ਅਬੂਧਾਬੀ ’ਚ ਪਸ਼ੂ-ਭਲਾਈ ਲਈ ਸ਼ਲਾਘਾਯੋਗ ਕੰਮ ਹੋਇਆ ਹੈ। ਇੱਥੇ ਜਾਨਵਰਾਂ ਵਿਚ ਮਾਈਕ੍ਰੋਚਿਪਿੰਗ ਅਤੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਬਣਾਇਆ ਗਿਆ ਹੈ। ਰੈਸਕਿਊ ਕਰਨ ਵਾਲੇ ਭਾਈਚਾਰੇ ਵੱਲੋਂ ਲੋਕਾਂ ਵਿਚ ਜਾਨਵਰਾਂ ਪ੍ਰਤੀ ਪ੍ਰੇਮ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਕਰਕੇ ਯੂਏਈ ਵਿਚ ਬਚਾਅ ਕਾਰਜਾਂ ’ਚ ਉੱਤਮ ਦਰਜੇ ਦੇ ਸੁਧਾਰ ਹੋਏ ਹਨ।

ਘਰਾਂ ਵਿੱਚੋਂ ਬਾਹਰ ਕੱਢ ਦਿੱਤੇ ਗਏ ਪਾਲਤੂ ਜਾਨਵਰਾਂ ਦੀ ਸਹਾਇਤਾ ਕਰਨ ਵਾਸਤੇ ਅਕਸਰ ਸਮੂਹਿਕ ਯਤਨਾਂ ਦੀ ਜ਼ਰੂਰਤ ਪੈਂਦੀ ਹੈ। ਫੀਡਰ (ਖਾਣਾ ਦੇਣ ਵਾਲਾ) ਮਹਿਸੂਸ ਕਰਦਾ ਹੈ ਕਿ ਜਾਨਵਰ ਨਾਲ ਕੁਝ ਗ਼ਲਤ ਹੋਇਆ ਹੈ, ਰੈਸਕਿਊਅਰ (ਜਾਨਵਰ ਨੂੰ ਕਾਬੂ ਕਰਨ ਵਾਲਾ) ਡਾਕਟਰ (ਵੈੱਟ) ਜੋ ਇਲਾਜ ਕਰਦਾ ਹੈ, ਫੋਸਟਰ (ਅਸਥਾਈ ਸਮੇਂ ਲਈ ਪਾਲਣ-ਪੋਸ਼ਣ ਕਰਨ ਵਾਲਾ), ਦਾਨੀ, ਜੋ ਆਰਥਕ ਸਹਾਇਤਾ ਕਰਦਾ ਹੈ, ਗੋਦ ਲੈਣ ਵਾਲਾ, ਜੋ ਆਪਣਾ ਪਿਆਰ ਤੇ ਰੈਣ ਬਸੇਰਾ ਪੇਸ਼ ਕਰਦਾ ਹੈ ਤੇ ਉਹ ਸਭ ਲੋਕ ਜੋ ਜਾਨਵਰਾਂ ਵਾਸਤੇ ਵਕਾਲਤ, ਪੱਤਰਕਾਰੀ ਰਾਹੀਂ ਆਵਾਜ਼ ਉਠਾਉਂਦੇ ਹਨ। ਇਹ ਸਭ ਜਾਨਵਰ ਨੂੰ ਦੂਸਰਾ ਸਹੀ ਮੌਕਾ ਦੇਣ ਵਾਸਤੇ ਆਪਣੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਲੋਕਾਂ ’ਚ ਜਾਨਵਰਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗ੍ਰਿਤੀ ਅਤੇ ਹਮਦਰਦੀ ਪੈਦਾ ਕਰਦੇ ਹਨ।

ਇਹ ਨੋਵਾ ਦੀ ਸੱਚੀ ਕਹਾਣੀ ਹੈ। ਇਕ ਉਹ ਨਾਂ, ਜੋ ਉਮੀਦ ਤੇ ਪਰਿਵਰਤਨ ਦਾ ਪ੍ਰਤੀਕ ਹੈ, ਬਿਲਕੁਲ ਨੋਵਾ ਬਿੱਲੀ ਦੀ ਯਾਤਰਾ ਵਾਂਗ। ਨੋਵਾ, ਜਿਸ ਦੀ ਉਮਰ ਤਿੰਨ ਤੋਂ ਚਾਰ ਸਾਲ ਹੈ, ਇਕ ਕੂੜੇ ਨਾਲ ਭਰੀ ਹੋਈ ਗਲੀ ਵਿੱਚੋਂ ਮਿਲੀ। ਇੱਥੇ ਇਹ ਇਸ ਅਣਜਾਣੀ ਉਮਰ ’ਚ ਲਗਪਗ ਦੋ ਸਾਲ ਤੋਂ ਜਿਊਣ ਵਾਸਤੇ ਸੰਘਰਸ਼ ਕਰਦੀ ਰਹੀ। ਆਰਾਮ ਕਰਨ ਲਈ ਕੋਈ ਨਰਮ ਜਗ੍ਹਾ ਨਾ ਹੋਣ ਕਰਕੇ ਉਹ ਕੰਕਰੀਟ ਭਰੇ ਕੋਨਿਆਂ ’ਚ ਲੁਕਦੀ ਅਤੇ ਗੱਤਿਆਂ ਉੱਤੇ ਸੌਣ ਦੀ ਕੋਸ਼ਿਸ਼ ਕਰਦੀ। ਕਈ ਦਿਨ ਉਸ ਨੂੰ ਬਿਲਕੁਲ ਖਾਣਾ ਨਹੀਂ ਮਿਲਿਆ। ਅਗਲੇ ਦਿਨਾਂ ’ਚ ਉਹ ਖਾਣਾ ਖਾਣ ਸਮੇਂ ਤਿੱਖੇ ਕਿਨਾਰਿਆਂ ਵਾਲੇ ਡੱਬਿਆਂ ਵਿੱਚੋਂ ਖਾਣਾ ਕੱਢਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜੀਭ ’ਤੇ ਜ਼ਖ਼ਮ ਕਰਵਾ ਲੈਂਦੀ। ਕਈ ਵਾਰਾ ਨੇੜੇ ਕੰਮ ਕਰਦੇ ਮਜ਼ਦੂਰਾਂ ਵੱਲੋਂ ਉਸ ਨੂੰ ਆਪਣੇ ਖਾਣੇ ਵਿੱਚੋਂ ਕੁਝ ਖਾਣ ਵਾਸਤੇ ਦਿੱਤਾ ਜਾਂਦਾ, ਇਹ ਹੱਡੀਆਂ ’ਤੇ ਲੱਗਿਆ ਮੀਟ ਜਾਂ ਚੌਲ ਹੁੰਦੇ। ਤੇਜ਼ ਗਰਮੀ ਪੈਣ ਉੱਤੇ ਉਹ ਅਕਸਰ ਲੀਕ ਹੋਣ ਵਾਲੀਆਂ ਪਾਈਪਾਂ ਦੇ ਪਾਣੀ ’ਚ ਲੇਟਦੀ ਅਤੇ ਇਸ ਤਰ੍ਹਾਂ ਖ਼ੁਦ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦੀ। ਇਲਾਕੇ ਦੇ ਹੋਰ ਅਵਾਰਾ ਜਾਨਵਰਾਂ ਵੱਲੋਂ ਹਮਲਾ ਕਰਨ ਕਰਕੇ ਨੋਵਾ ਦੇ ਦੋ ਦੰਦ ਟੁੱਟੇ ਹੋਏ ਸਨ, ਇਸ ਤੋਂ ਇਲਾਵਾ ਉਸ ਦੇ ਮੂੰਹ ਤੇ ਗਰਦਨ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ।
ਜਦੋਂ ਮੈਂ ਪਹਿਲੀ ਵਾਰ ਨੋਵਾ ਨੂੰ ਵੇਖਿਆ, ਉਸ ਦੀਆਂ ਉਦਾਸ ਪਰ ਆਸਵੰਦ ਅੱਖਾਂ ਤੇ ਸਰੀਰ ਦੀ ਤਰਸਯੋਗ ਹਾਲਤ ਵੇਖ ਕੇ ਮੈਨੂੰ ਅੰਦਰ ਤਕ ਦੁੱਖ ਮਹਿਸੂਸ ਹੋਇਆ। ਉਹ ਪੂਰੀ ਤਰ੍ਹਾਂ ਗੁਆਚੀ, ਡਰੀ ਹੋਈ ਤੇ ਉਲਝਣ ਵਿਚ ਦਿਖਾਈ ਦੇ ਰਹੀ ਸੀ। ਇੰਜ ਜਾਪਦਾ ਸੀ, ਜਿਵੇਂ ਉਸ ਦੀਆਂ ਡਰੀਆਂ ਮਾਸੂਮ ਅੱਖਾਂ ਮੈਨੂੰ ਉਸ ਜਗ੍ਹਾ ਵਿੱਚੋਂ ਕੱਢਣ ਲਈ ਬੇਨਤੀ ਕਰ ਰਹੀਆਂ ਹੋਣ। ਨੋਵਾ ਦੀ ਉਹ ਤਰਸਯੋਗ ਤਸਵੀਰ ਮੇਰੇ ਸਾਹਮਣੇ ਦਿਨ-ਰਾਤ ਘੁੰਮਦੀ ਰਹਿੰਦੀ ਤੇ ਮੈਂ ਉਸ ਦੀ ਸਹਾਇਤਾ ਕਰਨ ਲਈ ਹੱਲ ਲੱਭਦੀ ਰਹਿੰਦੀ। ਜਾਨਵਰਾਂ ਪ੍ਰਤੀ ਪ੍ਰੇਮ ਤੇ ਜ਼ਿੰਮੇਵਾਰੀ ਦੀ ਭਾਵਨਾ ਨੇ ਮੈਨੂੰ ਨੋਵਾ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਵਾਸਤੇ ਉਤਸ਼ਾਹਿਤ ਕੀਤਾ। ਨੋਵਾ ਬਾਹਰ ਇਕੱਲੀ, ਅਸੁਰੱਖਿਅਤ ਤੇ ਡਰੀ ਹੋਈ ਸੀ ਪਰ ਉਸ ਨੂੰ ਕਾਬੂ ਕਰਨਾ ਵੀ ਸੌਖਾ ਨਹੀਂ ਸੀ।
ਨੋਵਾ ਨੂੰ ਰੈਸਕਿਊ ਕਰਨ ਵਾਸਤੇ ਮੈਂ ਦੁਬਈ ਤੋਂ ਅਬੂਧਾਬੀ ਤਕ ਕਈ ਵਾਰ ਸਫ਼ਰ ਕੀਤਾ, ਇਸ ਆਸ ਨਾਲ ਕਿ ਅੱਜ ਹੀ ਉਹ ਦਿਨ ਹੋਵੇ, ਜਦੋਂ ਮੈਂ ਉਸ ਨੂੰ ਬਚਾ ਸਕਾਂ। ਕੂੜੇ-ਕਰਕਟ ਨਾਲ ਭਰੀ ਹੋਈ ਗਲੀ ਬਹੁਤ ਤੰਗ ਸੀ। ਕਈ ਵਾਰ ਮੈਨੂੰ ਬਹੁਤ ਮੁਸ਼ਕਲ ਨਾਲ ਅੰਦਰ ਜਾਣਾ ਪਿਆ। ਇਸ ਤਰ੍ਹਾਂ ਕਰਨਾ ਸਰੀਰਕ ਤੇ ਮਨੋਵਿਗਿਆਨਕ ਤੌਰ ’ਤੇ ਥਕਾ ਦੇਣ ਵਾਲਾ ਸੀ। ਬਿੱਲੀ ਬਹੁਤ ਡਰੀ ਹੋਈ ਸੀ ਤੇ ਜਦੋਂ ਵੀ ਮੈਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ, ਉਹ ਦੌੜ ਕੇ ਲੁਕ ਜਾਂਦੀ। ਹਫ਼ਤਾ ਭਰ ਇਕੱਲਿਆਂ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਇਕ ਹੋਰ ਰੈਸਕਿਊਰ ਕਰੀਮ ਨਾਲ ਸੰਪਰਕ ਕੀਤਾ। ਉਹ ਡਰਾਪ ਟ੍ਰੈਪ (ਬਿੱਲੀ ਨੂੰ ਫੜਨ ਲਈ ਜਾਲ) ਲੈ ਕੇ ਆਇਆ ਤੇ ਆਖ਼ਰੀ ਦਿਨ ਅਸੀਂ ਉਸ ਨੂੰ ਕਾਬੂ ਕਰ ਲਿਆ। ਜਦੋਂ ਉਹ ਫੜੀ ਗਈ ਤਾਂ ਮੈਂ ਵੇਖਿਆ ਕਿ ਉਸ ਦੇ ਜਿਸਮ ’ਤੇ ਜ਼ਖ਼ਮ ਸਨ, ਜੋ ਉਸ ਦੇ ਹੋਰ ਅਵਾਰਾ ਜਾਨਵਰਾਂ ਨਾਲ ਆਪਣੇ ਬਚਾਅ ਵਾਸਤੇ ਲੜਨ ਦੀ ਨਿਸ਼ਾਨੀ ਸਨ।
ਨੋਵਾ ਸਪਸ਼ਟ ਤੌਰ ’ਤੇ ਕੰਬ ਰਹੀ ਸੀ। ਉਸ ਦਾ ਛੋਟਾ ਜਿਹਾ ਸਰੀਰ ਡਰ ਨਾਲ ਤਣਿਆ ਹੋਇਆ ਸੀ। ਇਸ ਪਿੱਛੋਂ ਮੈਂ ਉਸ ਨੂੰ ਅਬੂਧਾਬੀ ਦੇ ‘ਕੈਪੀਟਲ ਵੈੱਟ ਕਲੀਨਿਕ’ ਵਿਚ ਲੈ ਗਈ। ਡਾਕਟਰ ਕਮਾਲ ਨੇ ਉਸ ਦਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਤੇ ਉਸ ਨੇ ਇਲਾਜ ਵਾਸਤੇ ਸਭ ਤੋਂ ਪਹਿਲਾਂ ਉਸ ਦਾ ਬਲੱਡ ਟੈਸਟ ਕੀਤਾ, ਲੋੜੀਂਦਾ ਟੀਕਾ ਲਗਾਇਆ ਤੇ ਕੀੜੇ, ਪਿੱਸੂ ਮਾਰਨ ਵਾਸਤੇ ਉਸ ਦਾ ਇਲਾਜ ਕੀਤਾ। ਡੀਹਾਈਡ੍ਰੇਸ਼ਨ ਦੂਰ ਕਰਨ ਵਾਸਤੇ ਉਸ ਨੂੰ ਜ਼ਰੂਰੀ ਤਰਲ ਪਦਾਰਥ ਪਿਆਇਆ ਤੇ ਨਹਾਇਆ ਗਿਆ, ਤਾਂ ਜੋ ਉਸ ਦੇ ਸਾਰੇ ਜਿਸਮ ਦੀ ਚੰਗੀ ਤਰ੍ਹਾਂ ਸਫ਼ਾਈ ਹੋ ਸਕੇ। ਇਹ ਸ਼ਾਇਦ ਕਈ ਸਾਲਾਂ ਬਾਅਦ ਹੋਇਆ ਸੀ, ਜਦੋਂ ਨੋਵਾ ਨੇ ਸੱਚਮੁੱਚ ਸਾਫ਼ ਤੇ ਸੁਰੱਖਿਅਤ ਮਹਿਸੂਸ ਕੀਤਾ।
ਡਾ. ਕਮਾਲ ਨੇ ਦੱਸਿਆ ਕਿ ਮਾਲਕਾਂ ਵੱਲੋਂ ਪਾਲਤੂ ਜਾਨਵਰਾਂ ਨੂੰ ਆਮ ਤੌਰ ’ਤੇ ਵੈੱਟ ਕਲੀਨਿਕਾਂ ਜਾਂ ਜਾਨਵਰਾਂ ਦੇ ਗਰੂਮਿੰਗ ਸੈਂਟਰਾਂ ਦੇ ਬਾਹਰ ਛੱਡ ਦਿੱਤਾ ਜਾਂਦਾ ਹੈ। ਅਜਿਹੇ ਜਾਨਵਰ ਉਸ ਕੋਲ ਰੈਸਕਿਊਰਜ਼ ਵੱਲੋਂ ਲਿਆਂਦੇ ਜਾਂਦੇ ਹਨ ਤਾਂ ਉਨ੍ਹਾਂ ਵਿੱਚੋਂ ਬਦਕਿਸਮਤੀ ਨਾਲ ਕਈਆਂ ਦੀਆਂ ਹੱਡੀਆਂ ਟੁੱਟੀਆਂ ਹੁੰਦੀਆਂ ਹਨ, ਕਈ ਲਾਗ ਤੇ ਹੋਰ ਬਿਮਾਰੀਆਂ ਨਾਲ ਪੀੜਤ ਹੁੰਦੇ ਹਨ। ਉਹ ਅਕਸਰ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੁੰਦੇ ਹਨ। ਕੁਝ ਜਾਨਵਰਾਂ ’ਤੇ ਉਨ੍ਹਾਂ ਉੱਤੇ ਹੋਏ ਪਿਛਲੇ ਜ਼ੁਲਮਾਂ ਦੇ ਨਿਸ਼ਾਨ ਵਿਖਾਈ ਦੇਂਦੇ ਹਨ, ਉਹ ਆਮ ਤੌਰ ’ਤੇ ਬਹੁਤ ਡਰੇ ਹੋਏ ਹੁੰਦੇ ਹਨ। ਉਸ ਦੀ ਸਹਾਇਤਾ ਵਾਸਤੇ ਜੈਕ ਤੇ ਕਲੇਅਰ ਦਾ ਸ਼ੁਕਰੀਆ ਕਰਦਿਆਂ ਇਹ ਜਾਣੂ ਕਰਾਉਣਾ ਜ਼ਰੂਰੀ ਹੈ ਕਿ ਉਨ੍ਹਾਂ ਦੋਹਾਂ ਨੇ ਨੋਵਾ ਵਾਸਤੇ ਫੋਸਟਰ ਰੱਖਣ ਅਤੇ ਗੋਦ ਲੈਣ ਵਾਲੇ ਘਰ ਲੱਭੇ। ਇਹ ਨੋਵਾ ਦੀ ਸੁਭਾਗ ਯਾਤਰਾ ਦੀ ਸ਼ੁਰੂਆਤ ਹੈ। ਉਸ ਨੂੰ ਫਲਾਈਟ ਰਾਹੀਂ ਯੂਕੇ ਭੇਜਿਆ ਜਾ ਰਿਹਾ ਹੈ, ਜਿੱਥੇ ਉਸ ਨੂੰ ਰਹਿਮਦਿਲ ਪਰਿਵਾਰ ਨੇ ਗੋਦ ਲਿਆ ਹੈ। ਇੱਥੇ ਉਹ ਪਿਆਰ, ਹਮਦਰਦੀ ਦੇਣ ਵਾਲੇ ਘਰ ’ਚ ਅਰਾਮ ਨਾਲ ਰਹਿ ਸਕੇਗੀ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਵਾਰਾ ਜਾਂ ਛੱਡਿਆ ਗਿਆ ਪਾਲਤੂ ਜਾਨਵਰ ਨੋਵਾ ਜਿੰਨਾ ਖ਼ੁਸ਼ਕਿਸਮਤ ਨਹੀਂ ਹੁੰਦਾ। ਵਿਸ਼ਵ ਪੱਧਰ ’ਤੇ ਅਵਾਰਾ ਤੇ ਘਰਾਂ ਵਿੱਚੋਂ ਕੱਢੇ ਗਏ (ਪਾਲਤੂ) ਜਾਨਵਰਾਂ ਦੀ ਗਿਣਤੀ ਲਗਪਗ 600 ਮਿਲੀਅਨ ਹੈ। ਇਨ੍ਹਾਂ ’ਚ ਬਹੁਗਿਣਤੀ ਬਿੱਲੀਆਂ ਤੇ ਕੁੱਤਿਆਂ ਦੀ ਹੈ। ਅਜਿਹੇ ਜਾਨਵਰਾਂ ਨੂੰ ਅਬਾਦੀ ਤੋਂ ਦੂਰ-ਦੁਰਾਡੇ ਖੇਤਰਾਂ ਵਿਚ ਬਿਨਾਂ ਭੋਜਨ ਤੇ ਪਾਣੀ ਦੇ ਛੱਡ ਦਿੱਤਾ ਜਾਂਦਾ ਹੈ। ਨਵਜੰਮੇ ਬੱਚੇ ਟੇਪ ਲਾ ਕੇ ਬੰਦ ਕੀਤੇ ਡੱਬਿਆਂ ਵਿਚ ਮਿਲਦੇ ਹਨ। ਮੋਟਰਵੇਅ ਉੱਤੇ ਜਾਨਵਰਾਂ ਨੂੰ ਕਾਰਾਂ ਵਿੱਚੋਂ ਬਾਹਰ ਸੁੱਟਿਆ ਜਾਂਦਾ ਹੈ। ਪੈਟਰੋਲ ਸਟੇਸ਼ਨਾਂ ਤੇ ਲਿਫ਼ਟਾਂ ’ਚ ਵੀ ਲੋਕ ਮਾਸੂਮ ਜਾਨਵਰਾਂ ਨੂੰ ਛੱਡ ਜਾਂਦੇ ਹਨ। ਗਰਭਵਤੀ ਬਿੱਲੀਆਂ ਮਾਰੂਥਲ ਵਿਚ ਛੱਡੀਆਂ ਗਈਆਂ। ਬਜ਼ੁਰਗ ਤੇ ਅਪਾਹਜ ਪਾਲਤੂ ਜਾਨਵਰ ਖੰਡਰਾਂ ਅਤੇ ਪਾਰਕਿੰਗ ਸਥਾਨਾਂ ’ਤੇ ਛੱਡੇ ਜਾਂਦੇ ਵੇਖੇ ਗਏ ਹਨ। ਕੁਝ ਘਰੋਂ ਕੱਢੇ ਜਾਨਵਰ ਹਫ਼ਤਿਆਂ ਤਕ ਦਰਵਾਜ਼ਿਆਂ ਦੇ ਨੇੜੇ ਉਡੀਕ ਕਰਦੇ ਹਨ ਕਿ ਪਰਿਵਾਰ ਉਨ੍ਹਾਂ ਨੂੰ ਘਰ ਵਾਪਸ ਲਿਜਾਣ ਲਈ ਆਉਣਗੇ ਪਰ ਅਫ਼ਸੋਸ ਕਿ ਕੋਈ ਨਹੀਂ ਆਉਂਦਾ। ਚੁੱਪ ਤੇ ਸੰਨਾਟਾ ਉਨ੍ਹਾਂ ਦਾ ਜਵਾਬ ਬਣ ਜਾਂਦੇ ਹਨ।
ਅਬੂਧਾਬੀ ’ਚ ਪਸ਼ੂ-ਭਲਾਈ ਲਈ ਸ਼ਲਾਘਾਯੋਗ ਕੰਮ ਹੋਇਆ ਹੈ। ਇੱਥੇ ਜਾਨਵਰਾਂ ਵਿਚ ਮਾਈਕ੍ਰੋਚਿਪਿੰਗ ਅਤੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਬਣਾਇਆ ਗਿਆ ਹੈ। ਰੈਸਕਿਊ ਕਰਨ ਵਾਲੇ ਭਾਈਚਾਰੇ ਵੱਲੋਂ ਲੋਕਾਂ ਵਿਚ ਜਾਨਵਰਾਂ ਪ੍ਰਤੀ ਪ੍ਰੇਮ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਕਰਕੇ ਯੂਏਈ ਵਿਚ ਬਚਾਅ ਕਾਰਜਾਂ ’ਚ ਉੱਤਮ ਦਰਜੇ ਦੇ ਸੁਧਾਰ ਹੋਏ ਹਨ।
- ਚੀਕੂ ਸਿੰਘ
(ਅੰਗਰੇਜ਼ੀ ਤੋਂ ਅਨੁਵਾਦ: ਡਾ. ਅਮਰ ਜਿਉਤੀ)