ਵਿਸ਼ਰਾਮ ਘਰ ਬੇਸ਼ੱਕ ਸਹਿਜ ਰੂਪ ਵਿਚ ਅਫ਼ਸਰਸ਼ਾਹੀ ਵੱਲੋਂ ਕਿਸੇ ਸਰਕਾਰੀ ਕਾਰਜ ਸਮੇਂ ਠਹਿਰ ਲਈ ਵਰਤੇ ਜਾਂਦੇ ਹਨ ਪ੍ਰੰਤੂ ਆਮ ਲੋਕਾਂ ਵਿਚ ਇਨ੍ਹਾਂ ਪ੍ਰਤੀ ਧਾਰਨਾ ਅਲੱਗ ਤਰ੍ਹਾਂ ਦੀ ਹੀ ਹੈ। ਇਹ ਭੁਲੇਖਾ ਰਾਜਵੰਸ਼ੀ ਲੋਕਾਂ ਵੱਲੋਂ ਆਪਣੇ ਲਈ ਬਣਾਏ ਮਹਿਲ-ਮਾੜੀਆਂ ਜਾਂ ਉਨ੍ਹਾਂ ਵੱਲੋਂ ਬਣਾਏ ਉਨ੍ਹਾਂ ਸਥਾਨਾਂ ਤੋਂ ਹੈ, ਜਿਨ੍ਹਾਂ ਨੂੰ ਉਹ ਲੋਕ ਹਿੱਤਾਂ ਦੀ ਥਾਂ ਸਿਰਫ਼ ਤੇ ਸਿਰਫ਼ ਆਪਣੇ ਐਸ਼ੋ-ਆਰਾਮ ਲਈ ਹੀ ਵਰਤਦੇ ਸਨ।

ਪੱਥਰ ਘੜ ਕੇ ਜਾਂ ਇੱਟਾਂ ਪਕਾ ਕੇ ਤਿਆਰ ਪੁਰਾਤਨ ਇਮਾਰਤਾਂ ਮਨੁੱਖ ਨੇ ਜਿੱਥੇ ਸਿਰ ਢਕਣ ਤੇ ਸੁਰੱਖਿਆ ਲਈ ਬਣਾਈਆਂ, ਉੱਥੇ ਇਨ੍ਹਾਂ ਦੁਆਰਾ ਆਪਣੀ ਸਮਝ ਦੀ ਸਮਰੱਥਾ ਦਾ ਚਿਰਸਥਾਈ ਸਿਰਜਣਾਤਮਿਕ ਪ੍ਰਭਾਵ ਵੀ ਅਗਲੀਆਂ ਪੀੜ੍ਹੀਆਂ ਨੂੰ ਦਿੱਤਾ। ਸੱਤਰ ਕੁ ਹਜ਼ਾਰ ਸਾਲ ਪਹਿਲਾਂ ਜਦੋਂ ਮਨੁੱਖੀ ਸਮਝ ਦਾ ਵਿਕਾਸ ਸ਼ੁਰੂ ਹੋਇਆ, ਤਦ ਤੋਂ ਹੀ ਮਨੁੱਖ ਦੇ ਦਿਮਾਗ਼ ਵਿਚ ਕਾਲਪਨਿਕ ਕਾਰਜਾਂ (ਇਮੈਜੀਨੇਸ਼ਨਲ ਐਕਟੀਵਿਟੀ) ਦੀ ਸ਼ੁਰੂਆਤ ਹੋਈ। ਅਜੋਕੇ ਸੰਸਾਰ ਦਾ ਪਲ-ਪਲ ਬਦਲਦਾ ਸਰੂਪ, ਕਦੇ-ਕਦਾਈਂ ਕੁਦਰਤ ਤੋਂ ਪਾਰ ਜਾ ਕੇ ਕੀਤਾ ਵਿਕਾਸ ਤੇ ਕਦੇ-ਕਦਾਈਂ ਘਾਣ ਇਸੇ ਕਲਪਨਾ ਦੀ ਹੀ ਦੇਣ ਹਨ। ਫਲ, ਸਬਜ਼ੀਆਂ ਤੇ ਮੂਲ-ਕੰਦ ਖਾਣ ਵਾਲਾ ਆਦਿ ਮਨੱਖ ਜਦੋਂ ਸ਼ਿਕਾਰ ਕਰ ਕੇ ਭੁੰਨਿਆ ਮਾਸ ਖਾਣ ਲੱਗ ਪਿਆ ਤਾਂ ਉਸ ਨੂੰ ਭੁੱਖ ਤੋਂ ਕੁਝ ਰਾਹਤ ਮਿਲੀ। ਬੱਸ ਇਹੀ ਸਮਾਂ ਸੀ, ਜਦੋਂ ਮਨੁੱਖ ਖਾਣੇ ਦੀ ਭਾਲ ਤੋਂ ਰਾਹਤ ਮਿਲਣ ਕਰਕੇ ਕੁਝ ਹੋਰ ਕਰਨ ਲਈ ਉਤੇਜਿਤ ਹੋਇਆ। ਸ਼ਿਕਾਰ ਲਈ ਨਵੇਂ-ਨਵੇਂ ਔਜ਼ਾਰ ਬਣਾਉਂਦਾ, ਚਮਕਾਕ ਪੱਥਰ ਨੂੰ ਹਥੌੜੇ, ਕੁਹਾੜੀ ਤੇ ਭਾਲੇ ਦੇ ਤੌਰ ’ਤੇ ਵਰਤਦਾ ਪੱਥਰ-ਘਾੜਾ ਬਣ ਗਿਆ। ਕੁਦਰਤੀ ਗੁਫ਼ਾਵਾਂ ਨੂੰ ਤਿਆਗ ਕੇ ਲੱਕੜ ਤੇ ਪੱਥਰਾਂ ਦੇ ਘਰਾਂ ਵਿਚ ਆ ਵਸੇਬਾ ਕਰ ਲੈਣਾ, ਸਮਝਦਾਰ (ਸੇਪੀਅਨ) ਮਨੁੱਖ ਦਾ ਕਲਪਨਾ ਨੂੰ ਦਿੱਤਾ ਅਸਲੀ ਜਾਮਾ ਹੀ ਸੀ, ਜਿਸ ਨੇ ਮਨੁੱਖ ਨੂੰ ਮਹਾਂਬਲੀ ਯਾਨੀ ਸ੍ਰਿਸ਼ਟੀ ਦਾ ਸ਼੍ਰੋਮਣੀ ਜੀਵ ਬਣਾ ਦਿੱਤਾ। ਉਪਰੋਕਤ ਸੰਦਰਭ ’ਚ ਵਿਚਾਰ ਕੇ ਦੇਖਿਆ ਜਾਵੇ ਤਾਂ ਇਨ੍ਹਾਂ ਇਮਾਰਤਾਂ ਦੀ ਉਸਾਰੀ ਦਾ ਕਾਰਜ ਵੀ ਪੀੜ੍ਹੀ-ਦਰ-ਪੀੜ੍ਹੀ ਮਨੁੱਖੀ ਕੁਸ਼ਲਤਾ ਦੇ ਵੱਡੇ ਪ੍ਰਤੱਖ ਪ੍ਰਮਾਣ ਹਨ।
ਐਸ਼ਗਾਹ ਤੇ ਵਿਸ਼ਰਾਮ ਘਰ ਵਿਚਲਾ ਫ਼ਰਕ
ਵਿਸ਼ਰਾਮ ਘਰ ਬੇਸ਼ੱਕ ਸਹਿਜ ਰੂਪ ਵਿਚ ਅਫ਼ਸਰਸ਼ਾਹੀ ਵੱਲੋਂ ਕਿਸੇ ਸਰਕਾਰੀ ਕਾਰਜ ਸਮੇਂ ਠਹਿਰ ਲਈ ਵਰਤੇ ਜਾਂਦੇ ਹਨ ਪ੍ਰੰਤੂ ਆਮ ਲੋਕਾਂ ਵਿਚ ਇਨ੍ਹਾਂ ਪ੍ਰਤੀ ਧਾਰਨਾ ਅਲੱਗ ਤਰ੍ਹਾਂ ਦੀ ਹੀ ਹੈ। ਇਹ ਭੁਲੇਖਾ ਰਾਜਵੰਸ਼ੀ ਲੋਕਾਂ ਵੱਲੋਂ ਆਪਣੇ ਲਈ ਬਣਾਏ ਮਹਿਲ-ਮਾੜੀਆਂ ਜਾਂ ਉਨ੍ਹਾਂ ਵੱਲੋਂ ਬਣਾਏ ਉਨ੍ਹਾਂ ਸਥਾਨਾਂ ਤੋਂ ਹੈ, ਜਿਨ੍ਹਾਂ ਨੂੰ ਉਹ ਲੋਕ ਹਿੱਤਾਂ ਦੀ ਥਾਂ ਸਿਰਫ਼ ਤੇ ਸਿਰਫ਼ ਆਪਣੇ ਐਸ਼ੋ-ਆਰਾਮ ਲਈ ਹੀ ਵਰਤਦੇ ਸਨ। ਉਦਾਹਰਨ ਦੇ ਤੌਰ ’ਤੇ ਜੇ ਕਿਸੇ ਪਾਠਕ ਨੇ ਸਰਹਿੰਦ ਵਿਖੇ ਆਮ-ਖ਼ਾਸ ਬਾਗ਼ ਘੁੰਮਿਆ ਹੋਵੇ ਤਾਂ ਬਾਦਸ਼ਾਹ ਜਹਾਂਗੀਰ ਦੀ ਬਾਦਸ਼ਾਹਤ ਉੱਥੇ ਬਣੇ ਕਮਰਿਆਂ ਨੂੰ ਦੇਖ ਕੇ ਮਾਪੀ ਜਾ ਸਕਦੀ ਹੈ, ਜਿੱਥੇ ਸਰਦੀਆਂ ਵਿਚ ਕਮਰੇ ਗਰਮ ਕਰਨ ਤੇ ਗਰਮੀਆਂ ਵਿਚ ਕਮਰਿਆਂ ਨੂੰ ਪਾਣੀ ਨਾਲ ਠੰਢਾ ਕਰਨ ਦੇ ਢੰਗ-ਤਰੀਕੇ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਕਿੰਨੇ ਗ਼ੁਲਾਮ ਲੋਕ ਇਸ ਕਾਰਜ ਨੂੰ ਕਿਵੇਂ ਆਪ ਅੱਗ ਅੱਗੇ ਤਪ ਕੇ ਪਸੀਨੋ-ਪਸੀਨੀ ਹੋ ਕੇ ਬਾਦਸ਼ਾਹੀ ਲੋਕਾਂ ਨੂੰ ਨਿੱਘੀ ਨੀਂਦ ਸੁਲਾਉਂਦੇ ਹੋਣਗੇ। ਇਸ ਤੋਂ ਉਲਟ ਵਿਸ਼ਰਾਮ ਘਰ ਈਸਟ ਇੰਡੀਆ ਕੰਪਨੀ ਦੀ ਦੇਣ ਹਨ, ਜਿਨ੍ਹਾਂ ਨੇ ਲੋਕ ਹਿੱਤਾਂ ਲਈ ਕੰਮ ਕਰਦਿਆਂ ਦੂਰ-ਦੁਰਾਡੇ ਖੇਤਰਾਂ ਵਿਚ ਆਪਣੇ ਇੰਜੀਨੀਅਰਾਂ ਤੇ ਪ੍ਰਬੰਧਕੀ ਅਮਲੇ ਲਈ ਬਣਾਏ ਸਨ। ਇਨ੍ਹਾਂ ਇੰਜੀਨੀਅਰਾਂ ਦੀ ਹੀ ਦੇਣ ਹਨ ਉਹ ਵੱਡੇ ਪ੍ਰਾਜੈਕਟ, ਜਿਨ੍ਹਾਂ ਦੇਸ਼ ਵਿਚ ਭੁੱਖਮਰੀ ਵਰਗੇ ਹਾਲਾਤਾਂ ’ਤੇ ਕਾਬੂ ਪਾਉਣ ਹਿੱਤ ਕਾਰਜਾਂ ਨੂੰ ਨੇਪਰੇ ਚਾੜ੍ਹਿਆ। ਇਹ ਵਿਸ਼ਰਾਮ ਘਰ 1881 ਵਿਚ ਬਣ ਕੇ ਤਿਆਰ ਹੋਇਆ ਸੀ। ਬਿਲਕੁਲ 1882 ਵਿਚ ਸਰਹਿੰਦ ਨਹਿਰ ਦੇ ਉਦਘਾਟਨ ਤੋਂ ਪਹਿਲਾਂ, ਜਿਸ ਦੀ ਵਰਤੋਂ ਉਨ੍ਹਾਂ ਇੰਜੀਨੀਅਰਾਂ ਵੱਲੋਂ ਕੀਤੀ ਗਈ, ਜਿਨ੍ਹਾਂ ਵੱਲੋਂ ਸਰਹਿੰਦ ਨਹਿਰ ਦੇ ਪ੍ਰਬੰਧਨ ਨੂੰ ਦਹਾਕਿਆਂ ਤਕ ਸੁਚਾਰੂ ਢੰਗ ਨਾਲ ਚਲਾਇਆ ਗਿਆ ਹੈ।
ਆਕਰਸ਼ਣ ਦਾ ਕਾਰਨ
ਇਹ ਇਮਾਰਤ ਚਿਰਾਂ ਤੋਂ ਮੈਨੂੰ ਪੇਂਟਿੰਗ ਲਈ ਪ੍ਰਭਾਵਿਤ ਕਰਦੀ ਰਹੀ ਕਿਉਂਕਿ ਇਸ ਦੀ ਲੋਕੇਸ਼ਨ ਸਤਲੁਜ ਦਰਿਆ ਦੇ ਕੰਢੇ ਮਹਾਰਾਜਾ ਰਣਜੀਤ ਸਿੰਘ ਦੇ ਸੰਧੀ ਸਥਾਨ ਦੇ ਬਿਲਕੁਲ ਨਜ਼ਦੀਕ ਹੈ। ਮਹਾਰਾਜਾ ਦੀ ਯਾਦ ’ਚ ਬਣਿਆ ਪਾਰਕ ਜਿੱਥੇ ਇਸ ਦੇ ਨਜ਼ਦੀਕ ਹੈ, ਉੱਥੇ ਰੂਪਨਗਰ ਦੇ ਮਿੰਨੀ ਸਕੱਤਰੇਤ ਦੇ ਮੁੱਖ ਦੁਆਰ ਦੇ ਬਿਲਕੁਲ ਸਾਹਮਣੇ ਵੀ ਹੈ। ਇਸ ਇਮਾਰਤ ਅੰਦਰ ਜਾਣ ਦਾ ਸਬੱਬ ਪਹਿਲੀ ਵਾਰ ਇਕ ਸਰਕਾਰੀ ਪ੍ਰੋਗਰਾਮ ਦੌਰਾਨ ਬਣਿਆ, ਜਦੋਂ ਵਿਸ਼ੇਸ਼ ਪ੍ਰੋਗਰਾਮ ’ਤੇ ਆਏ ਇਕ ਮੰਤਰੀ ਨਾਲ ਮੀਟਿੰਗ ’ਚ ਬੈਠਣ ਦਾ ਮੌਕਾ ਮਿਲਿਆ। ਮੀਟਿੰਗ ਦੌਰਾਨ ਮੇਰਾ ਧਿਆਨ ਵਾਰ-ਵਾਰ ਉਨ੍ਹਾਂ ਦੇ ਪਿੱਛੇ ਲਿਖੀਆਂ ਉਨ੍ਹਾਂ ਸਤਰਾਂ ’ਤੇ ਜਾਂਦਾ ਰਿਹਾ, ਜਿਸ ਨੂੰ ਮੈਂ ਇਸ ਇਤਿਹਾਸਕ ਇਮਾਰਤ ਦੀ ਅੰਤਰ ਆਤਮਾ ਹੀ ਸਮਝਦਾ ਹਾਂ। ਅੰਗਰੇਜ਼ੀ ਭਾਸ਼ਾ ਵਿਚ ਸਟੀਫਨ ਗਰੈਲਟ ਦਾ ਕਥਨ,‘ਮੈਂ ਇਸ ਸੰਸਾਰ ਵਿਚ ਵਿਚਰ ਰਿਹਾ ਹਾਂ ਪ੍ਰੰਤੂ ਇਹ ਇਕ ਵਾਰ ਹੀ ਹੈ, ਕੋਈ ਚੰਗਾ ਜੋ ਮੈਂ ਕਰ ਸਕਦਾ ਹਾਂ, ਕੋਈ ਦਿਆਲਤਾ ਦਰਸਾ ਸਕਦਾ ਹਾਂ, ਕਿਸੇ ਵੀ ਮਨੁੱਖ ਪ੍ਰਤੀ...ਇਹ ਕੰਮ ਮੈਨੂੰ ਹੁਣੇ ਕਰ ਲੈਣਾ ਚਾਹੀਦਾ ਹੈ, ਇਸ ਕੰਮ ਨੂੰ ਅੱਗੇ ਪਾਉਣਾ ਜਾਂ ਇਸ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਇਸ ਜੀਵਨ ਦੇ ਇਸ ਰਸਤੇ ਮੁੜ ਕਦੇ ਨਹੀਂ ਆਉਣਾ।’ ਇਸ ਤੋਂ ਵੱਡਾ ਸੰਦੇਸ਼ ਦਿਆਨਤਦਾਰੀ ਲਈ ਮੈਂ ਪਹਿਲੀ ਵਾਰ ਪੜ੍ਹਿਆ, ਜਿੱਥੇ ਅਗਲੇ ਜਨਮ ਵਿਚ ਆ ਕੇ ਕੀਤੇ ਜਾਣ ਵਾਲੇ ਕਰਮਾਂ ਦਾ ਭੁਲੇਖਾ ਦੂਰ ਹੋ ਜਾਂਦਾ ਹੈ।
ਬੀਤੇ ਦੇ ਝਰੋਖੇ ’ਚੋਂ
ਇਸ ਇਮਾਰਤ ਨੂੰ ਸਮੇਂ ਸਿਰ ਜੇ ਨਾ ਸੰਭਾਲਿਆ ਜਾਂਦਾ ਤਾਂ ਯਕੀਨਨ ਤੌਰ ’ਤੇ ਇਹ ਅੱਜ ਇਸ ਸੁੰਦਰ ਦਿਖ ਵਾਲੀ ਨਾ ਹੁੰਦੀ। ਇਸ ਇਮਾਰਤ ਦੇ ਨਵੀਨੀਕਰਨ ਸਮੇਂ ਮੌਕੇ ਦੇ ਅਫ਼ਸਰਾਂ, ਇੰਜੀਨੀਅਰਾਂ ਨੇ ਵਿਸ਼ੇਸ਼ ਧਿਆਨ ਰੱਖਦਿਆਂ ਇਸ ਦੀ ਬਾਹਰੀ ਦਿਖ ਨੂੰ ਜਿਉਂ ਦਾ ਤਿਉਂ ਰੱਖਿਆ। ਅੰਦਰ ਆਧੁਨਿਕ ਸਾਧਨਾਂ ਨਾਲ ਇਸ ਨੂੰ ਸਮੇਂ ਦੀ ਹਾਣੀ ਬਣਾ ਰੱਖਣਾ ਉਨ੍ਹਾਂ ਯਾਦਾਂ ਨੂੰ ਸੰਭਾਲਣ ਜਿਹਾ ਹੈ, ਜਿੱਥੇ ਹੋ ਸਕਦਾ ਹੈ ਕਿ ਸਦੀਆਂ ਪਹਿਲਾਂ ਫੂਲਕਿਆ ਵੰਸ਼ ਦੇ ਸਾਰੇ ਰਿਆਸਤਾਂ ਦੇ ਮੁਖੀ ਅਤੇ ਲਾਰਡ ਰਿੰਪਨ ਮਿਲ ਬੈਠੇ ਹੋਣ ਕਿਉਂਕਿ ਇਤਿਹਾਸਕ ਪਿਛੋਕੜ ਵਿਚ ਪੜਚੋਲ ਕਰਨ ’ਤੇ ਇਹ ਗੱਲ ਕਾਫ਼ੀ ਹੱਦ ਤਕ ਸਹੀ ਵੀ ਹੋਵੇਗੀ ਕਿਉਂਕਿ ਇਸ ਦੇ ਤਿਆਰ ਹੋਣ ਤੋਂ ਠੀਕ ਇਕ ਸਾਲ ਬਾਅਦ ਹੀ ਸਰਹਿੰਦ ਨਹਿਰ ਦੇ ਉਦਘਾਟਨ ਮੌਕੇ ਲਾਰਡ ਰਿੰਪਨ ਨਾਲ ਰਿਆਸਤ ਪਟਿਆਲਾ, ਜੀਂਦ, ਫ਼ਰੀਦਕੋਟ ਅਤੇ ਨਾਭੇ ਦੇ ਰਾਜੇ ਵੀ ਆਏ ਸਨ। ਉਸ ਸਮੇਂ ਇਹੀ ਇੱਕੋ ਇਕ ਇਮਾਰਤ ਹੋਵੇਗੀ, ਜਿਸ ਨੂੰ ਉਨ੍ਹਾਂ ਦੀ ਠਹਿਰ ਲਈ ਵਰਤਿਆ ਗਿਆ ਹੋਵੇਗਾ।
ਉਂਜ ਪ੍ਰਮਾਣਿਕ ਤੌਰ ’ਤੇ ਇਸ ਇਮਾਰਤ ਬਾਰੇ ਅਜਿਹੀ ਜਾਣਕਾਰੀ ਮੁਹੱਈਆ ਨਹੀਂ ਹੈ। ਅਜਿਹੇ ਵਿਸ਼ਰਾਮ ਘਰ ਇਸ ਗੱਲ ਦੀ ਪੁਸ਼ਟੀ ਤਾਂ ਜ਼ਰੂਰ ਕਰ ਜਾਂਦੇ ਹਨ ਕਿ ਇਹ ਕਿਤੇ ਨਾ ਕਿਤੇ ਰਾਜਵੰਸ਼ੀ ਐਸ਼ਗਾਹਾਂ ਤੋਂ ਤਾਂ ਵੱਖਰੇ ਹਨ, ਜਿਹੜੇ ਕਾਫ਼ੀ ਹੱਦ ਤਕ ਲੋਕ-ਹਿਤੈਸ਼ੀ ਕਾਰਜਕਰਤਾਵਾਂ ਲਈ ਵਿਸ਼ਰਾਮ ਦੀ ਅਵਸਥਾ ਪੈਦਾ ਕਰਨ ਹਿੱਤ ਵਰਤੇ ਜਾਂਦੇ ਹਨ।
- ਇੰਦਰਜੀਤ ਸਿੰਘ ਬਾਲਾ