ਨਾਰਵੇ ਵਿਚ ਓਡਾ ਨਾਂ ਦਾ ਖ਼ੂਬਸੂਰਤ ਪਰ ਛੋਟਾ ਜਿਹਾ ਸ਼ਹਿਰ ਹੈ। ਮੇਰੇ ਮਨ ’ਚ ਇਹ ਸ਼ਹਿਰ ਦੇਖਣ ਦੀ ਬੜੀ ਖਿੱਚ ਸੀ, ਜੋ ਸ਼ਹਿਰ ਦਰਾਮਨ ਤੋਂ ਕਾਰ ਰਾਹੀਂ ਸਾਢੇ ਚਾਰ ਘੰਟੇ ਪਰ ਸਾਡੇ ਹਿੱਤੇ (ਕਾਟੇਜ) ਅਰਬੂਵੋਲਨ ਤੋਂ ਸਵਾ ਕੁ ਘੰਟੇ ਦਾ ਸਫ਼ਰ ਸੀ, ਜਿੱਥੇ ਅਸੀਂ ਠਹਿਰੇ ਹੋਏ ਸਾਂ। ਹਿੱਤੇ ਤੋਂ ਓਡਾ ਜਾਂਦਿਆਂ ਸੜਕ ਦੇ ਇਕ ਪਾਸੇ ਕੋਈ ਨਦੀ ਜਾਂ ਦਰਿਆ ਅਤੇ ਦੂਜੇ ਪਾਸੇ ਪਰਬਤ ਜਾਂ ਜੰਗਲ ਕਿਸੇ ਅਨੋਖੀ ਦੁਨੀਆਂ ਦਾ ਅਹਿਸਾਸ ਕਰਵਾ ਰਹੇ ਸਨ।

ਨਾਰਵੇ ਵਿਚ ਓਡਾ ਨਾਂ ਦਾ ਖ਼ੂਬਸੂਰਤ ਪਰ ਛੋਟਾ ਜਿਹਾ ਸ਼ਹਿਰ ਹੈ। ਮੇਰੇ ਮਨ ’ਚ ਇਹ ਸ਼ਹਿਰ ਦੇਖਣ ਦੀ ਬੜੀ ਖਿੱਚ ਸੀ, ਜੋ ਸ਼ਹਿਰ ਦਰਾਮਨ ਤੋਂ ਕਾਰ ਰਾਹੀਂ ਸਾਢੇ ਚਾਰ ਘੰਟੇ ਪਰ ਸਾਡੇ ਹਿੱਤੇ (ਕਾਟੇਜ) ਅਰਬੂਵੋਲਨ ਤੋਂ ਸਵਾ ਕੁ ਘੰਟੇ ਦਾ ਸਫ਼ਰ ਸੀ, ਜਿੱਥੇ ਅਸੀਂ ਠਹਿਰੇ ਹੋਏ ਸਾਂ। ਹਿੱਤੇ ਤੋਂ ਓਡਾ ਜਾਂਦਿਆਂ ਸੜਕ ਦੇ ਇਕ ਪਾਸੇ ਕੋਈ ਨਦੀ ਜਾਂ ਦਰਿਆ ਅਤੇ ਦੂਜੇ ਪਾਸੇ ਪਰਬਤ ਜਾਂ ਜੰਗਲ ਕਿਸੇ ਅਨੋਖੀ ਦੁਨੀਆਂ ਦਾ ਅਹਿਸਾਸ ਕਰਵਾ ਰਹੇ ਸਨ। ਬਹੁਤ ਥਾਵਾਂ ’ਤੇ ਪਰਬਤਾਂ ਤੋਂ ਵਗਦੇ ਚਾਂਦੀ ਵਰਗੇ ਚਿੱਟੇ ਪਾਣੀ ਦੇ ਝਰਨੇ ਸਫ਼ਰ ਨੂੰ ਆਨੰਦਮਈ ਬਣਾ ਰਹੇ ਸਨ। ਇਹ ਸ਼ਹਿਰ ਨੌਰਵੇ ਦੇ ਪੱਛਮ ਵਿਚ ਸਥਿਤ ਹੈ। ਇਸ ਦਾ ਖੇਤਰਫਲ 2.85 ਸਕੇਅਰ ਕਿਲੋਮੀਟਰ ਅਤੇ ਇੱਥੋਂ ਦੀ ਵਸੋਂ ਕਰੀਬ 4764 ਹੈ। ਇੱਥੇ ਸਮੁੰਦਰ ਦੇ ਕਿਨਾਰੇ ਕੁਝ ਫੈਕਟਰੀਆਂ ਹਨ ਕਿਉਂਕਿ ਇਸ ਪਹਾੜੀ ਖੇਤਰ ਵਿਚ ਜ਼ਿੰਕ ਧਾਤ ਪਾਈ ਜਾਂਦੀ ਹੈ। ਫੈਕਟਰੀ ਵਿਚ ਬਣਦੇ ਲੋਹੇ ਅਤੇ ਐਲੂਮੀਨੀਅਮ ਦੇ ਸਾਮਾਨ ਉੱਤੇ ਜ਼ਿੰਕ ਦੀ ਪਰਤ ਚੜ੍ਹਾਈ ਜਾਂਦੀ ਹੈ, ਜਿਸ ਨਾਲ ਜੰਗਾਲ ਨਹੀਂ ਲੱਗਦਾ। ਬੈਟਰੀਆਂ ਤੇ ਖਾਦ ਬਣਾਉਣ ਲਈ ਵੀ ਜ਼ਿੰਕ ਵਰਤੀ ਜਾਂਦੀ ਹੈ। ਕਈ ਸ਼ਹਿਰਾਂ ਨੂੰ ਆਉਣ-ਜਾਣ ਵਾਲੀਆਂ ਸੜਕਾਂ ਇੱਥੋਂ ਲੰਘਦੀਆਂ, ਇਸ ਲਈ ਓਡਾ ਸ਼ਹਿਰ ਵਪਾਰ ਤੇ ਸੈਰ-ਸਪਾਟੇ ਲਈ ਵੀ ਜਾਣਿਆ ਜਾਂਦਾ ਹੈ। ਸਮੁੰਦਰੀ ਜਹਾਜ਼ ਵੀ ਇੱਥੋਂ ਲੰਘਦੇ ਹਨ।
ਦੋ ਪਰਬਤ ਲੜੀਆਂ ਵਿਚਕਾਰ ਵਸਿਆ ਸ਼ਹਿਰ
ਓਡਾ ਸ਼ਹਿਰ ’ਚ ਵੜਨ ਸਾਰ ਆਪਣੇ ਸ਼ਹਿਰ ਚੰਡੀਗੜ੍ਹ ਦੀ ਯਾਦ ਆਈ। ਸਾਫ਼-ਸੁਥਰਾ ਪਰ ਛੋਟਾ ਜਿਹਾ ਸ਼ਹਿਰ ਹੈ। ਫ਼ਰਕ ਇਹ ਵੀ ਸੀ ਕਿ ਇੱਥੇ ਘਰਾਂ-ਇਮਾਰਤਾਂ ਦੀਆਂ ਛੱਤਾਂ ਇੱਥੋਂ ਦੇ ਹਿਸਾਬ ਨਾਲ ਝੌਂਪੜੀਆਂ ਵਾਂਗ ਢਾਲਵੀਆਂ ਹਨ। ਇਨ੍ਹਾਂ ਪੱਛਮੀ ਮੁਲਕਾਂ ਵਿਚ ਬਰਫ਼ਬਾਰੀ ਕਾਰਨ ਅਜਿਹੀਆਂ ਛੱਤਾਂ ਬਣਾਈਆਂ ਜਾਂਦੀਆਂ ਹਨ ਕਿ ਬਰਫ਼ ਛੱਤ ਉੱਤੇ ਨਾ ਟਿਕੇ ਤੇ ਤਿਲਕ ਕੇ ਥੱਲੇ ਡਿੱਗਦੀ ਰਹੇ। ਓਡਾ ਸ਼ਹਿਰ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਹੈ ਕਿ ਇੱਥੇ ਸਮੁੰਦਰ ਦੇ ਪਾਣੀ ਕਾਰਨ ਫਿਜੂਰ ਬਣੀ ਹੋਈ ਹੈ। ਇੱਥੇ ਦੂਰੋਂ-ਦੂਰੋਂ ਸੈਲਾਨੀ ਆਉਂਦੇ ਹਨ, ਜਿੱਥੇ ਨੇੜਲੇ ਸਮੁੰਦਰ ਤੋਂ ਪਾਣੀ ਆਪਣਾ ਰਾਹ ਬਣਾਉਂਦਾ ਰੁਕ ਜਾਂਦਾ ਹੈ, ਉਸ ਨੂੰ ਫਿਜੂਰ ਕਿਹਾ ਜਾਂਦਾ ਹੈ। ਇਹ ਸ਼ਹਿਰ ਦੋ ਪਰਬਤ ਲੜੀਆਂ ਦੇ ਵਿਚਕਾਰ ਵਸਿਆ ਹੋਇਆ ਹੈ। ਇਸ ਵਿਚ ਬਣੀ ਫਿਜੂਰ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹੈ। ਫਿਜੂਰ ਦੇ ਕਿਨਾਰੇ ਖਾਣ-ਪੀਣ ਦੇ ਸਟਾਲ ਅਤੇ ਛੋਟੇ ਰੈਸਟੋਰੈਂਟ ਵੀ ਹਨ। ਦਰਸ਼ਕ ਬੈਂਚਾਂ ਉੱਤੇ ਬੈਠ ਕੇ ਖਾਂਦੇ-ਪੀਂਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹਨ। ਖਾ-ਪੀ ਰਹੇ ਲੋਕਾਂ ਕੋਲ ਸੁਰਮਈ ਤੇ ਸਫ਼ੈਦ ਰੰਗ ਦੇ ਸੀਗੁਲ ਨਾਮੀ ਖ਼ੂਬਸੂਰਤ ਪੰਛੀ ਠੁਮਕ-ਠੁਮਕ ਕਰਦੇ ਫਿਰ ਰਹੇ ਸਨ ਪਰ ਉਨ੍ਹਾਂ ਤੋਂ ਖੋਹ-ਖਿਝ ਨਹੀਂ ਸਨ ਕਰਦੇ। ਜੇ ਕੋਈ ਉਨ੍ਹਾਂ ਵੱਲ ਖਾਣ ਵਾਲੀ ਕੋਈ ਚੀਜ਼ ਸੁੱਟਦਾ ਤਾਂ ਕਬੂਤਰ ਵਰਗੇ ਪਰ ਕੁਝ ਵੱਡਆਕਾਰੀ ਇਨ੍ਹਾਂ ਪੰਖੇਰੂਆਂ ਦਾ ਝੁੰਡ ਉਸ ਦੇ ਨੇੜੇ ਆ ਜਾਂਦਾ। ਫਿਜੂਰ ਦੇ ਪਾਣੀਆਂ ਵਿਚ ਤਾਰੀਆਂ ਲਾਉਂਦੇ ਇਹ ਬਹੁਤ ਪਿਆਰੇ ਲੱਗ ਰਹੇ ਸਨ। ਇਸ ਪਾਣੀ ’ਚ ਮੋਟਰ ਬੋਟ (ਕਿਸ਼ਤੀਆਂ) ਅਤੇ ਛੋਟੇ ਸਮੁੰਦਰੀ ਜਹਾਜ਼ ਵੀ ਰੁਕਦੇ ਹਨ, ਜੋ ਸ਼ਹਿਰ ਦੇ ਘਰਾਂ ਦੇ ਬਿਲਕੁਲ ਨਾਲ ਆ ਖੜ੍ਹਦੇ ਹਨ। ਇਹ ਜਹਾਜ਼ ਤੁਰਨ ਲੱਗੇ ਜੋ ਹਾਰਨ ਵਜਾਉਂਦੇ ਹਨ, ਉਹ ਹੂਬਹੂ ਉਸ ਤਰ੍ਹਾਂ ਦੀ ਆਵਾਜ਼ ਵਾਲਾ ਹੁੰਦਾ ਹੈ, ਜਿਵੇਂ ਪੁਰਾਣੇ ਸਮੇਂ ਦੋਧੀਆਂ ਦੇ ਸਾਈਕਲ ਉੱਤੇ ਲੱਗੇ ਭੌਂਪੂ ਦੀ ਆਵਾਜ਼ ਹੁੰਦੀ ਸੀ। ਇਸ ਭੌਂਪੂ ਦੀ ਆਵਾਜ਼ ਤੋਂ ਇਹ ਪੰਛੀ ਡਰਦੇ ਨਹੀਂ ਸਗੋਂ ਬੇਖ਼ੌਫ਼ ਹੋ ਕੇ ਪਾਣੀ ਵਿਚ ਡੁਬਕੀਆਂ ਲਾਉਂਦੇ ਹਨ।
ਪੰਜਾਬੀ ਖਾਣੇ ਦਾ ਬੋਲਬਾਲਾ
ਕਿਸ਼ਤੀਆਂ ਵਿਚ ਬਹੁਤ ਸਾਰੇ ਸੈਲਾਨੀ ਦੂਰ ਤਕ ਸਮੁੰਦਰ ’ਚ ਘੁੰਮਦੇ ਰਹਿੰਦੇ ਹਨ। ਇਸ ਦੇ ਦੋਵੇਂ ਪਾਸੇ ਉੱਚੇ ਪਹਾੜਾਂ ਉੱਤੇ ਸੋਹਣੇ ਘਰ ਬਣੇ ਹੋਏ ਹਨ, ਜੋ ਕੁਦਰਤ ਦੀ ਗੋਦ ਦਾ ਨਿੱਘ ਜਾਂ ਅਸਲ ਵਿਚ ਬਰਫ਼ਾਨੀ ਠੰਢ ਮਾਣਦੇ ਜਾਂ ਸਹਿੰਦੇ ਹਨ। ਘਰਾਂ ਦੇ ਪੈਰਾਂ ਵਿੱਚੋਂ ਲੰਘਦੀ ਵਗ਼ ਖਾਂਦੀ ਸੜਕ ਦੇਖਣ ਵਾਲੇ ਨੂੰ ਆਪਣੇ ਵੱਲ ਖਿੱਚਦੀ ਹੈ। ਇਸੇ ਖਿੱਚ ਸਦਕਾ ਬਾਅਦ ਵਿਚ ਅਸੀਂ ਦੂਰ ਉੱਚੇ ਪਹਾੜਾਂ ’ਤੇ ਘੁੰਮਣ ਗਏ। ਪੰਜਾਬੀ ਖਾਣੇ ਦਾ ਬੋਲਬਾਲਾ ਇਸ ਅਨੋਖੇ ਥਾਂ ਵੀ ਦੇਖਣ ਨੂੰ ਮਿਲਿਆ। ਇੱਥੇ ਛੋਟੇ ਜਿਹੇ ਰੈਸਟੋਰੈਂਟ ਦੇ ਬੋਰਡ ਉੱਤੇ ਅੰਗਰੇਜ਼ੀ ਅਤੇ ਨੌਰਵੀਯੀਅਨ ਭਾਸ਼ਾ ਵਿਚ ਲਿਖਿਆ ਹੋਇਆ ਸੀ ‘ਮਸਾਲਾ ਕੜ੍ਹੀ’। ਇਹ ਪੜ੍ਹ ਕੇ ਅਸੀਂ ਬਰਾਂਡੇ ਵਿੱਚ ਲੱਗੀਆਂ ਮੇਜ਼-ਕੁਰਸੀਆਂ ਉੱਤੇ ਬੈਠੇ ਗੋਰਿਆਂ ਵੱਲ ਦੇਖਿਆ ਤਾਂ ਉਹ ਕੜ੍ਹੀ-ਚੌਲ ਖਾ ਰਹੇ ਸਨ। ਇਹ ਪਾਕਿਸਤਾਨੀ ਪੰਜਾਬੀਆਂ ਦਾ ਰੈਸਟੋਰੈਂਟ ਸੀ। ਫਿਜੂਰ ਕੋਲ ਬਣੀਆਂ ਦੁਕਾਨਾਂ ਤੋਂ ਆਪਣੇ ਮਨਪਸੰਦ ਤੋਹਫ਼ੇ ਖ਼ਰੀਦਣ ਪਿੱਛੋਂ ਨੇੜੇ ਹੀ ਬਣੇ ਵੱਡੇ ਸਾਰੇ ਸ਼ਾਪਿੰਗ ਸੈਂਟਰ ਵਿੱਚੋਂ ਖ਼ਰੀਦਦਾਰੀ ਕੀਤੀ। ਇੱਥੋਂ ਬੱਚਿਆਂ ਨੇ ਪੁਰਾਣੇ ਸਮੇਂ ਪੰਜਾਬੀ ਸੁਆਣੀਆਂ ਦੇ ਹੱਥੀਂ ਸੀਤੇ ਝਾਲਰਾਂ ਵਾਲੇ ਝੋਲੇ ਵਰਗੇ ਬੈਗ ਖ਼ਰੀਦੇ। ਭਾਵੇਂ ਸ਼ਾਮ ਹੋਣ ਵਾਲੀ ਸੀ ਪਰ ਇਸ ਛੇ ਮਹੀਨੇ ਦਿਨ ਤੇ ਛੇ ਮਹੀਨੇ ਰਾਤ ਵਾਲੇ ਮੁਲਕ ਵਿਚ ਤਾਂ ਇਨ੍ਹਾਂ ਦਿਨਾਂ ਵਿਚ ਬਾਰ੍ਹਾਂ-ਇਕ ਵਜੇ ਤਕ ਵੀ ਸੂਰਜ ਦੇਵਤਾ ਅੰਬਰਾਂ ਉੱਤੇ ਸੁਭਾਇਮਾਨ ਰਹਿੰਦਾ ਹੈ। ਸੋ ਅਸੀਂ ਹੋਰ ਉਚਾਈਆਂ ਵੱਲ ਜਾਂਦੀ ਸੜਕ ਵੱਲ ਕਾਰਾਂ ਮੋੜ ਲਈਆਂ।
ਥਰੌਲ ਥੁੰਜੇ
ਫਿਜੂਰ ਕਿਨਾਰੇ ਬੈਠਿਆਂ ਨੂੰ ਸਾਨੂੰ ਦੂਜੇ ਕਿਨਾਰੇ ਪਹਾੜਾਂ ਉੱਤੇ ਬਣੇ ਖ਼ੂਬਸੂਰਤ ਘਰ ਤੇ ਉਨ੍ਹਾਂ ਦੁਆਲੇ ਸੁੰਦਰ ਫੁੱਲ ਤੇ ਹਰੇ-ਭਰੇ ਦਰੱਖ਼ਤ ਦਿਸ ਰਹੇ ਸਨ। ਹਰ ਪਾਸੇ ਗੁਲਾਬੀ ਰੰਗ ਦੇ ਖਿੜੇ ਸੁੰਦਰ ਫੁੱਲ ਕੁਦਰਤ ਰਾਣੀ ਦੇ ਗਲ ਵਿਚ ਸਜਿਆ ਗੁਲਾਬੀ ਦੁਪੱਟਾ ਜਾਪਦਾ ਸੀ। ਇਸ ਖੇਤਰ ਵਿੱਚ ਗੁਲਾਬੀ ਪਰ ਸਾਡੇ ਦਰਾਮਨ ਸ਼ਹਿਰ ਵੱਲ ਪੀਲੇ ਰੰਗ ਦੇ ਫੁੱਲਾਂ ਦੀ ਭਰਮਾਰ ਹੈ। ਅਸੀਂ ਉਨ੍ਹਾਂ ਘਰਾਂ ਦੇ ਬਿਲਕੁਲ ਨਾਲ ਲੱਗਦੀ ਸੜਕ ਤੋਂ ਲੰਘਦਿਆਂ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਅੱਗੇ ਲੰਘ ਗਏ। ਮੈਂ ਸੋਚਦੀ ਰਹੀ ਕਿ ਕਿੰਨੇ ਸੁਭਾਗੇ ਹਨ ਇਹ ਲੋਕ, ਜਿਨ੍ਹਾਂ ਨੂੰ ਕੁਦਰਤ ਨੇ ਆਪਣੇ ਕਲਾਵੇ ਵਿਚ ਵਸਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਦਰਿਆ ਦੇ ਨਾਲ ਦੋਵੇਂ ਪਾਸੇ ਪਹਾੜਾਂ ਦੀਆਂ ਕਤਾਰਾਂ ਵਿਚ ਵਲ਼ ਖਾਂਦੀ ਸੜਕ ਦੇ ਨਾਲ ਕਿਧਰੇ ਜੰਗਲ ਤੇ ਕਿਧਰੇ ਕੋਈ ਨਦੀ ਸਾਡੇ ਨਾਲ ਰਹਿੰਦੀ। ਰਸਤੇ ਵਿਚ ਕਈ ਥਾਈਂ ਪਹਾੜਾਂ ਦੀ ਢਲਾਣ ਉੱਤੇ ਗਿਣਤੀ ਦੇ ਘਰ ਹੀ ਦੇਖਣ ਨੂੰ ਮਿਲਦੇ। ਉਸ ਸਥਾਨ ਦੀ ਕੁਦਰਤੀ ਖ਼ੂਬਸੂਰਤੀ ਨੂੰ ਦੇਖਦਿਆਂ ਮੈਂ ਬੱਚਿਆਂ ਨੂੰ ਪੁੱਛਿਆ ਕਿ ਐਨੀ ਸੁੰਦਰ ਥਾਂ ਉੱਤੇ ਵਸੋਂ ਕਿਉਂ ਘੱਟ ਹੈ? ਉਨ੍ਹਾਂ ਦੱਸਿਆ ਕਿ ਦੋਵੇਂ ਪਾਸੇ ਪਹਾੜ ਨੇੜੇ ਹੋਣ ਕਾਰਨ ਇੱਥੇ ਧੁੱਪ ਨਹੀਂ ਆਉਂਦੀ। ਇਸੇ ਲਈ ਵਸੋਂ ਘੱਟ ਹੈ ਕਿਉਂਕਿ ਸਰਦ ਰੁੱਤ ਵਿਚ ਦਿਨੇ ਵੀ ਹਨੇਰਾ ਰਹਿੰਦਾ ਹੈ। ਇੱਥੋਂ ਓਡਾ ਤੋਂ ਅੱਗੇ ਲੰਘ ਕੇ ਉੱਚੇ ਪਰਬਤ ਦੀ ਚੋਟੀ ਉੱਤੇ ਦੇਖਣਯੋਗ ਸਥਾਨ ਹੈ 'ਥਰੌਲ ਥੁੰਜੇ' ਅਰਥਾਤ ਰਾਖ਼ਸ਼ਸ ਦੀ ਜੀਭ। ਸਥਾਨਕ ਭਾਸ਼ਾ ਵਿਚ ਰਾਖ਼ਸ਼ਸ ਨੂੰ ਥਰੌਲ ਅਤੇ ਜੀਭ ਨੂੰ ਥੁੰਜੇ ਕਿਹਾ ਜਾਂਦਾ ਹੈ। ਪਹਾੜ ਦੀ ਚੋਟੀ ਦੇ ਸਿਖ਼ਰ ਥੋੜ੍ਹਾ ਜਿਹਾ ਹਿੱਸਾ ਇਉਂ ਬਾਹਰ ਵੱਲ ਵਧਿਆ ਹੋਇਆ ਹੈ, ਜਿਵੇਂ ਕਿਸੇ ਦਿਓ ਦੈਂਤ ਨੇ ਵੱਡੀ ਸਾਰੀ ਜੀਭ ਬਾਹਰ ਕੱਢੀ ਹੋਵੇ। ਥਰੌਲ ਥੁੰਜੇ ਸਿਰੇ ਤਕ ਕਾਰਾਂ-ਬੱਸਾਂ ਨਹੀਂ ਪਹੁੰਚਦੀਆਂ। ਪਾਰਕਿੰਗ ਤੋਂ ਕਰੀਬ 27 ਕਿਲੋਮੀਟਰ ਪੈਦਲ ਪਹਾੜੀ ਚੜ੍ਹਾਈ ਵਾਲਾ ਰਸਤਾ ਹੈ, ਜਿਸ ਨੂੰ ਪੈਦਲ ਤੈਅ ਕਰਨ ਲਈ ਅੱਠ ਤੋਂ ਬਾਰ੍ਹਾਂ ਘੰਟੇ ਤੱਕ ਲੱਗ ਜਾਂਦੇ ਹਨ। ਉੱਥੋਂ ਤਕ ਪਹੁੰਚਣਾ ਮੇਰੇ ਵਸ ਦਾ ਰੋਗ ਨਹੀਂ ਸੀ। ਅਸੀਂ ਦੂਰੋਂ ਹੀ ਕਾਦਰ ਦੀ ਇਸ ਕਲਾਕ੍ਰਿਤੀ ਨੂੰ ਦੇਖ ਕੇ ਪਰਤ ਆਏ। ਇਨ੍ਹਾਂ ਪਰਬਤਾਂ, ਦਰਿਆਵਾਂ, ਨਦੀਆਂ ਤੇ ਜੰਗਲਾਂ ਵਿਚ ਫਿਰਦਿਆਂ ਜਾਪਦਾ ਹੈ ਜਿਵੇਂ ਕਿਸੇ ਅਨੋਖੀ ਦੁਨੀਆਂ ਵਿਚ ਆ ਗਏ ਹਾਂ। ਘੁੰਮਦਿਆਂ ਸਾਨੂੰ ਸ਼ਾਮ ਹੋ ਗਈ ਤੇ ਅਸੀਂ ਆਪਣੇ ਆਲ੍ਹਣੇ ਵਿਚ ਪਰਤ ਆਏ।
- ਪਰਮਜੀਤ ਕੌਰ ਸਰਹਿੰਦ