ਲਗਪਗ 11 ਵਜੇ ਅਸੀਂ ਸੁੰਦਰ ਨਗਰ ਦੇ ਨ੍ਹੇਰ ਚੌਕ ਪਹੁੰਚੇ। ਉੱਥੇ ਪਹਿਲਾਂ ਸ੍ਰੀ ਰਵਾਲਸਰ ਸਾਹਿਬ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਸਾਡੇ ਵਿੱਚੋਂ ਕਈ ਸਾਥੀ ਸ੍ਰੀ ਰਵਾਲਸਰ ਸਾਹਿਬ ਨਹੀਂ ਗਏ ਸਨ। ਉਹ ਸਥਾਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਜੀ ਇੱਥੇ 6 ਮਹੀਨੇ 18 ਦਿਨ ਰਹੇ ਸਨ। ਇਸ ਲਈ ਫ਼ੈਸਲਾ ਕੀਤਾ ਕਿ ਬਰੋਟ ਜਾਣ ਤੋਂ ਪਹਿਲਾਂ ਸ੍ਰੀ ਰਵਾਲਸਰ ਸਾਹਿਬ ਜਾਇਆ ਜਾਵੇ।
ਮੈਂ ਪਿਛਲੇ ਕਈ ਸਾਲਾਂ ਤੋਂ ਆਪਣੇ ਸਾਥੀਆਂ ਨਾਲ ਛੁੱਟੀਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਖ਼ੂਬਸੂਰਤ ਨਜ਼ਾਰਿਆਂ ਦਾ ਆਨੰਦ ਲੈਣ ਲਈ ਟੂਰ ’ਤੇ ਜਾਂਦਾ ਰਿਹਾ ਹਾਂ। ਸਾਥੀਆਂ ਨਾਲ ਕੁੱਲੂ, ਮਨਾਲੀ, ਸ਼ਿਮਲਾ, ਮਨੀਕਰਨ ਸਾਹਿਬ ,ਰੋਹਤਾਂਗ ਪਾਸ, ਮੈਕਲੋਡ ਗੰਜ ਆਦਿ ਸਥਾਨਾਂ ਦੀ ਕਈ ਵਾਰ ਸੈਰ ਕਰ ਚੁੱਕਿਆ ਹਾਂ ਪਰ ਕਦੇ ਬਰੋਟ ਨਹੀਂ ਗਿਆ ਸੀ। ਮੇਰੇ ਸਾਥੀ ਨਾਜ਼ਰ ਸਿੰਘ ਲੈਕਚਰਾਰ ਬਹੁਤ ਵਾਰ ਬਰੋਟ ਗਏ ਸਨ। ਉਹ ਮੈਨੂੰ ਹਮੇਸ਼ਾ ਕਹਿੰਦੇ ਕਿ ਤੁਹਾਨੂੰ ਬਰੋਟ ਦਿਖਾ ਕੇ ਲਿਆਉਣਾ। ਇਕ ਦਿਨ ਉਨ੍ਹਾਂ ਦਾ ਫੋਨ ਆਇਆ ਕਿ 2 ਜੂਨ ਨੂੰ ਆਪਾਂ ਬਰੋਟ ਚੱਲਣਾ, ਤਿਆਰੀ ਕਰ ਲਵੋ। ਦੋ ਜੂਨ ਨੂੰ ਸਵੇਰੇ ਪੰਜ ਵਜੇ ਨਾਜ਼ਰ ਸਿੰਘ, ਦੇਵਿੰਦਰ ਤੇ ਹਿਤੇਸ਼ ਚਾਂਦੀ ਮੈਨੂੰ ਘਰੋਂ ਲੈਣ ਆਏ। ਸਾਡੇ ਚਾਰ ਸਾਥੀ ਕਿਰਨ ਸਿੰਘ, ਬੀਰਪਾਲ ਸਿੰਘ, ਕੁਲਵਿੰਦਰ ਸਿੰਘ ਸੇਖੋਂ ਤੇ ਇੰਜੀਨੀਅਰ ਜਸਪਿੰਦਰ ਸਿੰਘ ਖੰਨੇ ਸ਼ਹਿਰ ਮਿਲੇ। ਅਸੀਂ ਅੱਠ ਜਣੇ ਦੋ ਕਾਰਾਂ ਰਾਹੀਂ ਬਰੋਟ ਲਈ ਚੱਲ ਪਏ। ਰਾਹ ’ਚ ਇਕ-ਦੋ ਥਾਂ ਰੁਕ ਕੇ ਚਾਹ ਪੀਤੀ ਤੇ ਨਾਸ਼ਤਾ ਕੀਤਾ।
ਸ੍ਰੀ ਰਵਾਲਸਰ ਸਾਹਿਬ ਜਾਣ ਦਾ ਕੀਤਾ ਫ਼ੈਸਲਾ
ਲਗਪਗ 11 ਵਜੇ ਅਸੀਂ ਸੁੰਦਰ ਨਗਰ ਦੇ ਨ੍ਹੇਰ ਚੌਕ ਪਹੁੰਚੇ। ਉੱਥੇ ਪਹਿਲਾਂ ਸ੍ਰੀ ਰਵਾਲਸਰ ਸਾਹਿਬ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਸਾਡੇ ਵਿੱਚੋਂ ਕਈ ਸਾਥੀ ਸ੍ਰੀ ਰਵਾਲਸਰ ਸਾਹਿਬ ਨਹੀਂ ਗਏ ਸਨ। ਉਹ ਸਥਾਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਜੀ ਇੱਥੇ 6 ਮਹੀਨੇ 18 ਦਿਨ ਰਹੇ ਸਨ। ਇਸ ਲਈ ਫ਼ੈਸਲਾ ਕੀਤਾ ਕਿ ਬਰੋਟ ਜਾਣ ਤੋਂ ਪਹਿਲਾਂ ਸ੍ਰੀ ਰਵਾਲਸਰ ਸਾਹਿਬ ਜਾਇਆ ਜਾਵੇ। ਨ੍ਹੇਰ ਚੌਕ ਤੋਂ ਸ੍ਰੀ ਰਵਾਲਸਰ ਸਾਹਿਬ ਲਗਪਗ 20 ਕਿਲੋਮੀਟਰ ਹੈ। ਇਸ ਪਾਸੇ ਵਾਲਾ ਰਸਤਾ ਤੰਗ ਹੈ। ਜਦੋਂ ਸਾਹਮਣੇ ਤੋਂ ਕੋਈ ਗੱਡੀ ਆ ਜਾਵੇ ਤਾਂ ਪਾਸ ਕਰਨਾ ਬੜਾ ਔਖਾ ਹੁੰਦਾ ਹੈ। 12 ਵਜੇ ਜੇ ਕਰੀਬ ਅਸੀਂ ਸ੍ਰੀ ਰਵਾਲਸਰ ਸਾਹਿਬ ਪਹੁੰਚੇ। ਸ੍ਰੀ ਰਵਾਲਸਰ ਸਾਹਿਬ ਗੁਰੂ ਘਰ ਦੇ ਨਾਲ ਹੀ ਬੁੱਧ ਧਰਮ ਦਾ ਮੱਠ ਹੈ, ਜਿੱਥੇ ਵੱਡੀ ਗਿਣਤੀ ’ਚ ਬੋਧੀ ਆਉਂਦੇ ਹਨ। ਇਸ ਤੋਂ ਇਲਾਵਾ ਆਮ ਲੋਕ ਵੀ ਉੱਥੇ ਜਾ ਸਕਦੇ ਹਨ। ਸ੍ਰੀ ਰਵਾਲਸਰ ਸਾਹਿਬ ਦਾ ਗੁਰਦੁਆਰਾ ਸਾਹਿਬ ਕਾਫ਼ੀ ਉਚਾਈ ’ਤੇ ਬਣਿਆ ਹੋਇਆ ਹੈ। ਚੜ੍ਹਾਈ ਕਾਫ਼ੀ ਹੈ ਪਰ ਗੱਡੀਆਂ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਜਾਂਦੀਆਂ ਹਨ। ਉੱਥੇ ਪਾਰਕਿੰਗ ਦਾ ਪ੍ਰਬੰਧ ਹੈ। ਅਸੀਂ ਗੁਰੂ ਘਰ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰੂ ਘਰ ਬਹੁਤ ਸੋਹਣਾ ਬਣਿਆ ਹੋਇਆ ਹੈ, ਜਿਸ ਨੂੰ ਮੰਡੀ ਦੇ ਰਾਜੇ ਨੇ ਬਣਵਾਇਆ ਸੀ। ਇਥੋਂ ਅਸੀਂ ਲਗਭਗ 12:30 ਵਜੇ ਚੱਲੇ ਤੇ ਸ੍ਰੀ ਰਵਾਲਸਰ ਸਾਹਿਬ ਤੋਂ ਸਾਕੇਤ ਮੰਡੀ ਨੂੰ ਆਉਣ ਵਾਲਾ ਰਾਹ ਫੜਿਆ। ਸ੍ਰੀ ਰਵਾਲਸਰ ਸਾਹਿਬ ਤੋਂ ਮੰਡੀ 24 ਕਿਲੋਮੀਟਰ ਹੈ। ਸਾਕੇਤ ਮੰਡੀ ਆ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਆਸ ਦਰਿਆ ਦਾ ਪੁਲ ਟੱਪ ਕੇ ਬਰੋਟ ਨੂੰ ਰਸਤਾ ਜਾਂਦਾ ਹੈ।
ਉਚਾਈ ’ਤੇ ਵਸਿਆ ਬਰੋਟ
ਸਾਕੇਤ ਮੰਡੀ ਤੋਂ ਬਰੋਟ 65 ਕਿਲੋਮੀਟਰ ਦੂਰ ਹੈ। ਕਿਤੇ ਉਤਰਾਈ ਹੈ ਤੇ ਕਿਤੇ ਚੜ੍ਹਾਈ। ਸੜਕ ਚੌੜੀ ਕਰਨ ਲਈ ਕੰਮ ਚੱਲ ਰਿਹਾ ਹੈ ਤੇ ਨਵੇਂ ਪੁਲ ਬਣਾਏ ਜਾ ਰਹੇ ਹਨ। ਇਸ ਕਰਕੇ ਕਈ ਥਾਵਾਂ ’ਤੇ ਰੁਕਣਾ ਪੈਂਦਾ ਹੈ। ਅਸੀਂ 3 ਵਜੇ ਬਰੋਟ ਪਹੁੰਚੇ। ਬਰੋਟ ਸ਼ਹਿਰ ਜਿੱਥੇ ਉਚਾਈ ’ਤੇ ਵਸਿਆ ਹੈ, ਉੱਥੇ ਨਿਵਾਣ ’ਚ ਵੀ ਕਾਫ਼ੀ ਘਰ ਤੇ ਹੋਟਲ ਬਣੇ ਹੋਏ ਹਨ ਅਤੇ ਖੇਤੀ ਕੀਤੀ ਜਾਂਦੀ ਹੈ। ਜਦੋਂ ਬਰੋਟ ਸ਼ਹਿਰ ਜਾਂਦੇ ਹਾਂ ਤਾਂ ਸਾਨਨ ਡੈਮ ਸ਼ਹਿਰ ਦੇ ਵਿਚਕਾਰ ਹੈ, ਜਿਸ ਦਾ ਪੁਲ ਪਾਰ ਕਰ ਕੇ ਦੂਜੇ ਪਾਸੇ ਜਾਣਾ ਪੈਂਦਾ ਹੈ। ਪੁਲ ਤੋਂ ਲਗਪਗ ਇਕ ਕਿਲੋਮੀਟਰ ਦੂਰ ਅਸੀਂ ਪੱਧਰੇ ਮੈਦਾਨ ’ਚ ਪਹੁੰਚੇ, ਜਿੱਥੇ ਖੇਤਾਂ ਵਿਚ ਆਲੂ ਅਤੇ ਮੱਕੀ ਦੀ ਫ਼ਸਲ ਬੀਜੀ ਹੋਈ ਸੀ। ਉੱਥੇ ਖੇਤਾਂ ’ਚ ਬਣੇ ਹੋਟਲ ਵਿਚ ਪਹੁੰਚੇ। ਹੋਟਲ ਬੜਾ ਸ਼ਾਨਦਾਰ ਸੀ। ਉਸ ਦੀ ਪਹਿਲੀ ਮੰਜ਼ਿਲ ’ਤੇ ਸਾਨੂੰ ਕਮਰੇ ਮਿਲੇ ਤੇ ਅੱਗੇ ਸ਼ਾਨਦਾਰ ਬਰਾਂਡਾ ਸੀ, ਜਿੱਥੇ ਬਹਿ ਕੇ ਚਾਰੇ ਪਾਸੇ ਉੱਚੇ-ਉੱਚੇ ਪਹਾੜ ਦਿਸਦੇ। ਪਹਾੜਾਂ ਉੱਤੇ ਦੇਵਦਾਰ ਦੇ ਸ਼ਾਨਦਾਰ ਜੰਗਲ ਦਿਲ ਖਿੱਚਵੇਂ ਮਨਮੋਹਕ ਨਜ਼ਾਰੇ ਦਿਖਦੇ ਸਨ।
ਲੱਗਦੇ ਹਨ ਤਿੰਨ ਜ਼ਿਲ੍ਹੇ
ਭੂਗੋਲਿਕ ਤੌਰ ’ਤੇ ਬਰੋਟ ਦਾ ਉਹ ਏਰੀਆ ਕਾਫ਼ੀ ਖੁੱਲ੍ਹਾ ਹੈ। ਜੇ ਕਹਿ ਲਈਏ ਕਿ ਪੱਧਰਾ ਇਲਾਕਾ ਹੈ ਤੇ ਬਰੋਟ ਨੂੰ ਤਿੰਨ ਜ਼ਿਲ੍ਹੇ ਲੱਗਦੇ ਹਨ। ਇਕ ਪਾਸੇ ਮੰਡੀ, ਇਕ ਪਾਸੇ ਕਾਂਗੜਾ ਤੇ ਦਰਮਿਆਨ ਜ਼ਿਲ੍ਹਾ ਪਟਿਆਲਾ ਲੱਗਦਾ ਹੈ। ਬਹੁਤ ਹੈਰਾਨੀ ਹੋਈ ਕਿ ਕਿੱਥੇ ਬਰੋਟ ਤੇ ਕਿੱਥੇ ਪਟਿਆਲਾ। ਪਟਿਆਲਾ ਕਿੱਥੇ ਤਕ ਆ ਗਿਆ। ਇਹਦੇ ਪਿੱਛੇ ਵੀ ਬਹੁਤ ਹੈਰਾਨੀਜਨਕ ਪਹਿਲੂ ਹਨ। ਜਦੋਂ ਪੰਜਾਬ ਬਹੁਤ ਵੱਡੇ ਏਰੀਏ ’ਚ ਫੈਲਿਆ ਹੋਇਆ ਸੀ। ਹਿਮਾਚਲ ਜਾਂ ਹਰਿਆਣਾ ਨਹੀਂ ਬਣਿਆ ਸੀ। ਅੱਜ ਤੋਂ ਲਗਪਗ 100 ਸਾਲ ਪਹਿਲਾਂ ਅੰਗਰੇਜ਼ ਸਰਕਾਰ ਨੇ ਇੱਥੇ ਸ਼ਾਨਨ ਡੈਮ ਬਣਵਾਇਆ ਸੀ। ਉਸ ਸਮੇਂ ਇਹ ਜ਼ਮੀਨ ਪਟਿਆਲਾ ਜ਼ਿਲ੍ਹੇ ਦੀ ਮਾਲਕੀ ਸੀ। ਇਹ ਭਾਰਤ ਦਾ ਸਭ ਤੋਂ ਪਹਿਲਾ ਡੈਮ ਹੈ। ਜਦੋਂ ਡੈਮ ਪੰਜਾਬ ’ਚ ਬਣਿਆ ਤਾਂ 99 ਸਾਲ ਲਈ ਲੀਜ ਉੱਤੇ ਅੰਗਰੇਜ਼ਾਂ ਨੇ ਪੰਜਾਬ ਨੂੰ ਹੀ ਦੇ ਦਿੱਤਾ। 1966 ਵਿਚ ਹਿਮਾਚਲ ਬਣ ਗਿਆ। ਪਿਛਲੇ ਸਾਲ 99 ਸਾਲ ਪੂਰੇ ਹੋ ਗਏ। ਹੁਣ ਹਿਮਾਚਲ ਇਹ ਝਗੜਾ ਕਰ ਰਿਹਾ ਕਿ ਡੈਮ ਸਾਡੇ ਇਲਾਕੇ ’ਚ ਬਣਿਆ, ਇਸ ਲਈ ਇਸ ’ਤੇ ਹੁਣ ਸਾਡਾ ਹੱਕ ਹੈ ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਡੈਮ ਸੰਯੁਕਤ ਪੰਜਾਬ ਸਮੇੱ ਬਣਿਆ, ਇਸ ਲਈ ਇਹ ਪੰਜਾਬ ਦਾ ਹੈ। ਇਹ ਕੇਸ ਹੁਣ ਅਦਾਲਤ ’ਚ ਚੱਲ ਰਿਹਾ ਹੈ। ਇੱਥੇ ਇਕ ਗਰਾਊਂਡ ਹੈ, ਜਿਹੜੀ ਪਟਿਆਲੇ ਜ਼ਿਲ੍ਹੇ ਦੇ ਨਾਂ ਬੋਲਦੀ ਹੈ। ਬਰੋਟ ਪਹੁੰਚਣ ਲਈ ਕਾਂਗੜਾ ਤੋਂ ਰੇਲ ਰਾਹੀਂ ਵੀ ਆਇਆ ਜਾ ਸਕਦਾ ਹੈ। ਕਿਹਾ ਜਾਂਦਾ ਹੈ ਤਿ ਜਦੋਂ ਸ਼ਾਨਨ ਡੈਮ ਬਣ ਰਿਹਾ ਸੀ ਤਾਂ ਉਸ ਦਾ ਜ਼ਰੂਰੀ ਸਮਾਨ ਤੇ ਹੋਰ ਮਟੀਰੀਅਲ ਲਿਆਉਣ ਲਈ ਇਹ ਰੇਲਵੇ ਲਾਈਨ ਬਣਾਈ ਗਈ ਸੀ। ਰੇਲਵੇ ਲਾਈਨ ਕਾਫ਼ੀ ਉੱਚੇ ਪਹਾੜ ਉੱਤੇ ਆਉਂਦੀ ਹੈ। ਸੋ ਸਮਾਨ ਨੂੰ ਹੇਠਾਂ ਲਿਆਉਣ ਲਈ ਪਹਾੜ ਤੋਂ ਰੇਲ ਲਾਈਨ ਥੱਲੇ ਨੂੰ ਢਲਵੇਂ ਲੋਟ ਬਣਾਈ ਗਈ ਹੈ, ਤਾਂ ਜੋਂ ਉਤੋਂ ਸਮਾਨ ਹੇਠਾਂ ਆ ਜਾਵੇ। ਉਸ ਤੋਂ ਬਾਅਦ ਜਿਹੜੇ ਗੱਡੀ ਦੇ ਡੱਬੇ ਹੇਠਾਂ ਆਉਂਦੇ ਸੀ, ਉਨ੍ਹਾਂ ਡੱਬਿਆਂ ਨੂੰ ਉੱਤੇ ਖਿੱਚਣ ਲਈ ਮਸ਼ੀਨਾਂ ਲੱਗੀਆਂ ਹੋਈਆਂ ਸਨ। ਇਸ ਤਰੀਕੇ ਨਾਲ ਕਈ ਸਾਲਾਂ ’ਚ ਡੈਮ ਬਣਿਆ। ਡੈਮ ਦੇ ਨੇੜੇ ਇਕ 20 ਫੁੱਟ ਉੱਚਾ ਪੋਲ ਲੱਗਿਆ ਹੈ, ਜਿਸ ਵਿਚ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਫੁਹਾਰੇ ਨਿਕਲਦੇ ਹਨ। ਉਹ ਦ੍ਰਿਸ਼ ਬਹੁਤ ਸੁੰਦਰ ਲੱਗਦਾ ਹੈ। ਉਥੋਂ ਪੁਲ ਟੱਪ ਕੇ ਬਾਜ਼ਾਰ ਵੀ ਜਾਇਆ ਜਾ ਸਕਦਾ ਹੈ।
ਕੁਦਰਤੀ ਨਜ਼ਾਰੇ ਦੇਖ ਕੇ ਮਨ ਹੁੰਦਾ ਆਨੰਦਮਈ
ਇਹ ਜਗ੍ਹਾ ਬੜੀ ਸ਼ਾਂਤਮਈ ਹੈ। ਬਹੁਤ ਸੁੰਦਰ, ਦਿਲ ਖਿੱਚਵੇ ਕੁਦਰਤੀ ਨਜ਼ਾਰੇ ਦੇਖ ਕੇ ਮਨ ਆਨੰਦਮਈ ਹੋ ਜਾਂਦਾ ਹੈ। ਇਹ ਜਗ੍ਹਾ ਸਾਹਿਤਕਾਰਾਂ ਲਈ ਬਹੁਤ ਵਧੀਆ ਸਥਾਨ ਹੈ। ਇੱਥੇ ਨਾ ਕੋਈ ਰੌਲਾ-ਰੱਪਾ ਹੈ, ਨਾ ਕੋਈ ਭੀੜ ਤੇ ਨਾ ਕਾਰਾਂ ਜਾਂ ਗੱਡੀਆਂ ਦਾ ਪ੍ਰਦੂਸ਼ਣ। ਸ਼ਾਂਤਮਈ ਮਾਹੌਲ ’ਚ ਸਾਹਿਤ ਦੀ ਰਚਨਾ ਕੀਤੀ ਜਾ ਸਕਦੀ ਹੈ। ਜੇ ਤੁਸੀਂ ਕੁੱਲੂ, ਮਨਾਲੀ, ਸ਼ਿਮਲਾ ਆਦਿ ਸਥਾਨਾਂ ’ਤੇ ਗਰਮੀਆਂ ਦੇ ਦਿਨਾਂ ਵਿਚ ਭੀੜ-ਭੜੱਕੇ, ਰੌਲੇ-ਰੱਪੇ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਬਰੋਟ ਦੀ ਵਾਦੀ ਤੋਂ ਵਧੀਆ ਕੋਈ ਇਲਾਕਾ ਨਹੀਂ ਹੈ। ਦਰਿਆ ਦਾ ਕਲ-ਕਲ ਕਰਦਾ ਚਾਂਦੀ ਵਰਗਾ ਪਾਣੀ, ਆਲੇ ਦੁਆਲੇ ਅਸਮਾਨ ਛੂਹਦੇ ਪਹਾੜ। ਮੌਸਮ ਬੜਾ ਸੁਹਾਵਣਾ ਹੈ ਤੇ ਕੁਦਰਤੀ ਦ੍ਰਿਸ਼ ਬੜੇ ਸ਼ਾਨਦਾਰ। ਅਸੀਂ ਇੱਥੇ ਦੋ ਦਿਨ ਰਹੇ ਤੇ ਅਗਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਖਣ ਗਏ, ਜਿੱਥੇ ਰਾਜਕੁਮਾਰ ਪ੍ਰਿੰਸੀਪਲ ਹਨ। ਉਨ੍ਹਾਂ ਨੇ ਸਾਡੇ ਨਾਲ ਬਹੁਤ ਵਿਚਾਰ-ਵਟਾਂਦਰਾ ਕੀਤਾ ਤੇ ਚਾਹ ਪੀਣ ਤੋਂ ਬਿਨਾਂ ਆਉਣ ਨੀਂ ਦਿੱਤਾ। ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਕਿ ਤੁਸੀਂ ਕੱਲ੍ਹ ਸਵੇਰੇ 10 ਵਜੇ ਸਵੇਰ ਦੀ ਸਭਾ ’ਚ ਸਾਡੇ ਬੱਚਿਆਂ ਨੂੰ ਸੰਬੋਧਨ ਕਰ ਕੇ ਜਾਓ ਪਰ ਦੂਜੇ ਦਿਨ ਆਉਣ ਦੀ ਕਾਹਲੀ ਸੀ ਕਿਉਂਕਿ ਬਹੁਤ ਜ਼ਰੂਰੀ ਕੰਮ ਨਿਪਟਾਉਣ ਵਾਲੇ ਸਨ। ਇਸ ਲਈ ਅਸੀਂ ਉਨ੍ਹਾਂ ਤੋਂ ਮਾਫ਼ੀ ਮੰਗੀ ਤੇ ਵਾਅਦਾ ਕੀਤਾ ਕਿ ਅਗਲੀ ਵਾਰ ਜਦੋਂ ਆਏ ਤਾਂ ਜ਼ਰੂਰ ਬੱਚਿਆਂ ਨੂੰ ਸੰਬੋਧਨ ਕਰਾਂਗੇ। ਸਕੂਲ ਤੋਂ ਬਾਦ ਅਸੀਂ 6 ਕਿਲੋਮੀਟਰ ਦੂਰ ਪਿੰਡ ਲੋਹਾਰਟੀ ਗਏ, ਜਿੱਥੇ ਛੋਟਾ ਜਿਹਾ ਬਾਜ਼ਾਰ ਵੀ ਸੀ। ਕਈ ਔਰਤਾਂ ਖੱਡੀ ਤੇ ਕੱਪੜਾ ਬੁਣ ਰਹੀਆਂ ਸਨ। ਇਸ ਤੋਂ ਬਾਅਦ 15 ਕਿਲੋਮੀਟਰ ਦੂਰ ਬੀਰ ਬਿਲਿੰਗ ਵਾਲੀ ਸੜਕ ’ਤੇ ਬੀੜ ਪਿੰਡ ਕੋਲ ਪੰਹੁਚੇ, ਜਿੱਥੇ ਬਹੁਤ ਸ਼ਾਨਦਾਰ ਉਚਾਈ ਤੋਂ ਡਿੱਗਦਾ ਵੱਡਾ ਝਰਨਾ ਹੈ। ਅਸੀਂ ਬੀਰ ਬਲਿੰਗ ਜਾਣਾ ਚਾਹੁੰਦੇ ਸੀ ਪਰ ਸ਼ਾਮ ਹੋਣ ਕਰਕੇ ਤੰਗ ਪਹਾੜੀ ਰਸਤਾ ਤੇ ਮੀਂਹ ਪੈਣ ਕਰਕੇ ਕਰਕੇ ਵਾਪਸ ਬਰੋਟ ਮੁੜ ਆਏ।
ਸੈਰ ਕਰਨ ਲਈ ਖੁੱਲ੍ਹਾ ਇਲਾਕਾ
ਬਰੋਟ ਵਾਦੀ ’ਚ ਸੈਰ ਕਰਨ ਲਈ ਕਾਫ਼ੀ ਖੁੱਲਾ ਇਲਾਕਾ ਹੈ। ਲੱਗਦਾ ਹੈ ਜਿਵੇਂ ਕੋਈ ਪੰਜਾਬ ਦਾ ਪਿੰਡ ਹੁੰਦਾ। ਚਾਰੇ ਪਾਸੇ ਫਸਲਾਂ ਬੀਜੀਆਂ ਹੋਈਆਂ। ਅਸੀਂ ਜਿਸ ਹੋਟਲ ’ਚ ਠਹਿਰੇ, ਉਸ ਦਾ ਮਾਲਕ ਚੌਧਰੀ ਮਹਿੰਦਰ ਸਿੰਘ ਹੈ। ਉਸ ਨੇ ਦੱਸਿਆ ਕਿ ਇੱਥੇ ਕਈ ਵਾਰ ਰਿੱਛ ਤੇ ਭੇੜੀਏ ਵੀ ਜੰਗਲਾਂ ਵਿੱਚੋਂ ਹੇਠਾਂ ਆ ਜਾਂਦੇ ਹਨ। ਸਾਡੇ ਕੋਲ ਹਥਿਆਰ ਹਨ, ਜਿਨਾਂ ਕਰਕੇ ਅਸੀਂ ਉਨ੍ਹਾਂ ਤੋਂ ਆਪਣੀ ਰਾਖੀ ਕਰਦੇ ਹਾਂ। ਹੋਟਲ ’ਚ ਤਿੰਨੋਂ ਟਾਈਮ ਖਾਣਾ, ਚਾਹ-ਕੌਫੀ ਦਾ ਸ਼ਾਨਦਾਰ ਪ੍ਰਬੰਧ ਹੈ, ਘਰ ਵਰਗਾ ਖਾਣਾ ਇੱਥੇ ਖਾਣ ਨੂੰ ਮਿਲਦਾ ਹੈ। ਮਹਿੰਦਰ ਸਿੰਘ ਖੇਤੀ ਵੀ ਕਰਦਾ ਹੈ ਤੇ ਪਸ਼ੂ ਵੀ ਰੱਖੇ ਹੋਏ ਹਨ। ਉਸ ਕੋਲ ਲਸਣ ਦੀਆਂ ਬੋਰੀਆਂ ਭਰੀਆਂ ਪਈਆਂ ਸਨ। ਅਸੀਂ ਸਾਰਿਆਂ ਨੇ ਉਸ ਕੋਲੋਂ ਪਹਾੜੀ ਲਸਣ ਖਰੀਦਿਆ ਤੇ ਕਈਆਂ ਨੇ ਗਊ ਦਾ ਦੇਸੀ ਘਿਓ ਲਿਆ, ਜੋ ਹ ਆਪਣੇ ਘਰ ਤਿਆਰ ਕਰਦਾ ਹੈ । ਇਸ ਤਰ੍ਹਾਂ ਤੀਸਰੇ ਦਿਨ ਅਸੀਂ ਇਥੋਂ ਵਿਦਾ ਹੋਏ ਤੇ ਵਾਇਆ ਸਾਕੇਤ ਮੰਡੀ ਹੁੰਦੇ ਹੋਏ ਵਾਪਸ ਆਏ।
ਸਫ਼ਰ ਦਾ ਸਮਾਂ ਰਹਿ ਗਿਆ ਅੱਧਾ
ਬਰੋਟ ਤੋਂ ਕੋਈ ਚਾਰ ਕਿਲੋਮੀਟਰ ਵਿੱਥ ’ਤੇ ਸਾਕੇਤ ਮੰਡੀ ਵਾਲੇ ਪਾਸੇ ਪਹਾੜ ਉੱਤੇ ਸ਼ਾਨਦਾਰ ਝਰਨਾ ਹੈ, ਜਿੱਥੇ ਯਾਤਰੀਆਂ ਦਾ ਖਾਸਾ ਇਕੱਠ ਹੁੰਦਾ ਹੈ। ਸਾਕੇਤ ਮੰਡੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਪਸ ਪੰਜਾਬ ਨੂੰ ਚੱਲ ਪਏ। ਪਹਿਲਾਂ ਇੱਥੇ ਆਉਣ ਲਈ ਕਾਫ਼ੀ ਸਮਾਂ ਲੱਗਦਾ ਸੀ ਪਰ ਹੁਣ ਚਾਰ-ਮਾਰਗੀ ਸੜਕਾਂ ਤੇ ਸੁਰੰਗਾਂ ਬਣਨ ਕਰਕੇ ਸਫ਼ਰ ਦਾ ਸਮਾਂ ਅੱਧਾ ਰਹਿ ਗਿਆ ਹੈ। ਪਹਿਲੇ ਸਮਿਆਂ ਵਿੱਚ ਮੰਡੀ ਪਹੁੰਚਣ ਤਕ ਅੱਠ ਘੰਟੇ ਲੱਗਦੇ ਸਨ। ਹੁਣ ਤੁਸੀਂ ਪੰਜ ਘੰਟੇ ’ਚ ਮੰਡੀ ਪਹੁੰਚ ਸਕਦੇ ਹੋ। ਜਦੋਂ ਵੀ ਸਮਾਂ ਮਿਲੇ, ਇਕ ਵਾਰ ਬਰੋਟ ਦੀ ਸੁੰਦਰ ਵਾਦੀ ਵਿਚ ਜ਼ਰੂਰ ਜਾ ਕੇ ਆਓ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ।
- ਪ੍ਰਿੰ. ਸੁਖਦੇਵ ਸਿੰਘ ਰਾਣਾ