Ropar : ਇਤਿਹਾਸਕ ਪੰਨਿਆਂ ਨੂੰ ਫਰੋਲਿਆਂ ਪਤਾ ਚੱਲਦਾ ਹੈ ਕਿ ਸ਼ਹਿਰ ਦੀ ਨੀਂਹ ਰੋਕੇਸ਼ਰ ਨਾਂ ਦੇ ਰਾਜਾ ਨੇ 11ਵੀਂ ਸਦੀ ਵਿੱਚ ਰੱਖੀ ਸੀ ਅਤੇ ਉਸ ਨੇ ਆਪਣੇ ਪੁੱਤਰ ਰੂਪਸੇਨ ਦੇ ਨਾਂ ’ਤੇ ਇਸ ਸ਼ਹਿਰ ਦਾ ਨਾਮ ਰੂਪਨਗਰ (Rupnagar) ਰੱਖਿਆ ਸੀ ਅਤੇ ਇਸ ਦੇ ਰੋਪੜ, ਰੂਪਨਗਰ ਨਾਮ ਨਾਲੋਂ ਨਾਲ ਚਲਦੇ ਆ ਰਹੇ ਹਨ।

ਸ਼ਿਵਾਲਿਕ ਦੀਆਂ ਸੁੰਦਰ ਪਹਾੜੀ ਚੋਟੀਆਂ ਦੀ ਬੁੱਕਲ ’ਚ ਸਤਲੁਜ ਦਰਿਆ (Satluj River) ਕਿਨਾਰੇ ਵਸਿਆ ਪੁਰਾਤਨ ਸ਼ਹਿਰ ਰੋਪੜ (Ropar) ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਇੱਕ ਜ਼ਿਲ੍ਹਾ ਮੁਕਾਮ ਕੇਂਦਰ ਹੈ। ਪੁਰਾਤਨ ਜ਼ਖੀਰਾ ਸਾਂਭੀ ਬੈਠਾ ਹੜੱਪਾ ਅਤੇ ਸਿੰਧੂ ਘਾਟੀ ਸੱਭਿਅਤਾ (Sidhu Ghati Sabyata) ਨਾਲ ਸਬੰਧਤ ਇਹ ਸ਼ਹਿਰ, ਪੰਜਾਬ ਦੀ ਰਾਜਧਾਨੀ (Capital of Punjab) ਚੰਡੀਗੜ੍ਹ ਨੂੰ ਜੰਮੂ ਕਸ਼ਮੀਰ ਅਤੇ ਲੇਹ-ਮਨਾਲੀ ਨਾਲ ਜੋੜਦੇ ਰਾਸ਼ਟਰੀ ਸੜਕ ਮਾਰਗ, ਚੰਡੀਗੜ੍ਹ ਅਤੇ ਸਰਹਿੰਦ-ਊਨਾ ਰੇਲਵੇ ਲਾਈਨ ਉੱਤੇ ਸਥਿਤ ਹੈ। ਇਸ ਸ਼ਹਿਰ ਨੂੰ ਕੁਦਰਤ ਨੇ ਆਪਣੀ ਰੀਝ ਲਾ ਕੇ ਸ਼ਿੰਗਾਰਿਆ ਹੈ। ਇੱਥੋਂ ਦੇ ਕੁਦਰਤੀ, ਦਿਲਕਸ਼ ਨਜ਼ਾਰਿਆਂ ਨੂੰ ਤੱਕ ਕੇ ਇੱਥੇ ਆਉਣ ਵਾਲਾ ਹਰ ਸੈਲਾਨੀ ਅਸ਼-ਅਸ਼ ਕਰ ਉਠਦਾ ਹੈ।

ਸਤਲੁਜ ਦਰਿਆ ਕੰਢੇ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੀ ਰਾਜ ਹੱਦ ਦਰਸਾਉਂਦਾ ਝੂਲਦਾ ਕੇਸਰੀ ਨਿਸ਼ਾਨ ਮਾਣਮੱਤੇ ਸਿੱਖ ਰਾਜ ਦੇ ਇਤਿਹਾਸਕ ਪਿਛੋਕੜ ਦੀ ਯਾਦ ਦਿਵਾਉਂਦਾ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ (Sri Guru Gobind Singh ji) ਜੀ ਦੀ ਚਰਨ ਛੋਹ ਅਤੇ “ਸ਼ਾਂਤਪੁਰੀ” ਵਰਦਾਨ ਪ੍ਰਾਪਤ ਇਸ ਧਰਤੀ ’ਤੇ ਉਨ੍ਹਾਂ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਇਸ ਸ਼ਹਿਰ ਦੀ ਵਿਸ਼ਾਲ ਸੁੰਦਰਤਾ ਨੂੰ ਚੌਗੁਣਾ ਕਰ ਕੇ ਸ਼ਹਿਰ ਦੀ ਇਤਿਹਾਸਕ ਪੈਂਠ ਬਣਾ ਦਿੰਦਾ ਹੈ। ਇੱਥੇ ਗੁਰਦੁਆਰਾ ਟਿੱਬੀ ਸਾਹਿਬ ਆਪਣੀ ਸੁੰਦਰ ਦਿੱਖ ਦੀ ਵਿਸ਼ੇਸ਼ਤਾ ਲਈ ਪ੍ਰਸਿੱਧ ਹੈ। ਇੱਥੋਂ ਲੰਘਦੀ ‘ਸਰਹਿੰਦ ਨਹਿਰ’ ਸ਼ਹਿਰ ਨੂੰ ਦੋ ਹਿੱਸਿਆਂ ’ਚ ਵੰਡਦੀ ਹੈ। ਇਸ ਨਹਿਰ ਦਾ ਸਰਵੇਖਣ ਅੰਗਰੇਜ਼ੀ ਹਕੂਮਤ ਸਮੇਂ 1867 ਈਸਵੀ ਵਿੱਚ ਹੋਇਆ ਸੀ ਅਤੇ 1882 ਈਸਵੀ ਵਿੱਚ ਇਸ ਦਾ ਉਦਘਾਟਨ ਕਰਕੇ ਇਸ ਵਿੱਚ ਬਕਾਇਦਾ ਪਾਣੀ ਛੱਡਿਆ ਗਿਆ ਸੀ। ਇਸ ਨਹਿਰ ਤੋਂ ਪਹਿਲਾਂ ਫੀਰੋਜ਼ਸ਼ਾਹ ਤੁਗ਼ਲਕ ਨੇ ਵੀ ਇਕ ਨਹਿਰ ਦਰਿਆ ਸਤਲੁਜ ਵਿਚੋਂ ਕੱਢ ਕੇ ਸਰਹਿੰਦ ਸ਼ਹਿਰ ਲਿਆਂਦੀ ਸੀ ਜੋ ਅੱਗੇ ਹਿਸਾਰ ਤੱਕ ਜਾਂਦੀ ਸੀ। ਇਸ ਨਹਿਰ ਦਾ ਨਾਂ ਵੀ ਉਸਨੇ ‘ਸਰਹਿੰਦ ਨਹਿਰ’ (Sirhind Canal) ਰੱਖਿਆ ਸੀ। ਅੰਗਰੇਜ਼ਾਂ ਦੇ ਸਮੇਂ ਤੱਕ ਮੁਲਕੀ ਝਗੜਿਆਂ ਕਾਰਨ ਇਹ ਨਹਿਰ ਗ਼ੈਰ-ਆਬਾਦ ਹੋ ਗਈ ਸੀ, ਪਰ ਅੰਗਰੇਜ਼ਾਂ ਨੇ ਨਾਭਾ, ਪਟਿਆਲਾ, ਜੀਂਦ, ਫਰੀਦਕੋਟ ਅਤੇ ਕਲਸੀਆਂ ਦੀਆਂ ਦੇਸੀ ਰਿਆਸਤਾਂ ਨਾਲ ਸਮਝੌਤਾ ਕਰ ਕੇ ਇਸ ਨੂੰ ਮੁੜ 1867 ਈਸਵੀ ਵਿੱਚ ਚਾਲੂ ਕਰਨ ਦਾ ਫ਼ੈਸਲਾ ਕੀਤਾ ਸੀ। ਸਤਲੁਜ ਦਰਿਆ ‘ਤੇ ਬਣਿਆ ਹੈੱਡ ਵਰਕਸ ਅਤੇ ਨਹਿਰ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦੇ ਹਨ। ਜਦੋਂ ਲੱਕੜਾਂ ਦੀ ਢੋਆ ਢੁਆਈ ਪਾਣੀ ਰਾਹੀਂ ਕੀਤੀ ਜਾਂਦੀ ਸੀ ਤਾਂ ਇੱਥੇ ਲੱਕੜਾਂ ਨੂੰ ਦਰਿਆ ਚੋਂ ਬਾਹਰ ਕੱਢਣ ਲਈ ਅੰਗਰੇਜ਼ੀ ਹਕੂਮਤ ਵੇਲੇ ਦਾ ਬਹੁਤ ਹੀ ਖ਼ੂਬਸੂਰਤ ਸਿਸਟਮ ਬਣਿਆ ਹੋਇਆ ਹੈ।
ਰੂਪਸੇਨ ਦੇ ਨਾਂ ’ਤੇ ਹੋਇਆ ਨਾਮਕਰਨ
ਇਤਿਹਾਸਕ ਪੰਨਿਆਂ ਨੂੰ ਫਰੋਲਿਆਂ ਪਤਾ ਚੱਲਦਾ ਹੈ ਕਿ ਸ਼ਹਿਰ ਦੀ ਨੀਂਹ ਰੋਕੇਸ਼ਰ ਨਾਂ ਦੇ ਰਾਜਾ ਨੇ 11ਵੀਂ ਸਦੀ ਵਿੱਚ ਰੱਖੀ ਸੀ ਅਤੇ ਉਸ ਨੇ ਆਪਣੇ ਪੁੱਤਰ ਰੂਪਸੇਨ ਦੇ ਨਾਂ ’ਤੇ ਇਸ ਸ਼ਹਿਰ ਦਾ ਨਾਮ ਰੂਪਨਗਰ (Rupnagar) ਰੱਖਿਆ ਸੀ ਅਤੇ ਇਸ ਦੇ ਰੋਪੜ, ਰੂਪਨਗਰ ਨਾਮ ਨਾਲੋਂ ਨਾਲ ਚਲਦੇ ਆ ਰਹੇ ਹਨ। ਰਾਜਾ ਰੁਕੇਸ਼ਵਰ ਨੂੰ ਮੁਲਤਾਨ ਦੇ ਬਾਦਸ਼ਾਹ ਖਾਲਿਦ (ਖਲੀਲ) ਨੇ ਹਰਾ ਕੇ ਇਸ ਰਿਆਸਤ ਨੂੰ ਜਿੱਤ ਲਿਆ ਸੀ ਅਤੇ ਰਾਜਾ ਰੁਕੇਸ਼ਵਰ ਨੇ ਆਪਣੀ ਹਾਰ ਕਬੂਲਦਿਆਂ ਆਪਣਾ ਧਰਮ ਇਸਲਾਮ ਅਪਣਾ ਲਿਆ ਸੀ। ਇਸ ਤਰ੍ਹਾਂ ਇੱਥੇ ਇਸਲਾਮੀ ਰਾਜ ਸਥਾਪਤ ਹੋ ਗਿਆ ਸੀ। ਗਜ਼ਟੀਅਰ ਅੰਬਾਲਾ ਅਨੁਸਾਰ ਦੇਸ਼ ਦੀ ਵੰਡ ਹੋਣ ਸਮੇਂ ਰੋਪੜ ਸ਼ਹਿਰ ਅੰਬਾਲਾ ਜ਼ਿਲ੍ਹੇ ਦੀ ਇਕ ਤਹਿਸੀਲ ਵਜੋਂ ਸਥਾਪਿਤ ਸੀ। ਨਵੰਬਰ 1966 ਵਿਚ ਹਰਿਆਣਾ (Haryana) ਨਵਾਂ ਸੂਬਾ ਬਣ ਜਾਣ ਨਾਲ ਅੰਬਾਲਾ ਹਰਿਆਣਾ ਵਿੱਚ ਚਲਾ ਜਾਣ ‘ਤੇ ਰੋਪੜ ਸ਼ਹਿਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਣਾ ਦਿੱਤਾ ਗਿਆ। ਪੰਜਾਬ ਵਿਚ ਸਭ ਤੋਂ ਪਹਿਲਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਇੱਥੇ ਬਣਾਇਆ ਗਿਆ ਸੀ ਅਤੇ 10 ਅਕਤੂਬਰ 1973 ਨੂੰ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਗਿਆਨੀ ਜ਼ੈਲ ਸਿੰਘ (Giani Zail Singh) ਦੇ ਮੁੱਖ ਮੰਤਰੀ ਹੋਣ ਸਮੇਂ ਪੰਜਾਬ ਸਰਕਾਰ ਨੇ 16 ਨਵੰਬਰ 1976 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਰੋਪੜ ਸ਼ਹਿਰ ਦਾ ਨਾਂ ਰੂਪਨਗਰ ਰੱਖ ਦਿੱਤਾ ਸੀ। ਇਹ ਪੰਜਾਬ ਦਾ ਇੱਕ ਨਵਾਂ ਬਣਾਇਆ ਗਿਆ ਪੰਜਵਾਂ ਡਿਵੀਜ਼ਨਲ ਹੈੱਡਕੁਆਰਟਰ ਹੈ ਜਿਸ ’ਚ ਰੂਪਨਗਰ, ਮੋਹਾਲੀ, ਅਤੇ ਇਸਦੇ ਨਾਲ ਲੱਗਦੇ ਜ਼ਿਲ੍ਹੇ ਸ਼ਾਮਲ ਹਨ। ਇਸ ਦੀ ਹੱਦ ਉੱਤਰ ਵੱਲ ਹਿਮਾਚਲ ਪ੍ਰਦੇਸ਼ ਅਤੇ ਪੱਛਮ ਵੱਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਲੱਗਦੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਨਾਲ ਸਬੰਧਤ ਪੁਰਾਤਨ ਵੱਡੀਆਂ ਸੱਭਿਅਤਾਵਾਂ ਦੇ ਸਥਾਨਾਂ ਵਿੱਚੋਂ ਇੱਕ ਇਸ ਸ਼ਹਿਰ ਵਿੱਚ ਸਥਿਤ ਹੋਣ ਨੇ ਇਸ ਨੂੰ ਵਿਸ਼ਵ ਪੱਧਰ ’ਤੇ ਚਰਚਾ ਦੇ ਕੇਂਦਰ ’ਚ ਲੈ ਆਂਦਾ। ਭਾਈ ਕਾਹਨ ਸਿੰਘ ਨਾਭਾ “ਮਹਾਨ ਕੋਸ਼” ’ਚ ਰੂਪਨਗਰ ਬਾਬਤ ਲਿਖਦੇ ਹਨ, “ਰੋਪਰ/ਰੋਪੜ/ਰੂਪਨਗਰ-ਰੂਪਚੰਦ ਰਾਜਪੂਤ ਦਾ ਵਸਾਇਆ ਨਗਰ, ਜੋ ਜ਼ਿਲ੍ਹਾ ਅੰਬਾਲਾ ਵਿੱਚ ਦਰਿਆ ਸਤਲੁਜ (ਸ਼ਤਦ੍ਰਵ) ਦੇ ਕਿਨਾਰੇ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕੁਰੁਛੇਤ੍ਰ ਨੂੰ ਜਾਂਦੇ ਹੋਏ, ਇੱਥੇ ਵਿਰਾਜੇ ਸਨ, ਸਰਦਾਰ ਹਰੀ ਸਿੰਘ ਰਈਸ ਸਿਆਲਬਾ ਨੇ ਇਸ ਨੂੰ ਸੰਨ 1763 ਵਿੱਚ ਜਿੱਤ ਕੇ ਆਪਣੇ ਕਬਜ਼ੇ ਵਿੱਚ ਕੀਤਾ। ਹਰੀ ਸਿੰਘ ਦੇ ਪੁਤ੍ਰ ਚੜ੍ਹਤ ਸਿੰਘ ਨੇ ਰੋਪੜ ਨੂੰ ਆਪਣੀ ਰਿਆਸਤ ਦਾ ਮੁੱਖ ਨਗਰ ਬਣਾਇਆ। ਸੰਨ 1831 ਵਿਚ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਬੈਂਟਿੰਕ ਦੀ ਮੁਲਾਕਾਤ ਹੋਈ ਸੀ। 1846 ਵਿੱਚ ਰੋਪੜ ਅੰਗਰੇਜ਼ੀ ਰਾਜ ਵਿੱਚ ਮਿਲਿਆ। ਰੋਪੜ ਤੋਂ ਸਰਹਿੰਦ ਕਨਾਲ ਦਰਿਆ ਸਤਲੁਜ ਵਿੱਚੋਂ ਕੱਢੀ ਗਈ ਹੈ, ਜੋ ਫੂਲਕੀ ਰਿਆਸਤਾਂ ਅਤੇ ਫਿਰੋਜ਼ਪੁਰ ਆਦਿ ਜ਼ਿਿਲ੍ਹਆਂ ਦੀ ਜ਼ਮੀਨ ਨੂੰ ਸੈਰਾਬ ਕਰਦੀ ਹੈ। ਹੁਣ ਰੋਪੜ ਤਕ ਰੇਲ ਲਾਈਨ ਵੀ ਬਣ ਗਈ ਹੈ, ਜਿਸ ਦਾ ਜੰਕਸ਼ਨ ਸਰਹਿੰਦ ਹੈ, ਸਰਹਿੰਦ ਤੋਂ ਰੋਪੜ 30 ਮੀਲ ਹੈ।”
ਸਿੰਧੂ ਘਾਟੀ ਸੱਭਿਅਤਾ ਦਾ ਕੇਂਦਰ
ਸਿੰਧੂ ਘਾਟੀ ਹੜੱਪਾ ਦੀਆਂ ਸਭਿਆਤਾਵਾਂ ਨਾਲ ਸਬੰਧਤ ਪੁਰਾਤਨ ਵੱਡੀਆਂ ਸੱਭਿਅਤਾਵਾਂ ਦੇ ਸਥਾਨਾਂ ਵਿੱਚ ਇਹ ਸ਼ਹਿਰ ਵੀ ਸ਼ਾਮਲ ਹੈ। ਰੂਪਨਗਰ (Rupnagar) ਵਿਖੇ ਹਾਲ ਵਿਚ ਹੀ ਕੀਤੀਆਂ ਗਈਆਂ ਖੁਦਾਈਆਂ ਨੇ ਇਹ ਸਾਬਤ ਕਰ ਦਿੱਤਾ ਕਿ ਰੂਪਨਗਰ ਚੰਗੀ ਤਰ੍ਹਾਂ ਵਿਕਸਤ ਸਿੰਧੂ ਘਾਟੀ ਸੱਭਿਅਤਾ ਦਾ ਕੇਂਦਰ ਬਿੰਦੂ ਸੀ। ਇਹ ਸ਼ਹਿਰ ਨੇ ਆਪਣੇ ਅੰਦਰ 4000 ਸਾਲ ਤੋਂ ਵੀ ਜ਼ਿਆਦਾ ਪੁਰਾਤਨ ਸੱਭਿਅਤਾਵਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਆਜ਼ਾਦੀ ਤੋਂ ਬਾਅਦ ਆਪਣੇ ਸਰਵੇਖਣਾਂ ’ਤੇ ਆਧਾਰਿਤ ਪ੍ਰੋਫੈਸਰ ਬ੍ਰਿਜਵਾਸੀ ਲਾਲ ਨੇ 1950 ਵਿਚ ਉੱਚੇ ਟਿੱਲੇ ’ਚ ਇੱਥੇ ਸੱਭਿਅਤਾ ਹੋਣ ਦਾ ਦਾਅਵਾ ਕੀਤਾ ਅਤੇ ਇਸ ਤੋਂ ਬਾਅਦ ਭਾਰਤੀ ਪੁਰਾਤੱਤਵ ਖੋਜਕਾਰ ਡਾ.ਯੱਗਦੱਤ ਸ਼ਰਮਾ (Dr. Yagdutt Sharma) ਨੇ 1953 ਵਿੱਚ ਇੱਥੇ ਆਪਣੀ ਦੇਖ ਰੇਖ ਹੇਠ ਖੁਦਾਈ ਕਰਵਾਈ ਸੀ। ਖੁਦਾਈ ਦੌਰਾਨ ਹੜੱਪਾ ਸੱਭਿਅਤਾ ਦੀ ਇੱਕ ਵਿਕਸਤ ਬਸਤੀ ਮਿਲੀ ਸੀ, ਜਿਸ ਨਾਲ ਲੋਹ ਯੁੱਗ ਸੱਭਿਆਚਾਰ ਦੀ ਪਛਾਣ ਹੋਈ ਹੈ।
ਖੁਦਾਈ ’ਚੋਂ ਮਿਲੀਆਂ ਵਸਤਾਂ
ਇੱਥੇ ਖੁਦਾਈ ’ਚ ਮਿਲੀਆਂ ਵਸਤੂਆਂ ਵਿਚ ਮਿੱਟੀ ਦੇ ਭਾਂਡੇ, ਮੂਰਤਾਂ, ਸਿੱਕੇ ਆਦਿ ਦੀਆਂ ਖੋਜਾਂ ਸਾਬਤ ਕਰਦੀਆਂ ਹਨ ਕਿ ਇਹ ਸ਼ਹਿਰ ਹੜੱਪਾ-ਮੋਹਿੰਜੋਦਾੜੋ ਸਭਿਅਤਾ ਤੱਕ ਦਾ ਪੁਰਾਤਨ ਜ਼ਖੀਰੇ ਵਾਲਾ ਸ਼ਹਿਰ ਹੈ। ਉਨ੍ਹਾਂ ਨੇ ਸਤਲੁਜ ਦਰਿਆ ਪਾਰ ਕਰ ਕੇ ਇੱਥੇ ਆਪਣਾ ਵਸੇਬਾ ਕਰ ਲਿਆ ਸੀ, ਕਿਉਂਕਿ ਪੁਰਾਤਨ ਸੱਭਿਅਤਾਵਾਂ ਦਾ ਵਿਕਾਸ ਪਾਣੀ ਦੇ ਸੋਮਿਆਂ ਦੇ ਕੰਢਿਆਂ ’ਤੇ ਹੀ ਹੋਇਆ ਹੈ। ਦਰਿਆ ਦੇ ਕੰਢੇ ਵਸੇ ਇਸ ਸ਼ਹਿਰ ’ਚੋਂ ਸੱਭਿਅਤਾ ਦੇ ਸਬੂਤ ਮਿਲਣੇ ਵੀ ਇਸ ਦੀ ਗਵਾਹੀ ਭਰਦੇ ਹਨ। ਇੱਥੇ ਪੁਰਾਤਨ ਵਿਭਾਗ ਦੇ ਅਜਾਇਬਘਰ ਵਿੱਚ ਪਈਆਂ ਖੁਦਾਈ ਵਿਚ ਪ੍ਰਾਪਤ ਹੋਈਆਂ ਕਈ ਵਸਤੂਆਂ ਚੰਦਰ ਗੁਪਤ, ਕੁਸ਼ਾਨ, ਹੂਨ ਅਤੇ ਮੁਗ਼ਲ ਕਾਲ ਨਾਲ ਸਬੰਧਤ ਹਨ। ਇਨ੍ਹਾਂ ਦੁਰਲੱਭ ਵਸਤੂਆਂ ਵਿਚ ਪੱਥਰ ਦੀ ਮੋਹਰ ਵੀ ਹੈ, ਜਿਸ ਉੱਤੇ ਸਿੰਧੀ ਲਿਪੀ ਵਿਚ ਤਿੰਨ ਅੱਖਰ ਉਕਰੇ ਹੋਏ ਹਨ ਅਤੇ ਖੁਦਾਈ ਵਿੱਚੋਂ ਵਾਲ ਸੰਵਾਰਦੀ ਇੱਕ ਔਰਤ ਦੀ ਮੂਰਤੀ ਵੀ ਮਿਲੀ ਹੈ। ਇਸ ਸਭ ਕਾਸੇ ਤੋਂ ਸਾਬਤ ਹੋ ਜਾਂਦਾ ਹੈ ਕਿ 4000 ਸਾਲ ਪਹਿਲਾਂ ਇਸ ਸ਼ਹਿਰ ਵਿਚ ਰਹਿੰਦੇ ਲੋਕ ਪੂਰੀ ਤਰ੍ਹਾਂ ਸਭਿਅਕ ਅਤੇ ਵਿਕਸਤ ਸਮਾਜੀ ਸਨ।
ਕਈ ਇਤਿਹਾਸਕਾਰਾਂ ਦਾ ਮੱਤ ਹੈ ਕਿ ਮਨੁੱਖ ਸਭ ਤੋਂ ਪਹਿਲਾਂ ਉੱਤਰ ਵਿਚ ਪਹਾੜਾਂ ਤੋਂ ਚੱਲ ਕੇ ਮੈਦਾਨਾਂ ਵਿਚ ਆਇਆ ਹੈ ਅਤੇ ਉਹ ਰੋਪੜ ਵਿਖੇ ਵਸ ਗਿਆ। ਅੱਜ ਵੀ ਪੁਰਾਤਤਵ ਵਿਭਾਗ ਨੇ ਉਸ ਪਹਾੜੀ ਨੂੰ ਸੰਭਾਲਿਆ ਹੋਇਆ ਹੈ। ਘੱਗਰ-ਹਕੜਾ ਮੈਦਾਨਾਂ ਨਾਲ ਸਿੰਧੂ ਘਾਟੀ ਦੇ ਪੁਰਾਤਨ ਸਥਾਨਾਂ ਵਿੱਚੋਂ ਇਸ ਸ਼ਹਿਰ ਵਿੱਚ ਖੁਦਾਈ ਦੌਰਾਨ ਮਿਲੀਆਂ ਸਿੰਧੂ ਘਾਟੀ ਅਤੇ ਹੜੱਪਾ ਸੰਸਕ੍ਰਿਤੀ ਦੀਆਂ ਕੱਚੀਆਂ ਇੱਟਾਂ, ਕੰਕਰ, ਪੱਥਰ ਅਤੇ ਮਿੱਟੀ ਦੇ ਗਾਰੇ ਨਾਲ ਬਣੀਆਂ ਘਰੇਲੂ ਵਰਤੋਂ ਦੀਆਂ ਵਸਤਾਂ, ਕਾਂਸੀ ਦੇ ਬਰਤਨ, ਪਸ਼ੂ-ਪੰਛੀਆਂ ਦੀਆਂ ਮੂਰਤੀਆਂ, ਮਣਕੇ, ਵੀਣਾ ਵਜਾਉਂਦੀ ਕਲਾਕਾਰ ਦੀ ਮੂਰਤੀ, ਮਿੱਟੀ ਦੇ ਭਾਂਡੇ, ਕੁੰਡਲਦਾਰ (ਰਿੰਗ ਖੂਹ), ਧੂਪਦਾਨ, ਕਾਂਸੀ ਦੀ ਤਸਕਰੀ, ਕਾਂਸੀ ਦੀ ਕੁਹਾੜੀ, ਕਾਂਸੀ ਅਤੇ ਮਿੱਟੀ ਦੇ ਬਰਤਨ, ਮੋਤੀ, ਸਜਾਵਟੀ ਸਾਮਾਨ, ਟੈਰਾਕੋਟਾ ਦੇ ਮੋਤੀ, ਤਾਂਬੇ ਅਤੇ ਕਾਂਸੀ ਦੇ ਸੰਦ ਆਦਿ ਪੁਰਾਤਨ ਵਸਤਾਂ ਮਿਲੀਆਂ ਸਨ। ਸਾਰੀ ਖੁਦਾਈ ਦਾ ਇਤਿਹਾਸ ਅਤੇ ਪ੍ਰਾਪਤ ਹੋਈਆਂ ਦੁਰਲੱਭ ਵਸਤੂਆਂ ਨੂੰ ਰੂਪਨਗਰ ਦੇ ਸਰਕਾਰੀ ਕਾਲਜ ਦੇ ਸਾਹਮਣੇ ਬਣੇ ਅਜਾਇਬ ਘਰ ’ਚ ਸੁਰੱਖਿਅਤ ਸੰਭਾਲੀਆਂ ਹਨ। ਇਹ ਦੁਰਲੱਭ ਵਸਤੂਆਂ ਸਾਨੂੰ ਰੂਪਨਗਰ ਦੇ ਸਦੀਆਂ ਪੁਰਾਣੇ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ। 1998 ਵਿੱਚ ਆਮ ਲੋਕਾਂ ਲਈ ਖੋਲ੍ਹੇ ਗਏ ਇਸ ਅਜਾਇਬਘਰ ਵਿੱਚ ਖੁਦਾਈ ਦੀਆਂ ਲੱਭਤਾਂ ਹੜੱਪਾ ਤੋਂ ਮੱਧਕਾਲੀ ਸਮੇਂ ਤੱਕ ਇੱਕ ਸੱਭਿਆਚਾਰਕ ਕ੍ਰਮ ਨੂੰ ਪ੍ਰਗਟਾਉਂਦੀਆਂ ਰੱਖੀਆਂ ਗਈਆਂ ਹਨ। ਇੱਥੇ ਕੁਝ ਮਹੱਤਵਪੂਰਨ ਪ੍ਰਦਰਸ਼ਨੀਆਂ ਵਿੱਚ ਹੜੱਪਾ ਸਮੇਂ ਦੀਆਂ ਪੁਰਾਤਨ ਵਸਤਾਂ, ਚੰਦਰਗੁਪਤ ਦੇ ਸੋਨੇ ਦੇ ਸਿੱਕੇ, ਤਾਂਬੇ ਅਤੇ ਕਾਂਸੀ ਦੇ ਸੰਦ ਵੀ ਸ਼ਾਮਲ ਹਨ।
ਧਾਰਮਿਕ ਤੇ ਯਾਦਗਾਰੀ ਸਥਾਨ
ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਦੁੱਮਣਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ 1951 ਵਿਚ ਸਰਕਾਰੀ ਕਾਲਜ ਹੋਂਦ ਵਿਚ ਆਇਆ ਸੀ। ਦਰਿਆ ਕਿਨਾਰੇ ਦੇ ਹਿੱਸੇ ਨੂੰ ਅੰਤਰ-ਰਾਸ਼ਟਰੀ ਵੈੱਟਲੈਂਡ ਐਲਾਨਿਆ ਹੋਇਆ ਹੈ। ਦੇਸ਼ ਵਿਦੇਸ਼ਾਂ ਤੋਂ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਵਿਚ ਇੱਥੇ ਪਰਵਾਸੀ ਪੰਛੀਆਂ ਦੀਆਂ ਡਾਰਾਂ ਆਉਂਦੀਆਂ ਹਨ। ਰੂਪਨਗਰ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਹੈ ਜੋ ਸਤੁਲਜ ਦੇ ਕਿਨਾਰੇ 525 ਏਕੜ ਵਿੱਚ ਬਣੀ ਹੋਈ ਹੈ। ਇੱਥੇ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਭੱਦਲ, ਅਤੇ ਸਰਕਾਰੀ ਕਾਲਜ, ਰੋਪੜ ਹੈ। ਜ਼ਿਲ੍ਹੇ ਵਿਚ ਘਨੌਲੀ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕਰਕੇ ਇਸਦੀ ਵੱਖਰੀ ਪਛਾਣ ਹੈ। ਜ਼ਿਲ੍ਹੇ ’ਚ ਸਥਿਤ ਅੰਬੁਜਾ ਫਾਉਂਡੇਸ਼ਨ ਵਲੋਂ ਪਿੰਡ ਸਲੋਰਾ ਵਿੱਚ ਮੰਦਬੁੱਧੀ ਬੱਚਿਆਂ ਲਈ ਇਕ ਸਕੂਲ ਚਲਾਇਆ ਜਾ ਰਿਹਾ ਹੈ। ਖੇਡਾਂ ਦੇ ਖੇਤਰ ਵਿੱਚ ਰੂਪਨਗਰ ਦੇ ਬਾਈਪਾਸ ਦੇ ਪੈਂਦੇ ਪਿੰਡ ਖੈਰਾਬਾਦ ਦਾ ਨੌਜਵਾਨ ਧਰਮਵੀਰ ਭਾਰਤ ਦੀ ਨੈਸ਼ਨਲ ਹਾਕੀ ਟੀਮ ਦਾ ਖਿਡਾਰੀ ਅਤੇ ਕਿਰਨਵੀਰ ਕੌਰ ਬਾਸਕਿਟਬਾਲ ਦੀ ਨੈਸ਼ਨਲ ਖਿਡਾਰੀ ਹੈ। ਪੰਜਾਬ ਸਰਕਾਰ ਨੇ ਕਿਰਨਵੀਰ ਕੌਰ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇ ਕੇ ਨਿਵਾਜਿਆ ਜਾ ਚੁੱਕਿਆ ਹੈ।
ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਗੁਰੂ ਰਵਿਦਾਸ ਜੀ, ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੋਲਖੀਆਂ, ਸ਼੍ਰੀ ਲਹਿਰੀ ਸ਼ਾਹ ਪੁਰਾਤਨ ਮੰਦਰ, ਰਾਮਾ ਮੰਦਰ, ਗੁੱਗਾ ਮਾੜੀ, ਡੇਰਾ ਬਾਬਾ ਬੀਰਮੀ ਦਾਸ ਜੀ ਪੁਰਾਤਨ ਜਮਾਲ ਖ਼ਾਨ ਦਾ ਮਕਬਰਾ ਪ੍ਰਤੀ ਇਲਾਕਾ ਨਿਵਾਸੀਆਂ ਦੀ ਪੂਰੀ ਸ਼ਰਧਾ ਹੈ। ਸ਼ਹਿਰ ਵਿੱਚ ਸਥਿਤ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਜੀ ਦਾ ਆਦਮ ਕੱਦ ਬੁੱਤ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾਉਂਦਾ ਹੈ।
ਸ਼ਹਿਰ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਸ਼ਹਿਰ ਵਿੱਚ ਕਾਲਜ ਦਾ ਖੁੱਲ੍ਹਾ ਅਤੇ ਸਾਫ਼ ਸੁਥਰਾ ਗਰਾਊਂਡ ਅਤੇ ਨਹਿਰੂ ਸਟੇਡੀਅਮ ਬਣੇ ਹੋਏ ਹਨ। ਸ਼ਹਿਰ ਵਿੱਚ ਪੁਰਾਤਨ ਸੱਭਿਅਤਾ ਦੀਆਂ ਵਸਤੂਆਂ ਨੂੰ ਦੇਖਣ ਲਈ ਪੁਰਾਤੱਤਵ ਵਿਭਾਗ ਵੱਲੋਂ ਪ੍ਰਦਰਸ਼ਨੀ ਘਰ ਬਣਾਇਆ ਹੋਇਆ ਹੈ। ਕਾਲਜ ਗਰਾਊਂਡ ਦੇ ਨਾਲ ਹੀ ਉੱਚੀ ਥੇਹ ’ਚ ਕੀਤੀ ਹੋਈ ਖੁਦਾਈ ਨੂੰ ਪੁਰਾਤੱਤਵ ਵਿਭਾਗ ਨੇ ਸੰਭਾਲ ਕੇ ਰੱਖਿਆ ਹੋਇਆ ਹੈ।
ਰੋਪੜੀ ਤਾਲੇ ਬਣਾਉਣ ਕਰਕੇ ਮਸ਼ਹੂਰ ਸੀ ਰੂਪਨਗਰ
ਰੂਪਨਗਰ ਜ਼ਿਲ੍ਹੇ ਨੂੰ ਧਾਰਮਿਕ ਸਥਾਨਾਂ ਦਾ ਗੜ੍ਹ ਤੇ ਇਤਿਹਾਸਕ ਸ਼ਹਿਰ(Historical city) ਵਜੋਂ ਵੀ ਜਾਣਿਆ ਜਾਂਦਾ ਹੈ। 26 ਅਕਤੂਬਰ, 1831 ਨੂੰ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਸ਼ਾਹੀ ਮੁਲਾਕਾਤ ਹੋਈ ਸੀ। ਇਸ ਤੋਂ ਇਲਾਵਾ ਸਤਲੁਜ ਦਰਿਆ ਕਿਨਾਰੇ ਵਿਰਾਸਤੀ ਪਹਾੜੀ ’ਤੇ ਨਿਸ਼ਾਨ-ਏ-ਖ਼ਾਲਸਾ ਨਾਮਕ ਨਿਗਰਾਨ ਚੌਕੀ ਵੀ ਬਣਾਈ ਸੀ ਅਤੇ ਮੋਰਚਾਬੰਦੀ ਹਿੱਤ ਅਸ਼ਟਧਾਤੂ ਤੇ ਸਤੰਭ ਸਥਾਪਤ ਕੀਤੇ ਗਏ ਹਨ, ਜੋ ਕਿ ਅਣਦੇਖੀ ਕਾਰਨ ਗਾਇਬ ਹੋ ਚੁੱਕੇ ਹਨ। ਸਤਲੁਜ ਦਰਿਆ ਕਿਨਾਰੇ ਹੀ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਯਾਦਗਾਰ ਬਣੀ ਹੋਈ ਹੈ। ਇੱਥੇ ਹੋਈ ਖੁਦਾਈ ਨਾਲ ਇਸ ਦਾ ਸਿੱਧਾ ਸਬੰਧ ਹੜੱਪਾ ਤੇ ਮੋਹਿੰਜੋਦੜੋ ਦੀ ਸੱਭਿਅਤਾ ਨਾਲ ਸਬੰਧਤ ਸਿੱਕੇ ਅਤੇ ਵਿਰਾਸਤੀ ਵਸਤੂਆਂ ਮਿਲਣ ਨਾਲ ਜੁੜ ਜਾਂਦਾ ਹੈ। ਰੂਪਨਗਰ ਕਿਸੇ ਸਮੇਂ ਰੋਪੜੀ ਤਾਲੇ ਬਣਾਉਣ ਕਰਕੇ ਮਸ਼ਹੂਰ ਸੀ। ਸਰਕਾਰੀ ਕਾਗ਼ਜ਼ਾਂ ਵਿਚ ਰੂਪਨਗਰ ਸ਼ਹਿਰ ਅੰਕਿਤ ਹੋਣ ਦੇ ਬਾਵਜੂਦ ਸ਼ਹਿਰ ਨੂੰ ਆਮ ਤੌਰ ’ਤੇ ਲੋਕ ਜ਼ੁਬਾਨ ਵਿੱਚ ਅਜੇ ਵੀ ਰੋਪੜ ਕਰਕੇ ਹੀ ਸੱਦਿਆ ਜਾਂਦਾ ਹੈ।
- ਸਤਨਾਮ ਸਿੰਘ ਮੱਟੂ