ਅਜੋਕੇ ਪੰਜਾਬੀ ਨੌਜਵਾਨਾਂ ਨੇ ਬਿਨਾਂ ਸੋਚੇ-ਸਮਝੇ ਹੀ ਪਰਵਾਸ ਦੇ ਲੜ ਲੱਗਣ ਦੇ ਚੱਕਰ ਵਿਚ ਆਪਣੇ ਪੁਰਖਿਆਂ ਵੱਲੋਂ ਦਿੱਤੀ ਗਈ ‘ਕਿਰਤ ਕਰਨ’ ਅਤੇ ‘ਵੰਡ ਛਕਣ’ ਦੀ ਦਾਤ ਨੂੰ ਵਿਸਾਰ ਦਿੱਤਾ ਹੈ। ਪੰਜਾਬੀਆਂ ਵੱਲੋਂ ਪੰਜਾਬ ਵਿਚ ਰਹਿ ਕੇ ਤੇ ਹੱਡ-ਭੰਨਵੀਂ ਮਿਹਨਤ ਕਰ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਪ੍ਰਤੀ ਵਿਖਾਏ ਅਵੇਸਲੇਪਣ ਨੇ ਦਸਤਕਾਰੀ ਦੇ ਕਈ ਕਿੱਤਿਆਂ ਅੰਦਰ ਵੱਡਾ ਖ਼ਲਾਅ ਪੈਦਾ ਕਰ ਦਿੱਤਾ ਹੈ।

ਆਮ ਬੋਲਚਾਲ ਦੀ ਭਾਸ਼ਾ ਵਿਚ ਜੇ ‘ਪਰਵਾਸ’ ਸ਼ਬਦ ਦੇ ਅਰਥ ਸਮਝੇ ਜਾਣ ਤਾਂ ਉਹ ਹਨ ‘ਪਰਾਈ ਥਾਂ ’ਤੇ ਜਾ ਕੇ ਵਾਸ ਕਰਨਾ’ ਭਾਵ ਉਹ ਥਾਂ ਜੋ ਸਾਡੇ ਜਨਮ, ਸਾਡੀ ਭਾਸ਼ਾ ਜਾਂ ਸਾਡੇ ਸੱਭਿਆਚਾਰ ਦੇ ਪੱਖ ਤੋਂ ਸਾਡੀ ‘ਆਪਣੀ’ ਨਹੀਂ ਹੈ। ਸੋ ਜਦੋਂ ਅਸੀਂ ਆਪਣੇ ਖਿੱਤੇ, ਆਪਣੀ ਬੋਲੀ ਤੇ ਆਪਣੇ ਲੋਕਾਂ ਨੂੰ ਛੱਡ ਕੇ ਪਰਾਏ ਖਿੱਤੇ, ਪਰਾਈ ਬੋਲੀ ਤੇ ਪਰਾਏ ਲੋਕਾਂ ’ਚ ਜਾ ਕੇ ਵੱਸਦੇ ਹਾਂ ਤਾਂ ਉਸ ਨੂੰ ‘ਪਰਵਾਸ’ ਕਿਹਾ ਜਾਂਦਾ ਹੈ। ਫਿਰ ਚਾਹੇ ਉਹ ਪਰਵਾਸ ਭਾਰਤੀਆਂ ਵੱਲੋਂ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਵੱਲ ਨੂੰ ਜਾਣ ਦੇ ਰੁਝਾਨ ਨਾਲ ਸਬੰਧ ਰੱਖਦਾ ਹੋਵੇ ਜਾਂ ਫਿਰ ਭਾਰਤ ਦੇ ਦੂਜੇ ਸੂਬਿਆਂ ਦੇ ਵਸਨੀਕਾਂ ਦੇ ਪੰਜਾਬ ਅੰਦਰ ਆ ਕੇ ਵਸ ਜਾਣ ਜਾਂ ਕੰਮ ਕਰਨ ਨਾਲ ਸਬੰਧਿਤ ਹੋਵੇ।
ਸੁਖਾਵਾਂ ਨਹੀਂ ਹੁੰਦਾ
ਦਰਅਸਲ ਪਰਵਾਸ ਕਦੇ ਵੀ ਕਿਸੇ ਲਈ ਬਹੁਤ ਸੁਖਾਵਾਂ ਨਹੀਂ ਹੁੰਦਾ। ਦੇਸ਼ ਛੱਡ ਕੇ ਪਰਵਾਸੀ ਹੋਣ ਵਾਲੇ ਬੱਚੇ, ਨੌਜਵਾਨ ਤੇ ਬਜ਼ੁਰਗ ਸਾਰੀ ਉਮਰ ਆਪਣੇ ਪਿੱਛੇ ਰਹਿ ਗਏ ਪਿੰਡ, ਸ਼ਹਿਰ ਜਾਂ ਪਰਿਵਾਰਕ ਮੈਂਬਰਾਂ ਨੂੰ ਯਾਦ ਕਰਦੇ ਰਹਿੰਦੇ ਹਨ ਤੇ ਇਧਰ ਉਨ੍ਹਾਂ ਦੇ ਪਿੱਛੇ ਰਹਿ ਗਏ ਪਰਿਵਾਰਕ ਮੈਂਬਰ ਉਨ੍ਹਾਂ ਪਰਵਾਸੀਆਂ ਦੀ ਗਲਵੱਕੜੀ ਦਾ ਨਿੱਘ ਮਾਣਨ ਲਈ ਸਦਾ ਹੀ ਉਤਾਵਲੇ ਰਹਿੰਦੇ ਹਨ। ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਅੱਜ ਬੇਸ਼ੱਕ ਵਿਦੇਸ਼ ’ਚ ਬੈਠੇ ਸਾਡੇ ਆਪਣਿਆਂ ਨਾਲ ਸਾਡਾ ਗੱਲ ਕਰਨਾ ਜਾਂ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਵੇਖਣਾ ਬੇਸ਼ੱਕ ਸੁਖਾਲਾ ਹੋ ਗਿਆ ਹੋਵੇ ਪਰ ਕੌੜਾ ਸੱਚ ਇਹੋ ਹੈ ਕਿ ਜਨਮ ਦਿਨ ’ਤੇ ਆਪਣੇ ਬਾਪ ਹੱਥੋਂ ਕੇਕ ਦਾ ਇਕ ਟੁਕੜਾ ਮੂੰਹ ’ਚ ਪਾਉਣ ਦੀ ਖ਼ਾਹਿਸ਼ ਜਾਂ ਵਿਦੇਸ਼ ਵਿਚ ਕੋਈ ਦੁੱਖ ਜਾਂ ਪ੍ਰੇਸ਼ਾਨੀ ਆਉਣ ’ਤੇ ਭਾਰਤ ਵਿਚ ਬੈਠੀ ਆਪਣੀ ਮਾਂ ਦੇ ਮੋਢੇ ਨਾਲ ਲੱਗ ਕੇ ਹੰਝੂ ਸੁੱਟਣ ’ਤੇ ਹਾਸਿਲ ਹੋਣ ਵਾਲੀ ਤਸੱਲੀ ਆਧੁਨਿਕ ਤਕਨੀਕ ਰਾਹੀਂ ਨਾ ਤਾਂ ਕਦੇ ਪ੍ਰਾਪਤ ਹੋ ਸਕੀ ਹੈ ਤੇ ਨਾ ਹੀ ਕਦੇ ਹੋ ਸਕੇਗੀ।
ਪੰਛੀਆਂ ਨੂੰ ਵੀ ਹੰਢਾਉਣਾ ਪੈਂਦਾ ਪਰਵਾਸ
ਸਾਡੇ ਸਾਹਿਤ ਤੇ ਸੱਭਿਆਚਾਰ ’ਚ ਵੀ ਪਰਵਾਸ ਨੂੰ ਕੋਈ ਬਹੁਤਾ ਵਡਿਆਇਆ ਨਹੀਂ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1380 ’ਤੇ ਦਰਜ ਬਾਬਾ ਫ਼ਰੀਦ ਜੀ ਦਾ ਸਲੋਕ ਹੈ :
ਫ਼ਰੀਦਾ ਬਾਰਿ ਪਰਾਈਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥
ਇਸ ਸਲੋਕ ਵਿਚ ਬਾਬਾ ਫ਼ਰੀਦ ਜੀ ਪਰਮਾਤਮਾ ਦੇ ਚਰਨਾਂ ’ਚ ਅਰਜ਼ੋਈ ਕਰਦਿਆਂ ਆਖਿਆ ਕਿ ਪਰਮਾਤਮਾ ਉਨ੍ਹਾਂ ਦੇ ਜੀਵਨ ਵਿਚ ਆਪਣਾ ਦਰ ਛੱਡ ਕੇ ‘ਪਰਾਏ’ ਦਰ ’ਤੇ ਬੈਠਣ ਦੀ ਨੌਬਤ ਕਦੇ ਵੀ ਨਾ ਲਿਆਵੇ ਤੇ ਜੇ ਪਰਮਾਤਮਾ ਨੇ ਅਜਿਹਾ ਕਰਨਾ ਹੀ ਹੈ ਤਾਂ ਉਨ੍ਹਾਂ ਨੂੰ ਪਰਾਏ ਦਰ ’ਤੇ ਬਿਠਾਉਣ ਨਾਲੋਂ ਤਾਂ ਚੰਗਾ ਹੈ ਕਿ ਪਰਮਾਤਮਾ ਉਨ੍ਹਾਂ ਦੇ ਪ੍ਰਾਣ ਹੀ ਲੈ ਲਵੇ। ਇਥੋਂ ਤੱਕ ਕਿ ਕੁਦਰਤ ਵੱਲੋਂ ਕੁਝ ਕਾਰਨਾਂ ਕਰਕੇ ਕਈ ਪੰਛੀਆਂ ਨੂੰ ਵੀ ਕੁਝ ਮਹੀਨਿਆਂ ਵਿਚ ਹਜ਼ਾਰਾਂ ਮੀਲ ਦੂਰ ਉਡਾਰੀ ਮਾਰ ਕੇ ਪਰਵਾਸ ਹੰਢਾਉਣਾ ਪੈਂਦਾ ਹੈ ਪਰ ਅਖ਼ੀਰ ਉਹ ਆਪਣੇ ਅਸਲ ਦੇਸ਼ ਤੇ ਅਸਲ ਘਰ ਵੱਲ ਨੂੰ ਮੁੜ ਜਾਂਦੇ ਹਨ।
ਪਰਾਏ ਮੁਲਕ ’ਚ ਜਾਣ ਦਾ ਰੁਝਾਨ ਨਹੀਂ ਨਵਾਂ
ਭਾਰਤੀਆਂ ਵੱਲੋਂ ਤੇ ਖ਼ਾਸ ਕਰਕੇ ਪੰਜਾਬੀਆਂ ਵੱਲੋਂ ਆਪਣਾ ਦੇਸ਼ ਛੱਡ ਕੇ ਪਰਾਏ ਮੁਲਕਾਂ ’ਚ ਜਾਣ ਦਾ ਰੁਝਾਨ ਕੋਈ ਨਵਾਂ ਨਹੀਂ ਹੈ। ਪਹਿਲੀ ਹੀ ਸਦੀ ’ਚ ਉੱਤਰ ਭਾਰਤ ਦੇ ਅਜੋਕੇ ਹਰਿਆਣਾ ਅਤੇ ਰਾਜਸਥਾਨ ਆਦਿ ਸੂਬਿਆਂ ਤੋਂ ਲੋਕਾਂ ਦੇ ਵੱਡੇ ਇਕੱਠ ਯਰੂਪ ਵੱਲ ਨੂੰ ਪਰਵਾਸ ਕਰ ਗਏ ਸਨ ਤੇ ਅਜੋਕੇ ਰੋਮਾਨੀ ਲੋਕਾਂ ਦੇ ਪੂਰਵਜ਼ ਹੋ ਨਿੱਬੜੇ ਸਨ। ਇਸੇ ਹੀ ਪਹਿਲੀ ਸਦੀ ਦੇ ਆਸ-ਪਾਸ ਬ੍ਰਾਹਮਣ ਸਮਾਜ ਦੇ ਕੁਝ ਲੋਕ ਦੱਖਣ-ਪੂਰਬੀ ਏਸ਼ੀਆ ਵੱਲ ਨੂੰ ਪਰਵਾਸ ਕਰ ਗਏ ਸਨ ਤੇ ਉਨ੍ਹਾਂ ਨੇ ਮਲੇਸ਼ੀਆ, ਕੰਬੋਡੀਆ ਤੇ ਇੰਡੋਨੇਸ਼ੀਆ ਜਿਹੇ ਮੁਲਕਾਂ ਦੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਦਿਆਂ ਉਸ ਸੱਭਿਆਚਾਰ ਨੂੰ ‘ਭਾਰਤੀ ਰੰਗ’ ਚੜ੍ਹਾ ਦਿੱਤਾ ਸੀ। ਇਸੇ ਤਰ੍ਹਾ ਸੰਨ 1614 ਵਿਚ ਇਕ ਬਰਤਾਨਵੀ ਨਾਵਿਕ ਇਕ ਭਾਰਤੀ ਲੜਕੇ ਨੂੰ ਇੰਗਲੈਂਡ ਲੈ ਗਿਆ ਸੀ ਤੇ ਸੰਨ 1616 ਵਿਚ ਉਥੇ ਉਸ ਨੂੰ ਈਸਾਈ ਬਣਾ ਕੇ ਭਾਰਤ ਵਿਖੇ ਵਾਪਸ ਭੇਜ ਦਿੱਤਾ ਸੀ। ਪੱਛਮੀ ਵਿੱਦਿਅਕ ਪ੍ਰਣਾਲੀ ਨਾਲ ਸਬੰਧਿਤ ਪੜ੍ਹਾਈ ਕਰ ਕੇ ਯਰੂਪ ਜਾਣ ਵਾਲਾ ਪਹਿਲਾ ਭਾਰਤੀ ਸ਼ਖ਼ਸ ਇਜ਼ਮੂਦੀਨ ਸੀ, ਜੋ ਇਕ ਮੁਗ਼ਲ ਰਾਜਦੂਤ ਸੀ ਤੇ ਸੰਨ 1765 ਵਿਚ ਵਿਦੇਸ਼ ਗਿਆ ਸੀ। ਅਮਰੀਕਾ ਦੇ ਵਰਜੀਨੀਆ ਖਿੱਤੇ ਅਧੀਨ ਸਥਿਤ ਜੇਮਜ਼ਟਾਊਨ ਦੇ ਰਿਕਾਰਡ ਅਨੁਸਾਰ ਸੰਨ 1635 ਵਿਚ ਇੱਥੇ ਪਹਿਲਾ ਭਾਰਤੀ ਵਿਅਕਤੀ ਜੋ ਪੁੱਜਿਆ ਸੀ, ਉਸ ਦਾ ਨਾਂ ‘ਟੌਮ’ ਸੀ ਤੇ ਉਹ ਬਤੌਰ ਮਜ਼ਦੂਰ ਇੱਥੇ ਆਇਆ ਸੀ। ਸੰਸਾਰ ਦੇ ਵੱਖ-ਵੱਖ ਮੁਲਕਾਂ ਅੰਦਰ ਭਾਰਤੀਆਂ ਨੂੰ ਬਤੌਰ ਮਜ਼ਦੂਰ ਜਾਂ ਸੈਨਿਕ ਲਿਜਾਇਆ ਗਿਆ ਸੀ ਤੇ ਫਿਰ ਉਥੇ ਹੀ ਵਸ ਜਾਣ ਵਾਲੇ ਭਾਰਤੀਆਂ ਨੇ ਵੱਖ-ਵੱਖ ਮੁਲਕਾਂ ਦੀ ਖੇਤੀਬਾੜੀ, ਵਪਾਰ, ਸਨਅਤਾਂ ਅਤੇ ਸਮੁੱਚੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਉਥੋਂ ਦੀ ਰਾਜਨੀਤੀ ’ਚ ਵੀ ਵੱਡਾ ਤੇ ਸ਼ਲਾਘਾਯੋਗ ਯੋਗਦਾਨ ਪਾਇਆ ਸੀ। ਉਨ੍ਹਾਂ ਭਾਰਤੀਆਂ ਦੀ ਦੇਖੋਦੇਖੀ ਕਈ ਹੋਰ ਭਾਰਤੀ ਵੀ ਹੌਲੀ-ਹੌਲੀ ਵਿਦੇਸ਼ ਵੱਲ ਨੂੰ ਖਿੱਚੇ ਗਏ ਸਨ।
ਸੂਬੇ ਦੇ ਵਿਕਾਸ ’ਚ ਵੱਡਾ ਪਾਇਆ ਵੱਡਾ ਯੋਗਦਾਨ
ਇਹ ਗੱਲ ਸੌਲ੍ਹਾ ਆਨੇ ਸੱਚ ਹੈ ਕਿ ਪਹਿਲੇ ਸਮਿਆਂ ਵਿਚ ਪਰਵਾਸ ਹੰਢਾਉਣ ਵਾਲੇ ਵਧੇਰੇ ਭਾਰਤੀਆਂ ਦਾ ਮੁੱਖ ਮੰਤਵ ਆਰਥਿਕਤਾ ਸੀ, ਜਦੋਂਕਿ ਉਨ੍ਹਾਂ ਵੇਲਿਆਂ ਵਿਚ ਬਹੁਤ ਸਾਰੇ ਭਾਰਤੀ ਮੂਲ ਦੇ ਵਿਅਕਤੀ ਉਚੇਰੀ ਪੜ੍ਹਾਈ ਲਈ ਵੀ ਵਿਦੇਸ਼ ਗਏ ਸਨ। ਸਾਡੇ ਕਈ ਦੇਸ਼ ਭਗਤ, ਵਿਗਿਆਨੀ, ਡਾਕਟਰ, ਇੰਜੀਨੀਅਰ, ਕਾਨੂੰਨਦਾਨ ਤੇ ਸੁਤੰਤਰਤਾ ਸੰਗ੍ਰਾਮੀ ਵੱਖ-ਵੱਖ ਸਮਿਆਂ ਦੌਰਾਨ ਵਿਦੇਸ਼ਾਂ ਵਿਚ ਗਏ ਸਨ ਪਰ ਉਨ੍ਹਾਂ ਵਿੱਚੋਂ ਬਹੁਤੇ ਵਾਪਸ ਆ ਗਏ ਸਨ ਤੇ ਆਪਣੇ ਮੁਲਕ ਤੇ ਆਪਣੇ ਲੋਕਾਂ ਦਰਮਿਆਨ ਹੀ ਸਰਗਰਮ ਰਹੇ ਸਨ। ਆਪਣੀ ਆਰਥਿਕ ਸਥਿਤੀ ਸੁਧਾਰਨ ਲਈ ਪਰਵਾਸ ਹੰਢਾਉਣ ਵਾਲੇ ਪਹਿਲੇ ਸਮਿਆਂ ਦੇ ਭਾਰਤੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਹੱਡ-ਭੰਨਵੀਂ ਮਿਹਨਤ ਕੀਤੀ ਸੀ ਤੇ ਉਥੋਂ ਡਾਲਰ, ਪੌਂਡ ਤੇ ਦਿਨਾਰ ਜਾਂ ਦਰਾਮ ਕਮਾ ਕੇ ਪਿੱਛੇ ਭਾਰਤ ਅੰਦਰ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜੇ ਸਨ, ਜਿਸ ਕਰਕੇ ਉਸ ਪੈਸੇ ਨੇ ਇਥੇ ਉਨ੍ਹਾਂ ਦੀ ਮਾਤਭੂਮੀ ਦੇ ਵਿਕਾਸ ’ਚ ਯੋਗਦਾਨ ਪਾਇਆ ਸੀ। ਪੰਜਾਬ ’ਚੋਂ ਪਰਵਾਸ ਕਰਨ ਵਾਲੇ ਜ਼ਿਆਦਾਤਰ ਪੰਜਾਬੀਆਂ ਨੇ ਜੋ ਪੈਸਾ ਕਮਾ ਕੇ ਪਿੱਛੇ ਭੇਜਿਆ ਸੀ, ਉਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੋਰ ਜ਼ਮੀਨਾਂ ਖ਼ਰੀਦੀਆਂ, ਖੇਤੀ ਦੇ ਆਧੁਨਿਕ ਸੰਦ ਖ਼ਰੀਦੇ, ਇੱਥੇ ਸਨਅਤਾਂ ਲਗਾਈਆਂ, ਕੋਈ ਵਪਾਰ-ਕਾਰੋਬਾਰ ਸ਼ੁਰੂ ਕੀਤਾ ਅਤੇ ਆਪਣੇ ਪਿੰਡ ਦੇ ਸਕੂਲ, ਹਸਪਤਾਲ ਜਾਂ ਧਾਰਮਿਕ ਅਸਥਾਨਾਂ ਦੀ ਦਸ਼ਾ ਸੁਧਾਰੀ ਸੀ। ਇਸ ਤਰ੍ਹਾਂ ਪਰਵਾਸੀ ਭਾਰਤੀਆਂ ਜਾਂ ਪੰਜਾਬੀਆਂ ਵੱਲੋਂ ਭੇਜੇ ਪੈਸੇ ਨੇ ਇਸ ਸੂਬੇ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਸੀ। ਵਿਦੇਸ਼ਾਂ ਤੋਂ ਤਾਲੀਮ ਤੇ ਤਜਰਬਾ ਹਾਸਿਲ ਕਰ ਕੇ ਮੁਲਕ ਪਰਤੇ ਭਾਰਤੀਆਂ ਤੇ ਪੰਜਾਬੀਆਂ ਨੇ ਆਪਣੇ ਸਬੰਧਿਤ ਖਿੱਤਿਆਂ ਤੇ ਕਾਰਜ ਖੇਤਰਾਂ ਦੀ ਨੁਹਾਰ ਬਦਲੀ ਸੀ।
ਵਰਤਮਾਨ ਰੂਪ
ਇਸ ਅਤਿਅੰਤ ‘ਉਤਸ਼ਾਹ ਤੇ ਤਰੱਕੀ ਵਧਾਊ ਅਤੀਤ’ ਵਿਚਲੇ ਪਰਵਾਸ ਨੇ ਜਦੋਂ ਕਰਵਟ ਬਦਲੀ ਤਾਂ ਇਸ ਦਾ ਜੋ ਰੂਪ ਸਾਡੇ ਸਾਹਮਣੇ ਆਇਆ, ਉਹ ਵਰਤਮਾਨ ਰੂਪ ਹੈ ਤੇ ਇਹ ਰੂਪ ਬੜਾ ਹੀ ‘ਕਰੂਰ’ ਤੇ ‘ਕਰੂਪ’ ਹੈ। ਵਰਤਮਾਨ ਸਮੇਂ ਅੰਦਰ ਪਰਵਾਸ ਹੰਢਾਉਣ ਵਾਲੇ ਭਾਰਤੀਆਂ ਤੇ ਪੰਜਾਬੀਆਂ ਨੇ ਹੁਣ ਪੰਜਾਬ ਵਿਚ ਰਹਿ ਗਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਭੇਜ ਕੇ ਹੋਰ ਜ਼ਮੀਨਾਂ ਖ਼ਰੀਦਣ ਦੀ ਥਾਂ ਰਹਿ ਗਈਆਂ ਜ਼ਮੀਨਾਂ ਵੀ ਵੇਚ ਕੇ ਵਿਦੇਸ਼ ਸੱਦ ਲੈਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਅਜੋਕੇ ਨੌਜਵਾਨ ਹੁਣ ਆਪਣੀ ਜ਼ਮੀਨ, ਘਰ ਤੇ ਸਭ ਕੁਝ ਵੇਚਣ ਤੋਂ ਇਲਾਵਾ ਕਰਜ਼ੇ ਦੀਆਂ ਪੰਡਾਂ ਚੁੱਕ ਕੇ ਵੀ ਵਿਦੇਸ਼ ਜਾਣ ਦਾ ‘ਜੂਆ’ ਖੇਡ ਰਹੇ ਹਨ। ਹੱਦ ਤਾਂ ਇੱਥੋਂ ਤੱਕ ਵੀ ਹੋ ਗਈ ਹੈ ਕਿ 60-70 ਲੱਖ ਰੁਪਏ ਲਗਾ ਕੇ ਵੀ ਜਾਨਲੇਵਾ ‘ਡੰਕੀ’ ਰੂਟ ਰਾਹੀਂ ਵਿਦੇਸ਼ ਜਾਣ ਲਈ ਸਾਡੇ ਨੌਜਵਾਨ ਤਰਲੋਮੱਛੀ ਹੋ ਰਹੇ ਹਨ। ਅਜੋਕੇ ਪਰਵਾਸ ਦਾ ਦੁੱਖਦਾਇਕ ਪਹਿਲੂ ਇਹ ਹੈ ਕਿ ਡੰਕੀ ਰੂਟ ਰਾਹੀਂ ਜਾਣ ਵਾਲੇ ਨੌਜਵਾਨਾਂ ਵਿੱਚੋਂ ਬਹੁਤਿਆਂ ਦੀਆਂ ਤਾਂ ਲਾਸ਼ਾਂ ਵੀ ਵਾਪਸ ਨਹੀਂ ਆ ਰਹੀਆਂ ਤੇ ਵਿਦੇਸ਼ ਦੀ ਧਰਤੀ ’ਤੇ ਕਦਮ ਰੱਖਣ ਵਿਚ ਸਫਲ ਹੋ ਜਾਣ ਵਾਲਿਆਂ ਦੀ ਉਥੋਂ ਦੀ ਪੁਲਿਸ ਵੱਲੋਂ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ ਤੇ ਬੜੇ ਹੀ ‘ਅਪਮਾਨਜਨਕ’ ਢੰਗ ਨਾਲ ਡਿਪੋਰਟ ਕੀਤਾ ਜਾ ਰਿਹਾ ਹੈ। ਲੱਖਾਂ ਰੁਪਏ ਬਰਬਾਦ ਕਰ ਕੇ ਡਿਪੋਰਟ ਹੋਣ ਵਾਲੇ ਨੌਜਵਾਨਾਂ ਦੇ ਆਪਣੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਪੱਲੇ ਕੱਖ ਨਹੀਂ ਰਹਿ ਰਿਹਾ।
ਪਰਵਾਸ ’ਚ ਹੀ ਸੁਰੱਖਿਅਤ ਨਜ਼ਰ ਆਉਂਦਾ ਭਵਿੱਖ
ਵਿਦੇਸ਼ੀ ਮੁਲਕਾਂ ਵਿਚ ਪੁੱਜ ਗਏ ਗੈਂਗਸਟਰਾਂ ਤੇ ਧੋਖਾਧੜੀ ਕਰਨ ਵਾਲਿਆਂ ਨੇ ਭਾਰਤੀਆਂ ਦਾ ਅਕਸ ਖ਼ਰਾਬ ਕੀਤਾ ਹੈ ਤੇ ਵਿਦੇਸ਼ੀ ਮੁਲਕਾਂ ਵੱਲੋਂ ਨਿੱਤ ਦਿਨ ਸਖ਼ਤ ਕੀਤੇ ਜਾ ਰਹੇ ਇਮੀਗ੍ਰੇਸ਼ਨ ਦੇ ਨਿਯਮਾਂ ਕਰਕੇ ਵਰਤਮਾਨ ਪੀੜ੍ਹੀ ਦੇ ਨੌਜਵਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਜ਼ਿਆਦਾਤਰ ਬੱਚੇ ਕੇਵਲ ਪਲੱਸ ਟੂ ਜਮਾਤ ਤੱਕ ਪੜ੍ਹਾਈ ਕਰ ਕੇ ਅਤੇ ਆਈਲੈਟਸ ਕਰ ਕੇ ਵਿਦੇਸ਼ਾਂ ਨੂੰ ਕੂਚ ਕਰ ਰਹੇ ਸਨ ਪਰ ਹੁਣ ਵਿਦੇਸ਼ੀ ਸਰਕਾਰਾਂ ਦੁਆਰਾ ਘੜੇ ਨਵੇਂ ਨਿਯਮਾਂ ਕਰਕੇ ਅਨੇਕਾਂ ਬੱਚਿਆਂ ਤੇ ਨੌਜਵਾਨਾਂ ਨੂੰ ਹੁਣ ਆਪਣੇ ਮੁਲਕ ਅੰਦਰ ਰਹਿ ਕੇ ਹੀ ਗ੍ਰੈਜੂਏਸ਼ਨ ਕਰਨੀ ਪੈ ਰਹੀ ਹੈ, ਜਿਸ ਨਾਲ ਬੰਦ ਹੋਣ ਦੀ ਕੰਗਾਰ ’ਤੇ ਪੁੱਜ ਚੁੱਕੇ ਸਾਡੇ ਕਈ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਥੋੜ੍ਹੀ ਰੌਣਕ ਵਧੀ ਹੈ। ਸਾਡੀਆਂ ਸਰਕਾਰਾਂ ਨੇ ਇਥੇ ਧੜਾਧੜ ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਖੋਲ੍ਹ ਦਿੱਤੇ ਤੇ ਉੱਚ-ਸਿੱਖਿਆ ਦੇ ਹੋਰ ਅਦਾਰੇ ਚਲਾਉਣ ਲਈ ਮਾਨਤਾਵਾਂ ਪ੍ਰਦਾਨ ਕਰ ਦਿੱਤੀਆਂ ਪਰ ਰੁਜ਼ਗਾਰ ਵਧਾਉਣ ਵੱਲ ਧਿਆਨ ਨਹੀਂ ਦਿੱਤਾ, ਜਿਸ ਕਰਕੇ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰੀ ਦਾ ਡੰਗ ਹੰਢਾ ਰਹੇ ਹਰ ਬੱਚੇ ਨੂੰ ਪਰਵਾਸ ਵਿਚ ਹੀ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਆਉਂਦਾ ਹੈ। ਕੋਈ ਵੇਲਾ ਸੀ ਕਿ ਮਾੜੇ ਘਰਾਂ ਨਾਲ ਸਬੰਧਿਤ ਨੌਜਵਾਨ ਆਪਣਾ ਵਰਤਮਾਨ ਤੇ ਭਵਿੱਖ ਸੁਆਰਨ ਲਈ ਪਰਵਾਸ ਹੰਢਾਉਂਦੇ ਸਨ ਪਰ ਹੁਣ ਹਾਲਾਤ ਇਹ ਹਨ ਕਿ ਸੈਂਕੜੇ ਕਿੱਲਿਆਂ ਦੇ ਮਾਲਕ ਕਿਸਾਨਾਂ, ਵੱਡੇ ਧਨਾਢ ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਅਮੀਰ ਘਰਾਣਿਆਂ ਨਾਲ ਸਬੰਧਿਤ ਨੌਜਵਾਨ ਵੀ ਵਿਦੇਸ਼ਾਂ ਵੱਲ ਨੂੰ ਭੱਜੇ ਜਾ ਰਹੇ ਹਨ। ਪੰਜਾਬ ਵਿਚ ਨਿੱਤ ਪੈਰ ਪਸਾਰਦੇ ਗੈਂਗਸਟਰਵਾਦ, ਫਿਰੌਤੀਬਾਜ਼ੀ ਅਤੇ ਨਸ਼ਾਖੋਰੀ ਦੇ ਰੁਝਾਨ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਚਿੰਤਤ ਕੁਝ ਮਾਪੇ ਵੀ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਕਿਸੇ ਹੋਰ ਮੁਲਕ ਵਿਚ ਭੇਜਣ ਦਾ ਅੱਕ ਚੱਬ ਰਹੇ ਹਨ।
ਕੰਟਰੈਕਟ ਮੈਰਿਜ
ਪਰਵਾਸ ਦੀ ਵਰਤਮਾਨ ਕਰੂਪਤਾ ਦਾ ਇਕ ਕਾਲਾ ਪੱਖ ਇਹ ਵੀ ਹੈ ਕਿ ਕਈ ਪੰਜਾਬੀਆਂ ਨੇ ਆਪਣੀਆਂ ਆਈਲੈਟਸ ਪਾਸ ਧੀਆਂ ਨੂੰ ਨਕਲੀ ਵਿਆਹਾਂ ਦੀ ਦਲਦਲ ’ਚ ਧਕੇਲ ਦਿੱਤਾ ਹੈ। ਹੁਣ ਲੜਕੇ ਵਾਲਿਆਂ ਤੋਂ ਲੱਖਾਂ ਰੁਪਏ ਲੈ ਕੇ ਨਕਲੀ ਵਿਆਹ ਕੀਤੇ ਜਾ ਰਹੇ ਹਨ, ਜਿਸ ਨਾਲ ਸਾਡੇ ਅੰਦਰ ਆ ਚੁੱਕੀ ਨੈਤਿਕ ਗਿਰਾਵਟ ਪ੍ਰਗਟ ਹੋ ਰਹੀ ਹੈ ਤੇ ਅਸੀਂ ਕੰਟਰੈਕਟ ਮੈਰਿਜ ਯਾਨੀ ਸੌਦੇਬਾਜ਼ੀ ਵਾਲੇ ਵਿਆਹਾਂ ਵੱਲ ਕਦਮ ਵਧਾ ਦਿੱਤੇ ਹਨ। ਪੰਜਾਬ ਦੇ ਨੌਜਵਾਨਾਂ ਨਾਲ ਜੁੜੇ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਮੁੰਡੇ ਵਾਲਿਆਂ ਦੇ ਪੈਸੇ ਨਾਲ ਵਿਦੇਸ਼ ਗਈਆਂ ਇਹ ਨਕਲੀ ਦੁਲਹਨਾਂ ਉੱਥੇ ਜਾ ਕੇ ਅੱਖਾਂ ਫੇਰ ਲੈਂਦੀਆਂ ਹਨ ਤੇ ਪੈਸਾ, ਪਤਨੀ ਅਤੇ ਵਿਦੇਸ਼ ਜਾਣ ਦੀ ਆਪਣੀ ਖ਼ਾਹਿਸ਼ ਦੇ ਇੰਜ ਖੁਸ ਜਾਣ ਤੋਂ ਨਿਰਾਸ਼ ਸਬੰਧਿਤ ਨੌਜਵਾਨ ਲੜਕੇ ਨਿਰਾਸ਼ਤਾ ਦੇ ਆਲਮ ਵਿਚ ਖ਼ੁਦਕੁਸ਼ੀਆਂ ਜਾਂ ਥਾਣਿਆਂ ਤੇ ਅਦਾਲਤਾਂ ਦੇ ਰਾਹ ਪੈ ਰਹੇ ਹਨ।
ਭਿਆਨਕ ਹੁੰਦਾ ਜਾ ਰਿਹਾ ਰੂਪ
ਪਰਵਾਸ ਦਾ ਵਰਤਮਾਨ ਰੂਪ ਜਿੰਨਾ ਭਿਆਨਕ ਹੁੰਦਾ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਪਰਵਾਸ ਦਾ ਭਵਿੱਖ ਕਾਫ਼ੀ ਦਰਦਨਾਕ ਤੇ ਵਿਨਾਸ਼ਕਾਰੀ ਹੋਵੇਗਾ। ਭਵਿੱਖ ਦੇ ਪਰਵਾਸ ਸਬੰਧੀ ਕਈ ਚਿੰਤਾਜਨਕ ਪ੍ਰਸ਼ਨ ਵਰਤਮਾਨ ਦੇ ਗਰਭ ਵਿਚ ਉੱਸਲ ਵੱਟੇ ਲੈ ਰਹੇ ਹਨ। ਜੇ ਵਿਦੇਸ਼ੀ ਮੁਲਕ ਆਪਣੇ ਨਿਯਮ ਸਖ਼ਤ ਕਰਦੇ ਹਨ ਤੇ ਆਉਣ ਵਾਲੇ ਸਮੇਂ ਵਿਚ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਹਰ ਨੌਜਵਾਨ ਦੀ ਇੱਛਾ ਪੂਰੀ ਹੋਣੀ ਔਖੀ ਹੋ ਜਾਵੇਗੀ। ਜੇ ਸਾਡੀਆਂ ਸਰਕਾਰਾਂ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਥਾਂ ਲੋਕਾਂ ਨੂੰ ਮੁਫ਼ਤਖ਼ੋਰੇ ਬਣਾਉਣ ਦੀਆਂ ਸਕੀਮਾਂ ਦਿੰਦੀਆਂ ਰਹਿਣਗੀਆਂ ਤਾਂ ਟੁੱਟੇ ਸੁਪਨਿਆਂ ਅਤੇ ਅਧੂਰੀਆਂ ਖ਼ਾਹਿਸ਼ਾਂ ਵਾਲੇ ਹਤਾਸ਼ ਤੇ ਨਿਰਾਸ਼ ਨੌਜਵਾਨਾਂ ਨੂੰ ਨਸ਼ਾਖੋਰੀ,ਅਪਰਾਧ ਜਾਂ ਖ਼ੁਦਕੁਸ਼ੀ ਦੇ ਲੜ ਲੱਗਣ ਤੋਂ ਇਲਾਵਾ ਕੋਈ ਹੋਰ ਰਸਤਾ ਨਜ਼ਰ ਨਹੀਂ ਆਵੇਗਾ।
ਅਜੋਕੇ ਪੰਜਾਬੀ ਨੌਜਵਾਨਾਂ ਨੇ ਬਿਨਾਂ ਸੋਚੇ-ਸਮਝੇ ਹੀ ਪਰਵਾਸ ਦੇ ਲੜ ਲੱਗਣ ਦੇ ਚੱਕਰ ਵਿਚ ਆਪਣੇ ਪੁਰਖਿਆਂ ਵੱਲੋਂ ਦਿੱਤੀ ਗਈ ‘ਕਿਰਤ ਕਰਨ’ ਅਤੇ ‘ਵੰਡ ਛਕਣ’ ਦੀ ਦਾਤ ਨੂੰ ਵਿਸਾਰ ਦਿੱਤਾ ਹੈ। ਪੰਜਾਬੀਆਂ ਵੱਲੋਂ ਪੰਜਾਬ ਵਿਚ ਰਹਿ ਕੇ ਤੇ ਹੱਡ-ਭੰਨਵੀਂ ਮਿਹਨਤ ਕਰ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਪ੍ਰਤੀ ਵਿਖਾਏ ਅਵੇਸਲੇਪਣ ਨੇ ਦਸਤਕਾਰੀ ਦੇ ਕਈ ਕਿੱਤਿਆਂ ਅੰਦਰ ਵੱਡਾ ਖ਼ਲਾਅ ਪੈਦਾ ਕਰ ਦਿੱਤਾ ਹੈ, ਜਿਸ ਨੂੰ ਭਾਰਤ ਦੇ ਦੂਜੇ ਸੂਬਿਆਂ ਤੋਂ ਆਏ ਪਰਵਾਸੀ ਭਾਰਤੀਆਂ ਨੇ ਭਰ ਦਿੱਤਾ ਹੈ। ਪੰਜਾਬ ਅੰਦਰ ਅੱਜ ਹਰ ਛੋਟੇ-ਵੱਡੇ ਕੰਮ ’ਤੇ ਦੂਜੇ ਸੂਬਿਆਂ ਤੋਂ ਆਏ ਪਰਵਾਸੀਆਂ ਦਾ ਗ਼ਲਬਾ ਹੈ। ਇਹ ਵੀ ਕੌੜਾ ਸੱਚ ਹੈ ਕਿ ਇਨ੍ਹਾਂ ਪਰਵਾਸੀ ਕਾਮਿਆਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣਾ ਸਥਾਨ ਬਣਾਇਆ ਹੈ। ਜਿਹੜੇ ਕੰਮ-ਧੰਦੇ ਸਾਡੇ ਪੰਜਾਬੀਆਂ ਨੇ ਛੋਟੇ ਜਾਂ ਨਿਗੁਣੇ ਆਖ ਕੇ ਤਿਆਗ ਦਿੱਤੇ ਸਨ, ਉਨ੍ਹਾਂ ਨੂੰ ਅਪਣਾ ਕੇ ਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਦਾ ਤੜਕਾ ਲਗਾ ਕੇ ਪਰਵਾਸੀ ਭਾਰਤੀਆਂ ਨੇ ਵੱਡੀਆਂ ਰਾਸ਼ੀਆਂ ਜਮ੍ਹਾ ਕਰ ਲਈਆਂ ਹਨ ਤੇ ਹੁਣ ਅਸੀਂ ਇਨ੍ਹਾ ਨੂੰ ਪਿੰਡਾਂ ਜਾਂ ਸ਼ਹਿਰਾਂ ’ਚੋਂ ਕੱਢ ਦੇਣ ਦੇ ਗ਼ੈਰ-ਕਾਨੂੰਨੀ ਮਤੇ ਪਾਉਂਦੇ ਫਿਰਦੇ ਹਾਂ। ਸਰਕਾਰਾਂ ਤੇ ਸਮਾਜ ਅੱਖਾਂ ਮੁੰਧ ਕੇ ਬੈਠੇ ਹਨ ਤੇ ਜ਼ਰਾ ਵੀ ਫ਼ਿਕਰਮੰਦ ਨਹੀਂ ਹਨ ਕਿ ਬੇਕਾਰ ਨੌਜਵਾਨਾਂ ਦੀ ਇਹ ਜੁੜਦੀ ਜਾ ਰਹੀ ਫ਼ੌਜ ਭਵਿੱਖ ਵਿਚ ਸਮਾਜ, ਦੇਸ਼ ਖ਼ਾਸ ਕਰਕੇ ਪੰਜਾਬ ਦਾ ਕਿੰਨਾ ਵੱਡਾ ਨੁਕਸਾਨ ਕਰ ਸਕਦੀ ਹੈ।
- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ