ਮਨੁੱਖੀ ਸੱਭਿਅਤਾ ਮੁਕੰਮਲ ਅਰਥਾਂ ’ਚ ਉਦੋਂ ਹੀ ਸੱਭਿਅਤਾ ਅਖਵਾ ਸਕਦੀ ਹੈ, ਜਦੋਂ ਮਨੁੱਖ ਆਪਣੀ ਜੀਵਨ ਯਾਤਰਾ ਨੂੰ ਮੁੱਢ ਤੋਂ ਲੈ ਕੇ ਅਜੋਕੇ ਦੌਰ ਤੱਕ ਸਮਝਣ ਲਈ ਤਾਂਘਵਾਨ ਹੋਵੇ। ਇਹੀ ਸ਼ਊਰ ਮਨੁੱਖ ਨੂੰ ਹੋਰਨਾਂ ਜਾਨਦਾਰਾਂ ਤੋਂ ਵੱਖਰਾ ਕਰਦਾ ਹੈ। ਬੀਤੇ ਨੂੰ ਮਨ ਦੀ ਅੱਖ ਨਾਲ ਦੇਖਣ ਤੇ ਵਰਤਮਾਨ ਨੂੰ ਮਹਿਸੂਸ ਕਰਨ ਦੀ ਯੋਗਤਾ ਹੀ ਆਦਮ ਦੇ ਜਾਇਆਂ ਨੂੰ ਮਨੁੱਖ ਬਣਾਉਂਦੀ ਹੈ।

ਮਨੁੱਖੀ ਸੱਭਿਅਤਾ ਮੁਕੰਮਲ ਅਰਥਾਂ ’ਚ ਉਦੋਂ ਹੀ ਸੱਭਿਅਤਾ ਅਖਵਾ ਸਕਦੀ ਹੈ, ਜਦੋਂ ਮਨੁੱਖ ਆਪਣੀ ਜੀਵਨ ਯਾਤਰਾ ਨੂੰ ਮੁੱਢ ਤੋਂ ਲੈ ਕੇ ਅਜੋਕੇ ਦੌਰ ਤੱਕ ਸਮਝਣ ਲਈ ਤਾਂਘਵਾਨ ਹੋਵੇ। ਇਹੀ ਸ਼ਊਰ ਮਨੁੱਖ ਨੂੰ ਹੋਰਨਾਂ ਜਾਨਦਾਰਾਂ ਤੋਂ ਵੱਖਰਾ ਕਰਦਾ ਹੈ। ਬੀਤੇ ਨੂੰ ਮਨ ਦੀ ਅੱਖ ਨਾਲ ਦੇਖਣ ਤੇ ਵਰਤਮਾਨ ਨੂੰ ਮਹਿਸੂਸ ਕਰਨ ਦੀ ਯੋਗਤਾ ਹੀ ਆਦਮ ਦੇ ਜਾਇਆਂ ਨੂੰ ਮਨੁੱਖ ਬਣਾਉਂਦੀ ਹੈ। ਮਨਨ ਕਰਨ ਵਾਲਾ ਜੀਅ ਮਾਨਵ ਏ। ਸ਼ਊਰ ਹੈ ਚੇਤਨਾ, ਜਿਸ ਨੂੰ ਅਸੀਂ ਪੰਜਾਬੀ ਸ਼ਹੂਰਾ ਵੀ ਆਖਦੇ ਆਏ ਹਾਂ। ਮਨੁੱਖ ਦੀ ਇਹੀ ਖ਼ਾਸੀਅਤ ਹੈ ਕਿ ਉਹ ਸਿਰਫ਼ ਜਿਉਂਦਾ ਹੀ ਨਹੀਂ ਸਗੋਂ ਆਪਣੀ ਹੋਂਦ ਬਾਰੇ ਸੋਚਦਾ ਵੀ ਹੈ। ਉਹ ਆਪਣੇ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਤਜਰਬਿਆਂ ਨੂੰ ਯਾਦ ਰੱਖਦਾ ਹੈ ਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਂਦਾ ਹੈ। ਇਹੀ ਲੜੀ ਸੱਭਿਅਤਾ ਨੂੰ ਅੱਗੇ ਵਧਾਉਂਦੀ ਹੈ।
ਰਤਾ ਸੋਚੋ, ਜਦੋਂ ਮਨੁੱਖ ਨੇ ਅੱਗ ਦੀ ਖੋਜ ਕੀਤੀ ਹੋਵੇਗੀ ਤਾਂ ਇਹ ਉਸ ਦੀ ਜ਼ਿੰਦਗੀ ਵਿਚ ਕਿੰਨਾ ਵੱਡਾ ਇਨਕਲਾਬ ਰਿਹਾ ਹੋਵੇਗਾ। ਅੱਗ ਨੇ ਸਿਰਫ਼ ਗਰਮੀ ਹੀ ਨਹੀਂ ਦਿੱਤੀ ਸਗੋਂ ਜੰਗਲੀ ਜਨੌਰਾਂ ਦੇ ਡਰ ਤੋਂ ਵੀ ਵੱਡੀ ਰਾਹਤ ਬਖ਼ਸ਼ੀ। ਮਾਸ ਪਕਾ ਕੇ ਖਾਣ ਦੀ ਰੀਤ ਪਈ, ਗੁਫ਼ਾਵਾਂ ਹੋਰ ਸੁਰੱਖਿਅਤ ਹੋਈਆਂ ਅਤੇ ਜੀਵਨ ਦਾ ਢੰਗ ਬਦਲਣਾ ਸ਼ੁਰੂ ਹੋਇਆ। ਟੱਬਰਾਂ ਦੇ ਜੋੜ ਤੋਂ ਸਮਾਜ ਬਣਿਆ। ਟੱਬਰ ਬਣੇ, ਬੰਦੇ ਬੰਦਿਆਂ ਦੇ ਸਾਂਝੀ ਬਣੇ। ਤਗੜਿਆਂ ਨੇ ਮਾੜਿਆਂ ਉੱਤੇ ਚੌਧਰ ਕਰਨ ਲਈ ਸਿਆਸਤ ਦੀ ਕਾਢ ਕੱਢ ਲਈ। ਦੂਜੇ ਪਾਸੇ ਮਨੁੱਖ ਅੰਬਰਾਂ ਵੱਲ ਝਾਤ ਮਾਰਦਾ ਤਾਂ ਕੁਦਰਤ ਵੱਡਾ ਸਵਾਲ ਬਣੀ ਖੜ੍ਹੀ ਦਿਸਦੀ। ਕੁਦਰਤ ਦੇ ਵਰਤਾਰੇ, ਜਿਵੇਂ ਮੀਂਹ, ਹਨੇਰੀਆਂ, ਬਿਜਲੀ ਦੀ ਕੜਕ, ਬੱਦਲਾਂ ਦਾ ਗੱਜਣਾ ਅਤੇ ਰੁੱਤਾਂ ਦੀ ਤਬਦੀਲੀ ਉਦੋਂ ਦੇ ਮਨੁੱਖ ਲਈ ਰਹੱਸ ਵਾਲਾ ਵਰਤਾਰਾ ਸਨ। ਫ਼ਸਲਾਂ ਦੀ ਤਬਾਹੀ ਤੇ ਜੀਆਂ ਦੀ ਮੌਤ ਮਗਰੋਂ ਇਕੱਲੇ ਪਏ ਮਨੁੱਖ ਦੀ ਡਰ ਦੀ ਮਾਨਸਿਕਤਾ ਨੇ ਉਸ ਨੂੰ ਦਿਓਤੇ, ਇਸ਼ਟ ਅਤੇ ਰੱਬ ਦੇ ਸੰਕਲਪ ਤੱਕ ਪਹੁੰਚਾਇਆ। ਆਪਣੀ ਬੇਵੱਸੀ ਨੂੰ ਮਨੋਵਿਗਿਆਨਕ ਆਸਰਾ ਦੇਣ ਲਈ ਮਨੁੱਖ ਦੀ ਇਹ ਸਮੂਹਿਕ ਕੋਸ਼ਿਸ਼ ਸੀ। ਮਨੁੱਖ ਨੇ ਸੋਚਿਆ ਕਿ ਨੀਲੇ ਅੰਬਰਾਂ ਦੀ ਨੀਲੱਤਣ ਤੋਂ ਪਾਰ ਕੋਈ ਅਣਦਿਸਦੀ ਤਾਕਤ ਏ ਤੇ ਉਹ ਤਾਕਤ ਜ਼ਮੀਨ ਉੱਤੇ ਉਸ ਦਾ ਜੀਵਨ ਚਲਾ ਰਹੀ ਏ।
ਜ਼ਿੰਦਗੀ ਚੱਲਦੀ ਰਹੀ ਤੇ ਫੇਰ ਪਹੀਏ ਦੀ ਖੋਜ ਨੇ ਮਨੁੱਖੀ ਜੀਵਨ ਨੂੰ ਭਵਿੱਖਮੁਖੀ ਸੇਧ ਦਿੱਤੀ। ਘਰੇਲੂ ਤੇ ਲੋੜ ਜੋਗੀ ਵਾਹੀ-ਬੀਜੀ ਤੋਂ ਬਾਅਦ ਖੇਤੀਬਾੜੀ ਕਿੱਤੇ ਦੇ ਬਦਲ ਦੇ ਰੂਪ ਵਿਚ ਆਈ ਤਾਂ ਮਨੁੱਖ ਨੇ ਟਿਕਾਅ ਮਹਿਸੂਸ ਕੀਤਾ। ਘਰ, ਪਰਿਵਾਰ ਤੇ ਟੱਬਰ ਪਾਲਣ ਦਾ ਸੰਕਲਪ ਉਭਰਿਆ। ਪਸ਼ੂ-ਪਾਲਣ ਵੀ ਲਾਹੇਵੰਦ ਲੱਗਣ ਲੱਗਿਆ। ਬਦਲਦੇ ਸਮੇਂ ਨਾਲ ਮਨੁੱਖ ਨੇ ਸਿਰਫ਼ ਜਿਊਣਾ ਹੀ ਨਹੀਂ ਸਿੱਖਿਆ ਸਗੋਂ ਜੀਵਨ ਨੂੰ ਸੁਖਾਲਾ ਬਣਾਉਣ ਦੇ ਤਰੀਕੇ ਵੀ ਲੱਭੇ। ਦਰਿਆਵਾਂ ਦੇ ਕੰਢਿਆਂ ’ਤੇ ਵਸੇ ਨਗਰ ਖੇੜੇ (ਸ਼ਹਿਰ), ਭਾਸ਼ਾਵਾਂ ਦਾ ਵਿਕਾਸ, ਲਿਪੀਆਂ ਦੀ ਰਚਨਾ ਅਤੇ ਵਪਾਰ ਦੇ ਰਸਤੇ, ਇਹ ਸਭ ਮਨੁੱਖੀ ਸਾਜ਼ਗਾਰੀ ਦੀਆਂ ਨਿਸ਼ਾਨੀਆਂ ਨੇ। ਹਰ ਦੌਰ ਵਿਚ ਮਨੁੱਖ ਨੇ ਆਪਣੀਆਂ ਲੋੜਾਂ ਤੇ ਤਾਂਘਾਂ ਦੇ ਐਨ ਮੁਤਾਬਕ ਨਵੇਂ ਰਾਹ ਬਣਾਏ ਨੇ। ਇਹ ਗੱਲ ਵੀ ਸਾਬਤ ਹੁੰਦੀ ਏ ਕਿ ਮਨੁੱਖ ਵਿਚ ਹਾਲਾਤ ਨੂੰ ਬਦਲਣ ਦੀ ਅਜੀਬ ਸਮਰੱਥਾ ਮੌਜੂਦ ਏ, ਅੰਤਹੀਣ ਸਮਰੱਥਾ। ਇਹ ਸੱਚ ਹੈ ਕਿ ਹਰ ਯੋਜਨਾ ਸਫਲ ਨਹੀਂ ਹੁੰਦੀ ਪਰ ਬਿਨਾਂ ਯੋਜਨਾ ਦੇ ਕੁਝ ਵੀ ਹਾਸਲ ਨਹੀਂ ਹੁੰਦਾ। ਇਹੀ ਦਵੰਦ ਹੈ ਤੇ ਇਹ ਨਾ-ਮੰਨਣਯੋਗ ਨਹੀਂ।
ਖੇਤੀ ਨੇ ਕਸਬ ਵਜੋਂ ਮਾਨਤਾ ਹਾਸਿਲ ਕੀਤੀ ਤਾਂ ਇਸ ਦੇ ਫੈਲਾਅ ਨਾਲ ਵਸਤ-ਵਟਾਂਦਰੇ ਦਾ ਦੌਰ ਆਇਆ। ਜਿਣਸ ਦੇ ਬਦਲੇ ਜਿਣਸ ਤੇ ਸ਼ੈਅ ਦੇ ਬਦਲੇ ਸ਼ੈਅ ਦਾ ਲੈਣ-ਦੇਣ ਹੁੰਦਾ ਸੀ ਪਰ ਹਰ ਪ੍ਰਬੰਧ ਵਾਂਗ ਉਨ੍ਹਾਂ ਪ੍ਰਬੰਧਾਂ ਵਿਚ ਵੀ ਥੁੜ੍ਹਾਂ ਸਨ। ਉਸੇ ਦੌਰ ਵਿਚ ਵਿਚੋਲੇ, ਚੱਲਦੇ ਪੁਰਜ਼ੇ ਤੇ ਹੋਰ ਚਾਲੂ ਤੱਤ ਉੱਭਰੇ। ਮਨੁੱਖ ਖ਼ੁਦ ਨਿਜ਼ਾਮ ਬਣਾਉਂਦਾ ਏ, ਪੱਕੇ ਪੈਰੀਂ ਕਰਦਾ ਹੈ ਪਰ ਸਮੇਂ ਦੇ ਨਾਲ ਉਸ ਦੀ ਔਲਾਦ ਤੇ ਪੁੱਤ-ਪੋਤੇ ਆਪਣੇ ਵਡੇਰਿਆਂ ਹੀ ਸਿਰਜਣਾ ਨੂੰ ਕੁਦਰਤੀ ਤੋਹਫ਼ਾ ਸਮਝਣ ਲੱਗ ਪੈਂਦੇ ਨੇ। ਅਸਲ ਵਿਚ ਮਨੁੱਖ ਹਰ ਯੁੱਗ ਵਿਚ ਹਾਲਾਤ ਸਿਰਜਦਾ ਆਇਆ ਹੈ। ਜਿਹੜੇ ਲੋਕ ਸਮੇਂ ਦੀ ਚਾਲ ਨੂੰ ਸਮਝ ਲੈਂਦੇ ਹਨ, ਉਹ ਆਪਣੇ ਲਈ ਰਾਹ ਕੱਢ ਲੈਂਦੇ ਨੇ, ਜਦੋਂਕਿ ਬਾਕੀ ਸਿਰਫ਼ ਦਰਸ਼ਕ ਬਣ ਕੇ ਰਹਿ ਜਾਂਦੇ ਨੇ। ਸਮਾਜ ਦੀ ਗੱਲ ਕਰੀਏ ਤਾਂ ਇਹ ਅਸਲ ਵਿਚ ਮਨੁੱਖਾਂ ਅਤੇ ਟੱਬਰਾਂ ਦਾ ਬੱਝਵਾਂ ਜੁੱਟ ਹੈ। ਸਾਡੇ ਵਡੇਰਿਆਂ ਨੇ ਇਸ ਨੂੰ ‘ਲੋਕਾਈ’ ਆਖਿਆ ਸੀ। ਲੋਕਾਈ ਵਿਚ ਅਕਸਰ ਇਹੋ ਜਿਹੇ ਲੋਕ ਮਿਲਦੇ ਨੇ, ਜੋ ਕਹਿੰਦੇ ਹਨ ਕਿ ਬਹੁਤਾ ਸੋਚਣ ਨਾਲ ਕੁਝ ਨਹੀਂ ਹੁੰਦਾ ਪਰ ਮਨੁੱਖੀ ਖ਼ਮੀਰ ਇਸ ਗੱਲ ਨੂੰ ਕਦੇ ਪੂਰੀ ਤਰ੍ਹਾਂ ਕਬੂਲ ਨਹੀਂ ਕਰਦਾ।
ਅਜੋਕੇ ਦੌਰ ਵਿਚ ਤਕਨਾਲੋਜੀ, ਬਾਜ਼ਾਰ ਤੇ ਸਿਆਸਤ ਨੇ ਮਨੁੱਖੀ ਜੀਵਨ ਦੀ ਰਫ਼ਤਾਰ ਬੇਹੱਦ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਦੀ ਭਰਮਾਰ ਹੈ ਪਰ ਸਮਝ ਦੀ ਘਾਟ ਵੀ ਓਨੇ ਵੱਡੇ ਪੱਧਰ ’ਤੇ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਬੰਦਾ ਹਰ ਵੇਲੇ ਹੋਰਨਾਂ ਨਾਲ ਜੁੜਿਆ ਹੋਇਆ ਨਜ਼ਰੀਂ ਪੈਂਦਾ ਹੈ ਪਰ ਅੰਦਰੋਂ ਉਹ ਪਹਿਲਾਂ ਨਾਲੋਂ ਵੱਧ ਇਕੱਲਾਪਣ ਮਹਿਸੂਸ ਕਰ ਰਿਹਾ ਹੁੰਦਾ ਹੈ। ਇਕ ਤ੍ਰਾਸਦੀ ਤੇ ਹਾਂ-ਪੱਖੀ ਸੁਮੇਲ ਦੇਖੋ। 1947 ਵਿਚ ਦੇਸ਼ ਦੀ ਨਾ-ਹੱਕੀ ਵੰਡ ਇਸ ਗੱਲ ਦੀ ਵੱਡੀ ਮਿਸਾਲ ਹੈ। ਸਦੀਆਂ ਤੋਂ ਇਕੱਠੇ ਰਹਿੰਦੇ ਲੋਕ ਅਚਾਨਕ ਵੰਡੇ ਗਏ। ਲੱਖਾਂ ਲੋਕ ਉੱਜੜੇ, ਹਜ਼ਾਰਾਂ ਮਾਰੇ ਗਏ। ਦੇਸ਼ ਦੀ ਵੰਡ ਮਗਰੋਂ ਹਜ਼ਾਰਾਂ ਪਰਿਵਾਰਾਂ ਨੇ ਨਵੀਆਂ ਥਾਵਾਂ ’ਤੇ ਮੁੜ ਜ਼ਿੰਦਗੀ ਸ਼ੁਰੂ ਕੀਤੀ। ਕਈਆਂ ਨੇ ਰੇਹੜੀਆਂ ਤੋਂ ਸ਼ੁਰੂ ਕਰ ਕੇ ਵੱਡੇ ਕਾਰੋਬਾਰ ਖੜ੍ਹੇ ਕਰ ਲਏ। ਮਨੁੱਖ ਉਹੀ ਹੈ, ਜੋ ਜ਼ਿੰਦਗੀ ਦੇ ਪਿੜ ਵਿਚ ਆਖ਼ਰੀ ਪਲ ਤੱਕ ਜੱਦੋ-ਜਹਿਦ ਕਰਦਾ ਰਹੇ। ਬਹੁਤੇ ਲੋਕ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਤੱਕ ਸੀਮਤ ਰਹਿੰਦੇ ਨੇ, ਜਦੋਂਕਿ ਕੁਝ ਕਵਿਤਾ, ਸਾਹਿਤ ਅਤੇ ਚਿੰਤਨ ਰਾਹੀਂ ਚਲੰਤ ਸਮੇਂ ਤੋਂ ਪਰ੍ਹੇ ਦੇਖਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਦੀਮੀ ਸਿਆਣਪ ਤੇ ਗਿਆਨ ਨਾਲ ਜੁੜ ਜਾਂਦੇ ਨੇ। ਸਾਹਿਤ ਅਤੇ ਕਲਾ ਮਨੁੱਖੀ ਮਹਿਸੂਸੀਅਤ ਦੀ ਮਹਾਨ ਪੇਸ਼ਕਾਰੀ ਹਨ। ਜੰਗਾਂ, ਹਿਜਰਤਾਂ, ਮੁਹੱਬਤਾਂ, ਵਿਛੋੜਿਆਂ ਅਤੇ ਇਨਕਲਾਬਾਂ ਨੂੰ ਜਿਹੜੇ ਢੰਗ ਨਾਲ ਕਵੀਆਂ, ਲਿਖਾਰੀਆਂ ਤੇ ਸੋਚਵਾਨਾਂ ਨੇ ਸੰਭਾਲਿਆ ਹੈ, ਉਹ ਇਤਿਹਾਸ ਦੀਆਂ ਖ਼ੁਸ਼ਕ ਘਟਨਾਵਾਂ ਨਾਲੋਂ ਕਈ ਵਾਰੀ ਵੱਧ ਜਿਉਂਦੀ ਤੇ ਧੜਕਦੀ ਸੱਚਾਈ ਪੇਸ਼ ਕਰਦੇ ਨੇ।
ਬੀਤੇ ਦੀ ਦਾਸਤਾ ਹੈ ਇਤਿਹਾਸ
ਇਤਿਹਾਸ ਦਾ ਅਰਥ ਹੀ ਹੈ ‘ਇੰਝ ਹੋਇਆ ਸੀ।’ ਬੀਤੇ ਦੀ ਦਾਸਤਾ ਇਤਿਹਾਸ ਹੈ। ਇਤਿਹਾਸ ਆਪਣੇ ਆਪ ਨੂੰ ਜਿਉਂ ਦਾ ਤਿਉਂ ਨਹੀਂ ਦੁਹਰਾਉਂਦਾ ਪਰ ਉਹ ਮਨੁੱਖ ਨੂੰ ਸੇਧ ਜ਼ਰੂਰ ਦਿੰਦਾ ਹੈ, ਬਸ਼ਰਤੇ ਸੇਧ ਲੈਣ ਵਾਲਾ ‘ਸਿਰ’ ਵੀ ਮੌਜੂਦ ਹੋਵੇ। ਜਿਹੜੇ ਲੋਕ ਇਤਿਹਾਸ ਪੜ੍ਹਦੇ ਨੇ, ਉਹ ਮੌਜੂਦਾ ਦੌਰ ਨੂੰ ਹੋਰ ਡੂੰਘਾਈ ਨਾਲ ਸਮਝ ਸਕਦੇ ਹੁੰਦੇ ਨੇ ਬਸ਼ਰਤੇ ਸਮਝਣ ਵਾਲਾ ਹਕੀਕਤ ਤੋਂ ਫਰਾਰ ਨਾ ਹੋਵੇ। ਕਾਮਯਾਬੀ ਦਾ ਮਿਆਰ ਦੁਨੀਆ ਨਹੀਂ ਤੈਅ ਕਰਦੀ। ਮਨੁੱਖ ਆਪਣੇ ਅੰਦਰ ਜਾਣਦਾ ਹੁੰਦਾ ਏ ਕਿ ਉਹ ਕਾਮਯਾਬ ਹੈ ਜਾਂ ਨਾਕਾਮ। ਕਾਮਯਾਬੀ ਵੀ ਮਹਿਸੂਸੀਅਤ ਦਾ ਜਹਾਨ ਹੈ ਤੇ ਨਾਕਾਮੀ ਵੀ। ਕਈ ਵਾਰੀ ਬਾਹਰੋਂ ਕਾਮਯਾਬ ਨਜ਼ਰੀਂ ਪੈਣ ਵਾਲੇ ਲੋਕ ਅੰਦਰੋਂ ਖ਼ਾਲੀ ਹੁੰਦੇ ਹਨ। ਮਨੁੱਖ ਦੇ ਪੁਰਖੇ ਜੰਗਲਾਂ ਤੋਂ ਲੈ ਕੇ ਅਜੋਕੇ ਕੋਸਮੋਪੋਲਿਟਨ ਸ਼ਹਿਰਾਂ ਤੱਕ ਐਵੇਂ ਨਹੀਂ ਪੁੱਜੇ। ਇਹ ਹਾਲਾਤਸਾਜ਼ੀ, ਜੱਦੋ-ਜਹਿਦ ਅਤੇ ਖੁੱਲ੍ਹੇ ਜ਼ਿਹਨ ਦਾ ਨਤੀਜਾ ਹੈ। ਇਹ ਅੰਦਰਲੀਆਂ ਗੂੰਜਾਂ ਨੇ। ਇਸ ਲਈ ‘ਹਾਲਾਤਸਾਜ਼ੀ ਜ਼ਿੰਦਾਬਾਦ’ ਸਿਰਫ਼ ਨਾਅਰਾ ਨਹੀਂ ਸਗੋਂ ਮਨੁੱਖੀ ਸੱਭਿਅਤਾ ਦੀ ਮੁਸਲਸਲ (ਲਗਾਤਾਰ) ਚੱਲਦੀ ਆ ਰਹੀ ਰੂਹ ਹੈ।
- ਯਾਦਵਿੰਦਰ ਵਾਹਦ