ਪੈਰਿਸ ਸਿਰਫ਼ ਫ਼ਰਾਂਸ ਦੀ ਹੀ ਰਾਜਧਾਨੀ ਨਹੀਂ, ਫ਼ੈਸ਼ਨ ਦੀ ਰਾਜਧਾਨੀ ਵੀ ਹੈ ਤੇ ਰੋਮਾਂਸ ਦੀ ਵੀ। ਇਹ ਦੁਨੀਆ ਭਰ ਦੇ ਬੁੱਧੀਜੀਵੀਆਂ, ਚਿੱਤਰਕਾਰਾਂ ਦਾ ਮੱਕਾ ਹੈ ਅਤੇ ਫੈਸ਼ਨ ਤੇ ਗਲੈਮਰ ਦੀ ਦੁਨੀਆ ਦਾ ਕੇਂਦਰ ਵੀ। ਜਿਹੜੇ ਲੋਕ ਇਤਿਹਾਸ ਵਿਚ ਦਿਲਚਸਪੀ ਰੱਖਦੇ ਹਨ, ਉਹ ਇਸ ਨੂੰ ਫ਼ਰਾਂਸੀਸੀ ਇਨਕਲਾਬ ਦੇ ਸ਼ਹਿਰ ਵਜੋਂ ਵੀ ਜਾਣਦੇ ਹਨ।

ਪੈਰਿਸ ਸਿਰਫ਼ ਫ਼ਰਾਂਸ ਦੀ ਹੀ ਰਾਜਧਾਨੀ ਨਹੀਂ, ਫ਼ੈਸ਼ਨ ਦੀ ਰਾਜਧਾਨੀ ਵੀ ਹੈ ਤੇ ਰੋਮਾਂਸ ਦੀ ਵੀ। ਇਹ ਦੁਨੀਆ ਭਰ ਦੇ ਬੁੱਧੀਜੀਵੀਆਂ, ਚਿੱਤਰਕਾਰਾਂ ਦਾ ਮੱਕਾ ਹੈ ਅਤੇ ਫੈਸ਼ਨ ਤੇ ਗਲੈਮਰ ਦੀ ਦੁਨੀਆ ਦਾ ਕੇਂਦਰ ਵੀ। ਜਿਹੜੇ ਲੋਕ ਇਤਿਹਾਸ ਵਿਚ ਦਿਲਚਸਪੀ ਰੱਖਦੇ ਹਨ, ਉਹ ਇਸ ਨੂੰ ਫ਼ਰਾਂਸੀਸੀ ਇਨਕਲਾਬ ਦੇ ਸ਼ਹਿਰ ਵਜੋਂ ਵੀ ਜਾਣਦੇ ਹਨ। ਸੋ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੈਰਿਸ (ਫ਼ਰੈਂਚ ਵਿਚ ਇਸ ਨੂੰ ਪਾਰੀ ਕਹਿੰਦੇ ਹਨ) ਦੁਨੀਆ ਭਰ ਦੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਮਨਭਾਉਂਦਾ ਸੈਲਾਨੀ ਕੇਂਦਰ ਹੈ, ਜਿਸ ਨੂੰ ਦੇਖਣ ਹਰ ਸਾਲ ਤਿੰਨ ਕਰੋੜ ਤੋਂ ਵੱਧ ਲੋਕ ਆਉਂਦੇ ਹਨ।
ਸੱਤ ਘੰਟੇ ਦਾ ਹਵਾਈ ਸਫ਼ਰ
ਭਾਰਤ ਤੋਂ ਕਈ ਹਵਾਈ ਕੰਪਨੀਆਂ ਸਿੱਧਾ ਪੈਰਿਸ ਦੇ ਮੁੱਖ ਹਵਾਈ ਅੱਡੇ ਸ਼ਾਰਲ ਦੇਗੌਲ ਲਈ ਰੋਜ਼ਾਨਾ ਉਡਾਣ ਭਰਦੀਆਂ ਹਨ ਅਤੇ ਸੱਤ ਘੰਟੇ ਦਾ ਹਵਾਈ ਸਫ਼ਰ ਤੁਹਾਨੂੰ ਇਸ ਚਕਾਚੌਂਧ ਕਰਨ ਵਾਲੇ ਸ਼ਹਿਰ ਲੈ ਆਉਂਦਾ ਹੈ। ਬਹੁਤ ਸਾਰੇ ਭਾਰਤੀ ਸੈਲਾਨੀ ਲੰਡਨ ਤੋਂ ਰੇਲ ਰਾਹੀਂ ਵੀ ਪੈਰਿਸ ਆਉਂਦੇ ਹਨ ਕਿਉਂਕਿ ਸਮੁੰਦਰ ਹੇਠਾਂ ਬਣੀ ਸੁਰੰਗ ਚਨਲ (ਚੈਨਲ ਟਨਲ) ਰਾਹੀਂ ਢਾਈ ਘੰਟੇ ਵਿਚ ਹੀ ਲੰਡਨ ਤੋਂ ਪੈਰਿਸ ਪਹੁੰਚਿਆ ਜਾ ਸਕਦਾ ਹੈ। ਸਾਲ 1994 ਵਿਚ ਸੰਪੂਰਨ ਹੋਈ ਇਸ 50.5 ਕਿਲੋਮੀਟਰ ਲੰਮੀ ਸੁਰੰਗ ਦਾ 39 ਕਿਲੋਮੀਟਰ ਹਿੱਸਾ ਸਮੁੰਦਰ ਹੇਠ ਹੈ ਅਤੇ ਇਹ ਦੁਨੀਆ ’ਚ ਸਮੁੰਦਰ ਹੇਠਲੀ ਸਭ ਤੋਂ ਵੱਡੀ ਸੁਰੰਗ ਹੈ। ਕੇਂਦਰੀ ਲੰਡਨ ਦੇ ਵਾਟਰਲੂ ਸਟੇਸ਼ਨ ਤੋਂ ਚੱਲਣ ਵਾਲੀ ਆਰਾਮਦਿਹ ਯੂਰੋਸਟਾਰ ਰੇਲਸੇਵਾ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਪੈਰਿਸ ਦੇ ਗਾਰ ਦੂ ਨੌਰਡ (ਉੱਤਰੀ) ਰੇਲਵੇ ਸਟੇਸ਼ਨ ’ਤੇ ਪਹੁੰਚਾ ਦੇਂਦੀ ਹੈ। ਸ਼ਹਿਰ ਦੇ ਛੇ ਪ੍ਰਮੁੱਖ ਰੇਲ ਸਟੇਸ਼ਨ ਹਨ। ਪੈਰਿਸ ਦੇ ਸਾਰੇ ਰੇਲ ਸਟੇਸ਼ਨ ਪੈਰਿਸ ਦੀ ਵਧੀਆ ਵਿਉਂਤੀ ਹੋਈ ਮੈਟਰੋ ਸੇਵਾ ਨਾਲ ਜੁੜੇ ਹੋਏ ਹਨ ਅਤੇ ਮਿੰਟਾਂ ’ਚ ਹੀ ਤੁਸੀ ਸ਼ਹਿਰ ਦੇ ਕਿਸੇ ਵੀ ਕੋਨੇ ਵਿਚ ਪਹੁੰਚ ਜਾਂਦੇ ਹੋ। ਇਸ ਸੇਵਾ ਦੀ ਪਹੁੰਚ ਦਾ ਅੰਦਾਜ਼ਾ ਤੁਸੀ ਏਥੋਂ ਲਾ ਸਕਦੇ ਹੋ ਕਿ ਇਸ ਦੇ 380 ਸਟੇਸ਼ਨ ਹਨ ਤੇ ਇਹਦੀਆਂ ਲਾਈਨਾਂ ਦੀ ਲੰਬਾਈ 222 ਕਿਲੋਮੀਟਰ ਹੈ।
ਕਦਮ-ਕਦਮ ’ਤੇ ਹਨ ਦੇਖਣਯੋਗ ਥਾਵਾਂ
ਪੈਰਿਸ ਉਨ੍ਹਾਂ ਸ਼ਹਿਰਾਂ ਵਿੱਚੋਂ ਹੈ, ਜਿਨ੍ਹਾਂ ਨੂੰ ਇਕ-ਦੋ ਦਿਨ ਦੀ ਉਡਵੀਂ ਫੇਰੀ ਮਾਰ ਕੇ ਦੇਖ ਸਕਣਾ ਅਸੰਭਵ ਹੈ। ਇੱਥੇ ਕਦਮ-ਕਦਮ ’ਤੇ ਏਨੀਆਂ ਦੇਖਣਯੋਗ ਥਾਂਵਾ ਅਤੇ ਮਾਣਨਯੋਗ ਨਜ਼ਾਰੇ ਹਨ ਕਿ ਇਸ ਖ਼ੂਬਸੂਰਤ ਸ਼ਹਿਰ ਨਾਲ ਅੱਧ-ਪਚੱਧਾ ਇਨਸਾਫ਼ ਕਰਨ ਲਈ ਵੀ ਕਈ ਦਿਨਾਂ ਦਾ ਖੁੱਲ੍ਹਾ ਸਮਾਂ ਲੋੜੀਂਦਾ ਹੈ।
ਆਈਫ਼ਲ ਮੀਨਾਰ ਤੋਂ ਸ਼ੁਰੂ ਕੀਤੀ ਸੈਰ
ਅਸੀ ਪੈਰਿਸ ਦੀ ਸੈਰ ਆਈਫ਼ਲ ਮੀਨਾਰ ਤੋਂ ਸ਼ੁਰੂ ਕੀਤੀ। ਪੈਰਿਸ ’ਚੋਂ ਵਗਦੇ ਦਰਿਆ ਸੇਨ ਦੇ ਕੰਢੇ ’ਤੇ ਬਣੇ ਇਸ ਮੀਨਾਰ ਨੂੰ ਇਹ ਮਾਣ ਹਾਸਲ ਹੈ ਕਿ ਦੁਨੀਆ ਦੇ ਵੀ ਕਿਸੇ ਵੀ ਹੋਰ ਸਮਾਰਕ ਦੇ ਮੁਕਾਬਲੇ ਇਸ ਨੂੰ ਦੇਖਣ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਸਭ ਤੋਂ ਵੱਧ ਹੈ, ਤਾਜ ਮਹਿਲ ਤੋਂ ਵੀ ਵੱਧ। ਅਚੰਭੇ ਦੀ ਗੱਲ ਇਹ ਹੈ ਕਿ ਸਿਰਫ਼ ਲੋਹੇ ਦੇ ਪੁਰਜ਼ਿਆਂ ਨੂੰ ਜੋੜ ਕੇ ਬਣੇ ਇਸ ਮੀਨਾਰ ਨੂੰ 1889 ਵਿਚ ਪੈਰਿਸ ਵਿਖੇ ਹੋਈ ਇਕ ਅੰਤਰਰਾਸ਼ਟਰੀ ਨੁਮਾਇਸ਼ ਵਾਸਤੇ ਵਕਤੀ ਚਿੰਨ੍ਹ ਵਜੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ 20 ਵਰ੍ਹੇ ਬਾਅਦ ਨਸ਼ਟ ਕਰ ਦੇਣ ਦਾ ਵਿਚਾਰ ਸੀ। ਦਰਅਸਲ ਡਿਜ਼ਾਈਨਰ ਗੁਸਤਾਵ ਈਫ਼ੈਲ ਦਾ ਇਹ ਲੌਹ ਪੁਰਜ਼ਿਆਂ ਉੱਤੇ ਆਧਾਰਿਤ ਡਿਜ਼ਾਈਨ ਨੁਮਾਇਸ਼ ਦੀਆਂ ਉਨ੍ਹਾਂ ਸ਼ਰਤਾਂ ਮੁਤਾਬਕ ਹੀ ਤਿਆਰ ਕੀਤਾ ਗਿਆ ਸੀ ਕਿ ਜਿਹੜਾ ਵੀ ਸਮਾਰਕ ਬਣੇ, ਉਸ ਨੂੰ ਆਸਾਨੀ ਨਾਲ ਨਸ਼ਟ ਕਰ ਕੇ ਉਸ ਦੇ ਟੁਕੜਿਆਂ ਨੂੰ ਮੁੜ ਵਰਤੋਂ ’ਚ ਲਿਆਂਦਾ ਜਾ ਸਕੇ। ਉਸ ਵੇਲੇ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਅਤੇ ਇਸ ਦਾ ਇਹ ਦਰਜਾ 1930 ਤੀਕ ਬਰਕਰਾਰ ਰਿਹਾ। ਇਸ ਦੀ ਉਚਾਈ 320.57 ਮੀਟਰ ਹੈ, ਜਿਸ ਵਿਚ 21 ਮੀਟਰ ਦਾ ਐਂਟੀਨਾ ਵੀ ਸ਼ਾਮਿਲ ਹੈ। ਆਪਣੀ ਉਸਾਰੀ ਦੇ 122 ਸਾਲ ਮਗਰੋਂ ਵੀ ਇਹ ਅੱਜ ਤੱਕ ਪੈਰਿਸ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਹੈ। ਇਸ ਉਚਾਈ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾ ਸਕਦੇ ਹੋ ਕਿ ਇਹ ਸਾਡੇ ਕੁਤਬ ਮੀਨਾਰ ਨਾਲੋਂ ਸਾਢੇ ਚਾਰ ਗੁਣਾ ਵੱਧ ਉੱਚਾ ਹੈ।
ਇਮਾਰਤ ਉਸਾਰੀ ਦਾ ਸ਼ਾਹਕਾਰ ਨਮੂਨਾ
ਅੱਜ ਇਹ ਮੀਨਾਰ ਪੈਰਿਸ ਦਾ ਚਿੰਨ੍ਹ ਬਣ ਚੁੱਕਿਆ ਹੈ ਪਰ ਜਦੋਂ ਇਹ ਬਣ ਕੇ ਤਿਆਰ ਹੋਇਆ ਤਾਂ ਇਸ ਨੂੰ ਇਸ ਦੀ ਬਦਸੂਰਤੀ ਕਾਰਨ ਖ਼ੂਬ ਭੰਡਿਆ ਗਿਆ। ਕਹਿੰਦੇ ਹਨ ਕਿ ਫ਼ਰਾਂਸ ਦਾ ਮਸ਼ਹੂਰ ਲੇਖਕ ਮੋਪਾਸਾਂ ਸਿਰਫ਼ ਇਸ ਲਈ ਮੀਨਾਰ ’ਤੇ ਬਣੇ ਰੈਸਤੋਰਾਂ ਵਿਚ ਖਾਣਾ ਖਾਣ ਆਉਂਦਾ ਸੀ ਕਿਉਂਕਿ ਸਾਰੇ ਪੈਰਿਸ ’ਚ ਇਹ ਇਕੱਲੀ ਅਜਿਹੀ ਥਾਂ ਸੀ, ਜਿੱਥੋਂ ਇਹ ਬਦਸੂਰਤ ਮੀਨਾਰ ਦਿਸਣ ਦਾ ਕੋਈ ਡਰ ਨਹੀਂ ਸੀ ਪਰ ਜਿਵੇਂ ਫੈਸ਼ਨ ਬਦਲਦੇ ਹਨ, ਖ਼ੂਬਸੂਰਤ ਕਹਾਉਣ ਦੇ ਮਿਆਰ ਵੀ ਬਦਲ ਜਾਂਦੇ ਹਨ ਅਤੇ ਹੁਣ ਆਈਫ਼ਲ ਮੀਨਾਰ ਨਾ ਸਿਰਫ਼ ਪੈਰਿਸ ਦੀ ਖ਼ੂਬਸੂਰਤੀ ਦਾ ਚਿਨ੍ਹ ਮੰਨਿਆ ਜਾਂਦਾ ਹੈ ਸਗੋਂ ਇਮਾਰਤ ਉਸਾਰੀ ਦਾ ਸ਼ਾਹਕਾਰ ਨਮੂਨਾ ਵੀ। ਲੋਹੇ ਦੇ 1800 ਤੋਂ ਵੱਧ ਪੁਰਜ਼ਿਆਂ ਦੀ ਬਣੀ ਇਸ ਮੀਨਾਰ ਨੂੰ ਜੋੜਨ ਲਈ 35 ਲੱਖ ਰਿਬਟਾਂ ਦਾ ਇਸਤੇਮਾਲ ਹੋਇਆ ਸੀ। ਇਸ ਮੀਨਾਰ ਬਾਰੇ ਦਿਲਚਸਪ ਗੱਲ ਇਹ ਵੀ ਹੈ ਕਿ ਪੂਰੀ ਤਰ੍ਹਾਂ ਧਾਤ ਦੀ ਬਣੀ ਹੋਣ ਕਾਰਨ 7300 ਟਨ ਦੀ ਇਹ ਇਮਾਰਤ ਤਾਪਮਾਨ ਦੀ ਤਬਦੀਲੀ ਕਾਰਨ ਫੈਲਦੀ-ਸੁੰਗੜਦੀ ਵੀ ਰਹਿੰਦੀ ਹੈ।
ਸਕੇਟਿੰਗ ਕਰਨ ਦਾ ਲੈ ਸਕਦੇ ਮਜ਼ਾ
ਮੀਨਾਰ ਦੀ ਹਰ ਮੰਜ਼ਲ ’ਤੇ ਜਾਣ ਲਈ ਵੱਖੋ-ਵੱਖ ਕੀਮਤ ਦੀਆਂ ਟਿਕਟਾਂ ਹਨ। ਲਿਫਟ ਰਾਹੀਂ ਜਾਣ ਦੀ ਟਿਕਟ ਦੀ ਕੀਮਤ ਵੱਧ ਹੈ, ਜੋ ਭਾਰਤੀ ਰੁਪਇਆਂ ਵਿਚ ਇਸ ਸਮੇਂ ਤਕਰੀਬਨ 700 ਰੁਪਏ ਦੀ ਹੈ ਪਰ ਜੇ ਤੁਸੀ ਹਿੰਮਤੀ ਹੋ ਤਾਂ ਇਸ ਨਾਲੋਂ ਤਕਰੀਬਨ ਅੱਧੀ ਕੀਮਤ ਵਾਲੀ ਟਿਕਟ ਖ਼ਰੀਦ ਕੇ ਦੂਜੀ ਮੰਜ਼ਲ ਤੀਕ ਪੌੜੀਆਂ ਰਾਹੀਂ ਪੈਦਲ ਵੀ ਚੜ੍ਹ ਸਕਦੇ ਹੋ ਪਰ ਯਾਦ ਰਹੇ ਕਿ ਤਾਂ ਵੀ 704 ਪੌੜੀਆਂ ਚੜ੍ਹਨੀਆਂ ਪੈਣਗੀਆਂ ਪਰ ਦੂਜੀ ਮੰਜ਼ਿਲ ਤੋਂ ਬਾਅਦ ਜਨਤਾ ਨੂੰ ਸਿਰਫ਼ ਲਿਫ਼ਟ ਰਾਹੀਂ ਹੀ ਹੋਰ ਉੱਪਰ ਜਾਣ ਦੀ ਇਜਾਜ਼ਤ ਹੈ। ਪਹਿਲੀ ਮੰਜ਼ਿਲ ’ਤੇ ਲਾ 58 ਨਾਂ ਦਾ ਰੈਸਤੋਰਾਨ ਬਣਿਆ ਹੋਇਆ ਹੈ ਤੇ ਚਾਰੇ ਪਾਸੇ ਪਰਕਰਮਾ ਛੱਜਾ ਹੈ, ਜਿਸ ਤੋਂ ਸਮੁੱਚਾ ਪੈਰਿਸ ਦੇਖਿਆ ਜਾ ਸਕਦਾ ਹੈ। ਮੈਂ ਏਥੇ ਗਰਮੀਆਂ ਦੀ ਰੁੱਤੇ ਆਇਆ ਸਾਂ ਪਰ ਮੈਨੂੰ ਪਤਾ ਲੱਗਿਆ ਕਿ ਸਰਦੀਆਂ ’ਚ ਇਸ ਮੰਜ਼ਿਲ ’ਤੇ ਇੱਕ ਸਕੇਟਿੰਗ ਰਿੰਕ ਚਾਲੂ ਰਹਿੰਦਾ ਹੈ ਤੇ ਇਸ ਦੇ ਸ਼ੌਕੀਨ ਲੋਕ ਏਥੇ ਏਨੀ ਉਚਾਈ ਉੱਤੇ ਆ ਕੇ ਸਕੇਟਿੰਗ ਕਰਨ ਦਾ ਮਜ਼ਾ ਲੈ ਸਕਦੇ ਹਨ। ਇਸ ਦੀ ਵਰਤੋਂ ਲਈ ਕੋਈ ਵੱਖਰੀ ਫ਼ੀਸ ਵੀ ਨਹੀਂ ਦੇਣੀ ਪੈਂਦੀ। ਇਸ ਤੋਂ ਇਲਾਵਾ ਏਥੇ ਇਕ ਸੁਵੀਨਰ ਦੁਕਾਨ ਤੇ ਡਾਕਖਾਨਾ ਵੀ ਹੈ। ਮੈਂ ਦੇਖਿਆ ਕਿ ਸੈਲਾਨੀ ਧੜਾਧੜ ਆਈਫ਼ਲ ਮੀਨਾਰ ਦੇ ਦ੍ਰਿਸ਼ ਪੇਸ਼ ਕਰਦੇ ਕਾਰਡ ਖ਼ਰੀਦ ਕੇ ਏਥੋਂ ਹੀ ਡਾਕ ਵਿਚ ਪਾ ਰਹੇ ਸਨ। ਜਦੋਂ ਇਹ ਕਾਰਡ ਆਪਣੀ ਮੰਜ਼ਿਲ ’ਤੇ ਪਹੁੰਚਦੇ ਹਨ ਤਾਂ ਉਨ੍ਹਾਂ ਉੱਤੇ ਮੀਨਾਰ ਦੀ ਹੀ ਟਿਕਟ ਤੇ ਮੀਨਾਰ ਦੀ ਹੀ ਡਾਕ ਮੁਹਰ ਵੀ ਲੱਗੀ ਹੁੰਦੀ ਹੈ। ਏਥੇ ਹੀ ਮੀਨਾਰ ਦੇ ਐਨ ਵਿਚਕਾਰੋਂ ਉੱਪਰ ਚੜ੍ਹਦੀਆਂ ਗੋਲ ਪੌੜੀਆਂ ਦਾ ਇਕ ਹਿੱਸਾ ਵੀ ਸਾਂਭਿਆ ਗਿਆ ਹੈ। ਮੀਨਾਰ ਬਣਨ ਸਮੇਂ ਇਹ ਪੌੜੀਆਂ ਧੁਰ ਉੱਪਰ ਤੀਕ ਜਾਂਦੀਆਂ ਸਨ ਪਰ 1983 ’ਚ ਉਨ੍ਹਾਂ ਨੂੰ ਹਟਾ ਕੇ ਸਿਰਫ਼ ਇਕ ਹਿੱਸਾ ਮੀਨਾਰ ਦੇ ਇਤਿਹਾਸ ਵਜੋਂ ਸਾਂਭ ਲਿਆ ਗਿਆ।
ਦੂਜੀ ਮੰਜ਼ਿਲ ’ਤੇ ਹੈ ਜੂਲ ਵਰਨ ਨਾਂ ਰੈਸਤੋਰਾਨ
125 ਮੀਟਰ ਦੀ ਉਚਾਈ ’ਤੇ ਬਣੀ ਦੂਜੀ ਮੰਜ਼ਿਲ ’ਤੇ ਜੂਲ ਵਰਨ ਨਾਂ ਦਾ ਇਕ ਹੋਰ ਰੈਸਤੋਰਾਨ ਹੈ, ਜੋ ਪੈਰਿਸ ਦੇ ਮਹਿੰਗੇ ਤੇ ਖ਼ਾਸ ਰੈਸਤੋਰਾਨਾਂ ਵਿਚ ਸ਼ੁਮਾਰ ਹੁੰਦਾ ਹੈ। ਇਸ ਦੀ ਆਪਣੀ ਵੱਖਰੀ ਲਿਫਟ ਹੈ। ਏਸੇ ਮੰਜ਼ਿਲ ਉੱਤੇ ਫ਼ਰਾਂਸੀਸੀ ਭੋਜਨ ਦੀਆਂ ਵੰਨਗੀਆਂ ਵੇਚਣ ਵਾਲੀ ਇਕ ਦੁਕਾਨ ਵੀ ਹੈ ਅਤੇ ਮੀਨਾਰ ਦੇ ਇਤਿਹਾਸ ਨੂੰ ਪੇਸ਼ ਕਰਦੀ ਨੁਮਾਇਸ਼ ਵੀ। ਸਭ ਤੋਂ ਮਹਿੰਗੀ ਟਿਕਟ ਲੈਣ ਵਾਲੇ ਲੋਕ ਦੂਜੀ ਮੰਜ਼ਲ ’ਤੇ ਲਿਫਟ ਬਦਲ ਕੇ ਇਕ ਹੋਰ ਲਿਫਟ ਲੈਂਦੇ ਹਨ, ਜੋ 276 ਮੀਟਰ ਦੀ ਸਿਖ਼ਰ ’ਤੇ ਪਹੁੰਚਾਉਂਦੀ ਹੈ। ਏਥੇ ਗੁਸਤਾਵ ਈਫ਼ੈਲ ਦਾ ਦਫ਼ਤਰ ਸਾਂਭਿਆ ਪਿਆ ਹੈ, ਸਮੇਤ ਈਫ਼ੈਲ ਤੇ ਉਸ ਦੀ ਬੇਟੀ ਦੀਆਂ ਜੀਵਤ ਜਾਪਦੀਆਂ ਮੋਮ-ਮੂਰਤੀਆਂ ਦੇ। ਨਾਲ ਹੀ ਇਕ ਹੋਰ ਦਫ਼ਤਰ ਇੰਨ-ਬਿੰਨ ਸੁਰੱਖਿਅਤ ਰੱਖਿਆ ਗਿਆ ਹੈ, ਜਿਸ ’ਚ ਈਫ਼ੈਲ ਦੇ ਇੰਜੀਨੀਅਰ ਬੈਠੇ ਦਿਸਦੇ ਹਨ। ਇਸ ਉਚਾਈ ਤੋਂ ਪੈਰਿਸ ਨੂੰ ਦੇਖਣ ਦਾ ਆਪਣਾ ਹੀ ਆਨੰਦ ਹੈ। ਗਰਮੀਆਂ ਦੀ ਰੁੱਤੇ ਦਰਸ਼ਕਾਂ ਦੀ ਆਮਦ ਲਈ ਆਈਫ਼ਲ ਮੀਨਾਰ ਸਵੇਰੇ 9 ਵਜੇ ਤੋਂ ਲੈ ਕੇ ਅੱਧੀ ਰਾਤ ਤੀਕ ਖੁੱਲ੍ਹਾ ਰਹਿੰਦਾ ਹੈ।
- ਸੁਕੀਰਤ