ਕਰਜ਼ੇ ’ਚ ਡੁੱਬੇ ਤੇ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਹੇ ਪੰਜਾਬ ਦੀ ਜਦੋਂ ਕੇਂਦਰ ਸਰਕਾਰ ਵੀ ਬਾਂਹ ਫੜਨ ਨੂੰ ਤਿਆਰ ਨਹੀਂ, ਸੂਬੇ ਦੇ ਹਾਲਾਤ ਕਾਰਨ ਦੇਸ਼ ਦੇ ਵੱਡੇ ਉਦਯੋਗਪਤੀ ਪੰਜਾਬ ਵੱਲ ਪਿੱਠ ਕਰ ਕੇ ਬੈਠੇ ਹੋਣ, ਪੰਜਾਬ ਦੀ ਕਮਾਈ ਦਾ ਮੁੱਖ ਸਾਧਨ ਖੇਤੀ ਜਦੋਂ ਲਾਹੇਵੰਦ ਨਾ ਰਿਹਾ ਹੋਵੇ ਤਾਂ ਅਜਿਹੀ ਹਾਲਤ ’ਚ ਸੂਬਾ ਸਰਕਾਰ ਨੂੰ ਕਮਾਈ ਦੇ ਆਪਣੇ ਸਾਧਨ ਜੁਟਾਉਣੇ ਪੈਣਗੇ।

ਕਰਜ਼ੇ ’ਚ ਡੁੱਬੇ ਤੇ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਹੇ ਪੰਜਾਬ ਦੀ ਜਦੋਂ ਕੇਂਦਰ ਸਰਕਾਰ ਵੀ ਬਾਂਹ ਫੜਨ ਨੂੰ ਤਿਆਰ ਨਹੀਂ, ਸੂਬੇ ਦੇ ਹਾਲਾਤ ਕਾਰਨ ਦੇਸ਼ ਦੇ ਵੱਡੇ ਉਦਯੋਗਪਤੀ ਪੰਜਾਬ ਵੱਲ ਪਿੱਠ ਕਰ ਕੇ ਬੈਠੇ ਹੋਣ, ਪੰਜਾਬ ਦੀ ਕਮਾਈ ਦਾ ਮੁੱਖ ਸਾਧਨ ਖੇਤੀ ਜਦੋਂ ਲਾਹੇਵੰਦ ਨਾ ਰਿਹਾ ਹੋਵੇ ਤਾਂ ਅਜਿਹੀ ਹਾਲਤ ’ਚ ਸੂਬਾ ਸਰਕਾਰ ਨੂੰ ਕਮਾਈ ਦੇ ਆਪਣੇ ਸਾਧਨ ਜੁਟਾਉਣੇ ਪੈਣਗੇ। ਸੈਰ-ਸਪਾਟਾ ਇੱਕੋ- ਇੱਕ ਅਜਿਹਾ ਸਾਧਨ ਬਚਦਾ ਹੈ , ਜੋ ਪੰਜਾਬ ਲਈ ਲਾਹੇਵੰਦ ਹੋ ਸਕਦਾ ਹੈ। ਜੇ ਰੇਤ ਦੇ ਟਿੱਬਿਆਂ ’ਚ ਚਾਰ ਟੈਂਟ ਲਾ ਕੇ ਉਸ ਨੂੰ ‘ਸੈਂਡ ਡਿਊਨਜ਼’ ਦਾ ਨਾਂ ਦੇ ਕੇ ਜੈਸਲਮੇਰ ’ਚ ਰਾਜਸਥਾਨ ਰੋਜ਼ਾਨਾ ਹਜ਼ਾਰਾਂ ਸੈਲਾਨੀਆਂ ਨੂੰ ਖਿੱਚ ਸਕਦਾ ਹੈ ਤਾਂ ਪੰਜਾਬ ’ਚ ਵੀ ਸੈਲਾਨੀਆਂ ਲਈ ਬਹੁਤ ਸਾਰੇ ਅਜਿਹੇ ਸਥਾਨ ਹਨ, ਜਿੱਥੇ ਦੁਨੀਆ ਭਰ ਦੇ ਪੰਜਾਬੀ ਅਤੇ ਹੋਰ ਸੈਲਾਨੀ ਇਕ ਵਾਰ ਤਾਂ ਜ਼ਰੂਰ ਆਉਣਾ ਪਸੰਦ ਕਰਨਗੇ।
ਜੇ ਗੱਲ ਇਕੱਲੇ ਫ਼ਿਰੋਜ਼ਪੁਰ ਦੀ ਹੀ ਕੀਤੀ ਜਾਵੇ ਤਾਂ ਇੱਥੇ ਦਰਜਨਾਂ ਅਜਿਹੇ ਸੈਲਾਨੀ ਕੇਂਦਰ ਹਨ ਜੋ ਦੁਨੀਆ ਭਰ ਦੇ ਚੋਟੀ ਦੇ ਸੈਲਾਨੀ ਕੇਂਦਰਾਂ ਨੂੰ ਮਾਤ ਪਾਉਂਦੇ ਹਨ। ਬਸ ਲੋੜ ਹੈ ਇਨ੍ਹਾਂ ਨੂੰ ਪ੍ਰਮੋਟ ਕਰਨ ਦੀ। ਏਸ਼ੀਆ ਦੀ ਮਸ਼ਹੂਰ ਹਰੀਕੇ ਜਲਗਾਹ ਅਤੇ ਪੰਛੀ ਰੱਖ, ਹੁਸੈਨੀਵਾਲਾ ਰੀਟ੍ਰੀਟ ਸੈਰੇਮਨੀ, ਸ਼ਹੀਦੀ ਸਮਾਰਕ ’ਤੇ ਲਾਈਟ ਐਂਡ ਸਾਊਂਡ ਸ਼ੋਅ, ਕੇਸਰ ਹਿੰਦ ਬਿ੍ਰਜ ’ਤੇ ਖੜ੍ਹੀ ਸਿਮੂਲੇਟਰ ਟ੍ਰੇਨ, ਦਰਿਆ ਸਤਲੁਜ ਅਤੇ ਲੰਮੇ ਲੰਮੇ ਰੁੱਖਾਂ ਦੇ ਜੰਗਲ, ਸ਼ਾਂਤ ਟਾਪੂ, ਦਰਿਆ ਸਤਲੁਜ ਵਿਚ ਸਨਰਾਈਜ਼ ਪੁਆਇੰਟ, ਸਾਰਾਗੜ੍ਹੀ ਵਾਰ ਮੈਮੋਰੀਅਲ, ਐਂਗਲੋ ਸਿੱਖ ਵਾਰ ਮੈਮੋਰੀਅਲ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਜੀਦਪੁਰ ਅਤੇ ਹੋਰ ਵੀ ਕਈ ਸੈਲਾਨੀ ਕੇਂਦਰ ਫ਼ਿਰੋਜ਼ਪੁਰ ’ਚ ਮੌਜੂਦ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ’ਚ ਪ੍ਰਸਿੱਧ ਪੁਰਾਤੱਤਵ ਅਤੇ ਇਤਿਹਾਸਕ ਮਹੱਤਵ ਦੇ ਦਰਸ਼ਨੀ ਸਥਾਨ ਮੌਜੂਦ ਹਨ।
ਹਰੀਕੇ ਜਲਗਾਹ ’ਚ ਜਲ ਬੱਸ
ਭਾਵੇਂ ਇਕ ਚੋਣ ਜਲਸੇ ’ਚ ਸੁਖਬੀਰ ਬਾਦਲ ਨੇ ‘ਵਾਅਦਿਆਂ ਦੇ ਰੌਅ’ ’ਚ ਹੀ ਪਾਣੀ ’ਚ ਬੱਸ ਚਲਾਉਣ ਦੀ ਗੱਲ ਕਰ ਦਿੱਤੀ ਸੀ, ਪਰ ਬਾਅਦ ਵਿਚ ਉਸ ਨੂੰ ‘ਜਸਟੀਫਾਈ’ ਕਰਨ ਲਈ ਹਰੀਕੇ ਝੀਲ ਵਿਚ ਚਲਾਈ ਬੱਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਭਾਵੇਂ ਕਾਂਗਰਸ ਦੇ ਸੱਤਾ ਵਿਚ ਆਉਣ ’ਤੇ ਨਵਜੋਤ ਸਿੱਧੂ ਨੇ ਉਸ ਨੂੰ ‘ਘੜੁੱਕਾ’ ਆਖ ਕੇ ਬੰਦ ਕਰ ਦਿੱਤਾ ਸੀ ਪਰ ਜਿੰਨੀ ਦੇਰ ਉਹ ਬੱਸ ਚੱਲੀ, ਉਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੀ।
ਸਿਮੂਲੇਟਰ ਟ੍ਰੇਨ
ਸ਼ਹੀਦੀ ਸਮਾਰਕ ਦੇ ਨਾਲ ਬਣੀ ਰੇਲਵੇ ਸੁਰੰਗ ਮਸ਼ਹੂਰ ‘ਕੇਸਰ ਹਿੰਦ ਪੁਲ਼ ਦੇ ਦੂਜੇ ਸਿਰੇ ’ਤੇ ਬਣੀ ਹੋਈ ਹੈ। ਪਹਿਲਾਂ ‘ਕੇਸਰ ਹਿੰਦ ਪੁ੍ਲ਼ ਦੀ ਨਿਸ਼ਾਨੀ ਵਜੋਂ ਇਸ ਸੁਰੰਗ ਵਿਚ ਰੇਲਵੇ ਲਾਈਨ ਛੱਡੀ ਹੋਈ ਸੀ ਪਰ ਬਾਅਦ ਵਿਚ ਇੱਥੇ ਕਰੀਬ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਇਕ ‘ਸਿਮੂਲੇਟਰ ਟ੍ਰੇਨ’ ਬਣਾਈ ਗਈ ਹੈ ਜੋ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਟ੍ਰੇਨ ’ਚ ਪੇਸ਼ਾਵਰ ਤੋਂ ਲੈ ਕੇ ਫ਼ਿਰੋਜ਼ਪੁਰ ਛਾਉਣੀ ਤਕ ਦੇ ਸਫ਼ਰ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਟ੍ਰੇਨ ਵਿਚ ਬੈਠਦਿਆਂ ਹੀ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਕਿਸੇ ਰੇਲ ਦੇ ਡੱਬੇ ’ਚ ਬੈਠ ਕੇ ਸਫ਼ਰ ਕਰ ਰਹੇ ਹੋਵੋ। ਹਰ ਇਕ ਘੰਟੇ ਬਾਅਦ ਕਰੀਬ ਤੇਰ੍ਹਾਂ ਮਿੰਟ ਦਾ ਇਕ ਸ਼ੋਅ ਇਸ ਟ੍ਰੇਨ ’ਚ ਵਿਖਾਇਆ ਜਾਂਦਾ ਹੈ।
ਸੰਭਾਵਨਾਵਾਂ
ਦਰਿਆ ਸਤਲੁਜ ਦੇ ਨਾਲ ਨਾਲ ਸੈਂਕੜੇ ਕਿਲੋਮੀਟਰ ਤਕ ਟੂਰਿਜ਼ਮ ਦੇ ਨਜ਼ਰੀਏ ਨਾਲ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਇਨ੍ਹਾਂ ਵਿਚ ਮੁੱਖ ਤੌਰ ’ਤੇ ਰੈਸਟੋਰੈਂਟ, ਟੂਰਿਸਟ ਹੱਟਜ਼ ਅਤੇ ਬੋਟਿੰਗ ਸ਼ੁਰੂ ਹੋਵੇ ਤਾਂ ਸੈੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਸਕਦਾ ਹੈ।
ਲਾਈਟ ਐਂਡ ਸਾਊਂਡ ਸ਼ੋਅ
ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਸਮਾਰਕ ਦੇ ਨਾਲ ਬਣੀ ਵਿਜ਼ਟਰ ਗੈਲਰੀ ਵਿਚ ਹਰ ਰੋਜ਼ ਸ਼ਾਮ ਨੂੰ ਹੋਣ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਦੇਸ਼ ਭਗਤੀ ਦੇ ਇਤਿਹਾਸ ਨਾਲ ਜੁੜਿਆ ਇਹ ਲਾਈਟ ਐਂਡ ਸਾਊਂਡ ਸ਼ੋਅ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ।
ਲੈਂਡਸਕੇਪ ਮੈਦਾਨ ਦਿੰਦੈ ਸਕੂਨ
ਦਰਿਆ ਸਤਲੁਜ ਦੇ ਨਾਲ-ਨਾਲ ਬਹੁਤ ਹੀ ਸ਼ਾਂਤਮਈ ਭੂਗੋਲਿਕ ਸੁੰਦਰਤਾ ਹਰ ਕਿਸੇ ਨੂੰ ਕੀਲ ਕੇ ਰੱਖ ਦੇਂਦੀ ਹੈ । ਸ਼ਹੀਦੀ ਸਮਾਰਕਾਂ ਦੇ ਸਾਹਮਣੇ ਬਣਿਆ 50 ਏਕੜ ਦੇ ਕਰੀਬ ਕੁਦਰਤੀ ਸੁੰਦਰਤਾ ਅਤੇ ਲੈਂਡਸਕੇਪਿੰਗ ਵਾਲਾ ਮੈਦਾਨ ਹਰਿਆਲੀ ਅਤੇ ਉੱਚੇ ਉੱਚੇ ਰੁੱਖਾਂ ਕਾਰਨ ਵਿਲੱਖਣ ਦਿੱਖ ਪੇਸ਼ ਕਰਦਾ ਹੈ।
ਲੱਕੜ ਦਾ ਨਹਿਰੀ ਵਿਸ਼ਰਾਮ ਘਰ
ਦਰਿਆ ਸਤਲੁਜ ਦੇ ਕੰਢੇ ਅੰਗਰੇਜ਼ਾਂ ਵੇਲੇ ਲੱਕੜ ਦਾ ਬਣਿਆ ਹੋਇਆ ਨਹਿਰੀ ਵਿਸ਼ਰਾਮ ਘਰ ਬਹੁਤ ਵਿਲੱਖਣ ਦਿੱਖ ਪੇਸ਼ ਕਰਦਾ ਹੈ। ਜੇਕਰ ਸੂਬਾ ਸਰਕਾਰ ਵੱਲੋਂ ਟੂਰਿਜ਼ਮ ਨੂੰ ਵਿਕਸਤ ਕੀਤਾ ਜਾਂਦਾ ਹੈ ਤਾਂ ਲੱਕੜ ਦੇ ਇਸ ਨਹਿਰੀ ਵਿਸ਼ਰਾਮ ਘਰ ਨੂੰ ਫਾਈਵ ਸਟਾਰ ਹੋਟਲ ਵਜੋਂ ਵੀ ਰੈਨੋਵੇਟ ਕੀਤਾ ਜਾ ਸਕਦਾ ਹੈ।
ਰੋਇੰਗ ਕਲੱਬ ਤੇ ਸਵਿਮਿੰਗ ਅਕੈਡਮੀ
ਪੰਜਾਬ ਭਾਜਪਾ ਦੇ ਮਰਹੂਮ ਸਾਬਕਾ ਪ੍ਰਧਾਨ ਕਮਲ ਸ਼ਰਮਾ ਸਮੇਂ ਐਲਾਨਿਆ ਗਿਆ ਰੋਇੰਗ ਕਲੱਬ ਅਤੇ ਸਵਿਮਿੰਗ ਅਕੈਡਮੀ ਜੇਕਰ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਵਿਸ਼ਵ ਪੱਧਰ ਦੀ ਖੇਡ ਸਹੂਲਤ ਹੀ ਨਹੀਂ ਹੋਵੇਗੀ ਸਗੋਂ ਸੈਲਾਨੀਆਂ ਲਈ ਵੀ ਇਕ ਖਿੱਚ ਦਾ ਕੇਂਦਰ ਹੋਵੇਗੀ।
ਸਾਰਾਗੜ੍ਹੀ ਵਾਰ ਮੈਮੋਰੀਅਲ
ਅੰਗਰੇਜ਼ੀ ਫ਼ੌਜ ਲਈ ਅਫ਼ਗਾਨਿਸਤਾਨ ਦੇ ਲੋਕਹਾਰਟ ਕਿਲੇ੍ਹ ’ਚ ਜੰਗ ਦੌਰਾਨ ਸ਼ਹੀਦ ਹੋਏ 21 ਬਹਾਦਰ ਸਿੱਖ ਸੈਨਿਕਾਂ ਦੀ ਯਾਦਗਾਰ ਫ਼ਿਰੋਜ਼ਪੁਰ ਛਾਉਣੀ ਦੇ ਫ਼ੌਜੀ ਇਲਾਕੇ ਦੇ ਨਾਲ ਸਥਿਤ ਹੈ। ਇੱਥੇ 21 ਬਹਾਦਰ ਸਿੱਖ ਸੈਨਿਕਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।
ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਸਮਾਰਕ
ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਰੀਟਰੀਟ ਚੈੱਕ ਪੋਸਟ ਤੋਂ ਮਹਿਜ਼ ਅੱਧਾ ਕਿਲੋਮੀਟਰ ਪਹਿਲੋਂ ਬਹੁਤ ਹੀ ਸ਼ਾਂਤ ਪੂਰਨ ਮਾਹੌਲ ਵਿਚ ਸ਼ਹੀਦੀ ਸਮਾਰਕ ਬਣੇ ਹੋਏ ਹਨ। ਇੱਥੇ ਲੰਬੇ-ਲੰਬੇ ਰੁੱਖਾਂ ਵਿਚਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੋਂ ਇਲਾਵਾ ਬਟੂਕੇਸ਼ਵਰ ਦੱਤ ਅਤੇ ਪੰਜਾਬ ਮਾਤਾ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਇਹ ਸ਼ਹੀਦੀ ਸਮਾਰਕ ਦੁਨੀਆ ਭਰ ’ਚ ਵੱਸਦੇ ਹਿੰਦੁਸਤਾਨੀਆਂ ਲਈ ਸ਼ਰਧਾ ਦਾ ਕੇਂਦਰ ਹੈ ਅਤੇ ਵੱਡੀ ਗਿਣਤੀ ’ਚ ਸੈਲਾਨੀ ਇੱਥੇ ਨਤਮਸਤਕ ਹੋਣ ਆਉਂਦੇ ਹਨ।
ਰੀਟ੍ਰੀਟ ਸੈਰੇਮਨੀ ਤੇ ਮਿਊਜ਼ੀਅਮ
ਭਾਵੇਂ ਕਿ ਅੰਮਿ੍ਰਤਸਰ ਦੇ ਅਟਾਰੀ ਬਾਰਡਰ ਤੋਂ ਇਲਾਵਾ ਫਾਜ਼ਿਲਕਾ ਦੇ ਸੁਲੇਮਾਨ ਕੀ ਚੌਕੀ ’ਤੇ ਵੀ ਭਾਰਤ-ਪਾਕਿ ਫ਼ੌਜਾਂ ਵੱਲੋਂ ਜ਼ੀਰੋ ਲਾਈਨ ’ਤੇ ਹਰ ਰੋਜ਼ ਸ਼ਾਮ ਨੂੰ ਝੰਡਾ ਉਤਾਰਨ ਵੇਲੇ ਰੀਟ੍ਰੀਟ ਸੈਰੇਮਨੀ ਹੁੰਦੀ ਹੈ ਪਰ ਆਮ ਲੋਕਾਂ ਦੀ ਧਾਰਨਾ ਹੈ ਕਿ ਹੁਸੈਨੀਵਾਲਾ ਵਿਖੇ ਹੁੰਦੀ ਰੀਟਰੀਟ ਸੈਰੇਮਨੀ ਸਭ ਤੋਂ ਵੱਧ ਦਿਲਖਿੱਚਵੀਂ ਹੁੰਦੀ ਹੈ। ਇੱਥੇ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ’ਚ ਸੈਲਾਨੀ ਰੀਟ੍ਰੀਟ ਵੇਖਣ ਆਉਂਦੇ ਹਨ। ਰੀਟਰੀਟ ਸੈਰੇਮਨੀ ਤੋਂ ਪਹਿਲਾਂ ਇੱਥੇ ਬਣੇ ਮਿਊਜ਼ੀਅਮ ’ਚ ਲੋਕ ਬੀਐੱਸਐੱਫ ਅਤੇ ਫ਼ੌਜ ਵੱਲੋਂ ਵਰਤੇ ਜਾਂਦੇ ਹਰ ਤਰ੍ਹਾਂ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਵੇਖਦੇ ਹਨ। ਇਸੇ ਹੀ ਸਥਾਨ ’ਤੇ ਸ਼ਹੀਦ ਭਗਤ ਸਿੰਘ ਵੱਲੋਂ ਸਾਂਡਰਸ ਕਤਲ ਕਾਂਡ ਵਿਚ ਵਰਤੇ ਗਏ ਪਿਸਤੌਲ ਨੂੰ ਰੱਖਿਆ ਗਿਆ ਹੈ।
ਐਂਗਲੋ ਸਿੱਖ ਵਾਰ ਮੈਮੋਰੀਅਲ ਮਿਊਜ਼ੀਅਮ
ਫਿਰੋਜ਼ਪੁਰ-ਮੋਗਾ ਮਾਰਗ ‘ਤੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਵੀਹ ਕਿਲੋਮੀਟਰ ਦੂਰ ਜੌੜੀਆਂ ਨਹਿਰਾਂ ਕੰਢੇ ਬਣਿਆ ਐਂਗਲੋ ਸਿੱਖ ਵਾਰ ਮੈਮੋਰੀਅਲ ਮਿਊਜ਼ੀਅਮ ਅੰਗਰੇਜ਼ਾਂ ਅਤੇ ਸਿੱਖਾਂ ਦਰਮਿਆਨ ਹੋਈਆਂ ਲੜਾਈਆਂ ਦੀ ਗਵਾਹੀ ਭਰਦਾ ਹੈ।
ਦਰਿਆ ਸਤਲੁਜ ’ਤੇ ਬਣਿਆ ਕੇਸਰ ਹਿੰਦ ਪੁਲ਼
ਇਸ ਲੈਂਡਸਕੇਪ ਮੈਦਾਨ ’ਚ ਖੜ੍ਹੇ ਕੇਸਰ ਹਿੰਦ ਪੁਲ਼ ਦੇ ਚੌੜੇ ਪਿੱਲਰ ਅੱਜ ਵੀ ਇਤਿਹਾਸ ਦੀ ਕਹਾਣੀ ਆਪ ਬਿਆਨ ਕਰ ਰਹੇ ਹਨ ਕਿ ਕਦੀ ਇਨ੍ਹਾਂ ਪਿੱਲਰਾਂ ਉੱਤੋਂ ਦੀ ਬੰਬੇ ਤੋਂ ਪੇਸ਼ਾਵਰ ਤਕ, ਦਿੱਲੀ ਤੋਂ ਲਾਹੌਰ ਤਕ ਰੇਲ ਗੱਡੀਆਂ ਤੇ ਬੱਸਾਂ ਚੱਲਿਆ ਕਰਦੀਆਂ ਸਨ।
ਸਨਰਾਈਜ਼ ਪੁਆਇੰਟ
ਸਤਲੁਜ ਵਿੱਚੋਂ ਨਜ਼ਰ ਆਉਂਦਾ ਸਨਰਾਈਜ਼ ਪੁਆਇੰਟ ਸਾਈਕਲ ਸਵਾਰਾਂ ਨੂੰ ਸਵੇਰੇ-ਸਵੇਰੇ ਹੁਸੈਨੀਵਾਲਾ ਆਉਣ ਲਈ ਮਜਬੂਰ ਕਰਦਾ ਹੈ।
ਹਰੀਕੇ ਜਲਗਾਹ ਅਤੇ ਪੰਛੀ ਰੱਖ
ਏਸ਼ੀਆ ਦੀਆਂ ਤਿੰਨ ਵੱਡੀਆਂ ਜਲਗਾਹਾਂ ਵਿੱਚੋਂ ਇਕ ਹਰੀਕੇ ਜਲਗਾਹ ਅਤੇ ਪੰਛੀ ਰੱਖ 82 ਕਿਲੋਮੀਟਰ ਤੋਂ ਵੱਧ ਰਕਬੇ ਵਿਚ ਫੈਲੀ ਹੋਈ ਹੈ। ਬਿਆਸ ਅਤੇ ਸਤਲੁਜ ਦੇ ਬਹੁਤ ਹੀ ਖ਼ੂਬਸੂਰਤ ਸੰਗਮ ’ਚ ਬਣੀ ਇਸ ਕੁਦਰਤੀ ਧਰਤੀ ਦਾ ਕੁਝ ਹਿੱਸਾ ਭਾਵੇਂ ਤਰਨਤਾਰਨ ਤੇ ਜਲੰਧਰ ਨਾਲ ਵੀ ਲੱਗਦਾ ਹੈ ਪਰ ਜ਼ਿਆਦਾਤਰ ਇਲਾਕਾ ਜ਼ਿਲ੍ਹਾ ਫਿਰੋਜ਼ਪੁਰ ਦਾ ਹੋਣ ਕਾਰਨ ਬੀਐਫਓ ਵਾਈਲਡ ਲਾਈਫ ਅਤੇ ਡੀਐੱਫਓ ਜਲੰਧਰ ਫਿਰੋਜ਼ਪੁਰ ਹੈੱਡਕੁਆਰਟਰ ’ਚ ਬੈਠਦੇ ਹਨ। ਹਰੀਕੇ ਪੰਛੀ ਰੱਖ ’ਚ ਹਰ ਸਾਲ ਦੋ ਲੱਖ ਤੋਂ ਵੱਧ ਪਰਵਾਸੀ ਪੰਛੀਆਂ ਦੀ ਆਮਦ ਹੁੰਦੀ ਹੈ ਜਦਕਿ ਭਾਰਤ ਦੇ ਨਕਸ਼ੇ ’ਚ ਪ੍ਰਮੁੱਖ ਸੈਲਾਨੀ ਕੇਂਦਰ ਵਜੋਂ ਮਸ਼ਹੂਰ ਰਾਜਸਥਾਨ ਦੀ ਭਰਤਪੁਰ ਪੰਛੀ ਰੱਖ ’ਚ ਹਰ ਸਾਲ ਮਹਿਜ਼ ਦਸ ਤੋਂ ਪੰਦਰਾਂ ਹਜ਼ਾਰ ਪਰਵਾਸੀ ਪੰਛੀ ਹੀ ਆਉਂਦੇ ਹਨ। ਹਰੀਕੇ ਜਲਗਾਹ ਦੇ ਦਰਿਆ ਬਿਆਸ ਦੇ ‘ਅਪ ਸਟ੍ਰੀਮ’ ’ਚ ਡਾਲਫਿਨ ਵੀ ਵੇਖੀਆਂ ਗਈਆਂ ਹਨ ਜਦਕਿ ਬਾਅਦ ਵਿਚ ਇੱਥੇ ਘੜਿਆਲ ਵੀ ਛੱਡੇ ਗਏ ਹਨ, ਜਿਨ੍ਹਾਂ ਦੇ ਸਾਲ 2027 ’ਚ ਬੱਚੇ ਪੈਦਾ ਕਰਨ ਦੀ ਸੰਭਾਵਨਾ ਹੈ।
- ਪਰਮਿੰਦਰ ਸਿੰਘ ਥਿੰਦ