ਦੀਵਾਲੀ (Diwali) ਭਾਰਤੀ ਤਿੱਥ-ਤਿਉਹਾਰਾਂ ਦੀ ਲੜੀ ਵਿਚ ਸ਼੍ਰੋਮਣੀ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਕੱਤਕ ਦੀ ਮੱਸਿਆ ਦੀ ਰਾਤ ਨੂੰ ਸਮੁੱਚੇ ਭਾਰਤ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਇਸ ਨੂੰ ਸ੍ਰੀ ਰਾਮ ਚੰਦਰ ਜੀ (Shri Ram Chandraji) ਦੀ ਘਰ ਵਾਪਸੀ ਦੇ ਰੂਪ ਵਿਚ, ਅਤੇ ਸਿੱਖ ਬੰਦੀ ਛੋੜ ਦਿਵਸ (Bandi chhor Diwas) ਦੇ ਰੂਪ ਵਿਚ ਮਨਾਉਂਦੇ ਹਨ।

ਦੀਵਾਲੀ (Diwali) ਭਾਰਤੀ ਤਿੱਥ-ਤਿਉਹਾਰਾਂ ਦੀ ਲੜੀ ਵਿਚ ਸ਼੍ਰੋਮਣੀ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਕੱਤਕ ਦੀ ਮੱਸਿਆ ਦੀ ਰਾਤ ਨੂੰ ਸਮੁੱਚੇ ਭਾਰਤ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਇਸ ਨੂੰ ਸ੍ਰੀ ਰਾਮ ਚੰਦਰ ਜੀ (Shri Ram Chandraji) ਦੀ ਘਰ ਵਾਪਸੀ ਦੇ ਰੂਪ ਵਿਚ, ਅਤੇ ਸਿੱਖ ਬੰਦੀ ਛੋੜ ਦਿਵਸ (Bandi chhor Diwas) ਦੇ ਰੂਪ ਵਿਚ ਮਨਾਉਂਦੇ ਹਨ। ਇਹ ਸ਼ਾਇਦ, ਇਕੋ-ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਵਿਧੀਵਤ ਢੰਗ ਨਾਲ ਮਨਾਉਣ ਲਈ ਸਮੁੱਚਾ ਪਰਿਵਾਰ ਕਈ-ਕਈ ਦਿਨ ਪਹਿਲਾਂ ਹੀ ਤਿਆਰੀ ਵਿਚ ਰੁਝ ਜਾਂਦਾ ਹੈ। ਉਂਜ ਤਾਂ ਭਾਰਤੀ ਦੇਸੀ ਮਹੀਨਿਆਂ ਵਿਚ ਕੋਈ ਵੀ ਮਹੀਨਾ ਅਜਿਹਾ ਨਹੀ ਹੈ, ਜਿਸ ਵਿਚ ਕੋਈ ਛੋਟਾ ਵੱਡਾ ਤਿਉਹਾਰ ਨਾ ਹੋਵੇ, ਪਰ ਕੱਤਕ ਮਹੀਨਾ ਤਾਂ ਤਿਉਹਾਰਾਂ ਦਾ ਭਰਿਆ ਜਖੀਰਾ ਹੁੰਦਾ ਹੈ। ਵਿਜੈ ਲੱਛਮੀ ਜਾਂ ਦੁਸਹਿਰਾ, ਸਾਂਝੀ ਮਾਈ, ਸੁਹਾਗਾਣਾਂ ਦਾ ਪਵਿੱਤਰ ਤਿਉਹਾਰ ਕਰੂਆ ਵਰਤ, ਮਮਤਾ ਦੀ ਸਾਂਝ ਦਾ ਤਿਉਹਾਰ ਝੱਕਰੀ, ਅਤੇ ਦੁਰਗਾ ਪੂਜਾ ਵਰਗੇ ਹੋਰ ਅਨੇਕਾਂ ਤਿਉਹਾਰ ਇਸ ਮਹੀਨੇ ਦੀ ਸ਼ੋਭਾ ਵਧਾਉਂਦੇ ਹਨ, ਪਰ ਦੀਵਾਲੀ ਦਾ ਤਿਉਹਾਰ ਇਸ ਮਹੀਨੇ ਦੀ ਸ਼ਾਨੋ ਸ਼ੌਕਤ ਨੂੰ ਦੂਣਾ ਕਰ ਦਿੰਦਾ ਹੈ।
ਤਿੱਥ-ਤਿਉਹਾਰ ਕਿਸੇ ਸਮਾਜ ਦੇ ਲੋਕ ਸਭਿਆਚਾਰ ਦੇ ਆਪ ਮੁਹਾਰੇ ਪ੍ਰਵਾਹ ਵਿੱਚੋਂ ਪੈਦਾ ਹੁੰਦੇ ਹਨ। ਹਰ ਇਕ ਸਮਾਜਕ ਸਮੂਹ ਦੀ ਆਪਣੀ ਵਿਲੱਖਣ ਜੀਵਨ ਸ਼ੈਲੀ ਹੁੰਦੀ ਹੈ, ਜਿਹੜੀ ਉਸ ਸਮਾਜਕ ਸਮੂਹ ਦੀ ਭੂਗੋਲਿਕ ਸਥਿਤੀ ਅਤੇ ਉਸ ਦੇ ਇਤਿਹਾਸ, ਮਿਥਿਹਾਸ ਨਾਲ ਗਹਿਰਾ ਸਬੰਧ ਰੱਖਦੀ ਰਹੀ ਹੈ। ਇਤਿਹਾਸਕ ਅਮਲ ਦੌਰਾਨ ਹਰ ਸਮਾਜਕ ਸਮੂਹ ਆਪਣੀਆਂ ਵਿਲੱਖਣ, ਕਦਰਾਂ ਕੀਮਤਾਂ, ਰੀਤਾਂ ਰਸਮਾਂ, ਮੰਨ ਮਨੌਤਾਂ ਅਤੇ ਲੋਕ ਵਿਸ਼ਵਾਸਾਂ ਆਦਿ ਦੀ ਸਿਰਜਣਾ ਕਰਦਾ ਰਹਿੰਦਾ ਹੈ। ਸਬੰਧਤ ਸਮਾਜ ਵੱਲੋਂ ਅਕਸਰ ਅਜਿਹੇ ਵਰਤਾਰੇ ਸਿਰਜੇ ਜਾਂਦੇ ਹਨ, ਜਿਹੜੇ ਕਿਸੇ ਨਾ ਕਿਸੇ ਸਮਾਜਕ ਲੋੜ ਨੂੰ ਪੂਰਾ ਕਰਦੇ ਹਨ ਅਤੇ ਲੋਕ ਸਮੂਹ ਵੱਲੋਂ ਪ੍ਰਵਾਨਿਤ ਹੁੰਦੇ ਹਨ। ਵਿਸ਼ਵ ਸਭਿਆਚਾਰਾਂ ਦੇ ਮੁਕਾਬਲੇ ਭਾਰਤੀ ਸਭਿਆਚਾਰ ਇਸੇ ਲਈ ਸ਼ਕਤੀਸ਼ਾਲੀ ਮੰਨਿਆ ਜਾਂਦਾ ਰਿਹਾ ਹੈ, ਕਿਉਕਿ ਪ੍ਰਾਚੀਨ ਸਮੇਂ ਦੇ ਭਾਰਤੀ ਲੋਕ ਕੁਦਰਤੀ ਵਰਤਾਰਿਆਂ ਦੀਆਂ ਰਮਜਾਂ, ਰਹੱਸਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਸਿੱਟਿਆਂ ਤੋਂ ਭਲੀ ਭਾਂਤ ਵਾਕਫ ਹੁੰਦੇ ਸਨ। ਇਸ ਲਈ ਉਨ੍ਹਾਂ ਨੇ, ਮਾਨਵੀ ਜੀਵਨ ਦੀ ਚਾਲ ਨੂੰ ਸਾਵਾਂ ਪੱਧਰਾ ਰੱਖਣ ਲਈ, ਅਤੇ ਇਸ ਦੀ ਖੜੋਤ ਅਤੇ ਨੀਰਸਤਾ ਨੂੰ ਤੋੜਨ ਲਈ, ਕੁਝ ਅਜਿਹੀਆਂ ਜੁਗਤਾਂ ਦੀ ਘਾੜਤ ਘੜੀ ਸੀ, ਜਿਨ੍ਹਾਂ ਦੀ ਬਦੌਲਤ ਲੋਕ ਮਾਨਸ ਵੀ ਸੰਤੁਸ਼ਟ ਹੁੰਦਾ ਰਿਹਾ ਸੀ, ਅਤੇ ਮਾਨਵੀ ਜੀਵਨ ਦਾ ਭੌਤਿਕ ਵਰਤਾਰਿਆਂ ਦੇ ਨੁਕਸਾਨ ਤੋਂ ਬਚਾਅ ਵੀ ਹੁੰਦਾ ਰਿਹਾ ਸੀ। ਅਜਿਹੀਆਂ ਜੁਗਤਾਂ, ਤਿੱਥ ਤਿਉਹਾਰਾਂ ਅਤੇ ਰਸਮ ਰਿਵਾਜਾਂ ਦੇ ਰੂਪ ਵਿਚ ਆਦਿ ਕਾਲ ਤੋਂ ਅੱਜ ਤੱਕ ਚਲੀਆਂ ਆ ਰਹੀਆਂ ਹਨ।
ਭਾਰਤੀ ਤਿੱਥ ਤਿਉਹਾਰਾਂ ਦੀ ਖ਼ੂਬਸੂਰਤੀ ਇਸ ਦੀ ਭਾਵ ਜੁਗਤ ਵਿਚ ਦੇਖੀ ਜਾ ਸਕਦੀ ਹੈ। ਇਨ੍ਹਾਂ ਤਿਉਹਾਰਾਂ ਦਾ ਸਰੂਪ ਤਾਂ ਲੌਕਿਕ ਹੁੰਦਾ ਹੈ, ਪਰੰਤੂ, ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲਾ ਫਲ ਪਾਰ ਲੌਕਿਕ ਮੰਨਿਆ ਜਾਂਦਾ ਹੈ। ਉਂਜ, ਇਨ੍ਹਾਂ ਤਿਉਹਾਰਾਂ ਦਾ ਆਯੋਜਨ ਪ੍ਰਯੋਜਨ ਮੂਲ ਰੂਪ ਵਿਚ ਬਦਲਦੇ ਮੌਸਮ ਨਾਲ ਜੁੜਿਆ ਰਿਹਾ ਹੈ। ਿਮਸਾਲ ਵਜੋਂ ਮਾਘੀ ਮਾਘ ਦੇ ਠੰਢੇ ਮੌਸਮ ਵਿਚ ਹੁੰਦੀ ਹੈ। ਪੁਰਾਤਨ ਰਹਿਤਲ ਅਨੁਸਾਰ ਪੋਹ ਮਾਘ ਦੀ ਠੰਢ ਵਿਚ ਇਸ਼ਨਾਨ ਕਰਨਾ ਮੁਸ਼ਕਿਲ ਕਾਰਜ ਸੀ ਪਰ ਇਸ ਤਿਉਹਾਰ ਨਾਲ ਸਵੇਰੇ ਕੇਸੀਂ ਇਸ਼ਨਾਨ ਕਰਨ ਦੇ ਫਲ ਸਰੂਪ “ਸੋਨੇ ਦੇ ਵਾਲ” ਪ੍ਰਾਪਤ ਹੋਣ ਦੇ ਲੋਕ ਵਿਸ਼ਵਾਸ ਨੇ ਇਹ ਮੁਸ਼ਕਿਲ ਹੱਲ ਕਰ ਦਿੱਤੀ ਸੀ। ਇਵੇਂ ਹੀ ਨਿਰਜਲਾ ਇਕਾਦਸ਼ੀ ਸਮੇਂ ਅਤਿ ਦੀ ਗਰਮੀ ਵਿਚ ਠੰਢਾ ਸ਼ਰਬਤ, ਪੀਣ ਪਿਲਾਉਣ ਦਾ ਮਹਾਤਮ, ਅਤੇ ਲੋਹੜੀ ਸਮੇਂ ਅੱਗ, ਗੁੜ ਅਤੇ ਤਿਲਾਂ ਦੇ ਪ੍ਰਯੋਗ ਦਾ ਮਹਾਤਮ ਆਦਿ ਇਕ ਤਰ੍ਹਾਂ ਨਾਲ ਮਾਨਵ ਸੇਵਾ ਦੀ ਦ੍ਰਿਸ਼ਟੀ ਤੋਂ ਸਿਰਜੇ ਗਏ ਲੋਕ ਵਿਸ਼ਵਾਸ ਹੀ ਰਹੇ ਹਨ। ਪੁਰਾਣੇ ਸਮੇਂ ਵਿਚ ਦੁਸਹਿਰੇ ਦੇ ਤਿਉਹਾਰ ਸਮੇਂ ਸਾਉਣੀ ਦੀ ਫਸਲ ਦੀ ਕਟਾਈ ਸ਼ੁਰੂ ਹੋ ਜਾਂਦੀ ਸੀ ਅਤੇ ਹਾੜੀ ਦੀ ਫ਼ਸਲ ਬੀਜਣ ਦਾ ਸਮਾਂ ਹੋਇਆ ਕਰਦਾ ਸੀ। ਇਸ ਸਮੇਂ ਖੇਤਾਂ ਵਿਚ ਜਾ ਕੇ ਗਰੜ ਫੰਗ (ਨੀਲ ਕੰਠ) ਦੇ ਦਰਸ਼ਨ ਕਰਨ ਦੀ ਲਾਲਸਾ ਅਧੀਨ ਪਰਿਵਾਰ ਖੇਤ ਪਹੁੰਚ ਜਾਂਦਾ ਸੀ ਅਤੇ ਕੰਮ ਕਾਜ ਵਿਚ ਰੁਝ ਜਾਂਦਾ ਸੀ। ਇਸੇ ਤਰ੍ਹਾਂ ਦੀਵਾਲੀ ਦੇ ਤਿਉਹਾਰ ਨਾਲ ਜੁੜੇ ਲੋਕ ਵਿਸ਼ਵਾਸ ਪਿੱਛੇ ਕਾਰਜਸ਼ੀਲ ਜੁਗਤ ਵੀ ਲੋਕ ਸਿਆਣਪ ਦਾ ਹੀ ਪ੍ਰਗਟਾਵਾ ਕਰਦੀ ਹੈ। ਦੀਵਾਲੀ ਦੇ ਤਿਉਹਾਰ ਨਾਲ ਜੁੜੇ ਲੋਕ ਵਿਸ਼ਵਾਸ ਅਨੁਸਾਰ, ਜਿਹੜਾ ਘਰ ਪਰਿਵਾਰ ਵਧੇਰੇ ਸਫ਼ਾਈ ਕਰੇਗਾ, ਆਪਣੇ ਚੌਗਿਰਦੇ ਨੂੰ ਵਧੇਰੇ ਸਾਫ਼ ਸੁਥਰਾ ਰੱਖੇਗਾ, ਉਸ ਘਰ ਵਿਚ ਲੱਛਮੀ ਮਾਂ ਪ੍ਰਵੇਸ਼ ਕਰੇਗੀ।
ਪੁਰਾਤਨ ਸਮੇਂ ਜਦੋਂ ਪੂਰੇ ਦਾ ਪੂਰਾ ਸਮਾਜਕ ਅਰਥਚਾਰਾ ਖੇਤੀ ਬਾੜੀ ਦੇ ਧੰਦੇ ’ਤੇ ਨਿਰਭਰ ਕਰਦਾ ਸੀ। ਅੱਸੀ ਪ੍ਰਤੀਸ਼ਤ ਲੋਕ ਪਿੰਡਾਂ ਵਿਚ ਕੱਚੇ ਮਕਾਨਾਂ ਵਿਚ ਰਹਿੰਦੇ ਸਨ, ਪਸ਼ੂ ਪਾਲਦੇ ਸਨ। ਇਸ ਖਿੱਤੇ ਦੇ ਲੋਕ ਗਰਮੀਆਂ ਦੀ ਰਾਤ ਸਮੇਂ ਬਾਹਰ ਵਿਹੜੇ ਵਿਚ ਜਾਂ ਛੱਤ ਉਤੇ ਸੌਂਦੇ ਸਨ। ਸਰਦੀਆਂ ਦੀ ਰੁੱਤੇ ਮਕਾਨ ਦੇ ਅੰਦਰ ਸੌਂਦੇ ਸਨ। ਦੀਵਾਲੀ ਦਾ ਤਿਉਹਾਰ ਅਕਸਰ ਅਕਤੂਬਰ ਨਵੰਬਰ ਦੇ ਮਹੀਨੇ ਆਉਂਦਾ ਹੈ। ਭਾਰਤੀ ਰੁੱਤਾਂ ਅਨੁਸਾਰ ਇਹ ਉਹ ਸਮਾਂ ਹੁੰਦਾ ਹੈ, ਜਦੋਂ ਕਮਰੇ ਅੰਦਰ ਸਾਉਣ ਦੀ ਲੋੜ ਹੁੰਦੀ ਹੈ। ਪਰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਤੱਕ ਬਾਰਸ਼ ਦੀ ਰੁੱਤ ਨੇ ਕੱਚੇ ਘਰਾਂ ਦੀਆਂ ਛੱਤਾਂ, ਕੰਧਾਂ ਅਤੇ ਦਰਵਾਜ਼ਿਆਂ ਦਾ ਹੁਲੀਆ ਵਿਗਾੜ ਦਿੱਤਾ ਹੁੰਦਾ ਸੀ। ਘਰ ਦੇ ਅੰਦਰ ਸਾਉਣੀ ਦੀ ਫਸਲ, ਕਪਾਹ, ਮੱਕੀ, ਬਾਜਰਾ ਜਾਂ ਗੁਆਰੇ ਦੇ ਥਾਂ-ਥਾਂ ਛੋਟੇ-ਵੱਡੇ, ਢੇਰ ਲੱਗੇ ਹੁੰਦੇ ਸਨ। ਰਹਿੰਦੀ ਖੂੰਹਦੀ ਕਸਰ ਜਿਣਸ ਸੰਭਾਲਣ ਵਾਲਾ ਵਾਰਦਾਨਾ ਪੂਰੀ ਕਰ ਦਿੰਦਾ ਸੀ। ਪਟੀਆਂ, ਬੋਰੀਆਂ, ਦੋੜੇ, ਪੱਲੀਆਂ ਆਦਿ ਥਾਂ-ਥਾਂ ਖਿੱਲਰੇ ਹੁੰਦੇ ਸਨ। ਕੀ ਅਜਿਹੀ ਹਾਲਤ ਵਿਚ ਘਰੇ ਛੱਤ ਥੱਲੇ ਸੌਣਾ ਸੁਰੱਖਿਅਤ ਹੋ ਸਕਦਾ ਸੀ? ਅਜਿਹੇ ਸਮੇਂ ਜਦੋਂ ਕੱਚੀਆਂ ਛੱਤਾਂ ’ਤੇ ਘਾਹ ਉਗ ਆਉਂਦਾ ਸੀ। ਕੱਚੀਆਂ ਕੰਧਾਂ ਦੇ ਲਿਉੜ ਉਤਰ ਜਾਂਦੇ ਸਨ। ਬਾਹਰਲੇ ਦਰਵਾਜ਼ੇ ਦੇ ਕਿੱਕਰ ਦੇ ਫੱਟਾਂ ਨੂੰ ਸਲਾਬ੍ਹ ਕਾਰਨ ਉਲੀ ਲੱਗਣੀ ਸ਼ੁਰੂ ਹੋ ਜਾਂਦੀ ਸੀ। ਉਸ ਹਾਲਤ ਵਿਚ ਕਿਸੇ ਜ਼ਹਿਰੀਲੇ ਕੀੜੇ ਕਾਢੇ ਦਾ ਡਰ ਹੁੰਦਾ ਸੀ, ਤਾਂ ਸਫ਼ਾਈ ਕਰਨ ਲਈ ਲੱਛਮੀ ਮਾਂ ਦੀ ਆਮਦ ਦਾ ਲਾਲਚ ਦੇਣਾ, ਕੋਈ ਫਰੇਬ ਜਾਂ ਅੰਧ-ਵਿਸ਼ਵਾਸ ਨਹੀਂ ਸੀ, ਸਗੋਂ ਇਕ ਉਸਾਰੂ ਜੁਗਤ ਹੀ ਤਾਂ ਸੀ।
ਸਭਿਆਚਾਰਕ ਪਰਿਵਰਤਨ ਦਾ ਅਮਲ ਇਕ ਲਾਜ਼ਮੀ ਅਤੇ ਅਟੱਲ ਸਚਾਈ ਨਾਲ ਜੁੜਿਆ ਹੈ। ਪਰ ਇਹ ਅਮਲ ਆਪ ਮੁਹਾਰਾ ਜਾਂ ਆਪ ਹੁਦਰਾ ਹਰਗਿਜ ਨਹੀਂ ਹੁੰਦਾ, ਸਗੋਂ ਸਭਿਆਚਾਰਕ ਪਰਿਵਰਤਨ ਦੇ ਅਮਲ ਵਿਚ ਘੱਟ ਜਾਂ ਵੱਧ ਮਾਤਰਾ ਵਿਚ ਮਨੁੱਖੀ ਪਹੁੰਚ ਕਾਰਜਸ਼ੀਲ ਹੁੰਦੀ ਹੈ। ਉਸਾਰੂ ਪਹੁੰਚ ਸਭਿਆਚਾਰ ਨੂੰ ਵਿਕਾਸ ਦੀ ਦਿਸ਼ਾ ਵਲ ਲੈ ਜਾਂਦੀ ਹੈ, ਜਦੋਂ ਕਿ ਨਕਾਰਾਤਮਕ ਪਹੁੰਚ ਇਸ ਨੂੰ ਨਿਘਾਰ ਦੀ ਦਿਸ਼ਾ ਵਲ ਲੈ ਜਾਂਦੀ ਹੈ। ਸਾਡੀ ਬਦਕਿਸਮਤੀ ਇਹ ਰਹੀ ਹੈ ਕਿ ਅਸੀ ਪੁਰਾਤਨ ਸਮੇਂ ਦੇ ਉਸਾਰੂ ਸਭਿਆਚਾਰਕ ਵਰਤਾਰੇ ਨਵੀਂ ਸੋਚ ਦੇ ਪ੍ਰਭਾਵ ਅਧੀਨ ਤਿਆਗ ਤਾਂ ਦਿੱਤੇ ਹਨ, ਪਰ ਬਦਲਵੇਂ ਰੂਪ ਵਿਚ ਉਸੇ ਪੱਧਰ ਦੇ ਨਵੇਂ ਉਸਾਰੂ ਸਭਿਆਚਾਰਕ ਵਰਤਾਰੇ ਸਿਰਜਣ ਵਿਚ ਅਸਫਲ ਰਹੇ ਹਾਂ। ਜਿਸ ਦਾ ਫਲਸਰੂਪ ਅਸੀਂ ਰੀਸੋ ਰੀਸ ਮਾਂਗਵੇਂ ਸਭਿਆਚਾਰਕ ਵਰਤਾਰਿਆਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਕੇਵਲ ਦੱਕਿਆਨੂਸੀ ਆਧੁਨਿਕਤਾ ਹੀ ਸਾਡੇ ਪੱਲੇ ਰਹਿ ਗਈ ਹੈ। ਤਜਾਰਤੀ ਰੁਚੀਆਂ ਅਤੇ ਪੂੰਜੀਵਾਦੀ ਸਮਾਜ ਦੇ ਪ੍ਰਭਾਵ ਅਧੀਨ ਪਲਰ ਰਹੇ ਮੀਡੀਆ ਦੇ ਕੂੜ ਪ੍ਰਚਾਰ ਨੇ ਤਾਂ ਜਿਵੇਂ ਇਸ ਦੀ ਰਹਿੰਦ ਖੂੰਹਦ ਮਿਟਾਉਣ ਦੀ ਵੀ ਸਹੁੰ ਖਾ ਰੱਖੀ ਹੈ। ਅਜਿਹੀ ਹਾਲਤ ਵਿਚ ਥੋੜ੍ਹਾ ਬਹੁਤਾ ਉਜਰ ਕਰਨ ਵਾਲੀਆਂ ਧਿਰਾਂ ਬੁਰੀ ਤਰ੍ਹਾਂ ਬੇਵਸ ਅਤੇ ਲਾਚਾਰ ਹੋ ਕੇ ਰਹਿ ਗਈਆਂ ਹਨ। ਸਭਿਆਚਾਰਕ ਅੰਧਕਾਰ ਦੇ ਸ਼ਿਕਾਰ ਅਸੀਂ ਕਿਹੜੇ ਖੂਹ ਖਾਤੇ ਡਿਗਣਾ ਹੈ, ਕੋਈ ਪਤਾ ਨਹੀਂ ਹੈ।
ਦੀਵਾਲੀ, ਦੀਪਾਵਲੀ, ਜਾਂ ਦੀਪ ਮਾਲਾ ਸ਼ਬਦਾਂ ਦਾ ਸਬੰਧ ਦੀਵੇ ਨਾਲ ਹੈ। ਦੀਵਾਲੀ ਅਤੇ ਦੀਵੇ ਦਾ ਉਵੇਂ ਹੀ ਅਤੁੱਟ ਸਬੰਧ ਰਿਹਾ ਹੈ, ਜਿਵੇਂ ਸੂਰਜ ਅਤੇ ਰੋਸ਼ਨੀ ਦਾ ਸਦੀਵੀ ਸਬੰਧ ਹੈ। ਦੀਵਾਲੀ ਦੇ ਤਿਉਹਾਰ ਸਮੇਂ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਏ ਜਾਣੇ ਸ਼ੁਭ ਸ਼ਗਨ ਰਿਹਾ ਹੈ। ਲੋਕਧਾਰਾ ਸ਼ਾਸਤਰੀ ਡਾ ਸੋਹਿੰਦਰ ਸਿੰਘ ਬੇਦੀ ਅਨੁਸਾਰ ਦੀਵਾ ਜੀਵਨ ਜੋਤ ਦਾ ਪ੍ਰਤੀਕ ਹੈ। ਹਨੇਰੇ ਨੂੰ ਚਾਨਣ ਵਿਚ ਬਦਲਣ ਦਾ ਮਾਨਵੀ ਕਰਮ ਹੈ। ਦੀਵੇ ਨਾਲ ਪੰਜਾਬੀ ਮਾਨਸਿਕਤਾ ਦੀ ਪੁਰਾਤਨ ਸਮੇਂ ਦੀ ਸਾਂਝ ਰਹੀ ਹੈ। ਜਦੋਂ ਹਾਲੇ ਬਿਜਲੀ ਦੀ ਰੋਸ਼ਨੀ ਨਹੀਂ ਸੀ ਆਈ ਤਾਂ ਰਾਤ ਸਮੇਂ ਰੋਸ਼ਨੀ ਲਈ ਸਰ੍ਹੋਂ ਦੇ ਤੇਲ ਦੇ ਦੀਵੇ ਬਾਲੇ ਜਾਂਦੇ ਸਨ। ਦੀਵੇ ਨੂੰ ਦੇਵਤਾ ਦਾ ਰੂਪ ਮੰਨ ਕੇ ਘਰ ਦੀਆਂ ਸੁਆਣੀਆਂ ਇਸ ਨੂੰ ਪੂਰਾ ਆਦਰ ਸਤਿਕਾਰ ਦਿਆ ਕਰਦੀਆਂ ਸਨ। ਉਨ੍ਹਾਂ ਦਾ ਇਹ ਵਿਸ਼ਵਾਸ ਹੋਇਆ ਕਰਦਾ ਸੀ ਕਿ,
ਦੀਵਟ, ਦੀਵੜਾ ਬਲੇ,
ਸੱਤਰ ਸੌ, ਬਲਾ ਟਲੇ।
* * * *
ਦੀਵਟ ਘਿਓ ਦੀ ਬੱਤੀ,
ਘਰ ਆਵੈ, ਬਹੁਤੀ ਖੱਟੀ।
ਪੁਰਾਤਨ ਸਮੇਂ ਦੇ ਲੋਕ ਦੀਵਾ ਬਲੇ ਸਾਰੀ ਰਾਤ ਦੀ ਉਕਤੀ ਦਾ ਪਾਲਣ ਕਰਦੇ ਲੱਗਦੀ ਵਾਹ ਦੀਵੇ ਦੀ ਰੌਸ਼ਨੀ ਬੰਦ ਨਹੀਂ ਸੀ ਕਰਦੇ। ਦੀਵਾ ਬੁਝਾਉਣਾ ਉਨ੍ਹਾਂ ਲਈ, ਅਪਸ਼ਗਨ ਹੋਇਆ ਕਰਦਾ ਸੀ। ਇਸੇ ਕਾਰਨ ਉਹ ਦੀਵਾ ਬੁਝਾਉਣ ਦੀ ਥਾਂ ਦੀਵਾ ਵੱਡਾ ਕਰਨਾ ਕਿਹਾ ਕਰਦੇ ਸਨ। ਦੀਵੇ ਨੂੰ ਵੱਡਾ ਕਰਨ ਸਮੇਂ ਵੀ ਉਸ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਸੀ,
ਜਾਹ ਦੀਵਿਆ ਘਰ ਆਪਣੇ,
ਤੇਰੀ ਮਾਂ ਉਡੀਕੇ ਵਾਰ।
ਆਈਂ ਸਵੇਰੇ, ਜਾਈਂ ਅਵੇਰੇ,
ਸੱਭੇ ਸ਼ਗਨ ਵਿਚਾਰ।
* * * *
ਜਾਹ ਦੀਵਿਆ ਘਰ ਆਪਣੇ,
ਸੁਖ ਵਸਾਈ ਰਾਤ।
ਰਿਜਕ ਲਿਆਈਂ ਭਾਲ ਕੇ,
ਆਵੇਂ ਜਦ ਪ੍ਰਭਾਤ।
*ਦੀਵਾਲੀ ਦੇ ਤਿਉਹਾਰ ਸਮੇਂ ਲੋਕ ਪਕਵਾਨ ਦੇ ਰੂਪ ਵਿਚ ਗੁੜ ਦੀਆਂ ਬਣੀਆਂ ਮੱਠੀਆਂ ਦਾ ਬੋਲ ਬਾਲਾ ਹੋਇਆ ਕਰਦਾ ਸੀ। ਵੱਡੇ ਪਰਿਵਾਰਾਂ ਦੀਆਂ ਸੁਆਣੀਆਂ ਇਨ੍ਹਾਂ ਮੱਠੀਆਂ ਦੇ ਵੱਡੇ ਟੋਕਰੇ ਭਰ ਲਿਆ ਕਰਦੀਆਂ ਸਨ। ਪਰਿਵਾਰ ਦੇ ਮੈਂਬਰ ਅਕਸਰ ਕੰਮ ਕਾਜ ਵਿਚ ਰੁਝੇ ਹੋਏ ਵੀ ਨਾਲ-ਨਾਲ ਮੱਠੀਆਂ ਖਾਈ ਜਾਇਆ ਕਰਦੇ ਸਨ। ਦੀਵਾਲੀ ਤੋਂ ਕਈ ਦਿਨ ਪਹਿਲਾਂ ਬਣੀਆਂ ਇਹ ਮੱਠੀਆਂ ਦੀਵਾਲੀ ਤੋਂ ਬਾਅਦ ਵੀ ਕਈ ਦਿਨ ਚੱਲ ਜਾਂਦੀਆਂ ਸਨ। ਘਰ ਦਾ ਗੁੜ, ਘਰ ਦਾ ਆਟਾ, ਅਤੇ ਘਰ ਦਾ ਬਾਲਣ, ਨਾ ਕੋਈ ਬਾਹਰਲੇ ਬੰਦੇ ਦਾ ਮਿਹਨਤਾਨਾ, ਨਾ ਹਿੰਗ ਲੱਗੀ ਨਾ ਫਟਕੜੀ, ਰੰਗ ਚੋਖਾ ਚੜ੍ਹਿਆ, ਘਰ ਦੇ ਦੁੱਧ ਦਾ ਕੱਢਿਆ ਖੋਆ ਅਤੇ ਘਰ ਦੀ ਸ਼ੱਕਰ ਦੇ ਬਣਾਏ ਲੱਡੂ ਵੀ ਬਹੁਤ ਸਾਰੇ ਘਰ ਤਿਆਰ ਕਰ ਲਿਆ ਕਰਦੇ ਸਨ। ਬਾਜ਼ਾਰ ਵਿੱਚੋਂ ਲਿਆਉਣ ਵਾਲੇ ਤਾਂ ਖਿੱਲਾਂ ਅਤੇ ਖੰਡ ਦੇ ਖੇਡਣੇ ਹੀ ਹੋਇਆ ਕਰਦੇ ਸਨ।
ਪਟਾਕੇ ਨਾ ਮਾਤਰ ਹੀ ਹੁੰਦੇ ਸਨ, ਫੁਲਝੜੀਆਂ ਅਤੇ ਮੋਮ ਬੱਤੀਆਂ ਦਾ ਦੌਰ ਵੀ ਕਾਫੀ ਦੇਰ ਬਾਅਦ ਸ਼ੁਰੂ ਹੋਇਆ ਸੀ। ਘਰ ਦੀਆਂ ਬਣੀਆਂ, ਮੱਠੀਆਂ ਅਤੇ ਹੋਰ ਪਦਾਰਥ ਹੀ ਪੂਜਾ ਸਮੱਗਰੀ ਵਿਚ ਸ਼ਾਮਲ ਹੁੰਦੇ ਸਨ। ਪਿੰਡ ਦੇ ਘੁਮਿਆਰ ਦੀ ਤਿਆਰ ਕੀਤੀ ਘਰੂੰਡੀ, ਜਾਂ ਹਟੜੀ, ( ਮਿੰਨੀ ਦੇਵ ਮੰਦਰ) ਨੂੰ ਸਜਾ ਕੇ ਸਮੁੱਚਾ ਪਰਿਵਾਰ ਪੂਜਾ ਕਰਦਾ ਸੀ। ਸ਼ਾਇਦ ਇਹ ਰਵਾਇਤ ਰਿਜਕ ਦੀ ਪੂਜਾ ਦਾ ਪ੍ਰਤੀਕਾਤਮਕ ਪ੍ਰਗਟਾਵਾ ਕਰਨ ਨਾਲ ਸਬੰਧਿਤ ਹੋਇਆ ਕਰਦੀ ਸੀ।
ਹਨੇਰੇ ਨਾਲ ਯੁੱਧ
ਦੀਵੇ ਦੀ ਸੂਰਮਗਤੀ, ਨਿਮਰਤਾ, ਹਲੀਮੀ ਅਤੇ ਇਸ ਦੇ ਉਪਕਾਰੀ ਸੁਭਾਅ ਬਾਰੇ ਵੀ ਇਕ ਲਘੂ ਦ੍ਰਿਸ਼ਟਾਂਤ ਪ੍ਰਚੱਲਿਤ ਹੈ। ਕਿਹਾ ਜਾਂਦਾ ਹੈ, ਕਿ ਜਦੋਂ ਸੂਰਜ ਛਿਪਣ ਲੱਗਿਆ ਤਾਂ ਸੂਰਜ ਲੋਕਾਂ ਨੂੰ ਮੁਖਾਤਿਬ ਹੋ ਕੇ ਕਹਿਣ ਲੱਗਿਆ, ਕਿ ਹੁਣ ਮੈਂ ਤਾਂ ਚੱਲਿਆ ਹਾਂ। ਮੇਰੇ ਪਿੱਛੋਂ ਨੇਰੇ ਨਾਲ ਲੜਨ ਵਾਲਾ ਤੁਹਾਡੇ ਕੋਲ ਕੌਣ ਹੈ? ਆਖਦੇ ਨੇ ਕਿ ਦੀਵੇ ਨੇ ਬਹੁਤ ਹੀ ਹਲੀਮੀ ਭਰੇ ਲਹਿਜੇ ਵਿਚ ਉਤਰ ਦਿੱਤਾ ਕਿ ਹੇ ਸੂਰਜ ਦੇਵਤਾ! ਮੈਂ ਤੁਹਾਡੀ ਬਰਾਬਰੀ ਤਾਂ ਨਹੀਂ ਕਰ ਸਕਦਾ, ਪਰ ਜੋ ਮੇਰੇ ਕੋਲੋਂ ਸਰਿਆ, ਮੈਂ ਹਨੇਰੇ ਨਾਲ ਯੁੱਧ ਜ਼ਰੂਰ ਕਰਾਂਗਾ। ਇਉਂ ਪੰਜਾਬੀ ਜਨ ਜੀਵਨ ਅੰਦਰ ਦੀਵਾ, ਪਿਤਰ ਪੂਜਾ ਤੋਂ ਲੈ ਕੇ ਖ਼ੁਸ਼ੀਆਂ ਖੇੜਿਆਂ ਦੇ ਪ੍ਰਤੀਕ ਤੱਕ ਫੈਲਿਆ ਹੋਇਆ ਹੈ।
ਵਰਤਮਾਨ ਸਮੇਂ ਵਿਚ ਦੀਵਾਲੀ ਵਾਲੇ ਦਿਨ ਪੁਰਖਿਆਂ ਦੀ ਪੂਜਾ, ਗੁਰੂਆਂ ਪੀਰਾਂ, ਦੇਵੀ ਦੇਵਤਿਆਂ ਦੀ ਪੂਜਾ, ਰਿਜਕ ਦੇ ਸਾਧਨਾ ਦੀ ਪੂਜਾ ਦੂਜੈਲੈ ਸਥਾਨ ’ਤੇ ਚਲੇ ਗਏ ਹਨ। ਮਕਾਨਕੀ ਯੰਤਰਾਂ ਨੇ ਮਾਨਵੀ ਸੋਚ ਵੀ ਮਾਕਾਨਕੀ ਬਣਾ ਦਿੱਤੀ ਹੈ। ਨਾ ਤਿੱਥ ਤਿਉਹਾਰ ਸਮੇਂ ਭਾਈਚਾਰਕ ਸਾਂਝ ਨਜਰ ਆਉਂਦੀ ਹੈ, ਤੇ ਨਾ ਹੀ ਮਾਨਸਿਕ ਸਕੂਨ ਮਿਲਦਾ ਹੈ। ਸ਼ੋਰ ਸ਼ਰਾਬੇ ਅਤੇ ਆਪਾ ਧਾਪੀ ਦੇ ਰਾਮ ਰੌਲੇ ਵਿਚ ਸਚਮੁੱਚ ਦਾ ਤਿਉਹਾਰ ਗੁਆਚ ਗਿਆ ਹੈ।
ਭਾਈਚਾਰਕ ਸਾਂਝ
ਦੀਵਾਲੀ ਦੀ ਰਾਤ ਨੂੰ ਦੀਵਿਆਂ ਦਾ ਸਮੂਹਕ ਰੂਪ ਵਿਚ ਬਲਣ ਦਾ ਅਦਭੁੱਤ ਦ੍ਰਿਸ਼ ਅਤੇ ਚਾਨਣ ਦਾ ਲਿਸ਼ਕਾਰਾ ਪੂਰੇ ਸੰਸਾਰ ਦੇ ਅੰਧਕਾਰ ਨੂੰ ਮਿਟਾ ਦਿੰਦਾ ਹੈ। ਪੁਰਾਤਨ ਲੋਕ ਵਿਸ਼ਵਾਸ ਅਨੁਸਾਰ ਸ਼ਰਾਧਾਂ ਦੇ ਦਿਨਾਂ ਵਿਚ ਮਾਤ ਲੋਕ ਤੇ ਆਈਆਂ ਚੰਦਰੀਆਂ ਰੂਹਾਂ ਨਗਰ ਵਿਚ ਪ੍ਰਵੇਸ਼ ਕਰ ਕੇ ਅਸ਼ਾਂਤੀ ਪੈਦਾ ਕਰ ਦਿੰਦੀਆਂ ਹਨ। ਕਾਰੋਬਾਰ ਅਤੇ ਮਾਨਵੀ ਜੀਵਨ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਹੈ। ਦੀਵੇ ਬਾਲਣ ਨਾਲ ਪ੍ਰੇਤ ਰੂਹਾਂ ਲੋਪ ਹੋ ਜਾਂਦੀਆਂ ਹਨ। ਇਸੇ ਲਈ ਦੀਵਾਲੀ ਦੀ ਰਾਤ ਨੂੰ ਜਨਤਕ ਥਾਵਾਂ ’ਤੇ ਚੌਰਸਤੇ ਵਿਚ, ਖੂਹ, ਟੋਭਿਆ ਅਤੇ ਧਾਰਮਿਕ ਅਸਥਾਨਾਂ ਉਤੇ ਦੀਵੇ ਜਗਾਏ ਜਾਂਦੇ ਹਨ। ਦੀਵੇ ਦੀ ਰੋਸ਼ਨੀ ਵਾਂਗ ਹੀ ਪੁਰਾਤਨ ਸਮੇਂ ਦੇ ਲੋਕ ਦੋ ਸਾਂਗੜ ਵਾਲੇ ਡੰਡਿਆਂ ’ਤੇ ਜੜੀ ਬਲਦੀ ਮਸ਼ਾਲ ਜਗਾਇਆ ਕਰਦੇ ਸਨ। ਵੜੇਵੇਂ, ਗਿਦੜਪੀੜੀ ਨੂੰ ਸਰ੍ਹੋਂ ਦੇ ਤੇਲ ਵਿਚ ਡਬੋ ਕੇ ਰੂੰ ਦੀ ਮੋਟੀ ਬੱਤੀ ਨਾਲ ਜਗਾਈ ਮਸ਼ਾਲ ਦੇਰ ਰਾਤ ਤੀਕ ਚਾਨਣ ਦਿਆ ਕਰਦੀ ਸੀ। ਨੌਜਵਾਨ ਮੁੰਡੇ ਇਸ ਜਗਦੀ ਮਸ਼ਾਲ ਨੂੰ ਲੈ ਕੇ ਗਲੀ ਗੁਆਂਢ ਤੇ ਪਿੰਡ ਦੇ ਨੇੜੇ ਤੇੜੇ ਦੇ ਘਰੋਂ ਤੇਲ ਪਵਾ ਲਿਆ ਕਰਦੇ ਸਨ। ਇਹ ਪੇਂਡੂ ਭਾਈਚਾਰਕ ਸਾਂਝ ਦੀ ਦਿਲਚਸਪ ਝਾਕੀ ਹੋਇਆ ਕਰਦੀ ਸੀ।
ਅਜੋਕੇ ਤਜਾਰਤੀ ਯੁੱਗ ਦੀ ਲਿਫ਼ਾਫ਼ੇਬਾਜ਼ੀ ਅਤੇ ਲਿਸ਼ਕ ਪੁਸ਼ਕ ਨੇ ਤਿੱਥ ਤਿਉਹਾਰਾਂ ਦਾ ਪ੍ਰੰਪਰਾਗਤ ਮੁਹਾਂਦਰਾ ਪੂਰੀ ਤਰਾਂ ਬਦਲ ਦਿੱਤਾ ਹੈ। ਨਕਲੀ ਦੁੱਧ ਦੀਆਂ ਬਣੀਆਂ ਮਿਠਾਈਆਂ, ਜਿਨ੍ਹਾਂ ਨੂੰ ਕਈ-ਕਈ ਦਿਨ ਸੰਭਾਲਣ ਲਈ ਜ਼ਹਿਰੀਲੇ ਪਦਾਰਥਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਨ੍ਹਾਂ ਵਸਤਾਂ ਦੀ ਵਰਤੋਂ ਮਾਨਵ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਵਰਤਮਾਨ ਸਮੇਂ ਦੇ ਪ੍ਰਦੂਸ਼ਤ ਵਾਤਾਵਰਨ ਵਿਚ ਪਟਾਕਿਆਂ ਦਾ ਲਗਾਤਾਰ ਵੱਧ ਰਿਹਾ ਰੁਝਾਨ ਵੀ ਮਾਨਵੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਿਹਾ ਹੈ। ਪਟਾਕਿਆਂ ਦਾ ਕੰਨ ਪਾੜਵਾਂ ਸ਼ੋਰ ਸ਼ਰਾਬਾ ਅਤੇ ਪਟਾਕਿਆਂ ਦੇ ਜਲਣ ਨਾਲ ਪੈਦਾ ਹੋ ਰਹੀ ਜ਼ਹਿਰੀਲੀ ਹਵਾ ਸਾਹ ਪ੍ਰਣਾਲੀ ਨੂੰ ਨਕਾਰਾ ਕਰੀ ਜਾ ਰਹੀ ਹੈ। ਖਾਣ ਪੀਣ ਦੇ ਗੰਦੇ, ਜ਼ਹਿਰੀਲੇ ਪਦਾਰਥ ਪਾਚਨ ਪ੍ਰਣਾਲੀ ਨੂੰ ਕਮਜ਼ੋਰ ਕਰੀ ਜਾ ਰਹੇ ਹਨ। ਸਾਡੇ ਆਲੇ ਦੁਆਲੇ ਦਾ ਵਾਤਾਵਰਨ ਪੂਰੀ ਤਰ੍ਹਾਂ ਜ਼ਹਿਰੀਲਾ ਹੋ ਰਿਹਾ ਹੈ। ਜ਼ਹਿਰੀਲੀਆਂ ਦਵਾਈਆਂ ਦੇ ਸਪਰੇਅ ਅਧੀਨ ਪ੍ਰਵਾਨ ਚੜ੍ਹੇ ਫਲ, ਸਬਜ਼ੀਆਂ, ਫ਼ਸਲਾਂ ਤੇ ਜ਼ਹਿਰੀਲੇ ਸਪਰੇਅ ਨਾਲ ਪਲੀਤ ਹੋਈ ਧਰਤੀ ਅਤੇ ਧਰਤੀ ਹੇਠਲਾ ਪਾਣੀ ਮਾਨਵੀ ਜੀਵਨ ਦੇ ਵਿਨਾਸ਼ ਦੇ ਸੂਚਕ ਬਣ ਰਹੇ ਹਨ। ਵਰਤਮਾਨ ਸਮੇਂ ਦਾ ਮਨੁੱਖ ਮਜਬੂਰ ਹੈ ਜਾਂ ਬੇਸਮਝ, ਜਿਹੜਾ ਜਾਣ ਬੁਝ ਕੇ ਆਤਮਘਾਤੀ ਮਾਰਗ ’ਤੇ ਚੱਲ ਰਿਹਾ ਹੈ। ਉਹ ਆਪਣੇ ਹੀ ਹੱਥਾਂ ਨਾਲ ਉਸ ਟਾਹਣੀ ਨੂੰ ਕੱਟ ਰਿਹਾ ਹੈ, ਜਿਸ ਉੱਤੇ ਉਹ ਬੈਠਾ ਹੋਇਆ ਹੈ। ਇਹ ਟਾਹਣਾ ਕਿਸੇ ਡੂੰਘੀ ਖੱਡ ਵਿਚ ਡਿਗਣਾ, ਜਾਂ ਕਿਸੇ ਖੂਹ ਖਾਤੇ ਵਿਚ ਹਰ ਹਾਲਤ ਵਿਚ ਉਸ ਦੀ ਮੌਤ ਯਕੀਨੀ ਹੈ। ਚੇਤੇ ਰੱਖਣ ਦੀ ਲੋੜ ਹੈ, ਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ, ਪਟਾਕਿਆਂ ਦਾ ਨਹੀਂ। ਇਹ ਰੌਸ਼ਨੀਆਂ ਦਾ ਤਿਉਹਾਰ ( festival of lights) ਹੈ, ਅੰਧਕਾਰ ਫੈਲਾਉਣ ਦਾ ਨਹੀਂ। ਜਾਣੇ, ਅਣਜਾਣੇ ਸਾਡਾ ਨੌਜਵਾਨ ਵਰਗ ਪਟਾਕਿਆਂ ਦੀ ਘਨਘੋਰ ਘਟਾ ਰਾਹੀਂ ਅੰਧਕਾਰ ਫੈਲਾਉਣ ਦਾ ਜ਼ਿੰਮੇਵਾਰ ਬਣ ਰਿਹਾ ਹੈ। ਇਸ ਤੋਂ ਮੁਕਤ ਹੋਣ ਦੀ ਲੋੜ ਹੈ।
• ਜੀਤ ਸਿੰਘ ਜੋਸ਼ੀ