Did You Know : ਮੋਬਾਈਲ ਨੰਬਰ ਦੇ 10 ਅੰਕ ਇਕ ਸੋਚ-ਵਿਚਾਰ ਕਰ ਕੇ ਬਣਾਏ ਗਏ ਸਿਸਟਮ ਦਾ ਨਤੀਜਾ ਹਨ। ਆਓ ਜਾਣੀਏ ਕਿ ਮੋਬਾਈਲ ਨੰਬਰ 'ਚ 10 ਅੰਕ ਹੀ ਕਿਉਂ ਹੁੰਦੇ ਹਨ ਤੇ ਇਨ੍ਹਾਂ ਦਾ ਕੀ ਮਤਲਬ ਹੈ
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਸਾਰੇ ਹਰ ਰੋਜ਼ ਮੋਬਾਈਲ ਨੰਬਰ ਡਾਇਲ ਕਰਦੇ ਹਾਂ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਭਾਰਤ 'ਚ ਇਹ ਨੰਬਰ 10 ਅੰਕਾਂ ਦਾ ਹੀ ਕਿਉਂ ਹੁੰਦਾ ਹੈ? ਜੇਕਰ ਫੋਨ ਨੰਬਰ ਵਿਚ ਇਕ ਵੀ ਅੰਕ ਛੱਡ ਦਿੱਤਾ ਜਾਵੇ ਜਾਂ ਵੱਧ ਜੋੜਿਆ ਜਾਵੇ ਤਾਂ ਉਹ ਨੰਬਰ ਇਨਵੈਲਿਡ ਹੋ ਜਾਂਦਾ ਹੈ। ਜੇਕਰ ਇਹ ਨੰਬਰ 8, 9 ਜਾਂ 11 ਅੰਕਾਂ ਦੇ ਹੋਣ ਤਾਂ ਕੀ ਸਮੱਸਿਆ ਹੋਵੇਗੀ?
ਅਸਲ ਵਿੱਚ, ਮੋਬਾਈਲ ਨੰਬਰ ਦੇ 10 ਅੰਕ ਇਕ ਸੋਚ-ਵਿਚਾਰ ਕਰ ਕੇ ਬਣਾਏ ਗਏ ਸਿਸਟਮ ਦਾ ਨਤੀਜਾ ਹਨ। ਆਓ ਜਾਣੀਏ ਕਿ ਮੋਬਾਈਲ ਨੰਬਰ 'ਚ 10 ਅੰਕ ਹੀ ਕਿਉਂ ਹੁੰਦੇ ਹਨ ਤੇ ਇਨ੍ਹਾਂ ਦਾ ਕੀ ਮਤਲਬ ਹੈ।
ਸਭ ਤੋਂ ਪਹਿਲਾਂ ਇਸ ਦੇ ਗਣਿਤ ਨੂੰ ਸਮਝਦੇ ਹਾਂ। ਅਸਲ ਵਿੱਚ, ਹਰ ਦੇਸ਼ ਆਪਣੀ ਆਬਾਦੀ ਮੁਤਾਬਕ ਫੋਨ ਨੰਬਰਾਂ ਦੀ ਗਿਣਤੀ ਨਿਰਧਾਰਤ ਕਰਦਾ ਹੈ। 10 ਅੰਕਾਂ ਦੇ ਨੰਬਰ ਸਿਸਟਮ 'ਚ ਉਪਲਬਧ ਕੁੱਲ ਨੰਬਰਾਂ ਦੀ ਗਿਣਤੀ 10 ਅਰਬ ਹੁੰਦੀ ਹੈ। ਇਹ ਇਕ ਵੱਡੀ ਗਿਣਤੀ ਹੈ ਜੋ ਕਿਸੇ ਵੀ ਦੇਸ਼ ਦੀ ਆਬਾਦੀ ਨੂੰ ਵਿਲੱਖਣ ਨੰਬਰ ਦੇਣ ਲਈ ਕਾਫੀ ਹੈ।
ਜੇਕਰ ਨੰਬਰ 9 ਅੰਕਾਂ ਦੇ ਹੁੰਦੇ ਤਾਂ ਕੁੱਲ ਉਪਲਬਧ ਨੰਬਰ ਸਿਰਫ 100 ਕਰੋੜ ਹੁੰਦੇ ਜੋ ਭਾਰਤ ਵਰਗੇ ਵੱਡੇ ਦੇਸ਼ ਲਈ ਕਾਫੀ ਨਹੀਂ ਹੁੰਦੇ। ਦੂਜੇ ਪਾਸੇ, 11 ਅੰਕਾਂ ਦੇ ਨੰਬਰ 100 ਅਰਬ ਸੰਭਾਵਨਾਵਾਂ ਪੈਦਾ ਕਰਦੇ ਜੋ ਸ਼ਾਇਦ ਜ਼ਰੂਰਤ ਤੋਂ ਵੱਧ ਹੁੰਦੇ ਅਤੇ ਡਾਇਲ ਕਰਨ 'ਚ ਵੱਧ ਸਮਾਂ ਲੈਂਦੇ। ਇਸ ਲਈ, ਭਾਰਤ ਲਈ 10 ਅੰਕਾਂ ਦਾ ਮੋਬਾਈਲ ਨੰਬਰ ਸੋਚ-ਵਿਚਾਰ ਕੇ ਨਿਰਧਾਰਤ ਕੀਤਾ ਗਿਆ ਹੈ।
ਮੋਬਾਈਲ ਨੰਬਰ ਸਿਰਫ ਇਕ ਪਛਾਣ ਨਹੀਂ ਹੈ ਬਲਕਿ ਇਹ ਇਕ 'ਪਤਾ' ਵੀ ਹੈ ਜੋ ਟੈਲੀਕਾਮ ਨੈੱਟਵਰਕ ਨੂੰ ਦੱਸਦਾ ਹੈ ਕਿ ਕਾਲ ਨੂੰ ਕਿਸ ਦਿਸ਼ਾ ਵਿਚ ਰੂਟ ਕਰਨਾ ਹੈ। ਭਾਰਤ ਵਿੱਚ, ਮੋਬਾਈਲ ਨੰਬਰ ਦੀ ਸੰਰਚਨਾ ਕੁਝ ਇਸ ਤਰ੍ਹਾਂ ਬਣਾਈ ਗਈ ਹੈ:
- ਪਹਿਲੇ ਚਾਰ ਜਾਂ ਪੰਜ ਅੰਕ - ਇਹ 'ਕਨਵਰਟਰ ਕੋਡ' ਹੁੰਦੇ ਹਨ, ਜੋ ਮੋਬਾਈਲ ਨੈੱਟਵਰਕ ਆਪਰੇਟਰ ਤੇ ਟੈਲੀਕਾਮ ਸਰਕਲ ਦੀ ਪਛਾਣ ਕਰਦੇ ਹਨ।
- ਬਾਕੀ ਦੇ ਛੇ ਜਾਂ ਪੰਜ ਅੰਕ - ਇਹ ਗਾਹਕ ਦਾ ਵਿਲੱਖਣ ਨੰਬਰ ਹੁੰਦਾ ਹੈ।
ਭਾਰਤ ਵਿਚ 1990 ਦੇ ਦਹਾਕੇ ਤਕ ਟੈਲੀਫੋਨ ਨੰਬਰ 6 ਜਾਂ 7 ਅੰਕਾਂ ਦੇ ਹੁੰਦੇ ਸਨ। ਪਰ 2000 ਤੋਂ ਬਾਅਦ ਮੋਬਾਈਲ ਕ੍ਰਾਂਤੀ ਆਈ ਤੇ ਗਾਹਕਾਂ ਦੀ ਗਿਣਤੀ 'ਚ ਵਾਧਾ ਹੋਇਆ। ਨਾਲ ਹੀ, ਆਬਾਦੀ ਵੀ ਤੇਜ਼ੀ ਨਾਲ ਵੱਧ ਰਹੀ ਸੀ। ਇਸ ਲਈ ਪੁਰਾਣੇ ਨੰਬਰਿੰਗ ਸਿਸਟਮ 'ਚ ਨਵੇਂ ਗਾਹਕਾਂ ਲਈ ਕਾਫੀ ਗਿਣਤੀ ਉਪਲਬਧ ਨਹੀਂ ਸੀ। ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਇਕ ਨਵੀਂ ਯੋਜਨਾ ਬਣਾਈ ਅਤੇ 2003 ਦੇ ਆਸ-ਪਾਸ ਪੂਰੇ ਦੇਸ਼ ਵਿਚ 10 ਅੰਕਾਂ ਦੇ ਮੋਬਾਈਲ ਨੰਬਰ ਲਾਗੂ ਕਰ ਦਿੱਤੇ।