ਅੱਜ 11 ਅਗਸਤ ਹੈ, ਸੰਨ 1908 'ਚ ਇਹ ਤਰੀਕ ਜੰਗ-ਏ-ਆਜ਼ਦੀ ਦੇ ਇਤਿਹਾਸ ਦਾ ਇਕ ਹੋਰ ਕਾਲਾ ਸਫ਼ਾ ਹੋ ਨਿਬੜੀ ਸੀ। ਇਸ ਦਿਨ ਮਹਾਨ ਕ੍ਰਾਂਤੀਕਾਰੀ ਖੁਦੀ ਰਾਮ ਬੋਸ ਨੂੰ ਫ਼ਾਂਸੀ ਦਿੱਤੀ ਗਈ ਸੀ।

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਅੱਜ 11 ਅਗਸਤ ਹੈ, ਸੰਨ 1908 'ਚ ਇਹ ਤਰੀਕ ਜੰਗ-ਏ-ਆਜ਼ਾਦੀ ਦੇ ਇਤਿਹਾਸ ਦਾ ਇਕ ਹੋਰ ਕਾਲਾ ਸਫ਼ਾ ਹੋ ਨਿਬੜੀ ਸੀ। ਇਸ ਦਿਨ ਮਹਾਨ ਕ੍ਰਾਂਤੀਕਾਰੀ ਖੁਦੀ ਰਾਮ ਬੋਸ ਨੂੰ ਫ਼ਾਂਸੀ ਦਿੱਤੀ ਗਈ ਸੀ। ਸਿਰਫ਼ 16 ਸਾਲਾਂ ਦੀ ਉਮਰ 'ਚ ਬੰਬ ਬਣਾਉਣ ਦੀ ਕਲਾ ਸਿੱਖਣ ਵਾਲੇ ਖੁਦੀ ਰਾਮ ਬੋਸ ਨੇ ਮਹਿਜ਼ 18 ਸਾਲ 8 ਮਹੀਨੇ ਦੀ ਉਮਰ ਵਿਚ ਸ਼ਹੀਦੀ ਦਾ ਜਾਮ ਪੀ ਲਿਆ ਸੀ। ਇਹ ਦੌਰ ਸੀ ਜਦੋਂ ਭਾਰਤ ਬ੍ਰਿਟਿਸ਼ ਸਰਕਾਰ ਦੀ ਗੁਲਾਮੀ ਦਾ ਮੰਦਭਾਗਾ ਸੰਤਾਪ ਹੰਢਾ ਰਿਹਾ ਸੀ ਤੇ ਇਸ ਅੱਤਿਆਚਾਰ 'ਚੋਂ ਅਨੇਕਾਂ ਦੇਸ਼ ਭਗਤ ਪੈਦਾ ਹੋਏ, ਜਿਨ੍ਹਾਂ ਨੇ ਕਦੇ ਵੀ ਸੂਰਜ ਅਸਤ ਨਾ ਹੋਣ ਦੇਣ ਦਾ ਦਾਅਵਾ ਕਰਨ ਵਾਲੀ ਅੰਗਰੇਜ਼ੀ ਸਰਕਾਰ ਦੀ ਨੀਂਦ ਉਡਾ ਕੇ ਰੱਖ ਦਿੱਤੀ ਸੀ।
ਖੁਦੀ ਰਾਮ ਬੋਸ ਦਾ ਨਾਂ ਇਨ੍ਹਾਂ ਹੀ ਕ੍ਰਾਂਤੀਕਾਰੀਆਂ 'ਚ ਬੜੇ ਅਦਬ ਨਾਲ ਲਿਆ ਜਾਂਦਾ ਹੈ। ਸ਼ਹੀਦ ਬੋਸ ਨੂੰ 16 ਸਾਲ ਦੀ ਉਮਰ ਤੋਂ ਹੀ ਬੰਬਾਂ ਨਾਲ ਖੇਡਣ ਦਾ ਸ਼ੌਕ ਸੀ, ਮਿਦਨਾਪੁਰ ਕਾਲਜੀਏਟ ਸਕੂਲ ਵਿਚ ਉਹ ਆਪਣੇ ਅਧਿਆਪਕ ਹੇਮ ਚੰਦਰ ਨੂੰ ਅਕਸਰ ਪੁੱਛਦੇ ਹੁੰਦੇ ਸਨ ਕਿ ਰਿਵਾਲਵਰ ਕਿਵੇ ਬਣਦਾ ਹੈ। 1905 'ਚ ਬੰਗਾਲ ਦੀ ਵੰਡ ਦੇ ਵਿਰੋਧ 'ਚ ਵੀ ਉਨ੍ਹਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
ਸ਼ਹੀਦ 'ਬੋਸ' ਦਾ ਜਨਮ 3 ਦਸੰਬਰ 1889 ਨੂੰ ਹਬੀਬਪੁਰ ਈਸਟ ਬੰਗਾਲ (ਹੁਣ ਬੰਗਲਾਦੇਸ਼) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਤ੍ਰਿਲੋਕ ਨਾਥ ਤਹਿਸੀਲਦਾਰ ਸਨ। 6 ਸਾਲ ਦੀ ਉਮਰ ਵਿਚ ਮਾਂ ਤੇ ਇਕ ਸਾਲ ਦੀ ਉਮਰ 'ਚ ਉਨ੍ਹਾਂ ਦੇ ਪਿਤਾ ਵੀ ਚੱਲ ਵਸੇ। ਉਨ੍ਹਾਂ ਦਾ ਪਾਲਣ-ਪੋਸ਼ਣ ਭੈਣ ਅਪਾਰੂਮਾ ਰਾਏ ਨੇ ਕੀਤਾ ਤੇ ਉਨ੍ਹਾਂ ਨੂੰ ਪੜ੍ਹਾਇਆ-ਲਿਖਾਇਆ ਵੀ। ਬਾਲ ਉਮਰ ਤੋਂ ਹੀ ਬੋਸ ਅਰਵਿੰਦੋ ਘੋਸ਼ ਤੋਂ ਬਹੁਤ ਪ੍ਰਭਾਵਿਤ ਸਨ ਤੇ 15 ਸਾਲਾਂ ਦੀ ਉਮਰ ਵਿਚ ਹੀ ਉਨ੍ਹਾਂ ਨੇ ਪੂਰੀ ਤਰ੍ਹਾਂ ਸਰਗਰਮ ਮੈਂਬਰ ਵਜੋਂ ਕ੍ਰਾਂਤੀਕਾਰੀ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ-ਪਹਿਲ ਉਹ ਕ੍ਰਾਂਤੀਕਾਰੀਆਂ ਦੇ ਪੰਫਲੇਟ ਵੰਡਣੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ 'ਤੇ ਦੇਸ਼ ਭਗਤ ਬਣਨ ਤੇ ਹੱਕਾਂ ਲਈ ਆਵਾਜ਼ ਉਠਾਉਣ ਵਰਗੇ ਨਾਅਰੇ ਲਿਖੇ ਹੁੰਦੇ ਸਨ। ਇਸ ਜੁਰਮ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਉਮਰ ਘੱਟ ਹੋਣ ਕਾਰਨ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਜਦੋਂ ਛੋਟੀ ਉਮਰ 'ਚ ਹੀ ਉਨ੍ਹਾਂ ਨੇ ਬੰਬ ਬਣਾਉਣਾ ਸਿਖ ਲਿਆ ਸੀ ਤਾਂ ਪੂਰੀ ਬ੍ਰਿਟਿਸ਼ ਸਰਕਾਰ ਦਾ ਧਿਆਨ ਇਸ ਵੱਲ ਖਿੱਚਿਆ ਗਿਆ। ਬ੍ਰਿਟਿਸ਼ ਸਰਕਾਰ ਦੇ ਅੱਤਿਆਚਾਰ ਬਹੁਤ ਜ਼ਿਆਦਾ ਵੱਧ ਗਏ ਸਨ ਤੇ ਕ੍ਰਾਂਤੀਕਾਰੀਆਂ ਨੁੰ ਦੇਖਦੇ ਹੀ ਗੋਲ਼ੀ ਮਾਰਨ ਦੇ ਹੁਕਮ ਜਾਰੀ ਹੋ ਗਏ ਸਨ। ਇਸ ਦੌਰਾਨ ਕ੍ਰਾਂਤੀਕਾਰੀਆਂ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਛਾਪਣ ਵਾਲੇ 'ਜੁਗਾਂਤਰ' ਅਖ਼ਬਰ ਦੇ ਸੰਪਾਦਕ ਭੁਪਿੰਦਰ ਨਾਥ ਦੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅੰਗਰੇਜ਼ਾਂ ਨੇ ਕ੍ਰਾਂਤੀਕਾਰੀਆਂ ਵੱਲੋਂ ਉਨ੍ਹਾਂ ਨੂੰ ਛੱਡਣ ਦੀ ਮੰਗ ਨੂੰ ਅਣਗੌਲਿਆ ਕਰ ਕੇ ਜੇਲ੍ਹ ਭੇਜ ਦਿੱਤਾ।
ਬੋਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਗਰੇਜ਼ ਜੱਜ ਕਿੰਗਸ ਫੋਰਡ ਨੂੰ ਬੰਬ ਨਾਲ ਉਡਾਉਣ ਦੀ ਜੁਗਤ ਬਣਾ ਦਿੱਤੀ ਸੀ। 30 ਅਪ੍ਰੈਲ 1908, ਰਾਤ ਦੇ ਅੱਠ ਵਜੇ ਉਹ ਦੁਸ਼ਮਣ ਦੇ ਟਾਂਗੇ ਦਾ ਇੰਤਜ਼ਾਰ ਕਰ ਰਹੇ ਸਨ। ਇਸ ਵੇਲੇ ਸ਼ਹੀਦ ਬੋਸ ਦੀ ਉਮਰ ਮਹਿਜ਼ 18 ਸਾਲਾਂ ਦੀ ਸੀ, ਤੇ ਉਸ ਕੋਲ ਬੰਬ ਤੇ ਬੰਬ ਤੇ ਪਿਸਤੌਲ ਮੌਜੂਦ ਸੀ। 'ਕਿੰਗਸ ਫੋਰਟ' ਮੈਜਿਸਟ੍ਰੇਟ ਸੀ ਜਿਸ ਨੇ ਕਲੱਤਕਤਾ ਵਿਖੇ ਆਪਣੀ ਡਿਊਟੀ ਦੌਰਾਨ ਜ਼ੁਲਮਾਂ ਦੀ ਹਨੇਰੀ ਝੁਲਾ ਕੇ ਰੱਖੀ ਤੇ ਬਾਅਦ ਵਿਚ ਉਸ ਦੀ ਪੋਸਟਿੰਗ ਮੁਜੱਫਰ ਨਗਰ ਹੋ ਗਈ ਸੀ। ਬੋਸ ਥੋੜੇ ਦਿਨ ਪਹਿਲਾਂ ਹੀ ਮੁਜੱਫ਼ਰ ਨਗਰ ਪੁੱਜੇ ਸਨ ਤੇ ਉਨ੍ਹਾਂ ਆਪਣਾ ਨਾਂ ਬਦਲ ਕੇ ਹਰੇਨ ਪਾਂਡਿਆ ਰੱਖ ਲਿਆ ਸੀ ਤੇ ਮੋਤੀ ਝੀਲ ਇਲਾਕੇ 'ਚ ਰਹਿਣ ਲੱਗ ਪਏ ਸਨ। ਰਾਤ ਦੇ ਕਰੀਬ ਸਾਢੇ ਅੱਠ ਵਜੇ ਉਨ੍ਹਾਂ ਨੇ ਬੰਬ ਸੁੱਟ ਦਿੱਤਾ ਤੇ ਟਾਂਗਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਸੀ।
ਇਸ ਟਾਂਗੇ ਵਿਚ ਕਿਸੇ ਹੋਰ ਅੰਗਰੇਜ਼ ਬੈਰਿਸਟਰ ਪਰਿੰਗਲ ਕੈਨੇਡੀ ਦਾ ਪਰਿਵਾਰ ਸੀ ਤੇ ਸਾਰੇ ਜਣੇ ਮਾਰੇ ਗਏ। ਇਸ ਨਾਲ ਅੰਗਰੇਜ਼ ਸਰਕਾਰ ਦੀ ਨੀਂਦ ਉਡ ਗਈ। ਇਸ ਦੌਰਾਨ ਅੰਗਰੇਜ਼ਾਂ ਨੇ 100 ਕਰੋੜ ਰੁਪਏ ਦਾ ਇਨਾਮ ਰੱਖ ਦਿੱਤਾ। ਹਰੇਕ ਰੇਲ ਮਾਰਗ ਤੇ ਬਾਜ਼ਾਰ 'ਚ ਪੁਲਿਸ ਤਾਇਨਾਤ ਸੀ। ਖੁਦੀ ਰਾਮ ਬੋਸ 25 ਮੀਲ ਤਕ ਪੈਦਲ ਚੱਲਦੇ ਰਹੇ ਤੇ ਅਖੀਰ ਉਹ ਵਾਹਿਨੀ ਸਟੇਸ਼ਨ (ਮੌਜੂਦਾ ਖੁਦੀ ਰਾਮ ਬੋਸ ਸਟੇਸ਼ਨ) 'ਤੇ ਪੁੱਜੇ, ਜਿਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 1 ਮਈ ਨੂੰ ਜਦੋਂ ਬੇੜੀਆਂ ਨਾਲ ਲੱਦੇ ਬੋਸ ਨੂੰ ਰੇਲਵੇ ਸਟੇਸ਼ਨ 'ਤੇ ਉਤਾਰਿਆ ਗਿਆ ਤਾਂ ਉਸ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋ ਗਈ। 13 ਜੂਨ 1908 ਨੂੰ ਉਨ੍ਹਾਂ ਨੂੰ ਅੰਗਰੇਜ਼ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ। ਜੱਜ ਨੂੰ ਲੱਗਾ ਕਿ ਸ਼ਾਇਦ ਬੋਸ ਨੂੰ ਫ਼ਾਂਸੀ ਦਾ ਮਤਲਬ ਸਮਝ ਨਹੀਂ ਆਇਆ, ਜੱਜ ਨੇ ਪੁੱਛਿਆ,''ਖੁਦੀ ਰਾਮ ਤੈਨੂੰ ਪਤਾ ਹੈ, ਫ਼ਾਂਸੀ ਦਾ ਮਤਲਬ।'' ਖੁਦੀ ਰਾਮ ਨੇ ਜਵਾਬ ਦਿੱਤਾ,'' ਜੱਜ ਸਾਹਿਬ! ਤੁਸੀਂ ਛੱਡੋ, ਕੀ ਤੁਸੀਂ ਬੰਬ ਬਣਾਉਣਾ ਸਿੱਖਣਾ ਚਾਹੁੰਦੇ ਹੋ। ਜੇਕਰ ਹਾਂ ਤਾਂ ਮੈਂ ਤੁਹਾਨੂੰ ਹੁਣੇ ਬੰਬ ਬਣਾਉਣਾ ਸਿਖਾ ਦਿੰਦਾ ਹਾਂ।'' ਇਸ ਦੌਰਾਨ ਮਹਾਮਤਾ ਗਾਂਧੀ ਨੇ ਦੋਵੇਂ ਅੰਗਰੇਜ਼ ਔਰਤਾਂ ਦੇ ਮਾਰੇ ਜਾਣ ਦੀ ਜ਼ਬਰਦਸਤ ਨਿਖੇਧੀ ਵੀ ਕੀਤੀ ਸੀ, ਤੇ ਕਿਹਾ ਸੀ ਕਿ ਇਸ ਤਰ੍ਹਾਂ ਭਾਰਤੀ ਲੋਕ ਆਜ਼ਾਦੀ ਹਾਸਲ ਨਹੀਂ ਕਰ ਸਕਣਗੇ। ਉਧਰ ਬਾਲ ਗੰਗਾਧਰ ਤਿਲਕ ਨੇ ਆਪਣੇ ਅਖ਼ਬਾਰ 'ਕੇਸਰੀ' ਵਿਚ ਫ਼ਾਂਸੀ ਦੀ ਵਿਰੋਧਤਾ ਕੀਤੀ ਸੀ ਤੇ ਤਰੁੰਤ ਆਜ਼ਾਦੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਤਿਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਅਖ਼ੀਰ 11 ਅਗਸਤ ਨੂੰ ਸਵੇਰੇ 6 ਵਜੇ ਖੁਦੀ ਰਾਮ ਬੋਸ ਨੂੰ ਫ਼ਾਂਸੀ ਦੇ ਦਿੱਤੀ ਗਈ ਸੀ ਤੇ ਉਹ ਹੱਥਾਂ 'ਚ ਭਗਵਤ ਗੀਤਾ ਫੜ ਕੇ ਹੱਸਦੇ-ਹੱਸਦੇ ਫ਼ਾਂਸੀ 'ਤੇ ਝੂਲ ਗਏ। ਜਦੋਂ ਵੀਰ ਅਮਰ ਸ਼ਹੀਦ ਦੀ ਦੇਹ ਕਲੱਕਤਾ ਦੀਆਂ ਗ਼ਲੀਆਂ 'ਚੋਂ ਗੁਜ਼ਰੀ ਤਾਂ ਲੱਖਾਂ ਦੀ ਗਿਣਤੀ ਵਿਚ ਉਸ ਨੂੰ ਸ਼ਰਧਾਂਜ਼ਲੀ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।