ਅਮਰੀਕਾ ਦੀ ਗ੍ਰੀਨ ਸਟੇਟ ਓਰੇਗਨ ਦੇ ਪ੍ਰਸਿੱਧ ਸ਼ਹਿਰ ਪੋਰਟਲੈਂਡ ਦੇ ਪੂਰਬ ਵਾਲੇ ਪਾਸੇ ਸ਼ਹਿਰ ਤੋਂ ਤੀਹ ਕੁ ਮੀਲ ਦੀ ਦੂਰੀ ’ਤੇ ਮਲਟਨੋਮਾ ਝਰਨਾ ਹੈ, ਜਿਸ ਨੂੰ ਵੇਖਣ ਲਈ ਸਾਲ ਵਿਚ ਦੋ ਮਿਲੀਅਨ ਦੇ ਕਰੀਬ ਲੋਕ ਪਹੁੰਚਦੇ ਹਨ। ਇਸ ਸਟੇਟ ਵਿਚ ਹੋਰ ਵੀ ਬਹੁਤ ਸਾਰੇ ਕੁਦਰਤੀ ਝਰਨੇ ਫੁੱਟਦੇ ਹਨ ਪਰ ਇਹ ਇਸ ਸਟੇਟ ਦਾ ਸਭ ਤੋਂ ਉੱਚਾ ਝਰਨਾ ਹੈ, ਜੋ ਕੁਦਰਤੀ ਤੌਰ ’ਤੇ ਵੱਖਰਾ ਹੀ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ।

ਅਮਰੀਕਾ ਦੀ ਗ੍ਰੀਨ ਸਟੇਟ ਓਰੇਗਨ ਦੇ ਪ੍ਰਸਿੱਧ ਸ਼ਹਿਰ ਪੋਰਟਲੈਂਡ ਦੇ ਪੂਰਬ ਵਾਲੇ ਪਾਸੇ ਸ਼ਹਿਰ ਤੋਂ ਤੀਹ ਕੁ ਮੀਲ ਦੀ ਦੂਰੀ ’ਤੇ ਮਲਟਨੋਮਾ ਝਰਨਾ ਹੈ, ਜਿਸ ਨੂੰ ਵੇਖਣ ਲਈ ਸਾਲ ਵਿਚ ਦੋ ਮਿਲੀਅਨ ਦੇ ਕਰੀਬ ਲੋਕ ਪਹੁੰਚਦੇ ਹਨ। ਇਸ ਸਟੇਟ ਵਿਚ ਹੋਰ ਵੀ ਬਹੁਤ ਸਾਰੇ ਕੁਦਰਤੀ ਝਰਨੇ ਫੁੱਟਦੇ ਹਨ ਪਰ ਇਹ ਇਸ ਸਟੇਟ ਦਾ ਸਭ ਤੋਂ ਉੱਚਾ ਝਰਨਾ ਹੈ, ਜੋ ਕੁਦਰਤੀ ਤੌਰ ’ਤੇ ਵੱਖਰਾ ਹੀ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਇਸ ਝਰਨੇ ਦੀ ਕੁੱਲ ਉਚਾਈ 620 ਫੁੱਟ ਹੈ, ਜਿਸ ਵਿੱਚੋਂ ਉਪਰਲੀ ਪਹਾੜੀ 540 ਫੁੱਟ ਤੇ ਥੱਲੇ ਵਾਲੀ 80 ਫੁੱਟ ਹੈ। ਇਹ ਝਰਨਾ ਦੋ ਭਾਗਾਂ ਵਿਚ ਵੰਡਿਆ ਹੋਣ ਕਰਕੇ ਉਪਰਲੇ ਹਿੱਸੇ ਦਾ ਆਨੰਦ ਮਾਨਣ ਲਈ ਥੱਲੇ ਵਾਲੇ ਹਿੱਸੇ ’ਤੇ 1914 ਵਿਚ ਇੱਕ ਪੁਲ ਬਣਾਇਆ ਗਿਆ ਸੀ। ਇਸ ਪੁਲ ’ਤੇ ਜ਼ਿਆਦਾਤਰ ਲੋਕ ਫੋਟੋਗ੍ਰਾਫੀ ਕਰਦੇ ਹਨ। ਸਾਲ 1995 ਵਿਚ ਪਹਾੜੀ ਉਪਰੋਂ ਤਕਰੀਬਨ 400 ਟਨ ਦਾ ਇਕ ਪੱਥਰ ਡਿਗਿਆ ਸੀ, ਜੋ ਝਰਨੇ ਦੇ ਉਪਰਲੇ ਭਾਗ ਵਿੱਚ ਹੀ ਰਹਿ ਗਿਆ ਸੀ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ। ਇਹ ਝਰਨਾ ਕੋਲੰਬੀਆ ਨਦੀ ਦੇ ਨਾਲ ਹੀ ਹੈ। ਇਸ ਦੀ ਸਾਂਭ-ਸੰਭਾਲ ਦਾ ਕੰਮ ਜੰਗਲਾਤ ਵਿਭਾਗ ਵੱਲੋਂ ਕੀਤਾ ਜਾਂਦਾ ਹੈ।
ਬੜਾ ਸੁਖਾਵਾਂ ਰਿਹਾ ਸਫ਼ਰ
ਮੇਰੇ ਡਾਕਟਰ ਪੁੱਤ ਤੇ ਨੂੰਹ ਅੱਜ-ਕੱਲ੍ਹ ਪੋਰਟਲੈਂਡ ਸ਼ਹਿਰ ਦੇ ਹਸਪਤਾਲ ਵਿਚ ਸੇਵਾਵਾਂ ਨਿਭਾਅ ਰਹੇ ਹਨ। ਮੇਰੀ ਪਤਨੀ ਵੀ ਉਨ੍ਹਾਂ ਨਾਲ ਰਹਿ ਕੇ ਪੋਤੇ ਨੂੰ ਸੰਭਾਲਦੀ ਹੀ ਨਹੀਂ ਸਗੋਂ ਪੰਜਾਬੀ ਸਿਖਾ ਕੇ ਉਸ ਦਾ ਮੋਹ ਮਾਂ-ਬੋਲੀ ਨਾਲ ਪੁਆ ਰਹੀ ਹੈ। ਇਸੇ ਕਰਕੇ ਪੋਤਾ ਪੰਜਾਬੀ ਪੂਰੇ ਜਲੌਅ ਨਾਲ ਬੋਲਦਾ ਹੈ। ਕੁਝ ਦਿਨ ਪਹਿਲਾਂ ਮੇਰੀ ਨੂੰਹ ਦੇ ਮਾਤਾ-ਪਿਤਾ ਨੇ ਕੈਲੀਫੋਰਨੀਆ ਦੇ ਸ਼ਹਿਰ ਰੋਜ਼ਵਿਲ ਤੋਂ ਪੋਰਟਲੈਂਡ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੈਂ ਅਕਸਰ ਹੀ ਯੂਬਾ ਸਿਟੀ ਤੋਂ ਪੋਰਟਲੈਂਡ ਨੂੰ ਟਰੱਕ ਰਾਹੀਂ ਲੋਡ ਲੈ ਕੇ ਜਾਂਦਾ ਹਾਂ। ਮੈਂ ਉਨ੍ਹਾਂ ਨੂੰ ਟਰੱਕ ਰਾਹੀਂ ਜਾਣ ਦੀ ਤਾਕੀਦ ਕੀਤੀ। ਪਹਿਲਾਂ ਤਾਂ ਉਹ ਘਬਰਾਹਟ ਜਿਹੀ ਵਿਚ ਸਨ ਪਰ ਮੇਰੇ ਜ਼ੋਰ ਪਾਉਣ ’ਤੇ ਉਨ੍ਹਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰ ਲਿਆ। ਯੂਬਾ ਸਿਟੀ ਤੋਂ ਸਵੇਰੇ ਤੁਰ ਕੇ ਸ਼ਾਮ ਤਕ ਪੋਰਟਲੈਂਡ ਜਾਇਆ ਜਾਂਦਾ ਹੈ। ਅਸਲ ਗੱਲ ਇਹ ਸੀ ਕਿ ਉਨ੍ਹਾਂ ਨੇ ਪਹਿਲਾਂ ਕਦੇ ਟਰੱਕ ’ਚ ਬੈਠ ਕੇ ਨਹੀਂ ਸੀ ਵੇਖਿਆ ਪਰ ਜਦੋਂ ਉਹ ਟਰੱਕ ਵਿਚ ਸਵਾਰ ਹੋਏ ਤਾਂ ਬੈੱਡ ਲੱਗਾ ਵੇਖ ਕੇ ਉਨ੍ਹਾਂ ਦਾ ਚਾਅ ਦੁੱਗਣਾ ਹੋ ਗਿਆ। ਰਸਤੇ ’ਚ ਪੈਂਦੇ ਪਹਾੜਾਂ ਨੂੰ ਵੇਖ ਕੇ ਉਹ ਬੜੇ ਹੀ ਖ਼ੁਸ਼ ਹੋਏ। ਰੁੱਖਾਂ ਨਾਲ ਸ਼ਿੰਗਾਰੇ ਪਹਾੜ ਬਹੁਤ ਹੀ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਅਸੀਂ ਰਸਤੇ ਵਿਚ ਦੋ-ਤਿੰਨ ਥਾਵਾਂ ’ਤੇ ਖਾਣ-ਪੀਣ ਲਈ ਰੁਕੇ। ਸ਼ਾਮ ਤਕ ਪੋਰਟਲੈਂਡ ਜਾ ਪਹੁੰਚੇ। ਉਨ੍ਹਾਂ ਲਈ ਇਹ ਸਫ਼ਰ ਬੜਾ ਸੁਖਾਵਾਂ ਰਿਹਾ। ਸ਼ਾਮ ਤਕ ਉਨ੍ਹਾਂ ਨੂੰ ਥਕਾਵਟ ਨਾ ਹੋਈ।
ਮਨ ਨੂੰ ਮਿਲਦਾ ਚੈਨ ਤੇ ਸਕੂਨ
ਅਸੀਂ ਪੋਰਟਲੈਂਡ ਤਿੰਨ-ਚਾਰ ਦਿਨ ਰਹਿਣ ਦਾ ਪ੍ਰੋਗਰਾਮ ਬਣਾ ਕੇ ਗਏ ਸੀ, ਜਿਨ੍ਹਾਂ ’ਚੋਂ ਇਕ ਦਿਨ ਮਲਟਨੋਮਾ ਝਰਨਾ ਵੇਖਣ ਜਾਣਾ ਸੀ। ਅਸੀਂ ਸਵੇਰੇ ਦਸ ਕੁ ਵਜੇ ਹੀ ਘਰੋਂ ਰਵਾਨਾ ਹੋ ਗਏ ਤੇ ਘੰਟੇ ਕੁ ਵਿਚ ਹੀ ਇਸ ਸਥਾਨ ’ਤੇ ਪਹੁੰਚ ਗਏ। ਅਸੀਂ ਇੱਥੇ ਦੋ ਕੁ ਘੰਟੇ ਬਿਤਾਏ। ਵੱਖ-ਵੱਖ ਅੰਦਾਜ਼ ਵਿਚ ਸਾਰਿਆਂ ਨੇ ਫੋਟੋ ਖਿਚਵਾਈਆਂ। ਮੇਰੇ ਢਾਈ ਕੁ ਸਾਲ ਦੇ ਪੋਤੇ ਨੇ ਇਸ ਜਗ੍ਹਾ ’ਤੇ ਸਾਡੇ ਨਾਲੋਂ ਵੀ ਵੱਧ ਮਸਤੀ ਕੀਤੀ। ਇੱਥੇ ਇਕ ਗਿਫ਼ਟ ਸ਼ਾਪ ਹੈ, ਜਿਸ ਦੀ 100ਵੀਂ ਵਰ੍ਹੇਗੰਢ ਵੀ ਇਸ ਸਾਲ ਹੀ ਮਨਾਈ ਜਾ ਰਹੀ ਹੈ। ਇਸ ਝਰਨੇ ਦੇ ਕੋਲ ਹੀ ਰੇਲ ਦੀ ਪੱਟੜੀ ਹੈ। ਸਾਡੇ ਹੁੰਦਿਆਂ ਹੀ ਇੱਥੋਂ ਦੋ ਮਾਲ ਟਰੇਨਾਂ ਲੰਘੀਆਂ, ਜਿਨ੍ਹਾਂ ਦੀ ਲੰਬਾਈ ਦੋ ਮੀਲ ਤੋਂ ਵੀ ਜ਼ਿਆਦਾ ਸੀ। ਜਿਨ੍ਹਾਂ ਨੂੰ ਵੀ ਪੋਰਟਲੈਂਡ ਜਾਣ ਦਾ ਮੌਕਾ ਮਿਲੇ, ਉਹਨਾਂ ਨੂੰ ਇਸ ਝਰਨੇ ਦੇ ਮਨਮੋਹਕ ਨਜ਼ਾਰਿਆਂ ਨੂੰ ਜ਼ਰੂਰ ਵੇਖ ਲੈਣਾ ਚਾਹੀਦਾ ਹੈ। ਨੱਠ-ਭੱਜ ਦੀ ਜ਼ਿੰਦਗੀ ’ਚ ਅਜਿਹੀਆਂ ਥਾਵਾਂ ’ਤੇ ਜਾਣ ਨਾਲ ਮਨ ਨੂੰ ਚੈਨ ਤੇ ਸਕੂਨ ਮਿਲਦਾ ਹੈ।
ਵਸਤਾਂ ਖ਼ਰੀਦਣ ’ਤੇ ਨਹੀਂ ਲੱਗਦਾ ਕੋਈ ਟੈਕਸ
ਓਰੇਗਨ ਸਟੇਟ ਵਿਚ ਵਸਤਾਂ ਖ਼ਰੀਦਣ ’ਤੇ ਕੋਈ ਟੈਕਸ ਨਹੀਂ ਲੱਗਦਾ। ਇਹੋ ਕਾਰਨ ਹੈ ਕਿ ਨਾਲ ਲੱਗਦੀਆਂ ਸਟੇਟਾਂ ਦੇ ਕਈ ਲੋਕ ਵੀ ਇੱਥੇ ਸ਼ਾਪਿੰਗ ਕਰਨ ਆਉਂਦੇ ਹਨ। ਇਸੇ ਚਾਅ ’ਚ ਅਸੀਂ ਵੀ ਥੋੜ੍ਹੀ ਜਿਹੀ ਖ਼ਰੀਦਦਾਰੀ ਕੀਤੀ। ਚੌਥੇ-ਪੰਜਵੇਂ ਦਿਨ ਅਸੀਂ ਟਰੱਕ ਰਾਹੀਂ ਵਾਪਸ ਯੂਬਾ ਸਿਟੀ ਆ ਗਏ। ਰਸਤੇ ਵਿਚ ਦੁਬਾਰਾ ਉਨ੍ਹਾਂ ਹੀ ਦ੍ਰਿਸ਼ਾਂ ਦਾ ਆਨੰਦ ਮਾਣਿਆ, ਜਿਨ੍ਹਾਂ ਦਾ ਜਾਂਦੇ ਵਕਤ ਮਾਣਿਆ ਸੀ। ਮੇਰੀ ਨੂੰਹ ਦੇ ਮਾਤਾ-ਪਿਤਾ ਨੇ ਜਿੱਥੇ ਇਸ ਨਿੱਕੇ ਜਿਹੇ ਟੂਰ ਦੀ ਸ਼ਲਾਘਾ ਕੀਤੀ, ਉੱਥੇ ਮੇਰੇ ਸੇਫ ਟਰੱਕ ਚਲਾਉਣ ਦੇ ਅੰਦਾਜ਼ ਨੂੰ ਵੀ ਖ਼ੂਬ ਸਲਾਹਿਆ।
- ਜਸਪਾਲ ਸਿੰਘ ਨਾਗਰਾ