ਜੇਡ ਪੱਥਰ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਨੇਫਰਾਈਟ ਆਪਣੀ ਬੇਜੋੜ ਮਜ਼ਬੂਤੀ, ਚਮਕਦਾਰ ਸਤ੍ਹਾ ਤੇ ਮਨਮੋਹਕ ਹਰੇ ਰੰਗ ਲਈ ਮਸ਼ਹੂਰ ਹੈ। ਇਹ ਇੰਨੀ ਆਸਾਨੀ ਨਾਲ ਨਹੀਂ ਟੁੱਟਦਾ ਤੇ ਬੇਹੱਦ ਹੰਢਣਸਾਰ ਹੁੰਦਾ ਹੈ। ਇਸੇ ਖੂਬੀ ਕਾਰਨ ਪ੍ਰਾਚੀਨ ਕਾਲ ਤੋਂ ਹੀ ਇਸ ਦੀ ਵਰਤੋਂ ਗਹਿਣੇ, ਮੂਰਤੀਆਂ ਤੇ ਪੂਜਾ-ਪਾਠ ਨਾਲ ਜੁੜੀਆਂ ਚੀਜ਼ਾਂ ਬਣਾਉਣ 'ਚ ਹੁੰਦੀ ਆਈ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਕੁਦਰਤ ਅਕਸਰ ਸਾਨੂੰ ਆਪਣੇ ਛੁਪੇ ਹੋਏ ਅਨਮੋਲ ਤੋਹਫ਼ਿਆਂ ਨਾਲ ਹੈਰਾਨ ਕਰ ਦਿੰਦੀ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜ਼ਮੀਨ ਦੀ ਖੁਦਾਈ ਦੌਰਾਨ ਇਕ ਅਜਿਹਾ ਬੇਸ਼ਕੀਮਤੀ ਪੱਥਰ ਮਿਲੇ, ਜਿਸ ਨੂੰ ਬਾਅਦ ਵਿਚ ਭਗਵਾਨ ਬੁੱਧ ਦੀ ਇਕ ਸ਼ਾਨਦਾਰ ਤੇ ਵਿਸ਼ਾਲ ਮੂਰਤੀ 'ਚ ਬਦਲ ਦਿੱਤਾ ਜਾਵੇ? ਇਹ ਕੋਈ ਕਹਾਣੀ ਨਹੀਂ, ਸਗੋਂ ਸੱਚ ਹੈ। ਇਸ ਅਦਭੁਤ ਮੂਰਤੀ ਨੂੰ ਅੱਜ ਪੂਰੀ ਦੁਨੀਆ 'ਚ 'ਜੇਡ ਬੁੱਧ ਫਾਰ ਯੂਨੀਵਰਸਲ ਪੀਸ' (Jade Buddha for Universal Peace) ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਮੂਰਤੀ ਦੀ ਕਹਾਣੀ ਸਾਲ 2000 'ਚ ਸ਼ੁਰੂ ਹੋਈ ਸੀ, ਜਦੋਂ ਕੈਨੇਡਾ ਦੇ ਉੱਤਰ-ਪੱਛਮੀ ਬ੍ਰਿਟਿਸ਼ ਕੋਲੰਬੀਆ ਇਲਾਕੇ 'ਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜ਼ਮੀਨ ਦੇ ਅੰਦਰੋਂ ਕਰੀਬ 18 ਟਨ ਦਾ ਇਕ ਬੇਹੱਦ ਭਾਰੀ ਅਤੇ ਉੱਤਮ ਦਰਜੇ ਦਾ ਪੱਥਰ ਨਿਕਲਿਆ। ਇਸ ਵਿਸ਼ਾਲ ਚੱਟਾਨ ਨੂੰ 'ਪੋਲਰ ਪ੍ਰਾਈਡ' ਦਾ ਨਾਂ ਦਿੱਤਾ ਗਿਆ। ਮਾਹਿਰਾਂ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਸ ਦਾ ਗੂੜ੍ਹਾ ਹਰਾ ਰੰਗ ਅਤੇ ਇਸ ਵਿੱਚ ਮੌਜੂਦ ਸ਼ੁੱਧਤਾ ਬਿਲਕੁਲ 'ਜੇਮ ਕੁਆਲਿਟੀ' (Gem Quality) ਹੈ। ਇੰਨੀ ਬਿਹਤਰੀਨ ਅਤੇ ਵਿਸ਼ਾਲ 'ਜੇਡ' ਚਟਾਨ ਦਾ ਮਿਲਣਾ ਦੁਨੀਆ ਦੇ ਇਤਿਹਾਸ ਵਿੱਚ ਇੱਕ ਬੇਹੱਦ ਦੁਰਲੱਭ ਘਟਨਾ ਮੰਨੀ ਜਾਂਦੀ ਹੈ।
ਇਸ ਨਾਯਾਬ ਖੋਜ ਤੋਂ ਬਾਅਦ, ਇਕ ਬੌਧ ਮੱਠ ਨੇ ਇਸ 18 ਟਨ ਦੀ ਚਟਾਨ ਦਾ ਅੱਧਾ ਹਿੱਸਾ ਖਰੀਦ ਲਿਆ। ਮੱਠ ਨੇ ਇਸ ਨੂੰ ਬੜੀ ਰੀਝ ਨਾਲ ਤਰਾਸ਼ ਕੇ ਭਗਵਾਨ ਬੁੱਧ ਦੀ ਇਕ ਸੁੰਦਰ ਤੇ ਸ਼ਾਂਤੀ ਪ੍ਰਦਾਨ ਕਰਨ ਵਾਲੀ ਮੂਰਤੀ ਦਾ ਰੂਪ ਦੇ ਦਿੱਤਾ। ਅੱਜ ਇਹ ਮੂਰਤੀ ਆਸਟ੍ਰੇਲੀਆ ਦੇ 'ਸਾਰਵਭੌਮਿਕ ਕਰੁਣਾ ਦੇ ਮਹਾਨ ਸਤੂਪ' (Great Stupa of Universal Compassion) 'ਚ ਹਮੇਸ਼ਾ ਲਈ ਸਥਾਪਿਤ ਕਰ ਦਿੱਤੀ ਗਈ ਹੈ। ਹਾਲਾਂਕਿ, ਦੁਨੀਆ ਭਰ ਦੇ ਲੋਕ ਇਸ ਦੀ ਝਲਕ ਪਾ ਸਕਣ, ਇਸ ਲਈ ਇਸ ਨੂੰ ਸਮੇਂ-ਸਮੇਂ 'ਤੇ ਦੂਜੇ ਦੇਸ਼ਾਂ ਦੀਆਂ ਪ੍ਰਦਰਸ਼ਨੀਆਂ ਵਿੱਚ ਵੀ ਭੇਜਿਆ ਜਾਂਦਾ ਹੈ।
ਜਿਸ ਪੱਥਰ ਤੋਂ ਇਹ ਖੂਬਸੂਰਤ ਮੂਰਤੀ ਬਣੀ ਹੈ, ਉਸ ਨੂੰ ਵਿਗਿਆਨ ਦੀ ਭਾਸ਼ਾ 'ਚ 'ਨੇਫਰਾਈਟ ਜੇਡ' (Nephrite Jade) ਕਿਹਾ ਜਾਂਦਾ ਹੈ। ਜੇਡ ਪੱਥਰ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਨੇਫਰਾਈਟ ਆਪਣੀ ਬੇਜੋੜ ਮਜ਼ਬੂਤੀ, ਚਮਕਦਾਰ ਸਤ੍ਹਾ ਤੇ ਮਨਮੋਹਕ ਹਰੇ ਰੰਗ ਲਈ ਮਸ਼ਹੂਰ ਹੈ। ਇਹ ਇੰਨੀ ਆਸਾਨੀ ਨਾਲ ਨਹੀਂ ਟੁੱਟਦਾ ਤੇ ਬੇਹੱਦ ਹੰਢਣਸਾਰ ਹੁੰਦਾ ਹੈ। ਇਸੇ ਖੂਬੀ ਕਾਰਨ ਪ੍ਰਾਚੀਨ ਕਾਲ ਤੋਂ ਹੀ ਇਸ ਦੀ ਵਰਤੋਂ ਗਹਿਣੇ, ਮੂਰਤੀਆਂ ਤੇ ਪੂਜਾ-ਪਾਠ ਨਾਲ ਜੁੜੀਆਂ ਚੀਜ਼ਾਂ ਬਣਾਉਣ 'ਚ ਹੁੰਦੀ ਆਈ ਹੈ।
ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ ਇਸ ਤਰ੍ਹਾਂ ਦੇ ਖਾਸ ਪੱਥਰਾਂ ਦਾ ਬਹੁਤ ਵੱਡਾ ਤੇ ਪ੍ਰਮੁੱਖ ਕੇਂਦਰ ਹੈ। ਇੱਥੋਂ ਦੀਆਂ ਖਾਣਾਂ ਬਿਹਤਰੀਨ ਕੁਆਲਿਟੀ ਵਾਲੇ ਨੇਫਰਾਈਟ ਜੇਡ ਲਈ ਪੂਰੀ ਦੁਨੀਆ 'ਚ ਪਛਾਣੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਕੈਨੇਡਾ ਜੇਡ ਪੱਥਰਾਂ ਦੇ ਉਤਪਾਦਨ ਅਤੇ ਇਸ ਨੂੰ ਦੂਜੇ ਦੇਸ਼ਾਂ 'ਚ ਭੇਜਣ ਦੇ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ ਇੱਕ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।