ਸਮਾਂ ਵਡਮੁੱਲੀ ਸੌਗਾਤ ਹੀ ਨਹੀਂ ਬਹੁਤ ਬਲਵਾਨ ਵੀ ਹੈ। ਅਕਸਰ ਕਿਹਾ ਜਾਂਦਾ ਕਿ ਜੇ ਕੋਈ ਚੀਜ਼ ਗੁੰਮ ਜਾਵੇ ਤਾਂ ਉਹ ਵਾਪਸ ਮਿਲ ਜਾਂਦੀ ਹੈ ਪਰ ਬੀਤਿਆ ਹੋਇਆ ਸਮਾਂ ਵਾਪਸ ਹੱਥ ਨਹੀਂ ਆਉਂਦਾ। ਸੋ ਸਾਨੂੰ ਵਰਤਮਾਨ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਹਰ ਨਵਾਂ ਦਿਨ ਸਾਨੂੰ ਕੁੱਝ ਨਾ ਕੁੱਝ ਸੇਧ ਦੇਣ ਵਾਲਾ ਹੁੰਦਾ ਹੈ। ਜੇ ਅਸੀਂ ਅੱਜ ਸਮੇਂ ਦੀ ਕਦਰ ਕਰਾਂਗੇ ਤਾਂ ਭਵਿੱਖ ਸਾਡਾ ਆਪਣੇ ਆਪ ਰੁਸ਼ਨਾ ਜਾਵੇਗਾ।

ਸਮਾਂ ਵਡਮੁੱਲੀ ਸੌਗਾਤ ਹੀ ਨਹੀਂ ਬਹੁਤ ਬਲਵਾਨ ਵੀ ਹੈ। ਅਕਸਰ ਕਿਹਾ ਜਾਂਦਾ ਕਿ ਜੇ ਕੋਈ ਚੀਜ਼ ਗੁੰਮ ਜਾਵੇ ਤਾਂ ਉਹ ਵਾਪਸ ਮਿਲ ਜਾਂਦੀ ਹੈ ਪਰ ਬੀਤਿਆ ਹੋਇਆ ਸਮਾਂ ਵਾਪਸ ਹੱਥ ਨਹੀਂ ਆਉਂਦਾ। ਸੋ ਸਾਨੂੰ ਵਰਤਮਾਨ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਹਰ ਨਵਾਂ ਦਿਨ ਸਾਨੂੰ ਕੁੱਝ ਨਾ ਕੁੱਝ ਸੇਧ ਦੇਣ ਵਾਲਾ ਹੁੰਦਾ ਹੈ। ਜੇ ਅਸੀਂ ਅੱਜ ਸਮੇਂ ਦੀ ਕਦਰ ਕਰਾਂਗੇ ਤਾਂ ਭਵਿੱਖ ਸਾਡਾ ਆਪਣੇ ਆਪ ਰੁਸ਼ਨਾ ਜਾਵੇਗਾ। ਕਹਾਵਤ ਵੀ ਹੈ ਕਿ ਜੋ ਬੰਦਾ ਸਮੇਂ ਦੀ ਕਦਰ ਕਰਦਾ ਹੈ, ਤਾਂ ਇਕ ਦਿਨ ਉਹ ਸਫਲਤਾ ਦੀ ਪੌੜੀ ਜ਼ਰੂਰ ਚੜ੍ਹਦਾ ਹੈ। ਸਮਾਂ ਉਸ ਬੰਦੇ ਦੀ ਕਦਰ ਕਰਦਾ ਜੋ ਉਸ ਦੀ ਕਦਰ ਕਰਦਾ ਹੈ।
ਅਸੀਂ ਸਮਾਜ ਵਿਚ ਵਿਚਰਦੇ ਹਾਂ ਤਾਂ ਸਾਡੇ ਸਾਹਮਣੇ ਅਜਿਹੀਆਂ ਮਿਸਾਲਾਂ ਆਮ ਹੁੰਦੀਆਂ ਹਨ, ਜਿਨ੍ਹਾਂ ਨੇ ਸਮੇਂ ਦੀ ਸੁਚੱਜੀ ਵਰਤੋਂ ਕਰ ਕੇ ਸਫਲਤਾ ਹਾਸਿਲ ਕੀਤੀ ਹੁੰਦੀ ਹੈ। ਬੀਤਿਆ ਸਮਾਂ ਅਤੀਤ ਦੇ ਖਾਤੇ ’ਚ ਜੁੜ ਜਾਂਦਾ ਹੈ। ਬੀਤਿਆਂ ਸਮਾਂ ਚਾਹੇ ਚੰਗਾ ਸੀ, ਜਾਂ ਮਾੜਾ ਉਸ ਤੋਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਹੈ। ਕਈ ਵਾਰ ਜ਼ਿੰਦਗੀ ਵਿੱਚ ਉਤਰਾਅ-ਚੜਾਅ ਆਉਂਦੇ ਨੇ। ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਉਸ ਨੂੰ ਵਰਤਮਾਨ ’ਚ ਕਦੇ ਵੀ ਯਾਦ ਨਹੀਂ ਕਰਨਾ ਚਾਹੀਦਾ। ਵਰਤਮਾਨ ’ਚ ਯਾਦ ਕਰ ਕੇ ਅਸੀਂ ਆਪਣਾ ਚੱਲ ਰਿਹਾ ਸਮਾਂ ਵੀ ਖ਼ਰਾਬ ਕਰ ਲੈਂਦੇ ਹਾਂ। ਜੇ ਅਸੀਂ ਸਦਾ ਬੀਤੇ ਖ਼ਰਾਬ ਸਮੇਂ ਨੂੰ ਯਾਦ ਕਰਦੇ ਰਹਾਂਗੇ ਤਾਂ ਕਦੇ ਵੀ ਸੁਖੀ ਨਹੀਂ ਰਹਿ ਸਕਾਂਗੇ। ਅਜਿਹਾ ਕਰਨ ਨਾਲ ਅਸੀਂ ਆਪ ਵੀ ਦੁੱਖੀ ਹੋਵਾਂਗੇ, ਤਾਂ ਸਾਡੇ ਪਿੱਛੇ ਪਰਿਵਾਰ ਆਪਣੇ ਆਪ ਦੁੱਖ ਵਿੱਚ ਚਲਾ ਜਾਵੇਗਾ। ਬੀਤੇ ਸਮੇਂ ਹੋਈਆਂ ਗ਼ਲਤੀਆਂ ਤੋਂ ਸਬਕ ਲੈ ਕੇ ਸਾਨੂੰ ਨਿਰੰਤਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ।
ਮਹਾਨ ਵਿਅਕਤੀਆਂ ਮੁਤਾਬਿਕ ਸਾਨੂੰ ਸਿਰਫ਼ ਵਰਤਮਾਨ ਬਾਰੇ ਹੀ ਵਿਚਾਰ ਕਰਨਾ ਚਾਹੀਦਾ ਹੈ ਅਤੇ ਤੈਅ ਟੀਚੇ ਲਈ ਰਣਨੀਤੀ ਉਲੀਕਣੀ ਚਾਹੀਦੀ ਹੈ। ਜੇ ਅਸੀਂ ਵਰਤਮਾਨ ਬਾਰੇ ਵਧੀਆ ਸੋਚਾਂਗੇ ਤੇ ਸਮੇਂ ਦੀ ਕਦਰ ਕਰਾਂਗੇ ਤਾਂ ਸਾਡਾ ਭਵਿੱਖ ਆਪਣੇ ਆਪ ਰੁਸ਼ਨਾ ਜਾਵੇਗਾ। ਅਤੀਤ ਦੀਆਂ ਗ਼ਲਤੀਆਂ ਤੋਂ ਸਬਕ ਸਿੱਖੋ, ਤਾਂ ਜੋ ਭਵਿੱਖ ਵਿੱਚ ਅਜਿਹੀ ਗ਼ਲਤੀ ਦੁਬਾਰਾ ਨਾ ਹੋਵੇ। ਆਪਣੀ ਗ਼ਲਤੀਆਂ ਤੋਂ ਸਿੱਖ ਕੇ ਹੀ ਬੰਦਾ ਸਫਲਤਾ ਦੀ ਪੌੜੀ ਚੜ੍ਹਦਾ ਹੈ। ਸਾਨੂੰ ਕਦੇ ਵੀ ਅੱਜ ਦਾ ਕੰਮ ਕੱਲ੍ਹ ’ਤੇ ਨਹੀਂ ਛੱਡਣਾ ਚਾਹੀਦਾ। ਕੱਲ੍ਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਵੇ। ਲਟਕਿਆ ਕੰਮ ਖੜੋਤ ਪੈਦਾ ਕਰਦਾ ਹੈ। ਵੇਲੇ ਸਿਰ ਤੇ ਸਹੀ ਢੰਗ ਨਾਲ ਕੀਤਾ ਹੋਇਆ ਕੰਮ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ।
ਜੇ ਅਸੀਂ ਸਮੇਂ ਮੁਤਾਬਿਕ ਹਰ ਕੰਮ ਕਰਦੇ ਰਹਾਂਗੇ, ਤਾਂ ਵੱਡੀ ਤੋਂ ਵੱਡੀ ਔਕੜ ਦਾ ਵੀ ਡਟ ਕੇ ਸਾਹਮਣਾ ਕਰ ਸਕਦੇ ਹਾਂ। ਭਵਿੱਖ ਵਿੱਚ ਸਾਨੂੰ ਅੱਗੇ ਵੱਧਣ ਦੇ ਨਵੇਂ-ਨਵੇਂ ਰਸਤੇ ਮਿਲਦੇ ਹਨ। ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ। ਸਾਨੂੰ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ। ਜ਼ਿੰਦਗੀ ਵਿਚ ਆਲਸ ਕਰਨ ਵਾਲਾ ਵਿਅਕਤੀ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਵੀ ਹੈ- “ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ।’’ ਭਾਵ ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ। ਖਾਣ-ਪੀਣ, ਸੌਣ-ਜਾਗਣ, ਖੇਡਣ, ਪੜਾਈ-ਲਿਖਾਈ ਤੇ ਹੋਰ ਵੀ ਨਿੱਜੀ ਕੰਮਾਂ ਲਈ ਇੱਕ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਕਿਤੇ ਵੀ ਕੋਈ ਸਰਕਾਰੀ ਦਫ਼ਤਰ ਇੰਟਰਵਿਊ ਜਾਂ ਹੋਰ ਵੀ ਕੰਮ ਲਈ ਜੇ ਅਸੀਂ ਬਾਹਰ ਜਾਂਦੇ ਹਾਂ ਤਾਂ ਸਮੇਂ ਸਿਰ ਜਾਈਏ। ਕਿਸੇ ਦੇ ਲੜਾਈ ਝਗੜੇ ਵਿੱਚ ਪੈ ਕੇ ਕਦੇ ਵੀ ਆਪਣਾ ਸਮਾਂ ਨਸਟ ਨਹੀਂ ਕਰਨਾ ਚਾਹੀਦਾ।
ਸਾਨੂੰ ਜ਼ਿੰਦਗੀ ਵਿੱਚ ਸਮੇਂ ਮੁਤਾਬਿਕ ਚੱਲਣਾ ਚਾਹੀਦਾ ਹੈ ਤੇ ਚੰਗੇ ਕੰਮਾਂ ਲਈ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਜੇ ਸਮਾਂ ਗੁਜ਼ਰ ਜਾਣ ਤੋਂ ਬਾਅਦ ਕਦਰ ਕੀਤੀ ਜਾਵੇ, ਤਾਂ ਉਹ ਕਦਰ ਨਹੀਂ ਅਫਸੋਸ ਕਹਾਉਂਦਾ ਹੈ। ਜੇ ਕਦੇ ਅਤੀਤ ਵਿੱਚ ਗ਼ਲਤੀ ਹੋ ਚੁੱਕੀ ਹੈ ਤਾਂ ਉਸ ਤੋਂ ਸਬਕ ਲਵੋ। ਵਰਤਮਾਨ ’ਚ ਉਹ ਗ਼ਲਤੀ ਨਾ ਦੁਹਰਾਓ। ਚੰਗੇ ਦੋਸਤਾਂ ਸੰਗ ਦੋਸਤੀ ਕਰੋ ਤਾਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਮੇਸ਼ਾ ਹਾਂ-ਪੱੱਖੀ ਸੋਚ ਰੱਖੋ। ਸਮੇਂ ਦੀ ਸੁਚੱਜੀ ਵਰਤੋਂ ਕਰ ਕੇ ਹੀ ਅਸੀਂ ਮੰਜ਼ਿਲ ਸਰ ਕਰ ਸਕਦੇ ਹਾਂ। ਜੋ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ।
- ਸੰਜੀਵ ਸਿੰਘ ਸੈਣੀ