IRCTC Tour : ਜਦੋਂ ਗੱਲ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਦੀ ਆਉਂਦੀ ਹੈ ਤਾਂ ਇਨ੍ਹਾਂ ਪਵਿੱਤਰ ਸਥਾਨਾਂ ਦਾ ਮਹੱਤਵ ਸਭ ਤੋਂ ਅਲੱਗ ਹੁੰਦਾ ਹੈ। ਇਹੀ ਕਾਰਨ ਹੈ ਕਿ ਭਾਰਤੀ ਰੇਲਵੇ ਨੇ ਹੁਣ ਯਾਤਰੀਆਂ ਲਈ ਇਕ ਖਾਸ ਤੋਹਫ਼ਾ ਪੇਸ਼ ਕੀਤਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਭਾਰਤ ਦੀ ਧਰਤੀ ਹਮੇਸ਼ਾਂ ਤੋਂ ਆਸਥਾ, ਅਧਿਆਤਮ ਤੇ ਸੰਸਕ੍ਰਿਤੀ ਦਾ ਸੰਗਮ ਰਹੀ ਹੈ। ਇੱਥੇ ਹਰ ਰਾਜ, ਹਰ ਸ਼ਹਿਰ 'ਚ ਅਜਿਹੇ ਮੰਦਰ ਹਨ ਜੋ ਲੋਕਾਂ ਨੂੰ ਭਗਤੀ ਤੇ ਸ਼ਰਧਾ ਨਾਲ ਭਰ ਦਿੰਦੇ ਹਨ, ਪਰ ਜਦੋਂ ਗੱਲ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਦੀ ਆਉਂਦੀ ਹੈ ਤਾਂ ਇਨ੍ਹਾਂ ਪਵਿੱਤਰ ਸਥਾਨਾਂ ਦਾ ਮਹੱਤਵ ਸਭ ਤੋਂ ਅਲੱਗ ਹੁੰਦਾ ਹੈ। ਇਹੀ ਕਾਰਨ ਹੈ ਕਿ ਭਾਰਤੀ ਰੇਲਵੇ ਨੇ ਹੁਣ ਯਾਤਰੀਆਂ ਲਈ ਇਕ ਖਾਸ ਤੋਹਫ਼ਾ ਪੇਸ਼ ਕੀਤਾ ਹੈ। ਜੀ ਹਾਂ, IRCTC ਇਕ ਅਜਿਹੀ ਰੇਲ ਯਾਤਰਾ ਲਿਆਇਆ ਹੈ ਜੋ ਚਾਰ ਪ੍ਰਮੁੱਖ ਜਯੋਤਿਰਲਿੰਗਾਂ ਤੇ ਸਟੈਚਿਊ ਆਫ ਯੂਨਿਟੀ ਨੂੰ ਇਕੱਠੇ ਜੋੜਦੀ ਹੈ।
ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਸ਼ਰਧਾਲੂਆਂ ਲਈ ‘04 Jyotirlinga & Statue of Unity Yatra (NZBG65)’ ਨਾਂ ਨਾਲ ਇਕ ਵਿਸ਼ੇਸ਼ ਰੇਲ ਟੂਰ ਸ਼ੁਰੂ ਕੀਤਾ ਹੈ। ਇਹ ਯਾਤਰਾ ਭਾਰਤ ਗੌਰਵ ਸਪੈਸ਼ਲ ਟੂਰਿਸਟ ਟ੍ਰੇਨ ਵੱਲੋਂ ਕਰਵਾਈ ਜਾ ਰਹੀ ਹੈ, ਜੋ ਯਾਤਰੀਆਂ ਨੂੰ ਇੱਕੋ ਸਫਰ 'ਚ ਚਾਰ ਜਯੋਤਿਰਲਿੰਗਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੰਦੀ ਹੈ। ਇਹ ਯਾਤਰਾ ਨਾ ਸਿਰਫ਼ ਧਾਰਮਿਕ ਦ੍ਰਿਸ਼ਟੀ ਤੋਂ ਬੇਹੱਦ ਖਾਸ ਹੈ, ਸਗੋਂ ਯਾਤਰੀਆਂ ਨੂੰ ਭਾਰਤ ਦੀ ਸੱਭਿਆਚਾਰਕ ਭਿੰਨਤਾ ਤੇ ਸ਼ਾਨਦਾਰ ਯਾਤਰਾ ਦਾ ਅਨੁਭਵ ਵੀ ਕਰਵਾਉਂਦੀ ਹੈ।
ਇਹ 9 ਦਿਨਾਂ ਦੀ ਯਾਤਰਾ ਚਾਰ ਪ੍ਰਮੁੱਖ ਸ਼ਿਵ ਜਯੋਤਿਰਲਿੰਗਾਂ ਨੂੰ ਕਵਰ ਕਰਦੀ ਹੈ:
- ਮਹਾਕਾਲੇਸ਼ਵਰ (ਉੱਜੈਨ, ਮੱਧ ਪ੍ਰਦੇਸ਼)
- ਓਂਕਾਰੇਸ਼ਵਰ (ਮੱਧ ਪ੍ਰਦੇਸ਼)
- ਨਾਗੇਸ਼ਵਰ ਜਯੋਤਿਰਲਿੰਗ (ਦਵਾਰਕਾ, ਗੁਜਰਾਤ)
- ਸੋਮਨਾਥ ਜਯੋਤਿਰਲਿੰਗ (ਵੇਰਾਵਲ, ਗੁਜਰਾਤ)
ਨਾਲ ਹੀ, ਯਾਤਰੀਆਂ ਨੂੰ ਗੁਜਰਾਤ ਦੇ ਕੇਵੜੀਆ ਸਥਿਤ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਸਟੈਚਿਊ ਆਫ ਯੂਨਿਟੀ ਦੇਖਣ ਦਾ ਮੌਕਾ ਵੀ ਮਿਲੇਗਾ।
ਇਹ ਵਿਸ਼ੇਸ਼ ਟ੍ਰੇਨ ਅੰਮ੍ਰਤਿਸਰ ਤੋਂ ਰਵਾਨਾ ਹੁੰਦੀ ਹੈ ਅਤੇ ਸਭ ਤੋਂ ਪਹਿਲਾਂ ਉੱਜੈਨ ਪਹੁੰਚਦੀ ਹੈ, ਜਿੱਥੇ ਭਗਤ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ 'ਚ ਭਸਮ ਆਰਤੀ ਦਾ ਅਨੁਭਵ ਕਰ ਸਕਦੇ ਹਨ। ਇਸ ਤੋਂ ਬਾਅਦ ਅਗਲਾ ਪੜਾਅ ਓਂਕਾਰੇਸ਼ਵਰ, ਜੋ ਆਪਣੇ ਅਨੋਖੇ “ਓਮ” ਆਕਾਰ ਦੇ ਟਾਪੂ ਤੇ ਨਰਮਦਾ ਤਟ 'ਤੇ ਵਸੇ ਸ਼ਾਂਤ ਵਾਤਾਵਰਨ ਲਈ ਜਾਣਿਆ ਜਾਂਦਾ ਹੈ।
ਇਸ ਤੋਂ ਬਾਅਦ ਯਾਤਰਾ ਪਹੁੰਚਦੀ ਹੈ ਕੇਵੜੀਆ, ਜਿੱਥੇ ਯਾਤਰੀ ਸਟੈਚਿਊ ਆਫ ਯੂਨਿਟੀ, ਵੈਲੀ ਆਫ ਫਲਾਵਰਜ਼ ਤੇ ਸਰਦਾਰ ਪਟੇਲ ਜ਼ੂਲੋਜਿਕਲ ਪਾਰਕ ਘੁੰਮ ਸਕਦੇ ਹਨ।
ਫਿਰ ਵਾਰੀ ਆਉਂਦੀ ਹੈ ਪਵਿੱਤਰ ਦਵਾਰਕਾ ਨਗਰੀ ਦੀ, ਜਿੱਥੇ ਦਵਾਰਕਾਧੀਸ਼ ਮੰਦਰ 'ਚ ਦਰਸ਼ਨ ਦੇ ਨਾਲ-ਨਾਲ ਯਾਤਰੀ ਸਮੁੰਦਰ ਤਟ 'ਤੇ ਟਹਿਲ ਸਕਦੇ ਹਨ ਜਾਂ ਕਿਸ਼ਤੀ ਯਾਤਰਾ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਬਾਅਦ ਦਰਸ਼ਨ ਹੋਣਗੇ ਨਾਗੇਸ਼ਵਰ ਜਯੋਤਿਰਲਿੰਗ ਦੇ, ਜੋ ਆਪਣੀ ਦਿਵਯ ਆਰਤੀ ਲਈ ਪ੍ਰਸਿੱਧ ਹੈ।
ਯਾਤਰਾ ਦਾ ਆਖ਼ਰੀ ਪੜਾਅ ਸੋਮਨਾਥ ਜਯੋਤਿਰਲਿੰਗ, ਜਿਸਨੂੰ ਭਗਵਾਨ ਸ਼ਿਵ ਦੇ ਬਾਰਹ ਜਯੋਤਿਰਲਿੰਗਾਂ 'ਚ ਪਹਿਲਾ ਮੰਨਿਆ ਜਾਂਦਾ ਹੈ। ਇੱਥੋਂ ਇਹ ਦਿਵਯ ਯਾਤਰਾ ਪੂਰੀ ਹੋ ਕੇ ਅੰਮ੍ਰਿਤਸਰ ਵਾਪਸ ਆਉਂਦੀ ਹੈ।
ਇਸ ਧਾਰਮਿਕ ਟੂਰ ਲਈ ਤਿੰਨ ਕਿਸਮਾਂ ਦੀਆਂ ਸ਼੍ਰੇਣੀਆਂ ਰੱਖੀਆਂ ਗਈਆਂ ਹਨ:
- ਸਲੀਪਰ ਕਲਾਸ: ₹19,555 ਪ੍ਰਤੀ ਵਿਅਕਤੀ
- ਥਰਡ ਏਸੀ (3AC): ₹27,815 ਪ੍ਰਤੀ ਵਿਅਕਤੀ
- ਸੈਕੰਡ ਏਸੀ (2AC): ₹39,410 ਪ੍ਰਤੀ ਵਿਅਕਤੀ
ਯਾਤਰਾ ਦੌਰਾਨ ਯਾਤਰੀਆਂ ਲਈ ਭੋਜਨ, ਰੁਕਣ ਦੀ ਵਿਵਸਥਾ, ਆਵਾਜਾਈ ਤੇ ਗਾਈਡ ਦੀ ਸਹੂਲਤ ਉਪਲਬਧ ਹੋਵੇਗੀ, ਜਿਸ ਨਾਲ ਪੂਰਾ ਅਨੁਭਵ ਆਰਾਮਦਾਇਕ ਤੇ ਯਾਦਗਾਰ ਬਣ ਜਾਵੇਗਾ।
ਇਹ ਯਾਤਰਾ ਨਾ ਸਿਰਫ਼ ਭਗਤਾਂ ਨੂੰ ਚਾਰ ਪਵਿੱਤਰ ਜਯੋਤਿਰਲਿੰਗਾਂ ਦੇ ਦਰਸ਼ਨ ਕਰਵਾਉਂਦੀ ਹੈ, ਸਗੋਂ ਉਨ੍ਹਾਂ ਨੂੰ ਭਾਰਤ ਦੀ ਵਿਰਾਸਤ ਤੇ ਇਤਿਹਾਸ ਨਾਲ ਵੀ ਰੂਬਰੂ ਕਰਵਾਉਂਦੀ ਹੈ। ਰੇਲਵੇ ਦੀ ਇਹ ਪਹਲ ਉਨ੍ਹਾਂ ਯਾਤਰੀਆਂ ਲਈ ਵਿਸ਼ੇਸ਼ ਹੈ ਜੋ ਘੱਟ ਖਰਚ 'ਚ ਸੁਰੱਖਿਅਤ ਤੇ ਸੁਵਿਧਾਜਨਕ ਢੰਗ ਨਾਲ ਧਾਰਮਿਕ ਯਾਤਰਾ ਕਰਨਾ ਚਾਹੁੰਦੇ ਹਨ।