ਕਦੀ ਅਸੀਂ ਬਜ਼ੁਰਗਾਂ ਤੋਂ ਸਣਦੇ ਸੀ ‘ਪਾਣੀ ਕਿਹੜਾ ਮੁੱਲ ਵਿਕਦੈ’? ਹੁਣ ਨਿਗ੍ਹਾ ਮਾਰੋ, ਪਾਣੀ ਮੁਫ਼ਤ ਕਿੱਥੇ ਮਿਲ ਰਿਹੈ? ਅਜਿਹੇ ਸਵਾਲ ਸਾਡੇ ਦਿਲ-ਦਿਮਾਗ਼ ਨੂੰ ਹਲੂਣ ਰਹੇ ਹਨ। ਪੰਜਾਬ ਨੂੰ ਪੂਰੇ ਭਾਰਤ ਦਾ ਅੰਨਦਾਤਾ ਬਣਾਉਣ ’ਚ ਖੇਤੀ ਵਿਗਿਆਨੀਆਂ ਨੇ ਅਹਿਮ ਯੋਗਦਾਨ ਪਾਇਆ। ਜਿਹੜੀਆਂ ਫ਼ਸਲਾਂ ਸਾਡੀ ਧਰਤੀ ਲਈ ਮਾਫਕ ਵੀ ਨਹੀਂ ਸਨ, ਉਹ ਵੀ ਪੈਦਾ ਕਰ ਦਿੱਤੀਆਂ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਗੁਰਬਾਣੀ ਦੇ ਇਸ ਮਹਾਵਾਕ ਨੂੰ ਜੇ ਅਸੀਂ ਜੀਵਨ ’ਚ ਅਪਣਾਇਆ ਹੁੰਦਾ ਤਾਂ ਅੱਜ ਪੰਜਾਂ ਪਾਣੀਆਂ ਵਾਲਾ ਪੰਜਾਬ ਪਾਣੀ ਲਈ ਨਾ ਤੜਫਦਾ। ਜਿੱਧਰ ਮਰਜ਼ੀ ਨਿਗ੍ਹਾ ਘੁਮਾਓ ਹਾਹਾਕਾਰ ਮਚੀ ਪਈ ਹੈ। ਪਾਣੀ ਦੀ ਥੁੜ੍ਹ ਮਾਰੇ ਲੋਕ ਰੋਜ਼ ਮੁਜ਼ਾਹਰੇ ਕਰ ਰਹੇ ਹਨ। ਇੱਥੋਂ ਤਕ ਕਿ ਮਾਹਿਰ ਵਿਗਿਆਨੀਆਂ ਨੇ ਤਾਂ ਇਹ ਵੀ ਚਿਤਾਵਨੀ ਦੇ ਦਿੱਤੀ ਹੈ ਕਿ ਪਾਣੀ ਖ਼ਾਤਰ ਯੁੱਧ ਹੋਣਗੇ ਤੇ ਲੋਕਾਂ ਨੂੰ ਪਾਣੀ ਦੀ ਭਾਲ ’ਚ ਪਰਵਾਸ ਕਰਨਾ ਪਵੇਗਾ। ਤੁਸੀਂ ਅੰਦਾਜ਼ਾ ਲਾਓ, ਜਦੋਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਇਕ ਹਜ਼ਾਰ ਫੁੱਟ ਡੂੰਘਾ ਚਲਿਆ ਜਾਵੇਗਾ, ਫਿਰ ਇੱਥੇ ਵਸਦੇ ਲੋਕਾਂ ਦਾ ਕੀ ਬਣੇਗਾ। ਇਹ ਵੀ ਕਿਹਾ ਗਿਆ ਹੈ ਕਿ ਉਹ ਪਾਣੀ ਪੀਣ ਦੇ ਯੋਗ ਹੀ ਨਹੀਂ ਹੋਵੇਗਾ। ਅਜਿਹੇ ਚਿੰਤਾਜਨਕ ਵਿਚਾਰਾਂ ਨੂੰ ਅਸੀਂ ਬੜੇ ਲੰਮੇ ਸਮੇਂ ਤੋਂ ਹਲਕੇ ’ਚ ਲੈਂਦੇ ਆ ਰਹੇ ਹਾਂ। ਬਣੀ ਹੋਈ ਗੰਭੀਰ ਸਥਿਤੀ
ਕਦੀ ਅਸੀਂ ਬਜ਼ੁਰਗਾਂ ਤੋਂ ਸਣਦੇ ਸੀ ‘ਪਾਣੀ ਕਿਹੜਾ ਮੁੱਲ ਵਿਕਦੈ’? ਹੁਣ ਨਿਗ੍ਹਾ ਮਾਰੋ, ਪਾਣੀ ਮੁਫ਼ਤ ਕਿੱਥੇ ਮਿਲ ਰਿਹੈ? ਅਜਿਹੇ ਸਵਾਲ ਸਾਡੇ ਦਿਲ-ਦਿਮਾਗ਼ ਨੂੰ ਹਲੂਣ ਰਹੇ ਹਨ। ਪੰਜਾਬ ਨੂੰ ਪੂਰੇ ਭਾਰਤ ਦਾ ਅੰਨਦਾਤਾ ਬਣਾਉਣ ’ਚ ਖੇਤੀ ਵਿਗਿਆਨੀਆਂ ਨੇ ਅਹਿਮ ਯੋਗਦਾਨ ਪਾਇਆ। ਜਿਹੜੀਆਂ ਫ਼ਸਲਾਂ ਸਾਡੀ ਧਰਤੀ ਲਈ ਮਾਫਕ ਵੀ ਨਹੀਂ ਸਨ, ਉਹ ਵੀ ਪੈਦਾ ਕਰ ਦਿੱਤੀਆਂ। ਅੰਨ ਦੀ ਭੁੱਖ ਤਾਂ ਪੂਰੇ ਦੇਸ਼ ਦੀ ਮਿਟਾ ਦਿੱਤੀ ਗਈ ਪਰ ਇਸ ਬਦਲੇ ਪੰਜਾਬੀਆਂ ਨੂੰ ਪਿਆਸੇ ਕਰ ਦਿੱਤਾ ਗਿਆ। ਕੇਂਦਰੀ ਜ਼ਮੀਨੀ ਪਾਣੀ ਬੋਰਡ ਦੀ ਰਿਪੋਰਟ ਮੁਤਾਬਿਕ ਪੰਜਾਬ ’ਚ ਧਰਤੀ ਹੇਠੋਂ ਹੱਦੋਂ ਵੱਧ ਪਾਣੀ ਖਿੱਚਿਆ ਜਾ ਰਿਹਾ ਹੈ, ਜਿਸ ਕਾਰਨ ਸੂਬੇ ਦੇ 23 ਵਿੱਚੋਂ 20 ਜ਼ਿਲ੍ਹਿਆਂ ਦੀ ਸਥਿਤੀ ਗੰਭੀਰ ਹੈ। ਪਾਣੀ ਹਰ ਸਾਲ ਡੂੰਘਾ ਹੁੰਦਾ ਜਾ ਰਿਹਾ ਹੈ। ਕਈ ਪਿੰਡਾਂ ’ਚ ਤਾਂ ਇਹ ਪੰਜ-ਛੇ ਸੌ ਫੁੱਟ ਤੋਂ ਵੀ ਡੂੰਘਾ ਹੋ ਚੁੱਕਿਆ ਹੈ। ਇਕ ਅਨੁਮਾਨ ਮੁਤਾਬਿਕ 2039 ਤਕ ਇਹ 300 ਮੀਟਰ ਤਕ ਡੂੰਘਾ ਜਾ ਸਕਦਾ ਹੈ।
ਮਨੁੱਖੀ ਸਰੀਰ ਵਾਸਤੇ ਖ਼ੂਨ ਵਾਂਗ ਲੋੜੀਂਦਾ
ਸੰਯੁਕਤ ਰਾਸ਼ਟਰ ਵੱਲੋਂ ਨਿਊਯਾਰਕ ਵਿਚ ਕੌਂਮਾਂਤਰੀ ਜਲ ਸੰਸਾਧਨਾਂ ’ਤੇ ਕਰਵਾਈ ਵਿਸ਼ਵ ਜਲ ਕਾਨਫਰੰਸ ਦੌਰਾਨ ਇਸ ਦੇ ਸਕੱਤਰ ਜਨਰਲ ਐਨਟੋਨੀਓ ਗੁਰਟੇਸ ਨੇ ਪਾਣੀ ਦੀ ਸੰਭਾਲ ਦੇ ਪ੍ਰਬੰਧਨ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਮਨੁੱਖੀ ਸਰੀਰ ਵਾਸਤੇ ਖ਼ੂਨ ਵਾਂਗ ਹੀ ਲੋੜੀਂਦਾ ਹੈ। ਇਸ ਵੇਲੇ ਪੂਰੀ ਦੁਨੀਆ ਦੇ 26 ਫ਼ੀਸਦੀ ਲੋਕਾਂ ਕੋਲ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ 2030 ਤਕ ਪਾਣੀ ਦੀ ਮੰਗ ਤੇ ਸਪਲਾਈ ਦਾ ਪਾੜਾ 40 ਫ਼ੀਸਦੀ ਤਕ ਵਧਣ ਦਾ ਡਰ ਸਤਾ ਰਿਹਾ ਹੈ। ਵਿਸ਼ਵ ਬੈਂਕ ਦੁਆਰਾ ਲਗਾਏ ਇਕ ਅਨੁਮਾਨ ਅਨੁਸਾਰ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਪਾਣੀ ਦੀ ਕਮੀ ਜੀਡੀਪੀ ਵਿਕਾਸ ਦਰ ਨੂੰ 11.5 ਫ਼ੀਸਦੀ ਤਕ ਪ੍ਰਭਾਵਿਤ ਕਰ ਸਕਦੀ ਹੈ। ਵਿਗਿਆਨੀਆਂ ਅਨੁਸਾਰ ਦੁਨੀਆ ਵਿਚ ਪਾਣੀ ਦਾ 70 ਫ਼ੀਸਦੀ ਹਿੱਸਾ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਸਮੇਂ ਦੀ ਮੰਗ ਹੈ ਕਿ ਗਲੋਬਲ ਵਾਟਰ ਲੈਂਡਸਕੇਪ ਨੂੰ ਬਦਲਿਆ ਜਾਵੇ ਤੇ ਰਿਚਾਰਜਿੰਗ, ਸਮੁੰਦਰੀ ਪਾਣੀ ਦੀ ਵਰਤੋਂ ਵਰਗੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਹੋਵੇਗੀ।
ਇਮਾਨਦਾਰੀ ਨਾਲ ਨਿਭਾਉਣੀ ਹੋਵੇਗੀ ਜ਼ਿੰਮੇਵਾਰੀ
ਇਕ ਅੰਦਾਜ਼ੇ ਅਨੁਸਾਰ ਭਾਰਤ ’ਚ ਔਸਤਨ 4000 ਅਰਬ ਘਣ ਮੀਟਰ ਵਰਖਾ ਹੁੰਦੀ ਹੈ। ਇਸ ਵਿੱਚੋਂ 690 ਅਰਬ ਘਣ ਮੀਟਰ ਪਾਣੀ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਸਾਡੇ ਦੇਸ਼ ’ਚ ਲਗਪਗ 3 ਹਜ਼ਾਰ ਵੱਡੇ ਬੰਨ੍ਹ ਹਨ, ਜਿਨ੍ਹਾਂ ਦੀ ਪਾਣੀ ਇਕੱਠਾ ਕਰਨ ਦੀ ਸਮਰੱਥਾ 162 ਅਰਬ ਘਣ ਮੀਟਰ ਹੈ। ਜਦੋਂਕਿ ਦੇਸ਼ ਦੀ ਜਲ ਖਪਤ 600 ਅਰਬ ਘਣ ਮੀਟਰ ਤੋਂ ਵੀ ਅੱਗੇ ਲੰਘ ਚੁੱਕੀ ਹੈ। 110 ਅਰਬ ਘਣ ਮੀਟਰ ਪਾਣੀ ਅਸੀਂ ਝੀਲਾਂ ਅਤੇ ਨਦੀਆਂ ’ਚੋਂ ਵਰਤਦੇ ਹਾਂ। ਬਾਕੀ ਦਾ ਪਾਣੀ 350 ਅਰਬ ਘਣ ਮੀਟਰ ਧਰਤੀ ਹੇਠੋਂ ਖਿੱਚ ਕੇ ਵਰਤਦੇ ਹਾਂ, ਜਿਸ ਕਾਰਨ ਸਾਡੀਆਂ ਜਲ ਤੱਗੀਆਂ ਡੂੰਘੀਆਂ ਦੇ ਨਾਲ-ਨਾਲ ਸੁੱਕਦੀਆਂ ਵੀ ਜਾ ਰਹੀਆਂ ਹਨ। ਜਿਨ੍ਹਾਂ ਥਾਵਾਂ ’ਤੇ ਵੀਹ-ਪੱਚੀ ਸਾਲ ਪਹਿਲਾਂ ਸੀਰਾਂ ਵਗਦੀਆਂ ਸਨ, ਉੱਥੇ ਹੁਣ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ ਲੱਭਦਾ। ਵਰਖਾ ਦੇ ਪਾਣੀ ਦੀ ਸਾਂਭ-ਸੰਭਾਲ ਨਾਲ ਅਸੀਂ ਕਿਸੇ ਹੱਦ ਤਕ ਪਾਣੀ ਦੇ ਸੰਕਟ ’ਤੇ ਕਾਬੂ ਪਾਉਣ ਵਿਚ ਸਫਲ ਹੋ ਸਕਦੇ ਹਾਂ। ਪੱਕੀਆਂ ਛੱਤਾਂ ਦਾ ਪਾਣੀ ਇਕੱਠਾ ਕਰ ਕੇ ਧਰਤੀ ਵਿਚ ਮੁੜ ਰਿਚਾਰਜ ਕਰਨਾ ਹੀ ਹੋਵੇਗਾ। ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਹਰ ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਹੋਵੇਗੀ।
ਕੁਦਰਤ ਨਾਲ ਖਿਲਵਾੜ
ਕੁਦਰਤ ਨਾਲ ਖਿਲਵਾੜ ਕਰਨ ਕਰਕੇ ਵਰਖਾ ਦਾ ਚੱਕਰ ਵੀ ਗੜਬੜਾ ਗਿਆ ਹੈ। ਚਿਰਾਪੂੰਜੀ ਵਿਚ ਕੁਲ ਜਹਾਨ ਨਾਲੋਂ ਵੱਧ ਹਰ ਸਾਲ 11000 ਮਿਲੀ ਲੀਟਰ ਵਰਖਾ ਹੁੰਦੀ ਹੈ ਪਰ ਉਥੇ ਵੱਸਦੇ ਲੋਕ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪੀੜਤ ਹਨ। ਮਸਲਾ ਇਹ ਨਹੀਂ ਕਿ ਕਿੱਥੇ ਕਿੰਨੀ ਵਰਖਾ ਹੁੰਦੀ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਉਸ ਪਾਣੀ ਨੂੰ ਕਿੰਨਾ ਤੇ ਕਿਵੇਂ ਸੰਭਾਲਦੇ ਹਾਂ। ਜਲ ਸੋਮਿਆਂ ਨੂੰ ਸੰਜੀਵ ਰੱਖ ਕੇ ਹੀ ਮਨੁੱਖੀ ਹੋਂਦ ਨੂੰ ਬਚਾਇਆ ਜਾ ਸਕਦਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਨਿੱਕੇ-ਨਿੱਕੇ ਚੈੱਕ ਡੈਮ ਬਣਾ ਕੇ ਵਰਖਾ ਦੀ ਬੂੰਦ-ਬੂੰਦ ਨੂੰ ਬਚਾਇਆ ਜਾ ਸਕਦਾ ਹੈ। ਫ਼ਸਲੀ ਚੱਕਰ ਵਿਚ ਪਰਿਵਰਤਨ ਤਾਂ ਹਰ ਹਾਲ ਲਿਆ ਕੇ ਹੀ ਗੁਜ਼ਾਰਾ ਹੋਣਾ ਹੈ। ਜੇ ਇਹੀ ਆਲਮ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪਾਣੀ ਖ਼ਾਤਰ ਸਾਨੂੰ ਪਲਾਇਨ ਲਈ ਮਜਬੂਰ ਹੋਣਾ ਪਵੇਗਾ। ਸੰਨ 1947 ਦੇ ਵਰਤਾਰੇ ਨੂੰ ਅਸੀਂ ਅਜੇ ਤਕ ਨਹੀਂ ਭੁਲਾ ਸਕੇ। ਜੇ ਦੁਬਾਰਾ ਘਰ-ਬਾਰ ਛੱਡਣੇ ਪਏ ਤਾਂ ਕਿਆਸ ਕਰੋ ਉਸ ਵੇਲੇ ਸਾਡੀ ਹਾਲਤ ਕਿਹੋ ਜਿਹੀ ਹੋਵੇਗੀ? ਭਲੇ ਪੁਰਸ਼ਾਂ ਤੇ ਵਿਗਿਆਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਨੂੰ ਕੰਨਾਂ ਪਿਛੇ ਨਾ ਮਾਰੋ ਸਗੋਂ ਉਨ੍ਹਾਂ ’ਤੇ ਅਮਲ ਕਰ ਕੇ ਆਪਣੇ ਭਵਿੱਖ ਨੂੰ ਸ਼ਿੰਗਾਰੋ। ਆਉਣ ਵਾਲੀਆਂ ਨਸਲਾਂ ਸਾਨੂੰ ਇਹ ਨਾ ਕਹਿਣ ਕਿ ਸਾਡੇ ਵੱਡੇ-ਵਡੇਰੇ ਕਿੰਨੇ ਮੂਰਖ਼ ਸਨ, ਜਿਹੜੇ ਕੁਦਰਤ ਦੀਆਂ ਬਖ਼ਸ਼ੀਆਂ ਹੋਈਆਂ ਦਾਤਾਂ ਨੂੰ ਨਾ ਤਾਂ ਸੰਭਾਲ ਸਕੇ ਤੇ ਨਾ ਹੀਂ ਸਾਡੇ ਜੋਗਾ ਬਚਾ ਸਕੇ। ਦਿਲ ਨੂੰ ਹਲੂਣ ਦੇਣ ਵਾਲੀਆਂ ਅਜਿਹੀਆਂ ਖ਼ਬਰਾਂ ਤੇ ਸਰਕਾਰਾਂ ਨੂੰ ਖ਼ਾਸ ਤੌਰ ’ਤੇ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਜਲ ਜੀਵਨ ਨਾਲ ਸਬੰਧਿਤ ਸਭ ਨੀਤੀਆਂ ਨੂੰ ਮੁੜ ਤੋਂ ਵਿਚਾਰ ਕੇ ਸਮੇਂ ਦੀ ਮੰਗ ਅਨੁਸਾਰ ਘੜਿਆ ਤੇ ਲਾਗੂ ਕੀਤਾ ਜਾਵੇ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਪੰਜਾਬ ’ਚ ਪਾਣੀ ਦੀ ਵਧੇਰੇ ਵਰਤੋਂ ਫ਼ਸਲਾਂ ਵਾਸਤੇ ਕੀਤੀ ਜਾਂਦੀ ਹੈ। ਜਿਨ੍ਹਾਂ ਫਸਲਾਂ ਨੂੰ ਵੱਧ ਪਾਣੀ ਦੀ ਲੋੜ ਹੈ, ਉਨ੍ਹਾਂ ਦੇ ਬਦਲ ਲੱਭ ਕੇ ਬਿਜਾਈ ਕਰਨ ਦੀ ਜ਼ਰੂਰਤ ਹੈ। ਦੂਜੇ ਪਾਸੇ ਮੁਫ਼ਤ ਬਿਜਲੀ ਕਾਰਨ ਅਸੀਂ ਪਾਣੀ ਦਾ ਸਹੀ ਇਸਤੇਮਾਲ ਵੀ ਨਹੀਂ ਕਰ ਰਹੇ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮੁਫ਼ਤ ਦੀ ਚੀਜ਼ ਦੀ ਕਦਰ ਨਹੀਂ ਹੁੰਦੀ। ਜਦੋਂਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਕੁਦਰਤੀ ਨਿਅਮਤਾਂ ਬਾਬਤ ਸੈਂਕੜੇ ਸਾਲ ਪਹਿਲਾਂ ਸੁਚੇਤ ਕਰਦਿਆਂ ਲਿਖਿਆ ਸੀ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਪੰਜਾਬ ਵਿਚ ਹਰ ਸਾਲ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ ਹੈ, ਜਦੋਂਕਿ ਕੇਵਲ 18.94 ਬਿਲੀਅਨ ਕਿਊਬਿਕ ਮੀਟਰ ਪਾਣੀ ਹੀ ਰਿਚਾਰਜ ਹੁੰਦਾ ਹੈ। ਪੰਜਾਬ ਵਿਚ 25 ਤੋਂ 27 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ, ਜਦੋਂਕਿ ਇਹ ਪੰਜਾਬ ਵਿਚ ਪੈਦਾ ਹੋਣ ਵਾਲੀ ਮੂਲ ਫ਼ਸਲ ਨਹੀਂ ਹੈ। ਇਸ ਫ਼ਸਲ ਦੀ ਬਿਜਾਈ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਸੂਬੇ ਦੇ 153 ਬਲਾਕਾਂ ’ਚੋਂ 17 ਹੀ ਅਜਿਹੇ ਹਨ, ਜਿੱਥੇ ਧਰਤੀ ਹੇਠਲਾ ਪਾਣੀ ਸੁਰੱਖਿਅਤ ਸ਼੍ਰੇਣੀ ’ਚ ਹੈ, ਜਦੋਂਕਿ ਬਾਕੀਆਂ ਦੀ ਸਥਿਤੀ ਚਿੰਤਾਜਨਕ ਤੇ ਗੰਭੀਰ ਹੈ।
ਫ਼ਸਲੀ ਵਿਭਿੰਨਤਾ ਦੀ ਲੋੜ
ਅੱਜ ਲੋੜ ਹੈ ਫ਼ਸਲੀ ਵਿਭਿੰਨਤਾ ਦੀ, ਜਿਸ ਨਾਲ ਪਾਣੀ ਦੀ ਵਰਤੋਂ ਘਟਾਈ ਜਾ ਸਕੇ। ਨਾਲ ਹੀ ਧਰਤੀ ਵਿਚ ਰੀਚਾਰਜ ਕਰਨ ਲਈ ਉਚਿਤ ਸਾਧਨ ਪੈਦਾ ਕੀਤੇ ਜਾਣ। ਪੰਜਾਬ ਨੂੰ ਬੰਜਰ ਬਣਨ ਤੋਂ ਬਚਾਉਣ ਲਈ ਪਾਣੀ ਦੀ ਸੁਚੱਜੀ ਤੇ ਸੰਜਮ ਨਾਲ ਵਰਤੋਂ ਕਰਨ ਦੀ ਵਿਧੀ ਹਰ ਇਕ ਨੂੰ ਅਪਣਾਉਣੀ ਪਵੇਗੀ, ਜਦੋਂਕਿ ਕੇਂਦਰੀ ਬਜਟ ਵਿਚ ਪਿਛਲੇ ਸਾਲ ਦੇ 1.51 ਲੱਖ ਕਰੋੜ ਦੇ ਮੁਕਾਬਲੇ 1.25 ਲੱਖ ਕਰੋੜ ਰੱਖੇ ਗਏ ਹਨ। ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਵਾਸਤੇ ਇਕ ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਵਿਚ ਫ਼ਸਲੀ ਵਿਭਿੰਨਤਾ ਦਾ ਚੱਕਰ ਪੂਰਾ ਕਿਵੇ ਹੁੰਦਾ ਹੈ। ਵਾਤਾਵਰਨ ਪ੍ਰੇਮੀਆਂ ਤੇ ਧਰਤੀ ਦੇ ਖੋਜੀਆਂ ਵੱਲੋਂ ਸਾਨੂੰ ਵਾਰ-ਵਾਰ ਸੁਚੇਤ ਕੀਤਾ ਜਾ ਰਿਹਾ ਹੈ। ਜੇ ਅਜੇ ਵੀ ਸਾਡੀਆਂ ਸਰਕਾਰਾਂ ਅਤੇ ਜਨਤਾ ਪਾਣੀ ਨੂੰ ਬਚਾਉਣ ਦੀਆਂ ਵਿਧੀਆਂ ਅਪਣਾਉਣ ਵਿਚ ਸਫ਼ਲ ਨਾ ਹੋਈ ਤਾਂ ਪੰਜਾਬ ਨੂੰ ਬੰਜਰ ਬਣਨ ਤੋਂ ਕੋਈ ਨਹੀਂ ਰੋਕ ਸਕੇਗਾ। ਸੋ ਆਓ ਆਪਾਂ ਸਾਰੇ ਰਲ ਕੇ ਇਸ ਸੰਕਟ ਤੋਂ ਬਚਣ ਦੇ ਉਪਾਅ ਅਪਣਾਈਏ।
- ਬਲਜਿੰਦਰ ਮਾਨ