ਪਟਿਆਲਾ ਦਾ ਆਧਾਰ ਕਿਲ੍ਹਾ ਮੁਬਾਰਕ ਦੀ ਸਥਾਪਨਾ 12 ਫਰਵਰੀ 1764 ਨੂੰ ਹੋਈ ਸੀ। ਅੱਜ ਜਿਸ ਜਗ੍ਹਾ ’ਤੇ ਪਟਿਆਲਾ ਸਥਿਤ ਹੈ, ਉਸ ਦੀ ਪਛਾਣ ਰਿਗਵੇਦ ’ਚ ‘ਪਸਥਾਵੰਤ’ ਦੇ ਰੂਪ ’ਚ ਵੀ ਮੰਨੀ ਗਈ ਹੈ। ਵੈਦਿਕ ਕਾਲ ’ਚ ਇਸ ਸਥਾਨ ਨੂੰ ‘ਪ੍ਰਸਥਲ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਬਾਬਾ ਆਲਾ ਸਿੰਘ ਨੇ ਇਸ ਧਰਤੀ ਨੂੰ ਹੀ ਆਪਣੀ ਰਿਹਾਇਸ਼ ਬਣਾਇਆ।

260 ਸਾਲ ਪਹਿਲਾਂ ‘ਕੱਚੀ ਗੜ੍ਹੀ’ ਭਾਵ ਮਿੱਟੀ ਦੇ ਕਿਲ੍ਹੇ ਵਜੋਂ ਜਾਣਿਆ ਜਾਣ ਵਾਲਾ ਕਿਲ੍ਹਾ ਮੁਬਾਰਕ (Qila Mubarak) ਮੁੜ ਮਿੱਟੀ ਹੁੰਦਾ ਜਾ ਰਿਹਾ ਹੈ। ਬਾਹਰੋਂ ਮਜ਼ਬੂਤ ਦਿਖਣ ਵਾਲੀਆਂ ਕਿਲ੍ਹੇ ਦੀਆਂ ਕੰਧਾਂ ਦੇ ਅੰਦਰ ਟੁੱਟੀਆਂ ਚੁਗਾਠਾਂ, ਮਿੱਟੀ ਦੇ ਢੇਰ, ਘਾਹ ਫੂਸ ਹੀ ਬਾਕੀ ਰਹਿ ਗਿਆ ਹੈ। ਕਿਲ੍ਹਾ ਅੰਦਰੂਨ ਵਿਚ ਧੁੰਦਲੀ ਹੋਈ ਨੱਕਾਸ਼ੀ ਅਤੇ ਜਾਲੀਦਾਰ ਬਾਰੀਆਂ ਅਤੀਤ ਦਾ ਧੁੰਦਲਾ ਜਿਹਾ ਅਕਸ ਪੇਸ਼ ਕਰਦੀਆਂ ਹਨ। ਆਮ ਲੋਕਾਂ ਦੀ ਪਹੁੰਚ ਮਹਿਲ ਕਲਾ ਦੇ ਸਿੱਖ ਆਰਕੀਟੈਕਚਰ ਦੀ ਇਸ ਸ਼ਾਨਦਾਰ ਮਿਸਾਲ ਮਹਿਲ ਦੀਆਂ ਕੰਧਾਂ ਤੱਕ ਹੀ ਹੈ। ਇਸ ਨੂੰ ਅੰਦਰੋਂ ਦੇਖਣ ਦਾ ਸੁਪਨਾ ਅੱਜ ਤੱਕ ਪੂਰਾ ਨਹੀਂ ਹੋ ਸਕਿਆ।
ਪਟਿਆਲਾ ਦੀ ਕੰਧ ਵਾਲੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਸਥਿਤ ਕਿਲ੍ਹਾ ਮੁਬਾਰਕ ਨੂੰ 2004 ਵਿੱਚ ਵਿਸ਼ਵ ਸਮਾਰਕ ਫੰਡ ਨੇ ਦੁਨੀਆ ਦੇ 100 ਸਭ ਤੋਂ ਵੱਧ ਖ਼ਤਰੇ ਅਧੀਨ ਸਮਾਰਕਾਂ ਵਿੱਚ ਸੂਚੀਬੱਧ ਕੀਤਾ ਸੀ, ਜਿਸ ਤੋਂ ਬਾਅਦ ਇਸ ਦੀ ਬਾਹਰੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਤੇ ਅੱਜ ਤੱਕ ਜਾਰੀ ਹੈ। ਕਿਲ੍ਹਾ ਮੁਬਾਰਕ ਨੂੰ ਪਟਿਆਲਾ ਰਿਆਸਤ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੁਆਰਾ 1763 ਵਿੱਚ ‘ਕੱਚੀ ਗੜ੍ਹੀ’ (ਮਿੱਟੀ ਦੇ ਕਿਲ੍ਹੇ) ਵਜੋਂ ਬਣਾਇਆ ਗਿਆ ਸੀ। ਬਾਅਦ ਵਿੱਚ ਇਸ ਨੂੰ ਪੱਕੀਆਂ ਇੱਟਾਂ ਨਾਲ ਦੋਬਾਰਾ ਬਣਾਇਆ ਗਿਆ। ਪਟਿਆਲਾ ਦੇ ਸ਼ਾਹੀ ਪਰਿਵਾਰ ਦਾ ਰਿਹਾਇਸ਼ੀ ਮਹਿਲ ਕਿਲ੍ਹਾ ਮੁਬਾਰਕ ਸ਼ਹਿਰ ਦੇ ਵਿਚਕਾਰ ਕਰੀਬ 10-ਏਕੜ ਜ਼ਮੀਨ ਵਿੱਚ ਬਣਾਇਆ ਗਿਆ। ਕਿਲ੍ਹਾ ਅੰਦਰੂਨ, ਰਣ ਬਾਸ, ਦਰਬਾਰ ਹਾਲ, ਜਲਾਊ ਖਾਨ ਬੰਦ ਹੋਣ ਕਰਕੇ ਇੱਥੇ ਆਉਣ ਵਾਲੇ ਲੋਕ ਸਿਰਫ਼ ਕਿਲ੍ਹੇ ਦੀਆਂ ਕੰਧਾਂ ਦੇਖ ਕੇ ਹੀ ਮੁੜ ਰਹੇ ਹਨ।

ਰਿਗਵੇਦ ’ਚ ਵੀ ਹੈ ਵੇਰਵਾ
ਪਟਿਆਲਾ ਦਾ ਆਧਾਰ ਕਿਲ੍ਹਾ ਮੁਬਾਰਕ ਦੀ ਸਥਾਪਨਾ (Establishment of Qila Mubarak) 12 ਫਰਵਰੀ 1764 ਨੂੰ ਹੋਈ ਸੀ। ਅੱਜ ਜਿਸ ਜਗ੍ਹਾ ’ਤੇ ਪਟਿਆਲਾ ਸਥਿਤ ਹੈ, ਉਸ ਦੀ ਪਛਾਣ ਰਿਗਵੇਦ ’ਚ ‘ਪਸਥਾਵੰਤ’ ਦੇ ਰੂਪ ’ਚ ਵੀ ਮੰਨੀ ਗਈ ਹੈ। ਵੈਦਿਕ ਕਾਲ ’ਚ ਇਸ ਸਥਾਨ ਨੂੰ ‘ਪ੍ਰਸਥਲ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਬਾਬਾ ਆਲਾ ਸਿੰਘ ਨੇ ਇਸ ਧਰਤੀ ਨੂੰ ਹੀ ਆਪਣੀ ਰਿਹਾਇਸ਼ ਬਣਾਇਆ। ਪਹਿਲਾਂ ਇਸ ਸ਼ਹਿਰ ਨੂੰ ਆਲਾ ਦੀ ਪੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਤੋਂ ਪਟਿਆਲਾ ਬਣ ਗਿਆ। ਇਸ ਦੀ ਸਥਾਪਨਾ 1764 ’ਚ ਬਾਬਾ ਆਲਾ ਸਿੰਘ ਨੇ ਕੀਤੀ ਸੀ। ਬਾਬਾ ਆਲਾ ਸਿੰਘ ਪਟਿਆਲਾ ਰਿਆਸਤ ਦੇ ਪਹਿਲੇ ਮਹਾਰਾਜਾ ਤੇ ਯਾਦਵਿੰਦਰ ਸਿੰਘ ਆਖਰੀ ਮਹਾਰਾਜਾ ਬਣੇ। ਕਿਲ੍ਹਾ ਮੁਬਾਰਕ ’ਚ ਬਾਬਾ ਆਲਾ ਸਿੰਘ ਦੀ ਅਖੰਡ ਜੋਤ ਅੱਜ ਵੀ ਸਥਾਪਤ ਹੈ। ਇੰਨਾ ਹੀ ਨਹੀਂ ਕਿਲ੍ਹਾ ਮੁਬਾਬਕ ’ਚ ਉਨ੍ਹਾਂ ਦਾ ਧੂਣਾ ਅੱਜ ਵੀ ਚੱਲ ਰਿਹਾ ਹੈ। ਇਸ ਦੀ ਦੇਖ ਭਾਲ ਲਈ ਪੱਕਾ ਸੇਵਾਦਾਰ ਤਾਇਨਾਤ ਰਹਿੰਦਾ ਹੈ।
ਕਿਨ੍ਹਾਂ ਹੱਥਾਂ ’ਚ ਰਹੀ ਰਿਆਸਤ ਦੀ ਵਾਗਡੋਰ
ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ (Baba Ala Singh) ਨੇ 1691 ਤੋਂ ਲੈ ਕੇ 1765 ਤਕ ਪਟਿਆਲਾ ਰਿਆਸਤ ’ਤੇ ਰਾਜ ਕੀਤਾ। ਬਾਬਾ ਆਲਾ ਸਿੰਘ ਦੇ ਤਿੰਨ ਪੁੱਤਰ ਲਾਲਾ ਸਿੰਘ, ਸਰਦੂਲ ਸਿੰਘ ਤੇ ਭੂਮਨ ਸਿੰਘ ਦਾ ਬਾਬਾ ਆਲਾ ਦੇ ਕਾਰਜਕਾਲ ਦੌਰਾਨ ਦੇਹਾਂਤ ਹੋ ਗਿਆ ਸੀ। ਬਾਬਾ ਆਲਾ ਸਿੰਘ ਦੇ ਪੋਤਰੇ ਸਰਦੂਲ ਸਿੰਘ ਦੇ ਸਪੁੱਤਰ ਅਮਰ ਸਿੰਘ ਨੇ ਰਿਆਸਤ ਦੀ ਵਾਗਡੋਰ ਸੰਭਾਲੀ। ਰਾਜਾ ਅਮਰ ਸਿੰਘ ਨੇ 13 ਸਾਲ ਦੀ ਉਮਰ ’ਚ ਹੀ ਗੱਦੀ ਸੰਭਾਲਦਿਆਂ 1765 ਤੋਂ 1782 ਤਕ ਰਾਜ ਕੀਤਾ। ਇਸ ਤੋਂ ਬਾਅਦ ਰਾਜਾ ਸਾਹਿਬ ਸਿੰਘ ਨੇ ਸੱਤ ਸਾਲ ਦੀ ਉਮਰ ’ਚ ਗੱਦੀ ਸੰਭਾਲੀ ਤੇ 1782 ਤੋਂ 1813 ਤਕ ਰਾਜ ਕੀਤਾ। ਮਹਾਰਾਜਾ ਕਰਮ ਸਿੰਘ ਨੇ 1813 ਤੋਂ 1845 ਤਕ, ਮਹਾਰਾਜਾ ਨਰਿੰਦਰ ਸਿੰਘ ਨੇ 1845 ਤੋਂ 1865 ਤਕ, ਮਹਾਰਾਜਾ ਮਹਿੰਦਰ ਸਿੰਘ ਨੇ 1862 ਤੋਂ 1876 ਤਕ, ਮਹਾਰਾਜਾ ਰਾਜਿੰਦਰ ਸਿੰਘ ਨੇ 1876 ਤੋਂ 1900 ਤਕ, ਮਹਾਰਾਜਾ ਭੁਪਿੰਦਰ ਸਿੰਘ ਨੇ 1900 ਤੋਂ 1938 ਤਕ ਤੇ ਇਸ ਤੋਂ ਬਾਅਦ ਮਹਾਰਾਜਾ ਯਾਦਵਿੰਦਰ ਸਿੰਘ ਨੇ 1938 ਤੋਂ 1948 ਤਕ ਦੇਸ਼ ਦੇ ਆਜ਼ਾਦ ਹੋਣ ਤਕ ਰਿਆਸਤ ਸੰਭਾਲੀ।
ਕਿਲ੍ਹਾ ਮੁਬਾਰਕ ਕੰਪਲੈਕਸ ’ਚ ਹੋਰ ਇਮਾਰਤਾਂ
ਕਿਲ੍ਹਾ ਮੁਬਾਰਕ ਕੰਪਲੈਕਸ (Qila Mubarak Complex) ਵਿੱਚ ਕਈ ਇਮਾਰਤਾਂ ਸ਼ਾਮਲ ਹਨ, ਜਿਵੇਂ ਕਿ ਕਿਲ੍ਹਾ ਅੰਦਰੂਨ, ਰਣ ਬਾਸਾ, ਦਰਬਾਰ ਹਾਲ, ਜਲੌ ਖਾਨਾ, ਸਰਦ ਖਾਨਾ ਆਦਿ। ਵੱਖ-ਵੱਖ ਇਮਾਰਤਾਂ ਤਿੰਨ ਧੁਰਿਆਂ, ਕੇਂਦਰੀ, ਪੂਰਬੀ ਅਤੇ ਪੱਛਮੀ ਦਿਸ਼ਾ ਵਿਚ ਸਥਿਤ ਹਨ। ਕੇਂਦਰੀ ਧੁਰੇ ਦੇ ਪੱਛਮ ਵੱਲ ਸ਼ਾਹੀ ਪਰਿਾਵਰ ਦੀ ਨਿੱਜੀ-ਰਿਹਾਇਸ਼ ਹੈ। ਅੰਦਰੂਨ ਦੇ ਰਸਤੇ ਦਾਖਲ ਹੋਣ ’ਤੇ ਪਹਿਲਾਂ ਦਰਬਾਰ ਰੰਗ ਮਹਿਲ ਹੈ। ਪੂਰਬੀ ਧੁਰੇ ਦੇ ਨਾਲ ਵਾਲਾ ਖੇਤਰ ਪ੍ਰਦਰਸ਼ਨੀ, ਕਲਾਵਾਂ ਸਮੇਤ ਹੋਰ ਜਨਤਕ ਵਰਤੋਂ ਲਈ ਤਿਆਰ ਕੀਤਾ ਗਿਆ ਹੈ, ਜੋ ਕਿ ਸ਼ਾਹੀ ਪਰਿਵਾਰ ਦੇ ਸੰਗੀਤ ਤੇ ਸੱਭਿਆਚਾਰ ਪ੍ਰਤੀ ਮੋਹ ਨੂੰ ਦਰਸਾਉਂਦਾ ਹੈ। ਕੇਂਦਰੀ (ਉੱਤਰ-ਦੱਖਣ) ਧੁਰੇ ਅਤੇ ਪੂਰਬੀ ਧੁਰੇ ਦੇ ਵਿਚਕਾਰ ਇੱਕ ਰਸਤਾ ਉਸ ਬੁਰਜ ਵੱਲ ਜਾਂਦਾ ਹੈ, ਜਿਸ ਵਿੱਚ ਪਵਿੱਤਰ ਜੋਤ ਹੈ, ਪਟਿਆਲੇ ਦੇ ਸੰਸਥਾਪਕ ਬਾਬਾ ਆਲਾ ਸਿੰਘ ਨੇ ਜਵਾਲਾਮੁਖੀ ਤੋਂ ਲਿਆਂਦਾ ਸੀ ਅਤੇ ਇਸ ਜੋਤ ਨੂੰ ਅੱਜ ਤੱਕ ਜਗਾਇਆ ਜਾ ਰਿਹਾ ਹੈ। ਇਥੇ ਹੀ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਇੱਕ ਮੰਦਰ ਵੀ ਹੈ।
ਕਿਲ੍ਹਾ ਅੰਦਰੂਨ
ਕਿਲ੍ਹੇ ਦਾ ਅੰਦਰਲਾ ਹਿੱਸਾ ਜਿਸ ਨੂੰ ਕਿਲ੍ਹਾ ਅੰਦਰੂਨ ਕਿਹਾ ਜਾਂਦਾ ਹੈ, ਮਹਾਰਾਜਾ ਅਮਰ ਸਿੰਘ ਦੁਆਰਾ ਬਣਵਾਇਆ ਗਿਆ ਸੀ। ਰੰਗ ਮਹਿਲ ਅਤੇ ਸ਼ੀਸ਼ ਮਹਿਲ ਵਿੱਚ ਵੱਡੀ ਗਿਣਤੀ ਵਿੱਚ ਕਮਰੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਾਰਾਜਾ ਨਰਿੰਦਰ ਸਿੰਘ ਦੇ ਅਧੀਨ ਬਣਾਏ ਗਏ ਸਨ। ਕਿਲ੍ਹਾ ਮੁਬਾਰਕ ਦੇ ਅੰਦਰ 16 ਸ਼ਾਹੀ ਕਮਰੇ ਹਨ, ਜਿਨ੍ਹਾਂ ਵਿਚ ਨਮੂਨੇ ਦੀ ਚਿੱਤਰਕਾਰੀ, ਸ਼ਿਲਪਕਲਾ ਅਤੇ ਸ਼ੀਸ਼ੇ ਦਾ ਕੰਮ ਕੀਤਾ ਹੋਇਆ ਹੈ। ਦਰਬਾਰ ਦਾ ਕਮਰਾ ਸ੍ਰੀ ਵਿਸ਼ਨੂੰ ਅਵਤਾਰਾਂ, ਉਦਾਰਤਾ ਤੇ ਦਲੇਰੀ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਚਿੱਤਰਾਂ ਨਾਲ ਸਜਾਇਆ ਗਿਆ ਹੈ।
ਕਿਲ੍ਹੇ ਅੰਦਰ ਰਾਜਸਥਾਨ, ਪਹਾੜੀ ਅਤੇ ਅਵਧੀ ਪਰੰਪਰਾਵਾਂ ਦੇ ਕਲਾਕਾਰਾਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਕਿਲ੍ਹੇ ਦਾ ਇਹ ਅਹਿਮ ਹਿੱਸਾ ਵੀ ਕਦੇ ਲੋਕਾਂ ਲਈ ਖੁੱਲ੍ਹ ਨਹੀਂ ਸਕਿਆ ਹੈ। ਕਿਸੇ ਸਮੇਂ ਦਰਬਾਰ ਹਾਲ ਵਿੱਚ ਦੁਰਲੱਭ ਤੋਪਾਂ, ਤਲਵਾਰਾਂ, ਢਾਲਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਜਰ ਅਤੇ ਨਾਦਿਰ ਸ਼ਾਹ ਦੀ ਤਲਵਾਰ ਵੀ ਮੌਜੂਦ ਰਹਿੰਦੀ ਸੀ।
ਰਾਣੀਆਂ ਲਈ ਬਣੇ 43 ਆਲੀਸ਼ਾਨ ਕਮਰੇ
ਪੂਰੇ ਕੰਪਲੈਕਸ ਵਿੱਚ ਕਿਲ੍ਹਾ ਅੰਦਰੂਨ ਤੋਂ ਇਲਾਵਾ ਮਹਿਮਾਨਾਂ ਦੇ ਠਹਿਰਨ ਲਈ ਆਲੀਸ਼ਾਨ ਇਮਾਰਤ ਵੀ ਬਣਾਈ ਗਈ ਹੈ। ਪਹਿਲੀ ਹੀ ਇਮਾਰਤ ਰਾਣੀਆਂ ਲਈ ਬਣਾਈ ਗਈ ਸੀ, ਜਿਸ ਨੂੰ ਰਣ ਬਾਸ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਰਣਬਾਸ ਵਾਲੇ ਹਿੱਸੇ ਵਿਚ 43 ਸ਼ਾਹੀ ਤੇ ਆਲੀਸ਼ਾਨ ਕਮਰੇ ਹਨ। ਜਿਨ੍ਹਾਂ ਦਾ ਸਾਂਝਾ ਵਿਹੜਾ ਸੁੰਦਰ ਫੁਆਰਿਆਂ ਨਾਲ ਸਜਿਆ ਹੋਇਆ ਹੈ। ਮੌਜੂਦਾ ਸਮੇਂ ਰਣ ਬਾਸ ਦੀ ਸਾਂਭ ਸੰਭਾਲ ਦਾ ਿਜ਼ੰਮਾ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸ ਵਲੋਂ ਇਸ ਨੂੰ ਹੋਟਲ ਕਮ ਰੈਸਟੋਰੈਂਟ ਬਣਾਇਆ ਗਿਆ ਹੈ।
ਗਰਮੀਆਂ ’ਚ ਵੀ ਠੰਢਾ ਰਹਿਣ ਵਾਲਾ ਸਰਦ ਖਾਨਾ
ਮਹਾਰਾਜਿਆਂ ਦੇ ਸਮੇਂ ਵਿਚ ਭਾਵੇਂ ਏਅਰ ਕੰਡੀਸ਼ਨਰ ਨਹੀਂ ਸਨ ਪਰ ਇਮਾਰਤਾਂ ਦੀ ਬਣਾਵਟ ਹੀ ਇਸ ਤਰ੍ਹਾਂ ਦੀ ਹੈ ਕਿ ਕਮਰਿਆਂ ਵਿਚ ਠੰਢੀਆਂ ਹਵਾਵਾਂ ਵਗਦੀਆਂ ਸਨ। ਕਿਲ੍ਹਾ ਮੁਬਾਰਕ ਵਿਚ ਬਣਿਆ ਸਰਦ ਖਾਨਾ ਆਪਣੇ ਆਪ ਵਿਚ ਇੰਜੀਨੀਅਰਿੰਗ ਦੀ ਇਕ ਮਿਸਾਲ ਹੈ। ਮਹਾਰਾਜਾ ਗਰਮੀਆਂ ਦੇ ਮੌਸਮ ਵਿਚ ਸਰਦੀ ਵਾਲਾ ਆਨੰਦ ਮਾਨਣ ਲਈ ਇਸ ਇਮਾਰਤ ਵਿਚ ਰਹਿੰਦੇ ਸਨ। ਗਰਮੀ ਤੋਂ ਬਚਣ ਲਈ ਸਰਦ ਖਾਨਾ ਬਣਾਇਆ ਗਿਆ। ਜਿਸ ਦੇ ਅੰਦਰ ਇੱਕ ਡੂੰਘਾ ਖੂਹ ਵੀ ਬਣਾਇਆ ਗਿਆ। ਸੁਰੰਗ ਨਾਲ ਇਸ ਖੂਹ ਦੀ ਠੰਢੀ ਹਵਾ ਜ਼ਮੀਨੀ ਮੰਜ਼ਿਲ ਦੇ ਕਮਰਿਆਂ ਅਤੇ ਬੇਸਮੈਂਟ ਵਿੱਚੋਂ ਲੰਘਦੀ ਸੀ। ਇਸ ਦੇ ਸਾਹਮਣੇ ਵੱਡਾ ਝਰਨਾ ਤੇ ਬਗੀਚਾ ਵੀ ਬਣਾਇਆ ਗਿਆ ਸੀ। ਮੌਜੂਦਾ ਸਮੇਂ ਇਹ ਇਮਾਰਤ ਮੁਰੰਮਤ ਅਧੀਨ ਹੈ ਤੇ ਇਸ ਦਾ ਖੂਹ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਜਲਾਓ ਖਾਨਾ ਕਹੀ ਜਾਣ ਵਾਲੀ ਇਕ ਛੋਟੀ ਇਮਾਰਤ ਹੈ, ਜਿਸ ਵਿਚ ਕੇਂਦਰੀ ਹਾਲ ਹੈ।
• ਨਵਦੀਪ ਢੀਂਗਰਾ