ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇਕ ਸ਼ਾਖਾ ਹੈ। ਜਿਸ ਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਦੇ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ। ਸੌਖੇ ਸ਼ਬਦਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਇਕ ਮਸ਼ੀਨ ਦੁਆਰਾ ਸੂਝਵਾਨ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਸਮਰੱਥਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਖੋਜ ਜਾਨ ਮੈਕਕਾਰਥੀ ਨੇ 1950 ਵਿਚ ਕੀਤੀ ਸੀ।

ਆਰਟੀਫੀਸ਼ਲ ਇੰਟੈਲੀਜੈਂਸ ਦੀ ਲੋੜ

ਆਰਟੀਫੀਸ਼ੀਅਲ ਇੰਟੈਲੀਜੈਂਸ ਅਧੀਨ ਮਸ਼ੀਨਾਂ ਵੱਲੋਂ ਮਨੁੱਖੀ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਪ੍ਰਕਿਰਿਆਵਾਂ ਵਿਚ ਸਿਖਲਾਈ, ਤਰਕ ਅਤੇ ਸਵੈ-ਸੁਧਾਰ ਸ਼ਾਮਲ ਹਨ। ਮਨੁੱਖ ਤੇ ਕੰਮ ਦਾ ਬੋਝ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਇਸ ਲਈ ਰੋਜ਼ਾਨਾ ਦੇ ਕੰਮ ਨੂੰ ਸਵੈਚਾਲਿਤ ਕਰਨਾ ਵਧੀਆ ਵਿਚਾਰ ਹੈ। ਇਹ ਸੰਗਠਨ ਦੀ ਮਨੁੱਖ ਸ਼ਕਤੀ ਨੂੰ ਬਚਾਉਂਦਾ ਅਤੇ ਉਤਪਾਦਕਤਾ ਨੂੰ ਵਧਾਉਂਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਕੰਪਨੀ ਹੁਨਰਮੰਦ ਵਿਅਕਤੀਆਂ ਨੂੰ ਕੰਪਨੀ ਦੇ ਵਿਕਾਸ ਲਈ ਪ੍ਰਾਪਤ ਕਰ ਸਕਦੀ ਹੈ। ਕੰਪਨੀਆਂ ਸਾਰੇ ਨਿਯਮਤ ਅਤੇ ਰੋਜ਼ਾਨਾ ਦੇ ਕੰਮ ਮਸ਼ੀਨਾਂ ਦੇ ਨਾਲ ਕਰਨਾ ਚਾਹੁੰਦੀਆਂ ਹਨ। ਇਸ ਲਈ ਕੰਪਨੀਆਂ ਵਿਚ ਮਨੁੱਖਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ। ਇਹ ਮਸ਼ੀਨਾਂ ਸਧਾਰਨ ਪ੍ਰੋਗਰਾਮਾਂ ਦੁਆਰਾ ਨਿਯਮਤ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਸਵੈਚਾਲਿਤ ਕਰਦੀਆਂ ਹਨ।

ਡਾਟਾ ਸਾਇੰਸ ਦੇ ਵਿਕਾਸ ਨਾਲ ਸਵੈਚਾਲਨ ਵਧੇਰੇ ਆਮ ਹੋ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨ ਦੀ ਇਕ ਉਦਾਹਰਣ ਚੈਟ ਪੋਰਟਲ ਹਨ ਜਿਨ੍ਹਾਂ ਨੂੰ ਵੈਬਸਾਈਟਾਂ 'ਤੇ ਦੇਖਿਆ ਜਾ ਸਕਦਾ ਹੈ ਇਨ੍ਹਾਂ ਦੇ ਵਿਚ ਪਹਿਲਾਂ ਸਵਾਗਤ ਸੰਦੇਸ਼ ਆਉਂਦਾ ਹੈ ਫਿਰ ਅਸਲ ਗੱਲਬਾਤ ਸ਼ੁਰੂ ਹੁੰਦੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੰਟੈਲੀਜੈਂਟ ਸਿਸਟਮ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਖ਼ਤਰੇ ਅਤੇ ਡਾਟਾ ਉਲੰਘਣਾ ਦੀ ਪਛਾਣ ਕਰਦਾ ਤੇ ਸੁਰੱਖਿਆ ਦੇ ਨਾਲ ਜੁੜੇ ਮੁੱਦਿਆਂ ਨੂੰ ਹਲ ਕਰਨ ਦੇ ਵਿਚ ਸਹਾਇਤਾ ਕਰਦਾ ਹੈ। *ਮਸ਼ੀਨ ਲਰਨਿੰਗ ਐਲਗੋਰਿਦਮ ਅਤੇ ਮਾਡਲ ਦੀ ਮਦਦ ਨਾਲ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ ਦੀ ਪਛਾਣ ਅਤੇ ਇਸ ਸਬੰਧੀ ਭਵਿੱਖਬਾਣੀ ਕਰਨ ਵਿਚ ਮਦਦ ਮਿਲਦੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਅਲੈਕਸਾ ਅਤੇ ਕੋਰਟਾਣਾ ਜਿਹੇ ਵਰਚੁਅਲ ਡਿਜੀਟਲ ਸਹਾਇਕ ਦਾ ਨਿਰਮਾਣ ਕਰਨਾ ਸੰਭਵ ਹੋ ਸਕਿਆ ਹੈ ਜੋ ਸਾਡੀ ਪੁੱਛਗਿੱਛ ਦਾ ਜੁਆਬ ਦਿੰਦੇ ਹਨ। ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਵਰਗੇ ਸੋਸ਼ਲ ਮੀਡੀਆ ਚੈਨਲ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਹੁੰਦੇ ਹਨ। ਬਹੁਤ ਸਾਰੀਆਂ ਕੰਪਨੀਆਂ ਵੱਲੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਡਾਟਾ ਇਕੱਠਾ ਕਰਦੀਆਂ ਹਨ ਅਤੇ ਇਸ ਡਾਟੇ ਦਾ ਪ੍ਰਯੋਗ ਉਹ ਮਾਰਕੀਟਿੰਗ ਦੇ ਫ਼ੈਸਲਿਆਂ, ਪਹਿਲਕਦਮੀਆਂ ਨੂੰ ਚਲਾਉਣ ਅਤੇ ਸੰਚਾਲਨ ਕਰਨ ਤੇ ਗਾਹਕ ਸੇਵਾ ਨੂੰ ਬਿਹਤਰ ਬਣਾਉਣ ਲਈ ਕਰਦੀਆਂ ਹਨ। ਸਮੱਗਰੀ ਨੂੰ ਬਣਾਉਣ ਤੋਂ ਲੈ ਕੇ ਗਾਹਕ ਨੂੰ ਸੇਵਾ ਦੇਣ ਤਕ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀਆਂ ਦੀ ਮਦਦ ਕਰਦੀ ਹੈ। ਇਹ ਕੰਪਨੀਆਂ ਨੂੰ ਪਹਿਲਾਂ ਤੋਂ ਚੰਗੇ ਉਤਪਾਦਾਂ ਅਤੇ ਸੇਵਾਵਾਂ ਨੂੰ ਡਿਜ਼ਾਈਨ ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ। ਅਗਲੇ ਸ਼ੋਅ ਜਾਂ ਗਾਣੇ ਨੂੰ ਸੁਣਨ ਲਈ ਨੈੱਟਫਲਿਕਸ ਅਤੇ ਸਪੋਟੀਫਾਈ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਸਿਫਾਰਸ਼ ਇੰਜਣ ਸਾਡੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿਚ ਸਹਾਇਤਾ ਕਰਦੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੁਣ

- ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਗ਼ਲਤੀ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਕਿਉਂਕਿ ਸਾਰਾ ਕੰਮ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪ੍ਰੋਗਰਾਮ ਕੀਤਾ ਜਾਂਦਾ ਜਿਸ ਨਾਲ ਗ਼ਲਤੀਆਂ ਘੱਟ ਹੁੰਦੀਆਂ ਹਨ ਅਤੇ ਸਹੀ ਨਤੀਜਿਆਂ 'ਤੇ ਪਹੁੰਚਿਆ ਜਾ ਸਕਦਾ ਹੈ।

- ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋਖ਼ਮ ਵਾਲੇ ਕੰਮ ਕਰਨੇ ਬਹੁਤ ਆਸਾਨ ਹੋ ਗਏ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਬਣਾਏ ਗਏ ਰੋਬਟ ਕਈ ਤਰ੍ਹਾਂ ਦੇ ਜੋਖਮ ਭਰੇ ਕੰਮ ਜਿਵੇਂ ਕਿ ਬੰਬ ਨੂੰ ਅਸਫਲ ਬਣਾਉਣਾ, ਸਮੁੰਦਰਾਂ ਦੇ ਡੂੰਘੇ ਹਿੱਸੇ ਦੀ ਪੜਤਾਲ ਕਰਨਾ, ਕੋਲੇ ਅਤੇ ਤੇਲ ਦੀ ਮਾਈਨਿੰਗ ਆਦਿ ਕਰਦੇ ਹਨ।

- ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋ ਕਰ ਕੇ ਬਣਾਈਆਂ ਮਸ਼ੀਨਾਂ ਬਿਨਾਂ ਕਿਸੇ ਬਰੇਕ ਅਤੇ ਬੋਰ ਹੋਏ ਲਗਾਤਾਰ ਕੰਮ ਕਰਦੀਆਂ ਹਨ ਜਿਸ ਨਾਲ ਕੰਮ ਛੇਤੀ ਖ਼ਤਮ ਹੋ ਜਾਂਦਾ ਹੈ।

- ਮਨੁੱਖਾਂ ਨੂੰ ਇਕੋ ਤਰ੍ਹਾਂ ਦੇ ਕੰਮ ਹਰ ਦਿਨ ਕਰਨੇ ਪੈਂਦੇ ਹਨ ਜਿਵੇਂ ਕਿ ਧੰਨਵਾਦ ਲਈ ਈਮੇਲ ਭੇਜਣਾ, ਗ਼ਲਤੀਆਂ ਲੱਭਣ ਲਈ ਦਸਤਾਵੇਜ਼ਾਂ ਦੀ ਪੜਤਾਲ ਕਰਨਾ ਆਦਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਆਉਣ ਨਾਲ ਮਨੁੱਖਾਂ ਨੂੰ ਇਨ੍ਹਾਂ ਕੰਮਾਂ ਤੋਂ ਮੁਕਤੀ ਮਿਲੀ ਹੈ।

- ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਡਿਜੀਟਲ ਸਹਾਇਕ ਯੂਜ਼ਰ ਦੀਆਂ ਲੋੜਾਂ ਨੂੰ ਸਮਝ ਕੇ ਉਸਦੀ ਮਦਦ ਕਰਦੇ ਹਨ ਜਿਸ ਨਾਲ ਮਨੁੱਖੀ ਸ਼ਕਤੀ ਦੀ ਬਚਤ ਹੁੰਦੀ ਹੈ।

- ਮਸ਼ੀਨਾਂ ਮਨੁੱਖਾਂ ਦੇ ਮੁਕਾਬਲੇ ਛੇਤੀ ਫ਼ੈਸਲਾ ਕਰਦੀਆਂ ਹਨ ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ।

- ਆਰਟੀਫੀਸ਼ੀਅਲ ਇੰਟੈਲੀਜੈਂਸ ਹਰ ਖੇਤਰ ਵਿਚ ਨਵੀਆਂ ਖੋਜਾਂ ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ ਜਿਸ ਨਾਲ ਮਨੁੱਖ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਮਿਲਦੀ ਹੈ।

- ਅੰਮ੍ਰਿਤਬੀਰ ਸਿੰਘ

Posted By: Harjinder Sodhi