ਪੁਰਾਣੇ ਸਮਿਆਂ ’ਚ ਲੋਕ ਜ਼ਿੰਦਗੀ ਖੁੱਲ੍ਹ ਕੇ ਜਿਊਂਦੇ ਸਨ। ਜਿਹੋ ਜਿਹਾ ਖੁੱਲ੍ਹਾ ਵਾਤਾਵਰਨ ਹੁੰਦਾ ਸੀ, ਉਹੋ ਜਿਹਾ ਖੁੱਲ੍ਹਾ ਖਾਣ-ਪੀਣ ਹੁੰਦਾ ਸੀ। ਉਹ ਮਿਲਵਰਤਣ ਦੀ ਭਾਵਨਾ ਰੱਖਦੇ ਸਨ ਤੇ ਉਨ੍ਹਾਂ ਦੇ ਖੁੱਲ੍ਹੇ ਸੁਭਾਅ ਹੁੰਦੇ ਸਨ । ਫਿਰ ਉਹੋ ਜਿਹੀ ਹੀ ਉਨ੍ਹਾਂ ਦੀ ਖ਼ੁਸ਼ਹਾਲ ਜ਼ਿੰਦਗੀ ਹੁੰਦੀ ਸੀ।
ਪੁਰਾਣੇ ਸਮਿਆਂ ’ਚ ਲੋਕ ਜ਼ਿੰਦਗੀ ਖੁੱਲ੍ਹ ਕੇ ਜਿਊਂਦੇ ਸਨ। ਜਿਹੋ ਜਿਹਾ ਖੁੱਲ੍ਹਾ ਵਾਤਾਵਰਨ ਹੁੰਦਾ ਸੀ, ਉਹੋ ਜਿਹਾ ਖੁੱਲ੍ਹਾ ਖਾਣ-ਪੀਣ ਹੁੰਦਾ ਸੀ। ਉਹ ਮਿਲਵਰਤਣ ਦੀ ਭਾਵਨਾ ਰੱਖਦੇ ਸਨ ਤੇ ਉਨ੍ਹਾਂ ਦੇ ਖੁੱਲ੍ਹੇ ਸੁਭਾਅ ਹੁੰਦੇ ਸਨ । ਫਿਰ ਉਹੋ ਜਿਹੀ ਹੀ ਉਨ੍ਹਾਂ ਦੀ ਖ਼ੁਸ਼ਹਾਲ ਜ਼ਿੰਦਗੀ ਹੁੰਦੀ ਸੀ। ਉਦੋਂ ਉਹ ਨਾ ਕਿਸੇ ਨੂੰ ਡਰਾਉਦੇ ਸਨ, ਨਾ ਆਪ ਡਰਦੇ ਸਨ , ਨਾ ਸੜਦੇ ਸਨ, ਨਾ ਕਿਸੇ ਨੂੰ ਸੜਾਉਣ ਦੀ ਭਾਵਨਾ ਹੁੰਦੀ ਸੀ ਕਿਉਕਿ ਉਦੋਂ ਨਾ ਤਾਂ ਵਿਖਾਵੇ ਅਤੇ ਝੂਠੀ ਸ਼ਾਨੋ ਸ਼ੌਕਤ ਦਾ ਲੋਕਾਂ ਨੂੰ ਬਹੁਤਾ ਧਿਆਨ ਹੁੰਦਾ ਸੀ ਤੇ ਨਾ ਹੀ ਉਹ ਇਨ੍ਹਾਂ ਗੱਲਾਂ ਨੂੰ ਪਸੰਦ ਕਰਦੇ ਸਨ।
ਮੰਨਿਆ ਕਿ ਨਵਿਆਂ ਨੂੰ ਲੀਹੇ ਪਾਉਣ ਲਈ ਪੁਰਾਣੀਆਂ ਪੈੜਾਂ ਲੱਭਣੀਆਂ ਹੀ ਪੈਂਦੀਆਂ ਹਨ। ਇਸ ਲਈ ਕਈ ਵਾਰ ਆਮ ਹੀ ਆਖ ਦਿੱਤਾ ਜਾਂਦਾ ਹੈ ਕਿ ਸਾਨੂੰ ਹਮੇਸ਼ਾ ਅਗਾਂਹਵਧੂ ਵਿਚਾਰਾਂ ਨਾਲ ਨਵੇਂ ਜ਼ਮਾਨੇ ਦੀ ਗੱਲ ਕਰਨੀ ਚਾਹੀਦੀ ਹੈ। ਇਹ ਵੀ ਮੰਨਿਆ ਕਿ ਅੱਜ ਦਾ ਨੌਜਵਾਨ ਪੁਰਾਣੀ ਪੀੜ੍ਹੀ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ ਪਰ ਨਵੀਂ ਪੀੜ੍ਹੀ ਜਿੰਨਾ ਚਿਰ ਤਕ ਪਿਛਲੇ ਜ਼ਮਾਨੇ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਜਾਣੂ ਨਹੀਂ ਹੋਵੇਗੀ ਓਨਾ ਚਿਰ ਤਕ ਅੱਜ ਦੇ ਸਮੇਂ ਦਾ ਲੁਤਫ਼ ਕਿਵੇਂ ਉਠਾ ਸਕਣਗੇ। ਪਿਛਲੀਆਂ ਪੀੜ੍ਹੀਆਂ ਨੂੰ ਜਾਣੇ ਬਿਨਾਂ ਅੱਜ ਦੀਆਂ ਪ੍ਰਾਪਤੀਆਂ ਦਾ ਆਨੰਦ ਨਹੀਂ ਉਠਾਇਆ ਜਾ ਸਕਦਾ ਤੇ ਪੁਰਾਣਿਆਂ ਦੇ ਤਜਰਬਿਆਂ ਨੂੰ ਆਪਣੇ ਰਾਹਨੁਮਾ ਬਣਾਏ ਬਿਨਾਂ ਨਵਿਆਂ ਰਾਹਾਂ ਨੂੰ ਸ਼ਿੰਗਾਰਿਆ ਨਹੀਂ ਜਾ ਸਕਦਾ। ਸਾਡੀਆਂ ਬੀਤੀਆਂ ਪੀੜ੍ਹੀਆਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੀ
ਸਾਦੀ ਜੀਵਨਸ਼ੈਲੀ ਤੋਂ ਤਾਂ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਹੈ ਪਰ ਉਸ ਮੁਤਾਬਿਕ ਜਿਊਣਾ ਕੋਈ ਨਹੀਂ ਚਾਹੁੰਦਾ। ਜਿਵੇਂ-ਜਿਵੇਂ ਨਵੀਆਂ ਇਜਾਦਾਂ ਨੇ ਸਪੀਡ ਫੜੀ ,ਉਵੇਂ ਉਵੇਂ ਹੀ ਲੋਕਾਂ ਦੇ ਦਿਮਾਗ਼ਾਂ ਦੀ ਸੋਚਣੀ ਨੇ ਸਪੀਡ ਫੜ ਲਈ। ਕਹਿੰਦੇ ਹਨ ਕਿ ਜ਼ਿਆਦਾ ਸਪੀਡ ਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਬਸ ਫੇਰ ਕੀ ਸੀ, ਜਿਵੇਂ ਹੀ ਦਿਮਾਗ਼ ਵਿਚਲੀਆਂ ਸੋਚਾਂ ਨੇ ਤੇਜ਼ ਰਫ਼ਤਾਰੀ ਸ਼ੁਰੂ ਕੀਤੀ ਉਵੇਂ ਉਵੇਂ ਮਨੁੱਖੀ ਦਿਮਾਗ਼ ਆਪਣਾ ਸੰਤੁਲਨ ਖੋਹਣ ਲੱਗਿਆ। ਜਿਵੇਂ-ਜਿਵੇਂ ਦਿਖਾਵੇ ਦਾ ਦੌਰ ਸ਼ੁਰੂ ਹੋਇਆ ਤਿਵੇਂ-ਤਿਵੇਂ ਹੀ ਲੋਕਾਂ ਨੂੰ ਆਪਣੀ ਵਿਖਾਵੇ ਵਾਲੀ ਰਹਿਣੀ ਬਹਿਣੀ, ਵਿਖਾਵੇ ਵਾਲਾ ਖਾਣ ਪੀਣ, ਵਿਖਾਵੇ ਲਈ ਘੁੰਮਣਾ ਫਿਰਨਾ ਮਾਨੋ ਕਿ ਸਭ ਕੁਝ ਹੀ ਵਿਖਾਵੇ ਦਾ ਹੋ ਜਾਣ ਕਾਰਨ ਆਪਣੀ ਅਸਲੀਅਤ ਨੂੰ ਮਨੁੱਖ ਭੁੱਲ ਹੀ ਗਿਆ ਹੈ। ਇਸ ਦਾ ਅਸਰ ਸਾਡੇ ਭਾਰਤੀ ਸਮਾਜ ਉੱਪਰ ਜ਼ਿਆਦਾ ਪਿਆ ਹੈ। ਇਸ ਦੌਰ ਵਿੱਚ ਤਾਂ ਇਨਸਾਨ ਸੁਥਰੀ ਸੋਚ ਛੱਡ ਕੇ ਐਨਾ ਬੁਝਦਿਲ ਹੋ ਗਿਆ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਮਹੱਤਵ ਤਾਂ ਛੱਡੋ ਕੀ ਸਮਝ ਆਉਣਾ ਹੈ ਬਲਕਿ ਦੂਜਿਆਂ ਦੀ ਜ਼ਿੰਦਗੀ ਦਾ ਠੇਕਾ ਵੀ ਆਪਣੇ ਹੱਥ ਵਿੱਚ ਲੈ ਲਿਆ ਹੈ। ਉਹ ਵੀ ਸਕਾਰਾਤਮਕ ਰਵੱਈਏ ਕਰ ਕੇ ਨਹੀਂ ਸਗੋਂ ਇਸ ਤੋਂ ਉਲਟ ਨਾਂਹ-ਪੱਖੀ ਰਵੱਈਏ ਕਾਰਨ। ਪਹਿਲਾਂ ਪਹਿਲ ਕੋਈ ਟਾਵਾਂ- ਟਾਵਾਂ ਹੀ ਆਤਮਹੱਤਿਆ ਕਰਦਾ ਹੁੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਤਾਂ ਇਸ ਨੂੰ ਮਾਮੂਲੀ ਜਿਹੀ ਗੱਲ ਹੀ ਸਮਝ ਲਿਆ ਗਿਆ ਹੈ।
ਆਪਣੀ ਝੂਠੀ ਸ਼ਾਨੋ ਸ਼ੌਕਤ ਬਣਾਉਣ ਕਰਕੇ ਲੱਖਾਂ ਰੁਪਏ ਕਰਜ਼ਾ ਲੈਣਾ ਆਮ ਜਿਹੀ ਗੱਲ ਹੋ ਗਈ ਹੈ, ਫਿਰ ਜਿਸ ਤੋਂ ਕਰਜ਼ਾ ਫੜਿਆ ਹੋਵੇ ਤਾਂ ਉਸ ਦੇ ਮੰਗਣ ’ਤੇ ਉਸ ਨੂੰ ਫਸਾਉਣ ਦੇ ਚੱਕਰ ਵਿੱਚ ਆਤਮ-ਹੱਤਿਆ ਕਰਨਾ, ਧੀ ਦੀ ਸਹੁਰੇ ਘਰ ਨਹੀਂ ਬਣਦੀ ਤਾਂ ਸਹੁਰੇ ਪਰਿਵਾਰ ਨੂੰ ਫਸਾਉਣ ਖ਼ਾਤਰ ਆਤਮ-ਹੱਤਿਆ ਕਰਨਾ, ਜਵਾਈ ਦੀ ਸਹੁਰਿਆਂ ਨਾਲ ਨਹੀਂ ਬਣਦੀ ਸਹੁਰਿਆਂ ਦੇ ਸਾਰੇ ਟੱਬਰ ਨੂੰ ਫਸਾਉਣ ਖ਼ਾਤਰ ਆਤਮ-ਹੱਤਿਆ ਕਰਨਾ, ਗੁਆਂਢੀ ਦੀ ਗੁਆਂਢੀ ਨਾਲ ਲੜਾਈ ਹੋ ਜਾਏ ਤਾਂ ਗੁਆਂਢੀ ਨੂੰ ਫਸਾਉਣ ਖ਼ਾਤਰ ਆਤਮ-ਹੱਤਿਆ ਕਰਨਾ, ਪ੍ਰੇਮੀ ਪ੍ਰੇਮਿਕਾ ਨੂੰ ਫਸਾਉਣ ਲਈ, ਪ੍ਰੇਮਿਕਾ ਪ੍ਰੇਮੀ ਨੂੰ ਫਸਾਉਣ ਲਈ, ਇਵੇਂ ਕਿਰਾਏਦਾਰਾਂ ਮਾਲਕ ਮਕਾਨਾਂ ਦੇ ਝਗੜੇ, ਕਿਸੇ ਵੀ ਖੇਤਰ ਵਿੱਚ ਸੁਣਵਾਈ ਨਾ ਹੋਣ ’ਤੇ ਆਤਮ-ਹੱਤਿਆ ਕਰਨ ਦੀ ਧਮਕੀ ਦੇਣਾ ਜਾਂ ਆਤਮ-ਹੱਤਿਆ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਸਾਡੀ ਸੰਸਿਤੀ ’ਚ ਪਹਿਲਾਂ ਇਹੋ ਜਿਹੀਆਂ ਘਟੀਆ ਗੱਲਾਂ ਨੂੰ ਤਰਜੀਹ ਕਿੱਥੇ ਦਿੱਤੀ ਜਾਂਦੀ ਸੀ? ਇਸ ਗੱਲ ਲਈ ਅੱਜ ਕੱਲ੍ਹ ਸਭ ਤੋਂ ਵਧੀਆ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਨਾਵਾਂ ਦੀ ਲਿਸਟ ਪੜ੍ਹਕੇ ਸੁਣਾਈ ਜਾਂਦੀ ਹੈ ਕਿ ਕਿਸ-ਕਿਸ ਨੂੰ ਕਾਨੂੰਨ ਦੇ ਸ਼ਿਕੰਜੇ ’ਚ ਫਸਾਉਣਾ ਹੈ ਤੇ ਫਿਰ ਆਤਮ-ਹੱਤਿਆ ਕਰ ਲਈ ਜਾਂਦੀ ਹੈ। ਕਈ ਤਾਂ ਇਹੋ ਜਿਹੇ ਕੇਸ ਆਉਦੇ ਹਨ ਕਿ ਉਹ ਕੈਮਰਾ ਚਲਾ ਕੇ ਲਾਈਵ ਖ਼ੁਦਕੁਸ਼ੀ ਕਰਦੇ ਹਨ।
ਸਭ ਤੋਂ ਵੱਧ ਘਟੀਆ, ਘਿਨਾਉਣੀ ਅਤੇ ਦੁੱਖ ਦੀ ਗੱਲ ਉਦੋਂ ਹੁੰਦੀ ਹੈ ਕਿ ਜਦੋਂ ਖ਼ੁਦਕੁਸ਼ੀ ਪਿੱਛੇ ਬਾਕੀ ਪਰਿਵਾਰ ਨੂੰ ਵੀ ਆਪਣੀ ਘਟੀਆ ਸੋਚ ਦਾ ਸ਼ਿਕਾਰ ਬਣਾਉਦਾ ਹੈ ਜਦ ਕਿ ਉਹ ਆਪਣੀ ਜ਼ਿੰਦਗੀ ਜਿਊਣਾ ਚਾਹੁੰਦੇ ਹੁੰਦੇ ਹਨ। ਇੱਕੋ ਪਰਿਵਾਰ ਦੇ ਚਾਰ ਚਾਰ-ਪੰਜ ਪੰਜ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਫਿਰ ਖ਼ੁਦਕੁਸ਼ੀ ਕਰਦਾ ਹੈ।
ਇਹ ਤਾਂ ਬੁਜ਼ਦਿਲੀ ਦੀ ਹੱਦ ਹੀ ਹੋ ਚੁੱਕੀ ਹੈ। ਇਹੋ ਜਿਹੀਆਂ ਘਟਨਾਵਾਂ ਸਮਾਜ ’ਚ ਬਦ ਅਮਨੀ ਅਤੇ ਭੈਅ ਦਾ ਮਾਹੌਲ ਪੈਦਾ ਕਰਦੀਆਂ ਹਨ। ਇਹੋ ਜਿਹੇ ਬੁਜ਼ਦਿਲ ਇਨਸਾਨ ਸਮਾਜ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਗ਼ਲਤ ਸੰਦੇਸ਼ ਦਿੰਦੇ ਹਨ। ਇਹੋ ਜਿਹੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਕਿਉਕਿ ਅੱਜ ਦੇ ਇਨਸਾਨ ਕੋਲ ਸਬਰ, ਸੰਤੋਖ, ਸਹਿਣਸ਼ੀਲਤਾ, ਨਿਮਰਤਾ, ਅਤੇ ਪਰਉਪਕਾਰ ਵਰਗੇ ਸਦਾਚਾਰਕ ਗੁਣਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹੈ ਪਰ ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਆਪਣੇ ਪੁਰਖਿਆਂ ਦੀ ਜੀਵਨਸ਼ੈਲੀ ਨੂੰ ਆਪਣਾ ਰਾਹ ਦਸੇਰਾ ਬਣਾ ਕੇ ਬੋਚ ਬੋਚ ਕੇ ਪੱਬ ਰੱਖੀਏ। ਉਨ੍ਹਾਂ ਦੇ ਰਾਹਾਂ ’ਤੇ ਅੱਗੇ ਵਧਦੇ ਹੋਏ ਇਸ ਜ਼ਿੰਦਗੀ ਨੂੰ ਸਹਿਜ ਪਕੇ ਸੋ ਮੀਠਾ ਹੋਏ ਦੇ ਸਿਧਾਂਤ ਅਨੁਸਾਰ ਅੱਗੇ ਵਧਾਉਦੇ ਰਹੀਏ ਅਤੇ ਆਪਣੀ ਆਪਣੀ ਜ਼ਿੰਦਗੀ ਨੂੰ ਹੋਰ ਮੁੱਲਵਾਨ ਬਣਾਈਏ।
- ਬਰਜਿੰਦਰ ਕੌਰ ਬਿਸਰਾਓ