ਧਰਤੀ ਦੇ ਇਸ ਖਗੋਲ ਉੱਤੇ ਮਨੁੱਖ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸਤਯੁੱਗ, ਤਰੇਤਾ, ਦੁਆਪਰ, ਕਲਯੁੱਗ ਮਨੁੱਖ ਦੀ ਇਤਿਹਾਸਕ ਗਤੀ ਨੂੰ ਪੇਸ਼ ਕਰਦੇ ਮੁੱਖ ਚਾਰ ਯੁੱਗ ਹਨ। ਇਨ੍ਹਾਂ ਚਾਰ ਯੁਗਾਂ ਅੰਦਰ ਮਨੁੱਖ ਨਿਰੰਤਰ ਕਿਰਿਆਸ਼ੀਲ ਰਹਿਣ ਵਾਲਾ ਜੀਵ ਹੈ, ਜਿਸ ਨੇ ਆਪਣੇ ਆਪ ਦੀ ਪਛਾਣ ਲਈ ਅਨੇਕਾਂ ਸਦੀਆਂ ਦਾ ਸੰਤਾਪ ਹੱਡੀ ਹੰਡਾਇਆ।

ਧਰਤੀ ਦੇ ਇਸ ਖਗੋਲ ਉੱਤੇ ਮਨੁੱਖ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸਤਯੁੱਗ, ਤਰੇਤਾ, ਦੁਆਪਰ, ਕਲਯੁੱਗ ਮਨੁੱਖ ਦੀ ਇਤਿਹਾਸਕ ਗਤੀ ਨੂੰ ਪੇਸ਼ ਕਰਦੇ ਮੁੱਖ ਚਾਰ ਯੁੱਗ ਹਨ। ਇਨ੍ਹਾਂ ਚਾਰ ਯੁਗਾਂ ਅੰਦਰ ਮਨੁੱਖ ਨਿਰੰਤਰ ਕਿਰਿਆਸ਼ੀਲ ਰਹਿਣ ਵਾਲਾ ਜੀਵ ਹੈ, ਜਿਸ ਨੇ ਆਪਣੇ ਆਪ ਦੀ ਪਛਾਣ ਲਈ ਅਨੇਕਾਂ ਸਦੀਆਂ ਦਾ ਸੰਤਾਪ ਹੱਡੀ ਹੰਡਾਇਆ। ਸਤਯੁੱਗ ਅੰਦਰ ਮਨੁੱਖ ਦਾ ਕਾਰਜ ਖੇਤਰ ਸੱਚ ਦੀ ਖੋਜ ਕਰਨਾ ਤੇ ਸਿੱਧੇ ਸਾਧੇ ਢੰਗ ਨਾਲ ਜੀਵਨ ਬਤੀਤ ਕਰਨਾ ਸੀ। ਤਰੇਤਾ ਯੁੱਗ ਦੇ ਸਮੇਂ ’ਚ ਮਨੁੱਖ ਦੀਆਂ ਵਿਹਾਰਕ ਲੋੜਾਂ ’ਚ ਸਤਯੁੱਗ ਨਾਲੋਂ ਕੁਝ ਵਾਧਾ ਹੋਣ ਲੱਗਿਆ। ਮਨੁੱਖ ਨੇ ਖ਼ੁਦ ਦੀ ਪਛਾਣ ਕਰਨ ਦੇ ਨਾਲ-ਨਾਲ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਾਧਨਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਦੁਆਪਰ ਵਿਚ ਮਨੁੱਖ ਦੀਆਂ ਲੋੜਾਂ ਵਿਚ ਅਸੀਮਤ ਵਾਧਾ ਹੋਣਾ ਸ਼ੁਰੂ ਹੋਇਆ। ਉਸ ਨੇ ਆਪਣੇ ਰਹਿਣ ਲਈ ਪੱਕੇ ਤੌਰ ’ਤੇ ਘਰ ਬਣਾਉਣਾ ਅਤੇ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਸਾਧਨਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਉਸ ਅੰਦਰ ਖ਼ੁਦ ਨੂੰ ਸਥਿਰ ਰੱਖਣ ਲਈ ਮੁਕਾਬਲੇ ਦੀ ਭਾਵਨਾ ਵਿਕਸਿਤ ਹੋਣੀ ਸ਼ੁਰੂ ਹੋ ਗਈ।
ਹੁਣ ਉਸ ਦਾ ਜੀਵਨ ਪਹਿਲਾਂ ਨਾਲੋਂ ਕਾਫ਼ੀ ਬਦਲ ਗਿਆ ਸੀ। ਇੱਥੋਂ ਹੀ ਨਵੀਆਂ ਚੀਜ਼ਾਂ ਨੂੰ ਤਲਾਸ਼ ਕਰਨ ਦੀ ਉਸ ਯਾਤਰਾ ਦਾ ਆਗਾਜ਼ ਹੁੰਦਾ ਹੈ। ਇੱਥੇ ਉਸ ਅੰਦਰ ਮੌਜੂਦ ਇਨਸਾਨੀ ਗੁਣ ਕਿਸੇ ਹੱਦ ਤੱਕ ਉਸ ਦਾ ਮਾਰਗ-ਦਰਸ਼ਨ ਕਰਦੇ ਹਨ। ਸਹਿਜਤਾ, ਸਹਿਯੋਗ, ਸੰਜਮਤਾ, ਸਬਰ, ਸਿਦਕ, ਲਗਨ, ਮਿਹਨਤ ਉਸ ਲਈ ਊਰਜਾ ਦਾ ਸਾਧਨ ਬਣਦੇ ਹਨ, ਜਦੋਂਕਿ ਨਫ਼ਰਤ, ਬਦਸਲੂਕੀ, ਬੇਈਮਾਨੀ, ਈਰਖਾ, ਆਲਸ ਵਰਗੀਆਂ ਰੁਕਾਵਟਾਂ ਦਾ ਅਕਸ ਕੁਝ ਧੁੰਦਲਾ ਦਿਖਾਈ ਦਿੰਦਾ ਸੀ। ਅਗਲਾ ਯੁੱਗ ਜਿਸ ਨੂੰ ਧਾਰਮਿਕ ਗ੍ਰੰਥਾਂ ਵਿਚ ਕਲਯੁੱਗ ਦੇ ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਇਸ ਯੁੱਗ ਵਿਚ ਆਉਂਦਿਆਂ ਮਨੁੱਖ ਦੀਆਂ ਬਹੁਤ ਸਾਰੀਆਂ ਸੁਭਾਵਿਕ ਪ੍ਰਵਿਰਤੀਆਂ ਅੰਦਰ ਤਬਦੀਲੀਆਂ ਆਈਆਂ। ਇਸ ਯੁੱਗ ’ਚ ਮਨੁੱਖ ਲਈ ਜੀਵਨ ਜਿਊਣਾ, ਸਾਧਨ ਇਕੱਠੇ ਕਰਨਾ, ਵਸਤਾਂ ਦਾ ਆਦਾਨ-ਪ੍ਰਦਾਨ ਕਰਨਾ ਹੀ ਮੁੱਖ ਉਦੇਸ਼ ਨਹੀਂ ਸੀ ਸਗੋਂ ਇਨ੍ਹਾਂ ਸਭ ਸਾਧਨਾਂ ਨੂੰ ਹਰ ਹੀਲੇ ਹਾਸਿਲ ਕਰਨਾ, ਉਸ ਉੱਤੇ ਅਧਿਕਾਰ ਜਮਾਉਣਾ, ਆਪਣੀ ਸੱਤਾ ਕਾਇਮ ਕਰਨਾ, ਹਰ ਦੂਸਰੇ ਨੂੰ ਆਪਣੇ ਅਧੀਨ ਕਰਨਾ, ਕਿਸੇ ਲਈ ਸਹੀ-ਗ਼ਲਤ ਦਾ ਫ਼ੈਸਲਾ ਕਰਨਾ ਆਦਿ ਸਭ ਉਸ ਦੀ ਜ਼ਿੰਦਗੀ ਦਾ ਆਧਾਰ ਬਣ ਗਿਆ।
ਅੱਜ ਅਸੀਂ ਅੱਖੀਂ ਵੇਖ ਹੀ ਰਹੇ ਹਾਂ ਕਿ ਸਮੇਂ ਦੀ ਬੇਰੋਕ ਦੌੜ ਵਿਚ ਲਗਾਤਾਰ ਭੱਜਿਆ ਜਾ ਰਿਹਾ ਮਨੁੱਖ ਆਪਣੇ ਉਦੇਸ਼ ਤੋਂ ਭਟਕ ਗਿਆ ਹੈ। ਸਬਰ, ਸਹਿਜਤਾ, ਸੰਜਮ, ਸੰਵਾਦ, ਸਹਿਯੋਗ, ਸਹਿਣਸ਼ੀਲਤਾ ਅਤੇ ਸੰਵੇਦਨਾ ਜਿਵੇਂ ਉਸ ਦੀ ਜ਼ਿੰਦਗੀ ’ਚੋਂ ਖਾਰਿਜ ਹੀ ਹੋ ਗਏ ਹਨ। ਅੱਜ ਇਹ ਅਜਿਹੇ ਸ਼ਬਦ ਬਣ ਗਏ ਹਨ, ਜੋ ਇਤਿਹਾਸ ਦਾ ਲਿਖਤੀ ਨਮੂਨਾ ਬਣ ਕੇ ਮਨੁੱਖ ਦੇ ਬੌਧਿਕ ਬੁੱਤ ’ਚ ਕੈਦ ਹੋ ਕੇ ਕਿਤੇ ਗੁੰਮ ਹੋ ਗਏ ਹੋਣ। ਸਮੇਂ ਦੀ ਕਰਵਟ ਨੇ ਅਜਿਹਾ ਰੰਗ ਬਦਲਿਆ ਕਿ ਦੇਖਦਿਆਂ ਹੀ ਦੇਖਦਿਆਂ ਬੰਦਾ ਮਨੁੱਖ ਤੋਂ ਚੱਲਦੀ ਫਿਰਦੀ ਬੇਰੋਕ ਖ਼ੁਦਗਰਜ਼ ਮਸ਼ੀਨ ਬਣ ਗਿਆ ਹੈ। ਵਰਤਮਾਨ ਸਮੇਂ ’ਚ ਗੁਰੂ ਨਾਨਕ ਜੀ ਦਾ ਫ਼ਲਸਫਾ 'ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ' ਆਦਿ ਸ਼ਬਦ ਗ੍ਰੰਥ ਪੋਥੀਆਂ ਦੀ ਹੀ ਸੁਹਜਤਾ ਵਿਚ ਸਮੋ ਗਏ ਪ੍ਰਤੀਤ ਹੁੰਦੇ ਹਨ। ਅੱਜ ਅਸਲ ਜ਼ਿੰਦਗੀ ’ਚ ਇਨ੍ਹਾਂ ਸ਼ਬਦਾਂ ਦੀ ਕਲਪਨਾ ਧੁੰਦਲੀ ਨਜ਼ਰ ਆ ਰਹੀ ਹੈ।
ਅੱਜ ਦੇ ਮਨੁੱਖ ਅੰਦਰ ਸਾਧਨ ਪ੍ਰਾਪਤੀ ਦੀ ਹੋੜ੍ਹ ਏਨੀ ਤੀਬਰ ਹੋ ਚੁੱਕੀ ਹੈ ਕਿ ਮਨੁੱਖ ਆਪਣੇ ਕੀਮਤੀ ਅਸੂਲਾਂ ਨੂੰ ਵੀ ਬਲਦੀ ਭੱਠੀ ਵਿਚ ਝੋਕੀ ਜਾ ਰਹੇ ਹੈ। ਖ਼ੂਨ ਦੇ ਰਿਸ਼ਤਿਆਂ ਦੀ ਅਹਿਮੀਅਤ ਤਾਂ ਜਿਵੇਂ ਕਾਗਜ਼ ਦੀ ਕਿਸ਼ਤੀ ਵਰਗੀ ਹੋ ਗਈ ਹੈ। ਜਿੱਥੇ ਆਪਣੇ ਹੀ ਨਜ਼ਦੀਕੀ ਮੁਸੀਬਤ ਦੇ ਸਮੇਂ ਵਿਚ ਆਪਣਾ ਸਾਥ ਛੱਡ ਕਿਧਰੇ ਅਲੋਪ ਹੋ ਜਾਂਦੇ ਹਨ, ਨਿੱਕੀ-ਮੋਟੀ ਨੋਕ-ਝੋਕ ਨਾਲ ਹੀ ਰਿਸ਼ਤੇ ਕੱਚ ਦੇ ਬਾਬਤ ਟੁੱਟ ਜਾਂਦੇ ਹਨ। ਆਪਣੀਆਂ ਨਿੱਜੀ ਲੋੜਾਂ ਲਈ ਸਵਾਰਥੀ ਮਨੁੱਖ ਆਪਣਿਆਂ ਦੀ ਹੀ ਜਾਨ ਲੈਣ ਲਈ ਤਿਆਰ ਹੋ ਜਾਂਦਾ ਹੈ। ਇਨਸਾਨੀਅਤ ਤਾਂ ਜਿਵੇਂ ਮਨੁੱਖੀ ਸਰੀਰ ਦੇ ਕਲਬੂਤ ਵਿਚ ਹੀ ਕਿਤੇ ਕੈਦ ਹੋ ਗਈ ਹੋਵੇ। ਕਈ ਵਾਰ ਤਾਂ ਕਿਸੇ ਦੇ ਦੁੱਖ ਜਾਂ ਤਕਲੀਫ਼ ਨੂੰ ਆਪਣੀ ਪ੍ਰਾਪਤੀ ਸਮਝ ਕੇ ਉਸ ’ਤੇ ਜਸ਼ਨ ਮਨਾਏ ਜਾਂਦੇ ਹਨ। ਕਿਸੇ ਗ਼ਰੀਬ ਮਜ਼ਦੂਰ, ਮਜਬੂਰ ਵਿਅਕਤੀ, ਬੇਸਹਾਰਾ ਮਾਪਿਆਂ, ਪਰਿਵਾਰਾਂ ਤੇ ਲੋੜਵੰਦਾਂ ਨਾਲ ਦੋ ਪਲ ਖ਼ੁਸ਼ੀ ਨਾਲ ਗੁਜ਼ਾਰਨ ਦਾ ਸਮਾਂ ਅੱਜ-ਕੱਲ੍ਹ ਕਿਸੇ ਵਿਰਲੇ ਕੋਲ ਹੀ ਹੋਵੇਗਾ। ਹਰ ਵਕਤ ਮਨੁੱਖ ਉਸ ਪਿੱਛੇ ਭੱਜ ਰਿਹਾ ਹੈ, ਜੋ ਜਾਂ ਤਾਂ ਅਸਥਾਈ ਹੈ ਜਾਂ ਅਦਿੱਖ। ਅਸਲ ’ਚ ਇਸ ਸੰਸਾਰ ਅੰਦਰ ਕੁਝ ਵੀ ਸੱਚ, ਸਥਾਈ, ਸਦੀਵੀ ਨਹੀਂ ਹੋ ਸਕਦਾ ਪਰ ਮਨ ਦੀ ਤ੍ਰਿਪਤੀ ਲਈ ਮਨੁੱਖ ਹਰ ਤਰ੍ਹਾਂ ਦੇ ਸਹੀ ਗ਼ਲਤ ਕਾਰਜ ਕਰਦਾ ਹੈ,ਜਿਸ ਦੇ ਨਤੀਜੇ ਵੀ ਉਸ ਦਾ ਪੱਖ ਨਹੀਂ ਪੂਰਦੇ। ਇਸ ਤੋਂ ਉਲਟ ਉਸ ਦੀਆਂ ਚਿੰਤਾਵਾਂ ’ਚ ਹੋਰ ਵਾਧਾ ਹੁੰਦਾ ਜਾਂਦਾ ਹੈ। ਇਹ ਚਿੰਤਾਵਾਂ ਮਨੁੱਖ ਦੀ ਸਰੀਰਕ, ਮਾਨਸਿਕ, ਬੌਧਿਕ, ਸਮਾਜਿਕ ਤੇ ਪਰਿਵਾਰਕ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ।
ਸੋ ਲੋੜ ਹੈ ਅਸਲ ਨਾਲ ਰੂਬਰੂ ਹੋਣ ਦੀ, ਸਹੀ-ਗ਼ਲਤ ਨੂੰ ਪਛਾਣਨ ਤੇ ਇਨਸਾਨੀਅਤ ਨੂੰ ਮੁੜ ਸੁਰਜੀਤ ਕਰਨ ਦੀ, ਤਾਂ ਜੋ ਮਨੁੱਖ ਨਾਲ ਮਨੁੱਖ ਦੀ ਹੋਂਦ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਰਿਸ਼ਤਿਆਂ ਨੂੰ ਅਪਣੱਤ ਦੇ ਪਾਣੀ ਨਾਲ ਸਿੰਜਿਆ ਜਾ ਸਕੇ ਤੇ ਮਨੁੱਖਤਾ ਵਿੱਚੋਂ ਅਪੱਣਤ, ਸਾਂਝੀਵਾਲਤਾ, ਪਿਆਰ, ਮੁਹੱਬਤ, ਸਿਦਕ, ਸਿਰੜਤਾ ਦੀ ਮਹਿਕ ਆ ਸਕੇ। ਆਓ ਸਭ ਪਿਆਰ, ਭਾਈਚਾਰੇ, ਸਹਿਜਤਾ, ਸੰਜਮਤਾ, ਸੰਵੇਦਨਾ ਦੀ ਫ਼ਸਲ ਦੇ ਬੀਜ ਬੀਜੀਏ, ਨਾਲ ਹੀ ਇਸ ਫ਼ਸਲ ਦੀ ਰਾਖੀ ਕਰੀਏ।
- ਰਮਨਦੀਪ ਕੌਰ ਦਈਆ