ਪੰਜਾਬ ਦੇ ਅਮੀਰ ਸੱਭਿਆਚਾਰ ਦੀ ਸੰਸਾਰ ਵਿਚ ਵੱਖਰੀ ਪਹਿਚਾਣ ਹੈ ਜਿਸ ਨੂੰ ਦੂਸਰੇ ਰਾਜਾਂ ਤੇ ਦੇਸ਼ਾਂ ਦੇ ਵਸਨੀਕ ਬੜੇ ਚਾਂਵਾਂ ਨਾਲ ਮਾਣਦੇ ਹਨ। ਵਿਰਸੇ ’ਚ ਮਿਲੇ ਸੰਸਕਾਰਾਂ ਕਾਰਨ ਮਿਹਨਤੀ ਸੁਭਾਅ ,ਖਾਣ-ਪੀਣ,ਰਹਿਣ-ਸਹਿਣ ਤੇ ਸਜਣ-ਫੱਬਣ ਦੀ ਸ਼ੌਕੀਨਾਂ ਦਾ ਦੁਨੀਆ ਵਿਚ ਕੋਈ ਸਾਨੀ ਨਹੀਂ। ਇਹਨਾਂ ਦੀ ਸ਼ਾਨ ਨੂੰ ਗੁਰੂਆਂ ਵਲੋਂ ਬਖ਼ਸ਼ੀ ਅਲੌਕਿਕ ਸੌਗਾਤ ‘ਦਸਤਾਰ’ ਹੋਰ ਵਧਾ ਦਿੰਦੀ ਹੈ

ਪੰਜਾਬ ਦੇ ਅਮੀਰ ਸੱਭਿਆਚਾਰ ਦੀ ਸੰਸਾਰ ਵਿਚ ਵੱਖਰੀ ਪਹਿਚਾਣ ਹੈ ਜਿਸ ਨੂੰ ਦੂਸਰੇ ਰਾਜਾਂ ਤੇ ਦੇਸ਼ਾਂ ਦੇ ਵਸਨੀਕ ਬੜੇ ਚਾਂਵਾਂ ਨਾਲ ਮਾਣਦੇ ਹਨ। ਵਿਰਸੇ ’ਚ ਮਿਲੇ ਸੰਸਕਾਰਾਂ ਕਾਰਨ ਮਿਹਨਤੀ ਸੁਭਾਅ ,ਖਾਣ-ਪੀਣ,ਰਹਿਣ-ਸਹਿਣ ਤੇ ਸਜਣ-ਫੱਬਣ ਦੀ ਸ਼ੌਕੀਨਾਂ ਦਾ ਦੁਨੀਆ ਵਿਚ ਕੋਈ ਸਾਨੀ ਨਹੀਂ। ਇਹਨਾਂ ਦੀ ਸ਼ਾਨ ਨੂੰ ਗੁਰੂਆਂ ਵਲੋਂ ਬਖ਼ਸ਼ੀ ਅਲੌਕਿਕ ਸੌਗਾਤ ‘ਦਸਤਾਰ’ ਹੋਰ ਵਧਾ ਦਿੰਦੀ ਹੈ ਜਿਸ ਨੂੰ ਦੁਨੀਆ ਵਿਚ ਵੱਖ-ਵੱੱਖ ਨਾਵਾਂ ਨਾਲ ਜਿਵੇਂ ਫਰੈਂਚ ਵਿਚ ਟਰਬਨ ਜਾਂ ਟਲਬੈਂਡ, ਲਤੀਨੀ ਵਿਚ ਮਈਟਰ, ਤੁਰਕੀ ਵਿਚ ਸਾਰਿਕ, ਰੋਮਾਨੀ ਵਿਚ ਟੁਲੀਪਨ ਅਤੇ ਜਰਮਨ ਜਾਂ ਇੰਗਲਿਸ਼ ਵਿਚ ਟਰਬਨ ਤੇ ਠੇਠ ਪੰਜਾਬੀ ਵਿਚ ਪੱਗ ਜਾ ਦਸਤਾਰ ਕਿਹਾ ਜਾਂਦਾ ਹੈ। ਜਦ ਵੀ ਪੱਗ ਵੱਲ ਉਂਗਲ ਉਠੀ ਤਾਂ ਪੰਜਾਬੀ ਕੌਮ ਨੇ ਏਕਤਾ ਨਾਲ ਉਸਦਾ ਮੂੰਹ ਤੋੜਵਾਂ ਜਵਾਬ ਦਿੱਤਾ। ਫਰਵਰੀ 2016 ’ਚ ਫਰਾਂਸ ਸਰਕਾਰ ਨੇ ਜਨਤਕ ਥਾਂਵਾਂ ’ਤੇ ਦਸਤਾਰ ਸਜਾ ਕੇ ਜਾਣ ਦੀ ਮਨਾਹੀ ਕੀਤੀ ਪਰ ਸਥਾਨਕ ਅਤੇ ਦੁਨੀਆ ਭਰ ਤੋਂ ਪੰਜਾਬੀਆਂ ਦੇ ਰੋਹ ਅੱਗੇ ਝੱੁਕਦੀ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਚਿੰਨਾਂ ਦੀ ਆਜ਼ਾਦੀ ਸਬੰਧੀ ਕਾਨੂੰਨ ਬਣਾਉਣੇ ਪਏ।
ਇਸੇ ਤਰ੍ਹਾਂ ਯੂਐਸਏ ਏਅਰਫੋਰਸ ਵਿਚ ਹਰਪ੍ਰੀਤਇੰਦਰ ਸਿਘ ਬਾਜਵਾ ਫਸਟ ਕਲਾਸ ਏਅਰਮੈਨ ਭਰਤੀ ਹੋਏ ਪਰ ਅਮਰੀਕੀ ਕਨੂੰਨ ਅਨੁਸਾਰ ਸਾਬਤ ਸਬੂਤ ਸਿੱਖ ਨੂੰ ਨੌਕਰੀ ਕਰਨ ਦੀ ਮਨਾਹੀ ਜਾ ਧਰਮ ਤਿਆਗ ਕੇ ਨੌਕਰੀ ਦੀ ਸ਼ਰਤ ਸੀ। ਸਾਲ ਭਰ ਚੱਲੇ ਲੰਬੇ ਕਾਨੂੰਨੀ ਸੰਘਰਸ਼ ਜਿੱਤਣ ਤੋਂ ਬਾਅਦ 2018 ਨੂੰ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਪਰਿਆ ਜਦੋਂ ਦਸਤਾਰ, ਕੇਸ ਤੇ ਦਾੜ੍ਹੀ ਸੰਪੂਰਨ ਸਿੱਖ ਸੇਵਾਵਾਂ ਨਿਭਾ ਰਿਹਾ ਹੈ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਪੱਗ ਨੂੰ ਸਿੱਖਾਂ ਦੇ ਸਿਰ ਦਾ ਤਾਜ ਆਖ ਪ੍ਰਸੰਸਾ ਕੀਤੀ।
ਸਿੱਖ ਧਰਮ ਦਾ ਅਨਿੱਖੜਵਾਂ ਅੰਗ
ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਕਰ ਪੰਜ ਕਕਾਰਾਂ ਨੂੰ ਪਹਿਨਣ ਤੇ ਸਿਰ ਢੱਕ ਕੇ ਰੱਖਣ ਦੀ ਪਾਲਣਾ ਨਾਲ ਕੇਸਕੀ ਜਾਂ ਦਸਤਾਰ ਵੀ ਸਿੱਖਾਂ ਦਾ ਅਨਿੱਖੜ੍ਹਵਾਂ ਅੰਗ ਬਣ ਗਈ। ਸਭ ਧਰਮਾਂ ਦੇ ਗੁਰੂਆਂ ਨੇ ਦਸਤਾਰ ਨੂੰ ਬੜੇ ਸਤਿਕਾਰ ਤੇ ਅਦਬ ਨਾਲ ਸਜਾਇਆ ਪਰ ਸਿੱਖ ਧਰਮ ਵਿਚ ਇਸਦਾ ਆਪਣਾ ਹੀ ਇਕ ਵੱਖਰਾ ਹੀ ਮੁਕਾਮ ਹੈ। ਪੰਜਾਬ ਦੇ ਸਮਾਜਿਕ, ਧਾਰਮਿਕ , ਰਾਜਨੀਤਿਕ ਤੇ ਸੱਭਿਆਚਾਰ ਖੇਤਰ ਵਿਚ ਵੀ ਦਸਤਾਰ ਦਾ ਅਹਿਮ ਯੋਗਦਾਨ ਹੈ। ਸਿੱਖ ਕੌਮ ਲਈ ਇਕ ਧਾਰਮਿਕ ਚਿੰਨ੍ਹ ਹੈ ਪਰ ਨਾਲੋ-ਨਾਲ ਨੀਲਾ ਤੇ ਕੇਸਰੀ ਰੰਗ ਵੀ ਇਸ ਧਰਮ ਨਾਲ ਜੁੜੇ ਹੋਏ ਹਨ।
ਨਿਹੰਗ ਸਿੰਘ ਨੀਲੇ ਬਾਣਿਆਂ ਦੇ ਨਾਲ 30 ਤੋਂ 70 ਮੀਟਰ ਦੇ ਦੁਮਾਲੇ ਸਜਾਉਂਦੇ ਪਰ ਹੋਲੇ-ਮਹੱਲੇ ਸਮਂੇ ਨਿਹੰਗ ਬਸੰਤੀ ਦਸਤਾਰ ਜਾ ਖਾਲਸਾਈ ਨਿਸ਼ਾਨੀਆਂ ਨਾਲ ਸਜਾਏ ਵੱਡ-ਅਕਾਰੀ ਦੁਮਾਲੇ ਤੇ ਘੋਟੇ ਦੇ ਰਗੜੇ ਲਗਾ ਖੁਸ਼ੀਆਂ ਵਿਚ ਮਦਮਸਤ ਹੁੰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫ਼ੌਜਾਂ ਯੁੱਧ ਦੌਰਾਨ ਕੇਸਰੀ ਦਸਤਾਰਾਂ ਸਜਾ ਕੇ ਬੇਖੌਫ਼ ਵੈਰੀਆਂ ਨੂੰ ਢੇਰ ਕਰਦੀਆਂ ਸਨ। ਸਿੱਖਾਂ ਲਈ ਕੇਸਰੀ ਸ਼ਹਾਦਤ ਦਾ ਰੰਗ ਹੈ। ਕੁਲ ਦੁਨੀਆ ਵਿਚ ਦਸਤਾਰ ਨੇ ਸਰਦਾਰਾਂ ਨੂੰ ਨੇਕ ਦਿਲ, ਜ਼ੁਲਮ ਖ਼ਿਲਾਫ਼ ਡੱਟਣ ਤੇ ਮਦਦਗਾਰ ਹੋਣ ਵਾਲੀ ਕੌਮ ਦੀ ਪਹਿਚਾਣ ਦਿੱਤੀ। ਇਹ ਆਮ ਧਾਰਨਾ ਹੈ ਕਿ ਵਿਦੇਸ਼ਾਂ ਜਾਂ ਭਾਰਤ ਵਿਚ ਬਸ ਜਾ ਕੈਬ ਸਫ਼ਰ ਅਤੇ ਭੀੜ ਵਾਲੇ ਥਾਂਵਾਂ ’ਤੇ ਔਰਤਾਂ ਸਰਦਾਰ ਵਿਅਕਤੀ ਦੇ ਹੁੰਦਿਆਂ ਸੁਰੱਖਿਅਤ ਸਮਝਦੀਆਂ ਹਨ ਜੋ ਬਿਨ ਬੋਲੇ ਹੀ ਫਖ਼ਰ ਤੇ ਰਖਵਾਲੇ ਹੋਣ ਦੀ ਗਵਾਹੀ ਹੈ। ਰਾਜਨੀਤੀ ਵਿਚ ਦਸਤਾਰ ਦਾ ਬਾਕਮਾਲ ਰੂਪ ਹੈ ਵਿਸਵਾਸ਼, ਦਿ੍ਰੜਤਾ, ਸੁੱਚਤਾ ਤੇ ਨਿਰਵੈਰ ਦੇ ਜੜੇ ਪੇਚ-ਦਰ-ਪੇਚ ਵਰਗੇ ਗੁਣਾਂ ਦੇ ਕਾਰਨ ਕੁਝ ਪਗੜੀਧਾਰੀ ਸਿਆਸੀ ਲੀਡਰ ਲੋਕਾਂ ਨੂੰ ਜਲਦੀ ਭਰਮਾ ਲੈਂਦੇ ਹਨ। ਬਦਲੇ ਦੌਰ ਵਿਚ ਪਾਰਟੀਆਂ ਨੇ ਆਪਣਾ ਸੰਵਿਧਾਨ ਤੇ ਝੰਡੇ ਵਾਂਗ ਪੱਗਾਂ ਦੇ ਰੰਗ ਵੀ ਤੈਅ ਕਰ ਲਏ ਹਨ।
ਭਾਰਤੀ ਫ਼ੌਜ ’ਚ ਵੱਖਰੀ ਰੈਜਮੈਂਟ
ਭਾਰਤੀ ਫ਼ੌਜ ਵਿਚ ਸਿੱਖਾਂ ਦੇ ਨਿਡਰ ਜਜ਼ਬੇ ਤੇ ਧਾਰਮਿਕ ਸ਼ਰਧਾ ਦਾ ਮਾਣ ਸਤਿਕਾਰ ਕਰਦਿਆਂ ਸਰਕਾਰ ਨੇ ਵੱਖਰੀ ਰੈਜਮੈਂਟ ਸਥਾਪਤ ਕੀਤੀ ਹੋਈ ਹੈ ਜਿਸ ਵਿਚ ਜਵਾਨ ਧਾਰਮਿਕ ਮਰਿਆਦਾ ਵਿਚ ਰਹਿ ਕੇ ਦੇਸ਼ ਦਾ ਰਖਵਾਲੀ ਕਰਦੇ ਹਨ। ਅੱਜ ਵੀ ਕਈ ਚੇਲੇ ਗੁਣੀ ਗੁਰੂ ਧਾਰਨ ਸਮੇਂ ਪੱਗ ਭੇਟ ਕਰਕੇ ਸ਼ਗਿਰਦੀ ਹਾਸਿਲ ਕਰਦੇ ਹਨ। ਪੁਰਾਣੇ ਸਮੇਂ ਵਿਚ ਇਹ ਮਾਣ -ਤਾਣ ਜ਼ਿਆਦਾਤਰ ਗਾਇਕੀ ਤੇ ਪਹਿਲਵਾਨੀ ਅਖਾੜੇ ਦੀ ਪ੍ਰਚੱਲਿਤ ਰਵਾਇਤ ਸੀ।
ਕੁਝ ਵਿਰਲੇ ਹੀ ਇਕੱਠੇ ਪੜ੍ਹਾਈ ਜਾ ਕੰਮ ਕਰਦੇ ਮਿੱਤਰ ਆਪਣੀ ਦੋਸਤੀ ਨੂੰ ਉਮਰਾਂ ਦੀ ਸਾਂਝ ਵਿਚ ਬਦਲਦਿਆਂ ਦਸਤਾਰਾਂ ਵਟਾ ਭਰਾਵਾਂ ਦੇ ਰਿਸ਼ਤੇ ਬਣਾਉਂਦੇ ਹਨ ਤੇ ਇਹ ਪੱਗ ਵੱਟ ਭਰਾ ਹਰ ਖੁਸ਼ੀ ਗਮੀ ਨੂੰ ਖਿੜੇ੍ਹ ਮੱਥੇ ਸਿੰਝਦਿਆਂ ਦਸਤਾਰ ਦਾ ਰੁਤਬਾ ਕਾਇਮ ਰੱਖਦੇ ਜੋ ਰਿਸ਼ਤਿਆਂ ਦੀ ਅਟੁੱਟ ਸਾਂਝ ਦਾ ਪ੍ਰਗਟਾਵਾ ਕਰਦੀ ਹੈ। ਇਥਂੋ ਤੱਕ ਗੁਰਬਾਣੀ ਵਿਚ ਵੀ ਦਸਤਾਰ ਦੀ ਉਸਤਤ ਕਰਦੇ ਹੋਏ ਸੱਚੇ ਦਸਤਾਰਧਾਰੀ ਸਿੱਖ ਨੂੰ ਨਿਮਰ, ਸਾਦਾ ਤੇ ਮਿੱਠੀ ਬੋਲੀ ਦਾ ਧਾਰਨੀ ਦੱਸ ਉਸਤਤ ਕੀਤੀ-ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ। ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥ ਬਚਪਨ ਤੋਂ ਲੈ ਕੇ ਮਰਨ ਤੱਕ ਪੱਗ ਨਾਲ ਰਹਿੰਦੀ ਹੈ। ਘਰ ਵਿਚ ਬਜ਼ੁਰਗ ਦੀ ਮੌਤ ਤੋਂ ਬਾਅਦ ਵੱਡੇ ਪੁੱਤਰ ਨੂੰ ਪੱਗ ਦੇ ਕੇ ਅੱਗੇ ਕਬੀਲਦਾਰੀ ਸੰਭਾਲਣ ਜੁੰਮਾ ਦਿੰਦੇ ਹਨ। ਘਰੇਲੂ ਸਮਾਗਮਾਂ ਅਤੇ ਸੱਭਿਆਚਾਰ ਮੇਲਿਆਂ ਵਿਚ ਇਸ ਨਾਲ ਕੀਤਾ ਸਨਮਾਨ ਵੱਡਾ ਮੰਨਿਆ ਜਾਂਦਾ ਹੈ। ਪੰਜਾਬੀਆਂ ਦੇ ਸਭ ਰੰਗਾਂ ਵਿਚ ਰੰਗੀ ਦਸਤਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਲੱਖਾਂ ਕੁਰਬਾਨੀਆਂ ਝੱਲੀਆਂ ਤੇ ਝੱਲ ਰਹੇ ਪਰ ਹਮੇਸ਼ਾ ਜੇਤੂ ਬਣ ਕੇ ਨਿੱਤਰੇ। ਆਓ ! ਇਸ ਦੀ ਸ਼ਾਨ ਦਾ ਘੇਰਾ ਬਰਕਰਾਰ ਅਤੇ ਵਿਸ਼ਾਲ ਕਰਦੇ ਹੋਏ ਨਿਰਵੈਰ ਤੇ ਸਰਬੱਤ ਦੇ ਭਲੇ ਵਾਲੇ ਗੁਣਾਂ ਦਾ ਸੁਨੇਹਾ ਵੰਡੀਏ ਤਾਂ ਜੋ ਇਹ ਰੱਬੀ ਦਾਤ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ।
ਪੱਗਾਂ ਰੰਗੀਲੀਆਂ
ਬਹੁਭਾਤੀ ਸੱਭਿਆਚਾਰ ਨੂੰ ਹੋਰ ਰੰਗੀਲਾ ਬਣਾਉਣ ਲਈ ਵੀ ਪੱਗਾਂ ਦੇ ਰੰਗਾਂ ਨੇ ਕੋਈ ਕਸਰ ਨਹੀਂ ਛੱਡੀ ਜਿਵੇਂ ਭੰਗੜਾ ਗੂੜ੍ਹੇ ਰੰਗ ਦੀਆਂ ਜੈਕਟਾਂ ਨਾਲ ਮੇਲ ਖਾਂਦੀਆਂ ਟੇਡੀਆਂ ਸ਼ਮਲੇ ਤੇ ਫੁਰਲੇ ਵਾਲੀਆਂ ਪੱਗਾਂ ਤੋਂ ਬਿਨਾਂ ਨਹੀਂ ਸੋਭਦਾ ਉਸੇ ਤਰ੍ਹਾਂ ਪੁਰਾਣੇ ਸਮੇਂ ਦੌਰਾਨ ਮੰਗਣੇ ਵਾਲੇ ਦਿਨ ਗੁਲਾਬੀ ਤੇ ਵਿਆਹ ਨੂੰ ਉਨਾਭੀ ਰੰਗ ਨੂੰ ਹੀ ਸ਼ੁਭ ਮੰਨਿਆ ਜਾਂਦਾ ਸੀ। ਨਵੇਂ ਜ਼ਮਾਨੇ ਦੇ ਫੈਸ਼ਨ ਵਿਚ ਪੱਗ ਨਾਲ ਸ਼ਰਟ ਜਾ ਟਾਈ ਦਾ ਮੇਲ (ਮੈਚਿੰਗ) ਪੂਰੀ ਦੁਨੀਆ ਵਿਚ ਮਸ਼ਹੂਰ ਹੈ । ਵਿਆਹ ਸਾਦੀ ਵਿਚ ਨਵੇਂ ਜੋੜੇ ਸਮੇਤ ਬਾਕੀ ਜੋੜਿਆਂ ਦੀਆਂ ਚੁੰਨੀਆਂ, ਸੂਟ ਤੇ ਲਹਿੰਗੇ ਵੀ ਪੱਗ ਨਾਲ ਮੇਲ ਖਾਂਦੇ ਆਮ ਹੀ ਦਿੱਖ ਜਾਂਦੇ ਹਨ।
‘ਚੁੰਨੀ ਰੰਗਦੇ ਲਲਾਰੀਆ ਮੇਰੀ , ਵੇ ਸੱਜਣਾਂ ਦੀ ਪੱਗ ਨਾਲ ਦੀ ’ਖੁਸ਼ੀ ਸਮੇਂ ਗੂੜੇ੍ਹ ਤੇ ਗਮੀ ਸਮੇਂ ਫਿੱਕੇ ਰੰਗਾਂ ਦੀ ਰੀਤ ਅੱਜ ਵੀ ਨਿਰਵਿਘਨ ਪੁਗਾਈ ਜਾਂਦੀ ਹੈ। ਉਮਰ ਦੇ ਪੜਾਵਾਂ ਨਾਲ ਇਹ ਦਸਤਾਰਾਂ ਦੇ ਰੰਗ ਕੁਦਰਤੀ ਬਦਲ ਜਾਂਦੇ ਜਿਵੇਂ ਜਵਾਨੀ ਪਹਿਰੇ ਗੂੜ੍ਹੀਆਂ, ਢੱਲਦੀ ਉਮਰੇ ਵਿਚ ਸਫ਼ੈਦ, ਮੋਤੀਆ ਜਾ ਫਿੱਕੇ ਰੰਗ ਹੀ ਸੋਭਦੇ ਹਨ। ਇਹ ਰੰਗ ਸ਼ਖ਼ਸੀਅਤ ਨਿਖਾਰਦੇ।
ਪੱਗ ਦੇ ਆਕਾਰ ਜਾ ਅੰਦਾਜ਼ ਨਿਸ਼ਚਿਤ ਨਹੀਂ
ਪਹਿਲ਼ਾ ਮਾਵੇ ਵਾਲੀਆਂ ਨੋਕਦਾਰ, ਪੋਚਵੀਂ ਤੇ ਪਟਿਆਲਾ ਸ਼ਾਹੀ ਪੱਗਾਂ ਦਾ ਦੌਰ ਰਿਹਾ, ਹੁਣ ਪਰਤ ਕੇ ਪੁਰਾਣੇ ਸਮੇਂ ਦੀ ਵੱਟਾਂ ਵਾਲੀ ਦਸਤਾਰ ਨੂੰ ਨੌਜਵਾਨ ਤਰਜੀਹ ਦਿੰਦੇ ਹਨ। ਉਂਜ ਵੀ ਪੱਗ ਦੇ ਆਕਾਰ ਜਾਂ ਅੰਦਾਜ਼ ਕੋਈ ਨਿਸ਼ਚਿਤ ਨਹੀਂ। ਸਭ ਦਾ ਆਪਣਾ ਹੀ ਉੱਤਮ ਤੇ ਮਨਭਾਉਂਦਾ ਸਟਾਈਲ ਹੁੰਦਾ ਹੈ। ਦਸਤਾਰ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਸੋ ਹਮੇਸ਼ਾ ਸਾਫ਼ ਸੁੱਥਰੀ ਰੱਖਣਾ ਤੇ ਰੋਜ਼ ਸਜਾਉਣਾ ਜ਼ਰੂਰੀ ਪਰ ਪਹਿਲਾਂ ਸਜਾਈ ਪੱਗ ਨੂੰ ਟੋਪੀ ਵਾਂਗ ਸਿਰ ਉਪਰ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
‘ਦਸਤਾਰ ਬੰਦੀ’
ਬੱਚਾ ਦਸਤਾਰ ਸਾਂਭਣ ਤੇ ਸਜਾਉਣ ਲਾਇਕ ਹੋ ਜਾਵੇ ਤਾਂ ਬਾਕਾਇਦਾ ਦਾ ਸਮਾਗਮ ਰੱਖ ਕੇ ਖੁਸ਼ੀ ਮਨਾਈ ਜਾਂਦੀ ਹੈ। ਇਸ ਰਸਮ ਨੂੰ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਾਨਕੇ ਬੱਚੇ ਨੂੰ ਪਹਿਲੀ ਪੱਗ ਭੇਟ ਕਰਦੇ ਹਨ। ਦਸਤਾਰ ਸਜਾਉਣ ਵਾਲਾ ਕਦੇ ਨੰਗੇ ਸਿਰ ਘਰੋਂ ਬਾਹਰ ਨਹੀਂ ਜਾਂਦਾ ਸਗੋਂ ਪਰਨੇ ਜਾਂ ਕੇਸਕੀ ਨਾਲ ਹਮੇਸ਼ਾ ਸਿਰ ਢੱਕ ਕੇ ਰੱਖਦਾ ਹੈ। ਪੁਰਾਣੇ ਸਮੇਂ ਵਿਚ ਬਜ਼ੁਰਗ ਮੁੰਡਾ ਜਾ ਕੁੜੀ ਦਾ ਨੰਗੇ ਸਿਰ ਘਰੋਂ ਬਾਹਰ ਜਾਣਾ ਚੰਗਾ ਨਹੀਂ ਮੰਨਦੇ ਸਨ। ਅਜੋਕੇ ਦੌਰ ਵਿਚ ਨੌਜਵਾਨ ਕਲੱਬ ਤੇ ਸਿੱਖ ਸੰਸਥਾਵਾਂ ਪੱਗ ਬੰਨਣ ਦੇ ਮੁਕਾਬਲੇ ਕਰਵਾਉਂਦੇ ਹਨ ਤਾਂ ਜੋ ਨਵੀਂ ਪੀੜ੍ਹੀ ਇਸ ਪ੍ਰਤੀ ਆਕਰਸ਼ਿਤ ਹੋ ਜਾਵੇ। ਇਹਨਾਂ ਮੁਕਾਬਲਿਆਂ ਦੀ ਨੀਂਹ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਊਂਟਾ ਸਾਹਿਬ ਤਂੋ ਸ਼ੁਰੂ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਇਹ ਮੁਕਾਬਲੇ ਹੁੰਦੇ ਰਹੇ ਅਤੇ ਸੋਹਣੀ ਦਸਤਾਰ ਵਾਲੇ ਨੂੰ ਇਨਾਮ ਵੀ ਦਿੱਤੇ ਜਾਂਦੇ ਸਨ। ਅੱਜ ਇਹਨਾਂ ਮੁਕਬਲਿਆਂ ਦਾ ਘੇਰਾ
ਪੂਰੀ ਦੁਨੀਆ ਵਿਚ ਫ਼ੈਲਿਆ
ਹੋਇਆ ਹੈ।
- ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ