ਅਵਾਰਾ ਕੁੱਤੇ ਮਨੁੱਖ ਦੀ ਮੁੱਲਵਾਨ ਸਹਾਇਤਾ ਕਰਦੇ ਹਨ। ਉਹ ਸ਼ਹਿਰ ਦੀਆਂ ਗਲੀਆਂ ਦੇ ਸਰਪ੍ਰਸਤ ਵਜੋਂ ਆਂਢ-ਗੁਆਂਢ ਨੂੰ ਸੁਰੱਖਿਅਤ ਅਤੇ ਸੰਤੁਲਤ ਰੱਖਣ ਵਿਚ ਮਦਦ ਕਰਦੇ ਹਨ। ਉਹ ਲੋਕਾਂ ਨੂੰ ਦੋਸਤੀ ਦੀ ਪੇਸ਼ਕਸ਼ ਕਰਦੇ ਹਨ, ਜੋ ਪਾਲਤੂ ਜਾਨਵਰਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਤਰ੍ਹਾਂ ਉਹ ਆਲੇ-ਦੁਆਲੇ ਵਿੱਚ ਭਾਈਚਾਰਕ ਸ਼ਮੂਲੀਅਤ ਨੂੰ ਪ੍ਰੇਰਿਤ ਕਰਦੇ ਹਨ।

ਕੇਰਲਾ ਵਿਚ ਪਰਾਸਿਨੀ ਮਾਦਪਪੁਰਾ ਸ੍ਰੀ ਮੁਥੱਪਨ ਮੰਦਰ ਵਿਚ ਕੁੱਤਿਆਂ ਦੀ ਪਵਿੱਤਰ ਪ੍ਰਾਣੀਆਂ ਵਜੋਂ ਪੂਜਾ ਕੀਤੀ ਜਾਂਦੀ ਹੈ। ਮੰਦਰ ਦੀਆਂ ਰਸਮਾਂ ਦੌਰਾਨ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਖਾਣਾ ਖੁਆਇਆ ਜਾਂਦਾ ਹੈ, ਜੋ ਸਤਿਕਾਰ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਕਰਨਾਟਕ ਵਿਚ ਸਾਲ 2010 ’ਚ ਸਥਾਪਿਤ ਕੀਤਾ ਗਿਆ ਚੰਨਪਟਨਾ ਡੌਗ ਟੈਂਪਲ ਕੁੱਤਿਆਂ ਦਾ ਸਨਮਾਨ ਕਰਦਾ ਹੈ ਕਿਉਂਕਿ ਉਹ ਪਿੰਡ ਦੀ ਰੱਖਿਆ ਕਰਦੇ ਹਨ, ਅਜਿਹਾ ਉਨ੍ਹਾਂ ਦਾ ਵਿਸ਼ਵਾਸ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਦਿੱਲੀ ਵਿਚ ਅਵਾਰਾ ਕੁੱਤਿਆਂ ਦੀ ਕਿਸਮਤ ਇਸ ਤੋਂ ਬਿਲਕੁਲ ਵੱਖਰੀ ਹੈ।
ਭਾਰਤ ਵਿਚ ਲੋਕ ਆਪਣੇ ਘਰਾਂ ਤੇ ਮੰਦਰਾਂ ਵਿਚ ਹਨੂੰਮਾਨ ਜੀ, ਗਣੇਸ਼ ਜੀ, ਗਰੁੜ, ਨੰਦੀ, ਮਤਸਿਆ, ਸੁਰਭੀ, ਕਾਮਧੇਨ (ਇੱਛਾ ਪੂਰੀ ਕਰਨ ਵਾਲੀ ਗਊ) ਦੀ ਪੂਜਾ ਕਰਦੇ ਹਨ। ਇਸ ਤਰ੍ਹਾਂ ਉਹ ਪਸ਼ੂਆਂ ਦੇ ਬਦਲੇ ਹੋਏ ਰੂਪਾਂ ਦੀ ਪੂਜਾ ਕਰ ਰਹੇ ਹੁੰਦੇ ਹਨ। ਇਸ ਦੇ ਨਾਲ-ਨਾਲ ਕੁਕੁਰ ਤਿਉਹਾਰ ਵਿਚ ਕੁੱਤਿਆਂ ਨੂੰ ਰੱਖਿਅਕ ਵਜੋਂ ਸਨਮਾਨਿਤ ਕੀਤਾ ਜਾਂਦਾ ਹੈ। ਮਿਥਿਹਾਸ ਵਿਚ ਯਮ ਦੇ ਚਾਰ ਅੱਖਾਂ ਵਾਲੇ ਪਹਿਰੇਦਾਰ, ਭੈਰਵ ਦੇ ਵਫ਼ਾਦਾਰ ਸਾਥੀ, ਦੱਤਾਤ੍ਰੇਅ ਦੇ ਚਾਰ ਕੁੱਤੇ ਵੇਦਾਂ ਦੇ ਪ੍ਰਤੀਕ ਵਜੋਂ ਦਿਖਾਈ ਦਿੰਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਭਗਵਾਨ ਕ੍ਰਿਸ਼ਨ ਕੋਲ ਦੋ ਪਾਲਤੂ ਕੁੱਤੇ, ਜਿਨ੍ਹਾਂ ਦੇ ਨਾਂ ਵਿਅਘਰਾ ਅਤੇ ਭਰਮਾਰਕਾ ਸਨ। ਇਸ ਤਰ੍ਹਾਂ ਇਹ ਕੁੱਤਿਆਂ ਤੇ ਮਨੁੱਖਾਂ ਵਿਚਕਾਰ ਡੂੰਘੇ ਅਧਿਆਤਮਿਕ ਤੇ ਸੱਭਿਆਚਾਰਕ ਰਿਸ਼ਤੇ ਨੂੰ ਉਜਾਗਰ ਕਰਦਾ ਹੈ। ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਦਿੱਲੀ ਦੀਆਂ ਸੜਕਾਂ ’ਤੇ ਇਹੋ ਜਿਹੇ ਪਸ਼ੂਆਂ ਨੂੰ ਉੱਥੋਂ ਹਟਾ ਕੇ ਕਿਸੇ ਦੁਰਾਡੀ ਥਾਂ ’ਤੇ ਭੇਜਿਆ ਜਾ ਰਿਹਾ ਹੈ। ਇਹ ਸਾਰਾ ਕਾਰਜ ਸਬੰਧਿਤ ਲੋਕਾਂ ਦੀ ਬਦਇੰਤਜ਼ਾਮੀ ਕਰਕੇ ਕਰਨਾ ਪੈ ਰਿਹਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਣਯੋਗ ਅਦਾਲਤ ਨੇ ਨਵਾਂ ਹੁਕਮ ਜਾਰੀ ਕਰ ਕੇ ਕੁੱਤਿਆਂ ਦੀ ਨਸਬੰਦੀ ਪਿੱਛੋਂ ਘਰ ਵਾਪਸੀ (ਦਿੱਲੀ ਦੀਆਂ ਸੜਕਾਂ ਉੱਤੇ) ਭੇਜਣ ਲਈ ਕਿਹਾ ਹੈ।
ਮੈਂ ਤੀਹ ਸਾਲਾਂ ਤੋਂ ਅਵਾਰਾ ਅਤੇ ਸਤਾਏ ਜਾ ਰਹੇ ਜਾਨਵਰਾਂ ਦੀ ਸਹਾਇਤਾ ਕਰਨ ਦਾ ਕਾਰਜ ਕਰ ਰਹੀ ਹਾਂ। ਇਨ੍ਹਾਂ ਵਰ੍ਹਿਆਂ ’ਚ ਅਜਿਹੇ ਜਾਨਵਰਾਂ ਨਾਲ ਮਨੁੱਖਾਂ ਵੱਲੋਂ ਬਹੁਤ ਬੇਰਹਿਮ ਢੰਗ ਨਾਲ ਜ਼ੁਲਮ ਕਰਨ ਦੀਆਂ ਉਦਾਹਰਨਾਂ ਵੇਖੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਵਿਆਖਿਆ ਇਸ ਤਰ੍ਹਾਂ ਹੈ ਕਿ ਕੂੜੇ ਦੇ ਡੱਬਿਆਂ ਵਿਚ ਛੱਡੇ ਗਏ ਕਤੂਰੇ, ਪਲਾਸਟਿਕ ਦੇ ਥੈਲਿਆਂ ਵਿਚ ਦਮ ਘੁੱਟਣ ਲਈ ਛੱਡੇ ਗਏ ਜਾਨਵਰਾਂ ਦੇ ਨਵਜੰਮੇ ਬੱਚੇ, ਤੇਜ਼ਾਬ ਨਾਲ ਸਾੜੇ ਗਏ ਕੁੱਤੇ, ਦੁੱਧ ਚੁੰਘਦੇ ਬੱਚਿਆਂ ਨੂੰ ਵੇਚਣ ਵਾਸਤੇ ਮਾਵਾਂ ਤੋਂ ਅਲੱਗ ਕੀਤਾ ਗਿਆ, ਭੋਜਨ ਅਤੇ ਪਾਣੀ ਤੋਂ ਬਿਨਾਂ ਛੋਟੇ ਪਿੰਜਰਿਆਂ ਵਿਚ ਬੰਦ ਕਰ ਕੇ ਕਾਰ ਵਿੱਚੋਂ ਬਾਹਰ ਵਗਾਹ ਮਾਰਨਾ, ਜਾਨਵਰਾਂ ਨਾਲ ਜਬਰ-ਜਨਾਹ, ਜਾਣਬੁੱਝ ਕੇ ਜਾਨਵਰਾਂ ਦੇ ਅੰਗ ਤੋੜਨਾ ਤੇ ਇਕ ਮਾਂ ਅਜਿਹੀ ਮਿਲੀ, ਜਿਸ ਦਾ ਪੇਟ ਕੱਟਿਆ ਹੋਇਆ ਸੀ। ਇਹ ਇਕੱਲੀਆਂ ਘਟਨਾਵਾਂ ਨਹੀਂ ਹਨ, ਇਹ ਰੋਜ਼ਮਰ੍ਹਾ ਦੀਆਂ ਭਿਆਨਕ ਘਟਨਾਵਾਂ ਹਨ, ਜੋ ਸਬੰਧਤ ਲੋਕਾਂ ਦੀ ਵੱਡੀ ਨੈਤਿਕ ਅਸਫਲਤਾ ਅਤੇ ਬੇਰਹਿਮ ਵਤੀਰੇ ਨੂੰ ਪ੍ਰਗਟ ਕਰਦੀਆਂ ਹਨ।
ਅਸੀਂ ਇਸ ਧਰਤੀ (ਗ੍ਰਹਿ) ਨੂੰ ਜਾਨਵਰਾਂ ਨਾਲ ਸਾਂਝੀ ਕਰਦੇ ਹਾਂ। ਇਕੱਠੇ ਰਹਿਣਾ ਹੀ ਇੱਕੋ-ਇਕ ਬਦਲ ਨਹੀਂ ਹੈ ਸਗੋਂ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਅਵਾਰਾ ਕੁੱਤਿਆਂ ਦੁਆਰਾ ਵੱਢਣ ਜਾਂ ਰੇਬੀਜ਼ ਵਾਸਤੇ ਉਨ੍ਹਾਂ ਨੂੰ ਅਕਸਰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਮੇਰੇ ਵਿਚਾਰ ’ਚ ਇਹ ਘਟਨਾਵਾਂ ਬਹੁਤ ਗੰਭੀਰ ਹਨ ਤੇ ਪ੍ਰਭਾਵਿਤ ਲੋਕਾਂ ਨਾਲ ਦਿਲੀ ਹਮਦਰਦੀ ਹੈ। ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਕਿਉਂਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ। ਅਸਲ ਹੱਲ ਕੁੱਤਿਆਂ ਦੀ ਸਹੀ ਦੇਖਭਾਲ, ਵਿਆਪਕ ਨਸਬੰਦੀ ਅਤੇ ਟੀਕਾਕਰਨ ਵਿਚ ਹੈ। ਲੋਕਾਂ ਨੂੰ ਰੇਬੀਜ਼ ਦੇ ਟੀਕੇ ਲਗਵਾਉਣ, ਰੋਕਥਾਮ ਦੇ ਉਪਾਅ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਮਨੁੱਖਾਂ ਤੇ ਜਾਨਵਰਾਂ ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਮੂਲ ਕਾਰਨਾਂ ਵੱਲ ਧਿਆਨ ਦੇਣ ਨਾਲ ਕੁੱਤਿਆਂ ਵੱਲੋਂ ਵੱਢਣ ਦੀਆਂ ਘਟਨਾਵਾਂ ਤੇ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਪਰ ਅਜਿਹਾ ਨਾ ਕਰਕੇ ਨਿਰਦੋਸ਼ ਜਾਨਵਰਾਂ ਨੂੰ ਕਸੂਰਵਾਰ ਠਹਿਰਾ ਕੇ ਭਿਆਨਕ ਸਜ਼ਾਵਾਂ ਮਨੁੱਖਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ।
ਕਾਨੂੰਨ ਦੁਆਰਾ ਇਹ ਨਿਰਧਾਰਤ ਹੋਣਾ ਚਾਹੀਦਾ ਹੈ ਕਿ ਪਸ਼ੂ ਜਨਮ ਨਿਯੰਤਰਨ ਪ੍ਰੋਗਰਾਮ ਨੂੰ ਪਹਿਲ ਦਿੱਤੀ ਜਾਵੇ। ਇਸ ਵਾਸਤੇ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਹਾਲਾਤ ਪ੍ਰਤੱਖ ਹੋਏ ਹਨ ਕਿ ਦਿੱਲੀ ਵਿਚ ਅਜਿਹੇ ਪ੍ਰੋਗਰਾਮਾਂ ਨੂੰ ਅਕੁਸ਼ਲਤਾ, ਨਿਗਰਾਨੀ ਦੀ ਕਮੀ ਅਤੇ ਸੀਮਤ ਸਰੋਤਾਂ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਊਟਸੋਰਸਡ ਪ੍ਰੋਗਰਾਮਾਂ ਵਿਚ ਅਕਸਰ ਸਹੀ ਪ੍ਰਬੰਧਨ ਦੀ ਘਾਟ ਹੁੰਦੀ ਹੈ। ਇੱਥੇ ਸ਼ੈਲਟਰਜ਼ (ਆਸਰਾ ਗ੍ਰਹਿ) ਮੋਬਾਈਲ ਟੀਮਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। ਸਰਕਾਰ ਵੱਲੋਂ ਨਿਰਧਾਰਤ ਕੁੱਤਿਆਂ ਦਾ ਟੀਕਾਕਰਨ ਅਤੇ ਜਨਮ ਨਿਯੰਤਰਨ ਪ੍ਰੋਗਰਾਮਾਂ ਵੱਲ ਸਬੰਧਿਤ ਵਿਭਾਗ ਵੱਲੋਂ ਧਿਆਨ ਦੇਣਾ ਜ਼ਰੂਰੀ ਹੈ। ਜਦ ਅਜਿਹੇ ਯੋਗ ਕਾਰਜ ਨਹੀਂ ਕੀਤੇ ਜਾਂਦੇ ਤਾਂ ਇਸ ਵਾਸਤੇ ਸਿਸਟਮ ਦੀ ਜਗ੍ਹਾ ਜਾਨਵਰਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ।
ਦਿੱਲੀ ਵਿਚ ਦਸ ਲੱਖ ਅਵਾਰਾ ਕੁੱਤੇ ਹਨ, ਇਹਨਾਂ ਨੂੰ ਇੱਥੋਂ ਦੀਆਂ ਗਲੀਆਂ ਵਿੱਚੋਂ ਹਟਾਉਣਾ ਵਾਜਬ ਹੱਲ ਨਹੀਂ ਹੈ। ਅਵਾਰਾ ਕੁੱਤੇ ਸ਼ਹਿਰੀ ਪਰਿਆਵਰਣ ਪ੍ਰਣਾਲੀ ਦਾ ਅਹਿਮ ਹਿੱਸਾ ਹਨ। ਉਹ ਚੂਹਿਆਂ ਨੂੰ ਕੰਟਰੋਲ ਵਿਚ ਰੱਖ ਕੇ ਸੰਤੁਲਨ ਬਣਾਈ ਰੱਖਣ ’ਚ ਸਹਾਇਤਾ ਕਰਦੇ ਹਨ। ਇਹ ਸਰਪ੍ਰਸਤ ਭਾਈਚਾਰਿਆਂ ਨੂੰ ਸੰਭਾਵੀ ਖ਼ਤਰਿਆਂ ਪ੍ਰਤੀ ਸੁਚੇਤ ਕਰਦੇ ਹਨ। ਸਹੀ ਦੇਖਭਾਲ ਦੇ ਬਿਨਾਂ ਕੁੱਤਿਆਂ ਨੂੰ ਸ਼ਹਿਰ ਦੀਆਂ ਗਲੀਆਂ ਵਿੱਚੋਂ ਕਿਤੇ ਦੂਰ ਛੱਡ ਆਉਣਾ ਸਹੀ ਬਦਲ ਨਹੀਂ ਹੈ। ਕੂੜਾ ਅਤੇ ਕੀੜੇ ਇਕੱਠੇ ਹੋ ਸਕਦੇ ਹਨ, ਜੋ ਲੋਕਾਂ ਦੀ ਸਿਹਤ ਦੇ ਜੋਖ਼ਮ ਨੂੰ ਵਧਾਉਂਦੇ ਹਨ। ਅਵਾਰਾ ਕੁੱਤੇ ਆਪਣੇ ਬਚਾਓ ਵਾਸਤੇ ਹੀ ਸਾਰੇ ਕਾਰਜ ਕਰਦੇ ਹਨ। ਜਦ ਉਨ੍ਹਾਂ ਨੂੰ ਭੁੱਖ ਲਗਦੀ ਹੈ ਤਾਂ ਉਨ੍ਹਾਂ ਨੂੰ ਸਹੀ ਖਾਣਾ ਮੁਹੱਈਆ ਨਾ ਹੋਣ ਕਰਕੇ ਉਹ ਅਕਸਰ ਕੂੜੇ ਵਿੱਚੋਂ ਆਪਣੀ ਖ਼ੁਰਾਕ ਲੱਭਦੇ ਹਨ, ਇਹ ਸ਼ਹਿਰੀ ਜ਼ਿੰਦਗੀ ਦੀ ਅਸਲੀਅਤ ਦਾ ਹਿੱਸਾ ਹੈ।
ਸਬੰਧਿਤ ਅਧਿਕਾਰੀਆਂ ਨੇ ਅਵਾਰਾ ਕੁੱਤਿਆਂ ਨੂੰ ਫੜਨ ਅਤੇ ਸ਼ੈਲਟਰਾਂ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਨੂੰ ਦਸ ਲੱਖ ਕੁੱਤਿਆਂ ਦੇ ਰੈਣ-ਬਸੇਰੇ ਵਾਸਤੇ ਪਹਿਲਾਂ ਕਾਫ਼ੀ ਸ਼ੈਲਟਰ ਬਣਾਉਣੇ ਚਾਹੀਦੇ ਹਨ। ਇਸ ਸ਼ਹਿਰ ਦੇ ਕੁੱਤਿਆਂ ਦੀ ਭਲਾਈ ਵਾਸਤੇ ਅਸਲ ਕੰਮ ਐੱਨਜੀਓਜ਼ ਦੇ ਵਲੰਟੀਅਰਾਂ, ਨਿੱਜੀ ਤੌਰ ’ਤੇ ਬਚਾਓ ਕਾਰਜ ਕਰਨ ਵਾਲੇ ਕਾਮਿਆਂ ਅਤੇ ਫੀਡਰਾਂ ਵੱਲੋਂ ਕੀਤਾ ਜਾਂਦਾ ਹੈ। ਬਹੁਤ ਸਾਰੇ ਕੁੱਤਿਆਂ ਦੇ ਭੋਜਨ ਦਾ ਪ੍ਰਬੰਧ ਕਰਨ, ਟੀਕਾਕਰਨ, ਨਸਬੰਦੀ ਕਰਨ ਅਤੇ ਬਚਾਓ ਕਾਰਜਾਂ ਲਈ ਅਜਿਹੇ ਵਲੰਟੀਅਰ ਆਪਣੇ ਕੋਲੋਂ ਰਕਮ ਖ਼ਰਚ ਕਰਦੇ ਹਨ। ਅਜਿਹੀਆਂ ਕੋਸ਼ਿਸ਼ਾਂ ਰਾਹੀਂ ਪਤਾ ਲੱਗਦਾ ਹੈ ਕਿ ਜਾਨਵਰਾਂ ਪ੍ਰਤੀ ਲਗਾਓ, ਹਮਦਰਦੀ ਅਤੇ ਪਿਆਰ ਕਰਕੇ ਬਹੁਤ ਕੁਝ ਸੰਭਵ ਹੈ। ਵਲੰਟੀਅਰਾਂ ਦੇ ਵਸੀਹ ਕੰਮ ਦੇ ਬਾਵਜੂਦ ਅਵਾਰਾ ਕੁੱਤਿਆਂ ਨੂੰ ਅਜੇ ਵੀ ਉਨ੍ਹਾਂ ਦੀ ਦੇਭਾਲ ਵਾਸਤੇ ਉਚਿਤ ਪ੍ਰਣਾਲੀ ਦੀ ਜ਼ਰੂਰਤ ਹੈ। ਭਾਰਤ ਦੇ ਕਈ ਸ਼ਹਿਰਾਂ ਨੇ ਕੁੱਤਿਆਂ ਦੀ ਭਲਾਈ ਵਾਸਤੇ ਪ੍ਰੋਗਰਾਮ ਸ਼ੁਰੂ ਕਰ ਕੇ ਉਨ੍ਹਾਂ ਰਾਹੀਂ ਕੰਮ ਕਰਨ ਵਾਲੀਆਂ ਟੀਮਾਂ ਰਾਹੀਂ ਸਮੱਸਿਆ ਦਾ ਹੱਲ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਚੇਨਈ ਨੇ ਟੀਕਾਕਰਨ ਮੁਹਿੰਮਾਂ ਸ਼ੁਰੂ ਕਰ ਕੇ ਰੇਬੀਜ਼ ਰਾਹੀਂ ਸਾਲ ਵਿਚ ਹੋਣ ਵਾਲੀਆਂ ਮੌਤਾਂ ਨੂੰ 120 ਤੋਂ ਘਟਾ ਕੇ ਸਿਫ਼ਰ ’ਤੇ ਲੈ ਆਂਦਾ ਹੈ। ਜੈਪੁਰ ਅਤੇ ਗੋਆ ਨੇ ਨਾਟਕੀ ਢੰਗ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਤੇ ਉਨ੍ਹਾਂ ਰਾਹੀਂ ਵੱਢਣ ਦੀਆਂ ਘਟਨਾਵਾਂ ਨੂੰ ਘਟਾਇਆ ਹੈ। ਲਖਨਊ ਅਤੇ ਵਡੋਦਰਾ ਨੇ ਆਪਣੇ ਆਪਣੇ ਸ਼ਹਿਰਾਂ ਵਿਚ 80 ਫ਼ੀਸਦੀ ਕੁੱਤਿਆਂ ਦੀ ਨਸਬੰਦੀ ਕੀਤੀ ਹੈ। ਮੁੰਬਈ ਜੋ ਕਿਸੇ ਸਮੇਂ ਬੇਕਾਬੂ ਅਵਾਰਾ ਕੁੱਤਿਆਂ ਦੀ ਅਬਾਦੀ ਨਾਲ ਜੂਝ ਰਿਹਾ ਸੀ, ਇਸ ਸ਼ਹਿਰ ਨੇ ਜਦੋਂ ਨਸਬੰਦੀ ਤੇ ਟੀਕਾਕਰਨ ਦੀ ਮੁਹਿੰਮ ਚਲਾਈ ਤਾਂ ਸਬੰਧਿਤ ਸਮੱਸਿਆ ਨੂੰ ਹੱਲ ਕਰਨ ਵਿਚ ਸਫਲ ਹੋਇਆ।
ਅਵਾਰਾ ਕੁੱਤੇ ਮਨੁੱਖ ਦੀ ਮੁੱਲਵਾਨ ਸਹਾਇਤਾ ਕਰਦੇ ਹਨ। ਉਹ ਸ਼ਹਿਰ ਦੀਆਂ ਗਲੀਆਂ ਦੇ ਸਰਪ੍ਰਸਤ ਵਜੋਂ ਆਂਢ-ਗੁਆਂਢ ਨੂੰ ਸੁਰੱਖਿਅਤ ਅਤੇ ਸੰਤੁਲਤ ਰੱਖਣ ਵਿਚ ਮਦਦ ਕਰਦੇ ਹਨ। ਉਹ ਲੋਕਾਂ ਨੂੰ ਦੋਸਤੀ ਦੀ ਪੇਸ਼ਕਸ਼ ਕਰਦੇ ਹਨ, ਜੋ ਪਾਲਤੂ ਜਾਨਵਰਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਤਰ੍ਹਾਂ ਉਹ ਆਲੇ-ਦੁਆਲੇ ਵਿੱਚ ਭਾਈਚਾਰਕ ਸ਼ਮੂਲੀਅਤ ਨੂੰ ਪ੍ਰੇਰਿਤ ਕਰਦੇ ਹਨ। ਉਹ ਸਾਨੂੰ ਹਮਦਰਦੀ ਵਿਖਾਉਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਸਾਡੇ ਫ਼ਰਜ਼ਾਂ ਦੀ ਯਾਦ ਦੁਆਉਂਦੇ ਹਨ। ਉਹ ਸਾਡੇ ਸਾਂਝੇ ਮਿਥਿਹਾਸ, ਇਤਿਹਾਸ ਦੀ ਧਰੋਹਰ ਅਤੇ ਵਰਤਮਾਨ ਦੇ ਨਾਲ ਭਵਿੱਖ ਦਾ ਹਿੱਸਾ ਬਣ ਕੇ ਵਿਚਰਦੇ ਹਨ।
ਭਾਰਤ ਕੋਲ ਸਭ ਕੁਝ ਠੀਕ ਕਰਨ ਵਾਸਤੇ ਸਰੋਤ ਹਨ। ਉਹ ਇਨ੍ਹਾਂ ਨੂੰ ਵਰਤ ਕੇ ਸਮੂਹਿਕ ਨਸਬੰਦੀ, ਸਮੂਹਿਕ ਟੀਕਾਕਰਨ, ਗ਼ੈਰ ਕਾਨੂੰਨੀ ਬਰੀਡਰਾਂ ਅਤੇ ਪਾਲਤੂ ਜਾਨਵਰ ਵੇਚਣ ਵਾਲੀਆਂ ਦੁਕਾਨਾਂ ਨੂੰ ਬੰਦ ਕਰਨ ਅਤੇ ਲੋੜ ਮੁਤਾਬਕ ਯੋਗ ਸ਼ੈਲਟਰਾਂ ਦਾ ਪ੍ਰਬੰਧ ਕਰਨ ਅਤੇ ਗਲੀਆਂ ਦੇ ਅਵਾਰਾ ਕੁੱਤਿਆਂ ਨੂੰ ਲੋਕਾਂ ਵੱਲੋਂ ਗੋਦ ਲੈਣ ਵਾਸਤੇ ਉਤਸ਼ਾਹਿਤ ਕਰਨ ਨਾਲ ਇਸ ਸਮੱਸਿਆ ਨੂੰ ਬਹੁਤ ਸੌਖੀ ਤਰ੍ਹਾਂ ਸੁਲਝਾ ਸਕਦਾ ਹੈ। ਇਸ ਨਾਲ ਦੇਸ਼ ਵਿਸ਼ਵ ਪੱਧਰ ’ਤੇ ਜਾਨਵਰਾਂ ਪ੍ਰਤੀ ਮਿੱਤਰਤਾ ਤੇ ਹਮਦਰਦੀ ਰੱਖਣ ਅਤੇ ਉਨ੍ਹਾਂ ਦਾ ਰੱਖਿਅਕ ਬਣ ਕੇ ਸਨਮਾਨ ਪਾਵੇਗਾ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਵਿਚਾਰ ਅਨੁਸਾਰ ਕਿਸੇ ਦੇਸ਼ ਦੀ ਮਹਾਨਤਾ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਉਹ ਆਪਣੇ ਜਾਨਵਰਾਂ ਪ੍ਰਤੀ ਕਿੰਨਾ ਦਿਆਲੂ ਹੈ।
- ਚੀਕੂ ਸਿੰਘ
(ਅੰਗਰੇਜ਼ੀ ਤੋਂ ਅਨੁਵਾਦ: ਡਾ. ਅਮਰ ਜਿਉਤੀ)