ਫੋਨ ਦੇਣ ਦਾ ਫੈਸਲਾ ਸਿਰਫ਼ 'ਲੋੜ' ਦੇ ਆਧਾਰ 'ਤੇ ਨਹੀਂ ਹੋਣਾ ਚਾਹੀਦੀ। ਮਾਪਿਆਂ ਨੂੰ ਇਹ ਵੀ ਪਰਖਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦਾ ਬੱਚਾ ਫੋਨ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰ ਸਕਦਾ ਹੈ ਅਤੇ ਕੀ ਉਹ ਆਪਣੇ ਸਕ੍ਰੀਨ ਟਾਈਮ ਨੂੰ ਖ਼ੁਦ ਕੰਟਰੋਲ ਕਰਨ ਦੀ ਸਮਝ ਰੱਖਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੇ ਡਿਜੀਟਲ ਯੁੱਗ 'ਚ ਮੋਬਾਈਲ ਫੋਨ ਬੱਚਿਆਂ ਦੀ ਜ਼ਿੰਦਗੀ ਦਾ ਬਹੁਤ ਹੀ ਜ਼ਰੂਰੀ ਹਿੱਸਾ ਬਣ ਗਿਆ ਹੈ। ਚਾਹੇ ਆਨਲਾਈਨ ਪੜ੍ਹਾਈ ਹੋਵੇ, ਦੋਸਤਾਂ ਨਾਲ ਗੱਲਬਾਤ ਕਰਨੀ ਹੋਵੇ ਜਾਂ ਫਿਰ ਮਨੋਰੰਜਨ, ਬੱਚੇ ਬਹੁਤ ਛੋਟੀ ਉਮਰ 'ਚ ਹੀ ਸਮਾਰਟਫੋਨ ਦੀ ਜ਼ਿੱਦ ਕਰਨ ਲੱਗਦੇ ਹਨ।
ਅਜਿਹੇ 'ਚ ਮਾਪੇ ਅਕਸਰ ਇਸ ਉਲਝਣ ਵਿਚ ਰਹਿੰਦੇ ਹਨ ਕਿ ਬੱਚਿਆਂ ਦੇ ਹੱਥ ਵਿਚ ਫੋਨ ਸੌਂਪਣ ਦੀ ਸਹੀ ਉਮਰ ਕੀ ਹੋਣੀ ਚਾਹੀਦੀ ਹੈ। ਦਿੱਲੀ ਦੇ ਮੈਕਿਓਰ ਹਸਪਤਾਲ ਦੇ ਬਾਲ ਰੋਗ ਵਿਭਾਗ ਦੇ ਮੁਖੀ ਤੇ ਮੈਡੀਕਲ ਡਾਇਰੈਕਟਰ ਡਾਕਟਰ ਸੰਜੇ ਕੁਮਾਰ ਜੈਨ ਅਨੁਸਾਰ ਇਸ ਸਵਾਲ ਦਾ ਕੋਈ ਇਕ ਤੈਅ ਜਵਾਬ ਨਹੀਂ ਹੈ।
ਹਰ ਬੱਚੇ ਦੀ ਲੋੜ ਤੇ ਸਮਝ ਵੱਖਰੀ ਹੁੰਦੀ ਹੈ, ਇਸ ਲਈ ਸਿਰਫ਼ ਉਮਰ ਦੇ ਬਜਾਏ ਬੱਚੇ ਦੀ ਇਮੋਸ਼ਨਲ ਮੈਚਿਓਰਿਟੀ ਤੇ ਜ਼ਿੰਮੇਵਾਰੀ ਨੂੰ ਦੇਖਣਾ ਜ਼ਿਆਦਾ ਜ਼ਰੂਰੀ ਹੈ। ਆਓ ਵਿਸਥਾਰ 'ਚ ਜਾਣਦੇ ਹਾਂ ਇਸ ਬਾਰੇ।
ਮਾਹਰਾਂ ਦਾ ਮੰਨਣਾ ਹੈ ਕਿ 12 ਤੋਂ 14 ਸਾਲ ਦੀ ਉਮਰ ਦੇ ਵਿਚਕਾਰ ਬੱਚਿਆਂ ਨੂੰ ਉਨ੍ਹਾਂ ਦਾ ਪਹਿਲਾ ਮੋਬਾਈਲ ਫੋਨ ਦੇਣਾ ਬਿਹਤਰ ਕਦਮ ਹੋ ਸਕਦਾ ਹੈ। ਇਹ ਉਹ ਉਮਰ ਹੈ ਜਦੋਂ ਬੱਚਿਆਂ ਨੂੰ ਸਕੂਲ, ਟਿਊਸ਼ਨ ਜਾਂ ਆਪਣੀ ਸੁਰੱਖਿਆ ਲਈ ਮਾਪਿਆਂ ਦੇ ਸੰਪਰਕ 'ਚ ਰਹਿਣ ਦੀ ਲੋੜ ਹੁੰਦੀ ਹੈ। ਹਾਲਾਂਕਿ, ਫੋਨ ਦੇਣ ਦਾ ਫੈਸਲਾ ਸਿਰਫ਼ 'ਲੋੜ' ਦੇ ਆਧਾਰ 'ਤੇ ਨਹੀਂ ਹੋਣਾ ਚਾਹੀਦੀ। ਮਾਪਿਆਂ ਨੂੰ ਇਹ ਵੀ ਪਰਖਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦਾ ਬੱਚਾ ਫੋਨ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰ ਸਕਦਾ ਹੈ ਅਤੇ ਕੀ ਉਹ ਆਪਣੇ ਸਕ੍ਰੀਨ ਟਾਈਮ ਨੂੰ ਖ਼ੁਦ ਕੰਟਰੋਲ ਕਰਨ ਦੀ ਸਮਝ ਰੱਖਦਾ ਹੈ।
ਛੋਟੀ ਉਮਰ 'ਚ ਬੱਚਿਆਂ ਨੂੰ ਸਮਾਰਟਫੋਨ ਦੇਣ ਦੇ ਕਈ ਗੰਭੀਰ ਨੁਕਸਾਨ ਵੀ ਹੋ ਸਕਦੇ ਹਨ। ਲੋੜ ਤੋਂ ਵੱਧ ਸਮਾਂ ਸਕ੍ਰੀਨ 'ਤੇ ਬਿਤਾਉਣ ਨਾਲ ਬੱਚਿਆਂ ਦੀ ਨੀਂਦ, ਉਨ੍ਹਾਂ ਦੀ ਪੜ੍ਹਾਈ ਤੇ ਸਰੀਰਕ ਗਤੀਵਿਧੀਆਂ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ 'ਚ ਦੂਜਿਆਂ ਨਾਲ ਆਪਣੀ ਤੁਲਨਾ ਕਰਨ ਦੀ ਭਾਵਨਾ, ਤਣਾਅ ਤੇ ਆਤਮ-ਵਿਸ਼ਵਾਸ ਦੀ ਕਮੀ ਵਰਗੀਆਂ ਮਾਨਸਿਕ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇੰਟਰਨੈੱਟ ਦੀ ਦੁਨੀਆ 'ਚ ਸਾਈਬਰ ਬੁਲਿੰਗ, ਅਣਉਚਿਤ ਕੰਟੈਂਟ ਤੇ ਆਨਲਾਈਨ ਸੁਰੱਖਿਆ ਨਾਲ ਜੁੜੇ ਕਈ ਖ਼ਤਰੇ ਵੀ ਹੁੰਦੇ ਹਨ, ਜਿਨ੍ਹਾਂ ਤੋਂ ਬੱਚੇ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ।
ਹਰ ਬੱਚੇ 'ਤੇ ਇੱਕੋ ਵਰਗੇ ਨਿਯਮ ਲਾਗੂ ਨਹੀਂ ਕੀਤੇ ਜਾ ਸਕਦੇ। ਕੁਝ ਬੱਚੇ ਘੱਟ ਉਮਰ 'ਚ ਵੀ ਸਮਝਦਾਰੀ ਦਿਖਾਉਂਦੇ ਹਨ, ਜਦੋਂਕਿ ਕੁਝ ਬੱਚਿਆਂ ਨੂੰ ਮਾਪਿਆਂ ਦੀ ਜ਼ਿਆਦਾ ਨਿਗਰਾਨੀ ਅਤੇ ਸਹੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਡਾਕਟਰ ਜੈਨ ਅਨੁਸਾਰ, ਬੱਚੇ ਨੂੰ ਫੋਨ ਦੇਣਾ ਸਿਰਫ਼ ਇਕ ਗੈਜੇਟ ਦੇਣਾ ਨਹੀਂ ਹੈ, ਬਲਕਿ ਇਹ 'ਡਿਜੀਟਲ ਜ਼ਿੰਮੇਵਾਰੀ' ਦੀ ਸ਼ੁਰੂਆਤ ਹੈ। ਇਸ ਲਈ ਬੱਚਿਆਂ ਨੂੰ ਫੋਨ ਦੇਣ ਤੋਂ ਪਹਿਲਾਂ ਉਨ੍ਹਾਂ ਨਾਲ ਬੈਠ ਕੇ ਸਕ੍ਰੀਨ ਟਾਈਮ, ਪ੍ਰਾਈਵੇਸੀ ਤੇ ਇੰਟਰਨੈੱਟ 'ਤੇ ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕਰਨਾ ਤੇ ਨਿਯਮ ਬਣਾਉਣਾ ਬਹੁਤ ਜ਼ਰੂਰੀ ਹੈ।
ਕੁੱਲ ਮਿਲਾ ਕੇ, ਬੱਚਿਆਂ ਨੂੰ ਮੋਬਾਈਲ ਫੋਨ ਦੇਣ ਲਈ ਕੋਈ ਪੱਕੀ ਉਮਰ ਤੈਅ ਨਹੀਂ ਹੈ। ਇਹ ਪੂਰੀ ਤਰ੍ਹਾਂ ਬੱਚੇ ਦੀ ਅਸਲ ਲੋੜ, ਉਸ ਦੀ ਸਮਝਦਾਰੀ ਤੇ ਪਰਿਵਾਰ ਦੀ ਤਿਆਰੀ 'ਤੇ ਨਿਰਭਰ ਕਰਦਾ ਹੈ। ਜਲਦਬਾਜ਼ੀ 'ਚ ਬੱਚੇ ਦੇ ਹੱਥ ਫੋਨ ਫੜਾਉਣ ਦੀ ਬਜਾਏ ਉਸ ਨੂੰ ਹੌਲੀ-ਹੌਲੀ ਡਿਜੀਟਲ ਅਨੁਸ਼ਾਸਨ ਸਿਖਾਉਣਾ ਅਤੇ ਫੋਨ ਦੀ ਸੰਤੁਲਿਤ ਵਰਤੋਂ ਦੀ ਆਦਤ ਪਾਉਣਾ ਲੰਬੇ ਸਮੇਂ ਵਿੱਚ ਉਨ੍ਹਾਂ ਲਈ ਕਿਤੇ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ।