ਰੁੱਝਿਆ ਤਣਾਅ ਵਿਚ ਹੀ ਵਿਚਰਦਾ ਨਜ਼ਰ ਆਉਂਦਾ ਹੈ। ਕਿਸੇ ਨਾਲ ਮਿਲ-ਬੈਠ ਕੇ ਦੁੱਖ-ਸੁੱਖ ਸਾਂਝਾ ਕਰਨ ਦੀ ਗੱਲ ਤਾਂ ਛੱਡੋ, ਮਨੁੱਖ ਕੋਲ ਤਾਂ ਆਪਣੇ ਆਪ ਨੂੰ ਮਿਲਣ ਦੀ ਵੀ ਵਿਹਲ ਨਹੀਂ ਹੈ। ਕਿਸੇ ਦੀ ਖ਼ੁਸ਼ੀ-ਗ਼ਮੀ ਵਿਚ ਸ਼ਾਮਿਲ ਹੋਣਾ ਵੀ ਮਹਿਜ਼ ਰਸਮੀ ਤੇ ਮੂੰਹ-ਮੁਲ੍ਹਾਜ਼ੇ ਤਕ ਸੀਮਤ ਹੋ ਗਿਆ ਹੈ। ਆਪਣੇ ਰੁਝੇਵਿਆਂ ਦਾ ਰੋਣਾ ਰੋਂਦਾ ਮਨੁੱਖ ਹਫਿਆ ਹੋਇਆ ਹੀ ਕਿਸੇ ਖ਼ੁਸ਼ੀ/ਗ਼ਮੀ ਵਿਚ ਸ਼ਾਮਿਲ ਹੁੰਦਾ ਹੈ। ਸਹਿਜ ਤੇ ਠਰ੍ਹੰਮਾ ਤਾਂ ਜਿਵੇਂ ਮਨੁੱਖੀ ਜ਼ਿੰਦਗੀ ਵਿੱਚੋਂ ਲੋਪ ਹੀ ਹੋ ਗਿਆ ਹੈ। ਅਜੋਕੇ ਮਨੁੱਖ ਕੋਲ ਤਾਂ ਆਪਣੇ ਸਰੀਰ ਦੀ ਸੰਭਾਲ ਕਰਨ ਦਾ ਸਮਾਂ ਵੀ ਨਹੀਂ ਹੈ। ਸਹਿਣਸ਼ੀਲਤਾ ਜੀਵਨ ਵਿੱਚੋਂ ਕਿਰ ਜਾਣ ਨਾਲ ਹਰ ਮਨੁੱਖ ਦੂਜੇ ਦੀ ਗੱਲ ਦਾ ਜਵਾਬ ਡਿਓਢਾ ਕਰ ਕੇ ਮੋੜਦਾ ਹੈ। ਗੁੱਸਾ, ਤਲਖ਼ੀ, ਤਣਾਅ, ਨਫ਼ਰਤ, ਹਉਮੈ, ਅਕ੍ਰਿਤਘਣਤਾ ਅਜੋਕੇ ਮਨੁੱਖ ਦੇ ਚਿਹਰੇ ’ਤੇ ਚਿਪਕੇ ਸਪੱਸ਼ਟ ਦਿਖਾਈ ਦਿੰਦੇ ਹਨ। ਜ਼ਮੀਨਾਂ-ਜਾਇਦਾਦਾਂ ਦੇ ਝਗੜੇ ਲਗਾਤਾਰ ਵਿਕਰਾਲ ਰੂਪ ਧਾਰਨ ਕਰਦੇ ਜਾ ਰਹੇ ਹਨ। ਝੂਠ, ਫਰੇਬ, ਧੋਖਾ ਤੇ ਲਾਲਸਾ ਦੇ ਗੂੜ੍ਹੇ ਹੋ ਰਹੇ ਪਰਛਾਵਿਆਂ ਨੇ ਮਨੁੱਖੀ ਮਨ ਦੀ ਸਹਿਜਤਾ ਨੂੰ ਭੰਗ ਕਰ ਦਿੱਤਾ ਹੈ।
ਸੱਚੀ-ਸੁੱਚੀ ਕਿਰਤ ਦਾ ਦੱਸਿਆ ਰਾਹ
ਬਾਬੇ ਨਾਨਕ ਨੇ ਮਨੁੱਖ ਨੂੰ ਸੱਚੀ-ਸੁੱਚੀ ਕਿਰਤ ਦਾ ਰਾਹ ਦੱਸਿਆ ਹੈ ਪਰ ਅਜੋਕੇ ਮਨੁੱਖ ਨੂੰ ਦਸਾਂ-ਨਹੁੰਆਂ ਦੀ ਕਿਰਤ ’ਚ ਵਿਸ਼ਵਾਸ ਹੀ ਨਹੀਂ ਰਿਹਾ। ਮਨੁੱਖ ਨੇ ਆਪਣੀਆਂ ਲਾਲਸਾਵਾਂ ਏਨੀਆਂ ਵਧਾ ਲਈਆਂ ਹਨ ਕਿ ਉਹ ਹੋਰ ਵਸੀਲਿਆਂ ਦੀ ਭਾਲ ਕਰਨ ’ਚ ਲੱਗਿਆ ਰਹਿੰਦਾ ਹੈ। ਉਸ ਦੀ ਮਾਨਸਿਕਤਾ ਵਿਚ ਇਹ ਗੱਲ ਵਸ ਗਈ ਹੈ ਕਿ ਨੇਕ ਤੇ ਇਮਾਨਦਾਰੀ ਦੀ ਕਮਾਈ ਨਾਲ ਉਹ ਜ਼ਿੰਦਗੀ ਜੀਅ ਨਹੀਂ ਸਕਦਾ। ਇਸੇ ਕਾਰਨ ਉਹ ਬਿਨਾਂ ਮਿਹਨਤ ਕੀਤਿਆਂ, ਜਾਇਜ਼/ਨਜਾਇਜ਼ ਢੰਗ ਵਰਤ ਕੇ ਧਨ ਇਕੱਠਾ ਕਰਨ ਦੇ ਰਾਹ ਤੁਰ ਪੈਂਦਾ ਹੈ। ਕਈ ਵਾਰ ਤਾਂ ਕਰੋੜਾਂ-ਅਰਬਾਂ ਦੀਆਂ ਬਣਾਈਆਂ ਜਾਇਦਾਦਾਂ ਜ਼ਬਤ ਵੀ ਕਰ ਲਈਆਂ ਜਾਂਦੀਆਂ ਹਨ। ਵੱਡੇ-ਵੱਡੇ ਨੇਤਾ ਤੇ ਅਧਿਕਾਰੀ ਰਿਸ਼ਵਤ ਦੇ ਪੈਸੇ ਨਾਲ ਸ਼ਾਨਦਾਰ ਮਹਿਲਾਂ ਵਿਚ ਵਿਚਰਦੇ ਸ਼ਾਹੀ-ਠਾਠ ਵਾਲੀ ਜ਼ਿੰਦਗੀ ਜਿਉਂਦੇ ਪੈਸਾ ਪਾਣੀ ਵਾਂਗ ਵਹਾਉਂਦੇ ਹਨ। ਅਜੋਕੇ ਸਮਿਆਂ ’ਚ ਪੈਸਾ ਜੀਵਨ ਦਾ ਪੀਰ ਹੀ ਬਣ ਗਿਆ ਹੈ। ਪੈਸੇ ਦੀ ਬਹੁਲਤਾ ਨੇ ਮਨੁੱਖੀ ਮਨ ਦਾ ਸਕੂਨ ਖੋਹ ਲਿਆ ਹੈ। ਮਾਨਵਤਾ ਭਰੀ ਸੋਚ ਰੱਖਣਾ ਜੀਵਨ ਦਾ ਸਭ ਤੋਂ ਵੱਡਾ ਹਾਸਿਲ ਹੈ।
ਮਨਫ਼ੀ ਹੁੰਦੇ ਜਾ ਰਹੇ ਮਨੁੱਖੀ ਗੁਣ
ਅਸਲ ’ਚ ਸਾਦਗੀ, ਸਹਿਜਤਾ, ਸਵੈਮਾਣ, ਸੁਹਿਰਦਤਾ ਵਰਗੇ ਮਨੁੱਖੀ ਗੁਣ ਲੋਕਾਂ ਦੇ ਜੀਵਨ ਵਿੱਚੋਂ ਮਨਫ਼ੀ ਹੁੰਦੇ ਜਾ ਰਹੇ ਹਨ। ਅਮੀਰ ਤੇ ਧਨਾਢ ਲੋਕਾਂ ਨੇ ਦੋ ਨੰਬਰ ਦੇ ਤਰੀਕਿਆਂ ਨਾਲ ਕਮਾਈ ਦੌਲਤ ਦਾ ਦਿਖਾਵਾ ਕਰਦਿਆਂ ਸਮਾਜ ਵਿਚ ਅਜਿਹੀਆਂ ਪਿਰਤਾਂ ਪਾ ਦਿੱਤੀਆਂ ਹਨ ਕਿ ਪੂਰਾ ਸਮਾਜ ਹੀ ਇਸ ਰਾਹੇ ਤੁਰ ਪਿਆ ਹੈ। ਸੀਮਤ ਸਾਧਨਾਂ ਵਾਲੇ ਮੱਧਵਰਗੀ ਲੋਕ ਵੀ ਵਿਆਹ-ਸ਼ਾਦੀ ਤੇ ਹੋਰ ਸਮਾਜਿਕ ਸਮਾਗਮਾਂ ਸਮੇਂ ਅੱਡੀਆਂ ਚੁੱਕ-ਚੁੱਕ ਕੇ ਫਾਹਾ ਲੈਂਦੇ ਹਨ। ਕਈ ਵਾਰ ਆਪਣੇ ਵਿੱਤੀ ਸਾਧਨਾਂ ਨੂੰ ਅੱਖੋਂ-ਪਰੋਖੇ ਕਰਦਿਆਂ ਸਮਾਜ ਵਿਚ ਆਪਣੀ ਹਉਮੈ ਦਾ ਪ੍ਰਗਟਾਵਾ ਕਰਦੇ ਦਿਖਾਵੇ ਤੇ ਝੂਠੀ ਸ਼ਾਨੋ-ਸ਼ੌਕਤ ਲਈ ਕਰਜ਼ਾ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਦਿਖਾਵੇ ਦੀ ਅੰਨ੍ਹੀ ਦੌੜ ’ਚ ਅਜੋਕੇ ਵਿਆਹਾਂ ਵਿਚ ਲੱਖਾਂ ਰੁਪਏ ਕੁਝ ਘੰਟਿਆਂ ’ਚ ਹੀ ਸੁਆਹ ਕਰ ਦਿੱਤੇ ਜਾਣ ਦਾ ਰੁਝਾਨ ਭਾਰੂ ਹੋ ਗਿਆ ਹੈ। ਸਾਧਾਰਨ ਤੇ ਸਾਧਨਹੀਣ ਆਮ ਆਦਮੀ ਦੇ ਮਨ ’ਤੇ ਇਨ੍ਹਾਂ ਗੱਲਾਂ ਦਾ ਬਹੁਤ ਬੁਰਾ ਅਸਰ ਹੁੰਦਾ ਹੈ। ਉਹ ਆਪਣੀ ਗ਼ਰੀਬੀ ’ਤੇ ਝੂਰਦਾ ਬੇਵੱਸੀ ’ਚ ਦਰਦਮਈ ਜੀਵਨ ਹੰਢਾਉਂਦਾ ਹੈ।
ਦਿਖਾਵੇ ਦੀ ਲਾਲਸਾ
ਦਿਖਾਵੇ ਦੇ ਸੱਭਿਆਚਾਰ ਨੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਮਲੀਆਮੇਟ ਕਰ ਦਿੱਤਾ ਹੈ। ਇਕ ਪਾਸੇ ਗ਼ਰੀਬੀ, ਭੁੱਖਮਰੀ, ਭਿਆਨਕ ਬਿਮਾਰੀਆਂ ਦੀ ਜਕੜ, ਅਨਪੜ੍ਹਤਾ, ਬੇਰੁਜ਼ਗਾਰੀ ਤੇ ਹੋਰ ਅਨੇਕਾਂ ਦੁਸ਼ਵਾਰੀਆਂ ’ਚ ਲੋਕ ਫਸੇ ਹੋਏ ਹਨ ਤੇ ਦੂਜੇ ਪਾਸੇ ਦੌਲਤਮੰਦ ਧਨਾਢਾਂ ਵੱਲੋਂ ਹਰ ਰੋਜ਼ ਹੀ ਲੱਖਾਂ ਰੁਪਏ ਉਡਾ ਦਿੱਤੇ ਜਾਂਦੇ ਹਨ। ਸਮਾਜ ਸੇਵਾ ਦੇ ਨਾਂ ’ਤੇ ਵੀ ਕਈ ਵਾਰ ਦਿਖਾਵੇ ਦੀ ਲਾਲਸਾ ਹੀ ਦਿਖਾਈ ਦਿੰਦੀ ਹੈ। ਦਿਖਾਵੇ ਦੀ ਲਾਲਸਾ ਏਨੀ ਭਾਰੂ ਹੋ ਗਈ ਹੈ ਕਿ ਸਮਾਜ ਸੇਵਾ ਦੇ ਬਹਾਨੇ ਨਾਲ ਸੋਸ਼ਲ ਮੀਡੀਆ ’ਤੇ ਖ਼ੂਬ ਪ੍ਰਚਾਰ ਕੀਤਾ ਜਾਂਦਾ ਹੈ।
ਜੀਵਨ ਦੀ ਸਾਰਥਿਕਤਾ
ਆਪਣੀ ਹਉਮੈ ਦਾ ਪ੍ਰਗਟਾਵਾ ਕਰਦਿਆਂ ਸ਼ਾਨੋ-ਸ਼ੌਕਤ ਤੇ ਦਿਖਾਵੇ ਦੀ ਲਾਲਸਾ ਕਾਰਨ ਸਿਆਸੀ ਨੇਤਾ, ਧਨਾਢ ਉਦਯੋਗਪਤੀ, ਵੱਡੇ ਸਰਕਾਰੀ ਅਧਿਕਾਰੀ ਤੇ ਹੋਰ ਸਰਦੇ-ਪੁੱਜਦੇ ਵਿਅਕਤੀ ਜੀਵਨ ’ਚ ਵਿਚਰਦਿਆਂ ਪੈਸੇ ਦੀ ਅੰਨ੍ਹੀ ਦੁਰਵਰਤੋਂ ਕਰਦੇ ਹਨ। ਇਸ ਗੱਲ ’ਚ ਵੀ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਦੋ ਨੰਬਰ ਤੋਂ ਬਿਨਾਂ ਏਨੀ ਕਮਾਈ ਕੀਤੀ ਹੀ ਨਹੀਂ ਜਾ ਸਕਦੀ। ਪਤਾ ਨਹੀਂ ਕਿੰਨੇ ਲੋਕਾਂ ਦਾ ਖ਼ੂਨ ਚੂਸ ਕੇ ਅਜਿਹੀ ਕਮਾਈ ਕੀਤੀ ਜਾਂਦੀ ਹੈ। ਸਾਡੇ ਆਲੇ-ਦੁਆਲੇ ਬਹੁਤ ਲੋਕ ਅਜਿਹੇ ਹਨ, ਜਿਹੜੇ ਅਣਹੋਇਆ ਦਾ ਜੀਵਨ ਬਸਰ ਕਰਦੇ ਹਨ, ਜਿਨ੍ਹਾਂ ਦੇ ਜੀਵਨ ਖ਼ੁਸ਼ੀਆਂ ਤੋਂ ਸੱਖਣੇ ਹਨ। ਸੰਜਮ ਤੇ ਸਾਦਗੀ ਦੇ ਰਾਹ ਤੁਰ ਕੇ ਅਜਿਹੇ ਸਾਧਨਹੀਣ ਲੋਕਾਂ ਵੱਲ ਵੀ ਇਕ ਨਜ਼ਰ ਮਾਰ ਲੈਣੀ ਜੀਵਨ ਦੀ ਸਾਰਥਿਕਤਾ ਵੱਲ ਇਕ ਕਦਮ ਹੋਵੇਗਾ। ਮਨ ਦੀ ਜਿਹੜੀ ਖ਼ੁਸ਼ੀ ਇਸ ਤਰ੍ਹਾਂ ਪ੍ਰਾਪਤ ਹੁੰਦੀ ਹੈ, ਉਸ ਦਾ ਕੋਈ ਬਦਲ ਨਹੀਂ ਹੈ।
- ਗੁਰਬਿੰਦਰ ਸਿੰਘ ਮਾਣਕ