ਕੁਦਰਤ ਦਾ ਇਹ ਜਾਦੂਈ ਸ਼ੋਅ ਹਮੇਸ਼ਾ ਲਈ ਨਹੀਂ ਰੁਕਦਾ। ਸਮੁੰਦਰ ਦੇ ਵਿਚਕਾਰ ਬਣੀ ਇਹ ਸੜਕ ਸਿਰਫ਼ 40 ਤੋਂ 60 ਮਿੰਟ ਤਕ ਹੀ ਦਿਖਾਈ ਦਿੰਦੀ ਹੈ। ਇਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪਾਣੀ ਦੀਆਂ ਲਹਿਰਾਂ ਦੁਬਾਰਾ ਪਰਤ ਆਉਂਦੀਆਂ ਹਨ ਅਤੇ ਇਹ ਰਸਤਾ ਗਾਇਬ ਹੋ ਜਾਂਦਾ ਹੈ। ਇਸ ਲਈ, ਇਸ ਰੋਮਾਂਚਕ ਪਲ ਦਾ ਗਵਾਹ ਬਣਨ ਲਈ ਸਹੀ ਸਮੇਂ 'ਤੇ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਤੇ ਇਹੀ ਕਾਰਨ ਹੈ ਕਿ ਇਸ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਉਮੜਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜ਼ਰਾ ਸੋਚੋ, ਤੁਸੀਂ ਲਹਿਰਾਂ ਨਾਲ ਭਰੇ ਵਿਸ਼ਾਲ ਸਮੁੰਦਰ ਦੇ ਬਿਲਕੁਲ ਵਿਚਕਾਰ ਟਹਿਲ ਰਹੇ ਹੋਵੋ। ਪੜ੍ਹਨ 'ਚ ਇਹ ਕਿਸੇ ਹਾਲੀਵੁੱਡ ਫ਼ਿਲਮ ਦਾ ਸੀਨ ਲੱਗ ਸਕਦਾ ਹੈ, ਪਰ ਦੱਖਣੀ ਕੋਰੀਆ 'ਚ ਕੁਦਰਤ ਸੱਚਮੁੱਚ ਅਜਿਹਾ ਹੀ ਕਮਾਲ ਦਿਖਾਉਂਦੀ ਹੈ। ਜੀ ਹਾਂ, ਇੱਥੋਂ ਦੇ ਜਿੰਦੋ ਟਾਪੂ (Jindo Island) 'ਤੇ ਸਮੁੰਦਰ ਦਾ ਪਾਣੀ ਅਚਾਨਕ ਪਿੱਛੇ ਖਿਸਕ ਜਾਂਦਾ ਹੈ ਅਤੇ ਲਹਿਰਾਂ ਦੇ ਵਿਚਕਾਰੋਂ ਇਕ ਲੰਬੀ, ਸੁੱਕੀ ਰਾਹ ਉੱਭਰ ਆਉਂਦੀ ਹੈ। 'Jindo Miracle' ਦੇ ਨਾਂ ਨਾਲ ਮਸ਼ਹੂਰ ਇਹ ਰਸਤਾ ਜਿੰਦੋ ਟਾਪੂ ਨੂੰ ਨੇੜਲੇ ਮੋਟੋ ਅਤੇ ਸੇਓਡੋ ਟਾਪੂਆਂ ਨਾਲ ਜੋੜ ਦਿੰਦਾ ਹੈ।
ਕੁਦਰਤ ਦਾ ਇਹ ਜਾਦੂਈ ਸ਼ੋਅ ਹਮੇਸ਼ਾ ਲਈ ਨਹੀਂ ਰੁਕਦਾ। ਸਮੁੰਦਰ ਦੇ ਵਿਚਕਾਰ ਬਣੀ ਇਹ ਸੜਕ ਸਿਰਫ਼ 40 ਤੋਂ 60 ਮਿੰਟ ਤਕ ਹੀ ਦਿਖਾਈ ਦਿੰਦੀ ਹੈ। ਇਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪਾਣੀ ਦੀਆਂ ਲਹਿਰਾਂ ਦੁਬਾਰਾ ਪਰਤ ਆਉਂਦੀਆਂ ਹਨ ਅਤੇ ਇਹ ਰਸਤਾ ਗਾਇਬ ਹੋ ਜਾਂਦਾ ਹੈ। ਇਸ ਲਈ, ਇਸ ਰੋਮਾਂਚਕ ਪਲ ਦਾ ਗਵਾਹ ਬਣਨ ਲਈ ਸਹੀ ਸਮੇਂ 'ਤੇ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਤੇ ਇਹੀ ਕਾਰਨ ਹੈ ਕਿ ਇਸ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਉਮੜਦੀ ਹੈ।
ਭਾਵੇਂ ਲੋਕ ਇਸ ਨੂੰ ਚਮਤਕਾਰ ਮੰਨਦੇ ਹੋਣ, ਪਰ ਅਸਲ ਵਿਚ ਇਸ ਦੇ ਪਿੱਛੇ ਪੂਰੀ ਤਰ੍ਹਾਂ ਵਿਗਿਆਨ ਛਿਪਿਆ ਹੈ। ਇਹ ਸਭ ਸਮੁੰਦਰ ਦੇ ਜਵਾਰ-ਭਾਟੇ (Tides) ਕਾਰਨ ਹੁੰਦਾ ਹੈ। ਜਦੋਂ ਸੂਰਜ ਅਤੇ ਚੰਦ ਇਕ ਵਿਸ਼ੇਸ਼ ਸਥਿਤੀ 'ਚ ਆਉਂਦੇ ਹਨ ਤਾਂ ਉਨ੍ਹਾਂ ਦੇ ਖਿੱਚਾਅ ਨਾਲ ਪਾਣੀ ਤੇਜ਼ੀ ਨਾਲ ਪਿੱਛੇ ਵੱਲ ਚਲਾ ਜਾਂਦਾ ਹੈ। ਇਸ ਦੇ ਨਾਲ ਹੀ, ਜਿੰਦੋ ਟਾਪੂ ਦੀ ਭੂਗੋਲਿਕ ਬਣਤਰ ਵੀ ਕੁਝ ਇਸ ਤਰ੍ਹਾਂ ਦੀ ਹੈ ਕਿ ਪਾਣੀ ਦੇ ਹਟਦੇ ਹੀ ਸਮੁੰਦਰ ਦੀ ਸਤਹ ਇਕ ਸੜਕ ਦੀ ਤਰ੍ਹਾਂ ਉੱਪਰ ਉੱਭਰ ਕੇ ਆ ਜਾਂਦੀ ਹੈ।
ਇਹ ਅਨੋਖੀ ਘਟਨਾ ਦੁਨੀਆ 'ਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਅਤੇ ਸਾਲ ਵਿਚ ਸਿਰਫ਼ ਦੋ ਵਾਰ ਹੀ ਹੁੰਦੀ ਹੈ- ਇਕ ਵਾਰ ਬਸੰਤ (ਮਾਰਚ-ਅਪ੍ਰੈਲ) 'ਚ ਤੇ ਦੂਜੀ ਵਾਰ ਪਤਝੜ ਯਾਨੀ ਸਤੰਬਰ-ਅਕਤੂਬਰ ਦੇ ਮਹੀਨੇ 'ਚ। ਇਸ ਦੌਰਾਨ ਪੂਰਾ ਇਲਾਕਾ ਇਕ ਉਤਸਵ 'ਚ ਬਦਲ ਜਾਂਦਾ ਹੈ ਅਤੇ ਇੱਥੇ 'ਜਿੰਦੋ ਮਿਰਾਕਲ ਫੈਸਟੀਵਲ' ਮਨਾਇਆ ਜਾਂਦਾ ਹੈ। ਸਮੁੰਦਰ ਦੇ ਵਿਚਕਾਰ ਚੱਲਦੇ ਹੋਏ ਲੋਕ ਇਸ ਨਜ਼ਾਰੇ ਨੂੰ ਕੈਮਰਿਆਂ ਵਿੱਚ ਕੈਦ ਕਰਦੇ ਹਨ।
ਇੱਥੋਂ ਤਕ ਪਹੁੰਚਣਾ ਸੈਲਾਨੀਆਂ ਲਈ ਕਾਫ਼ੀ ਆਸਾਨ ਹੈ। ਤੁਸੀਂ ਗਵਾਂਗਜੂ ਸ਼ਹਿਰ ਤੋਂ ਸੜਕ ਮਾਰਗ ਰਾਹੀਂ ਸਿੱਧੇ ਇੱਥੇ ਆ ਸਕਦੇ ਹੋ ਜਾਂ ਫਿਰ ਮੋਕਪੋ ਤੱਕ ਟ੍ਰੇਨ ਦਾ ਸਫ਼ਰ ਕਰਕੇ ਅੱਗੇ ਕਿਸ਼ਤੀ ਰਾਹੀਂ ਟਾਪੂ ਤੱਕ ਪਹੁੰਚ ਸਕਦੇ ਹੋ।
ਸਮੁੰਦਰ ਦੇ ਇਸ ਰਹੱਸ ਤੋਂ ਇਲਾਵਾ, ਜਿੰਦੋ ਟਾਪੂ ਆਪਣੀ ਕੁਦਰਤੀ ਸੁੰਦਰਤਾ ਅਤੇ 'ਜਿੰਦੋ ਡੌਗਸ' ਲਈ ਵੀ ਮਸ਼ਹੂਰ ਹੈ। ਕੁੱਲ ਮਿਲਾ ਕੇ ਇਹ ਇਕ ਅਜਿਹਾ ਅਨੁਭਵ ਹੈ ਜੋ ਸਾਨੂੰ ਦੱਸਦਾ ਹੈ ਕਿ ਸਾਡੀ ਦੁਨੀਆ ਕਿੰਨੇ ਅਣਸੁਲਝੇ ਅਤੇ ਖ਼ੂਬਸੂਰਤ ਰਹੱਸਾਂ ਨਾਲ ਭਰੀ ਹੋਈ ਹੈ।