ਇਤਿਹਾਸ ਦੇ ਪੰਨਿਆਂ 'ਤੇ ਉਕਰੀ ਖ਼ਾਲਸਾ ਪੰਥ ਦੀ ਇਬਾਰਤ ਨੂੰ ਵਿਰਾਸਤ ਦੇ ਰੂਪ 'ਚ ਸੰਜੋਇਆ ਹੈ ਵਿਰਾਸਤ-ਏ-ਖ਼ਾਲਸਾ 'ਚ।

ਇੰਦਰਪ੍ਰੀਤ ਸਿੰਘ - ਘੁੰਮਣਾ ਫਿਰਨਾ ਕਿਸ ਨੂੰ ਚੰਗਾ ਨਹੀਂ ਲੱਗਦਾ। ਘੁੰਮਣ ਫਿਰਨ ਦੀ ਗੱਲ ਆਵੇ ਤਾਂ ਮਨ 'ਚ ਸਿਰਫ਼ ਪਹਾੜ, ਝਰਨੇ ਹੀ ਆਉਂਦੇ ਹਨ ਜਾਂ ਫਿਰ ਪੁਰਾਤਨ ਇਮਾਰਤਾਂ, ਜਿਨ੍ਹਾਂ ਨੂੰ ਦੇਖ ਕੇ ਉਥੋਂ ਦੀਆਂ ਕਹਾਣੀਆਂ ਯਾਦ ਆਉਂਦੀਆਂ ਹਨ। ਬਚਪਨ 'ਚ ਇਤਿਹਾਸ ਦੀਆਂ ਕਿਤਾਬਾਂ ਰਾਹੀਂ ਇਨ੍ਹਾਂ ਨੂੰ ਆਪਣੇ ਜ਼ਿਹਨ 'ਚ ਉਤਾਰਿਆ ਸੀ। ਅਜਿਹੇ ਹੀ ਇਤਿਹਾਸ ਦੇ ਪੰਨਿਆਂ 'ਤੇ ਉਕਰੀ ਖ਼ਾਲਸਾ ਪੰਥ ਦੀ ਇਬਾਰਤ ਨੂੰ ਵਿਰਾਸਤ ਦੇ ਰੂਪ 'ਚ ਸੰਜੋਇਆ ਹੈ ਵਿਰਾਸਤ-ਏ-ਖ਼ਾਲਸਾ 'ਚ। ਹਿਮਾਚਲ ਦੇ ਪਹਾੜਾਂ ਦੀ ਗੋਦ 'ਚ ਵਸਿਆ ਹੈ ਪੰਜਾਬ ਦਾ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ। ਇਹ ਖ਼ਾਲਸਾ ਪੰਥ ਦੀ ਜਨਮ ਭੂਮੀ ਵੀ ਹੈ। ਇਥੇ ਬਣਾਇਆ ਗਿਆ ਵਿਰਾਸਤ-ਏ-ਖ਼ਾਲਸਾ ਇਮਾਰਤਸਾਜ਼ੀ ਦਾ ਇਕ ਵਿਲੱਖਣ ਨਮੂਨਾ ਹੋਣ ਦੇ ਨਾਲ-ਨਾਲ ਪੰਜਾਬ ਦੀ ਅਮੀਰ ਵਿਰਾਸਤ ਦਾ ਦਰਪਣ ਵੀ ਹੈ। ਅੱਜ ਇਹ ਦੇਸ਼ ਦਾ ਬਿਹਤਰੀਨ ਮਿਊਜ਼ੀਅਮ ਬਣ ਚੁੱਕਾ ਹੈ, ਜਿਸ ਦੀ ਪੁਸ਼ਟੀ ਲਿਮਕਾ ਬੁੱਕ ਆਫ ਰਿਕਾਰਡ ਨੇ ਵੀ ਕਰ
ਦਿੱਤੀ ਹੈ। ਵਿਸ਼ਵ ਭਰ 'ਚ ਵਿਲੱਖਣ ਪਛਾਣ ਬਣਾ ਚੁੱਕੇ ਵਿਰਾਸਤ-ਏ-ਖ਼ਾਲਸਾ 'ਚ ਸੈਲਾਨੀਆਂ ਦੀ ਗਿਣਤੀ ਸਿਰਫ਼ 7 ਸਾਲ 'ਚ ਹੁਣ ਤਕ 97 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ 2018 'ਚ ਪਿਛਲੇ ਤਿੰਨ ਸਾਲਾਂ 'ਚ ਸਭ ਤੋਂ ਜ਼ਿਆਦਾ ਸੈਲਾਨੀ ਵਿਰਾਸਤ-ਏ-ਖ਼ਾਲਸਾ ਦੀ ਜ਼ਿਆਰਤ ਕਰਨ ਆਏ।
97 ਲੱਖ ਸੈਲਾਨੀ ਆਏ ਹੁਣ ਤਕ
ਵਿਭਾਗ ਦੇ ਸੈਕਟਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਸਾਲ 2011 ਤੋਂ ਲੈ ਕੇ ਹੁਣ ਤਕ 97.01 ਲੱਖ ਸੈਲਾਨੀ ਵਿਰਾਸਤ-ਏ-ਖ਼ਾਲਸਾ ਨੂੰ ਦੇਖਣ ਆ ਚੁੱਕੇ ਹਨ। ਇਨ੍ਹਾਂ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ, ਮੌਰੀਸ਼ਸ਼ ਦੇ ਰਾਸ਼ਟਰਪਤੀ, ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸਮੇਤ ਵੱਖ-ਵੱਖ ਦੇਸ਼ਾਂ ਦੇ ਮੈਂਬਰ ਪਾਰਲੀਮੈਂਟ ਅਤੇ ਰਾਜਦੂਤ ਸਾਹਿਬਾਨ ਆਦਿ ਸ਼ਾਮਲ ਹਨ। ਵਿਰਾਸਤ-ਏ-ਖ਼ਾਲਸਾ ਦੁਆਰਾ ਬਿਜਲੀ ਦਾ ਖ਼ਰਚ ਘਟਾਉਣ ਲਈ ਉਠਾਏ ਗਏ ਕਦਮਾਂ ਨਾਲ ਆਏ ਨਤੀਜਿਆਂ ਦੀ ਸਮੀਖਿਆ ਕਰਦੇ ਹੋਏ ਪੰਜਾਬ ਊਰਜਾ ਵਿਕਾਸ ਅਥਾਰਟੀ ਦੁਆਰਾ ਐਨਰਜੀ ਕੰਜਰਵੇਸ਼ਨ ਅਵਾਰਡ ਵੀ ਵਿਰਾਸਤ-ਏ-ਖ਼ਾਲਸਾ ਨੂੰ ਦਿੱਤਾ ਗਿਆ ਹੈ।
ਕਿਉਂ ਆ ਰਹੇ ਹਨ ਇੰਨੇ ਸੈਲਾਨੀ?
ਜਿਸ ਜਗ੍ਹਾ 'ਤੇ 1699 ਈਸਵੀ 'ਚ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਜਿੱਥੇ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਬਣਿਆ ਹੋਇਆ ਹੈ। ਇਸ ਦੇ ਠੀਕ ਥੋੜ੍ਹੀ ਦੂਰੀ 'ਤੇ ਬਣਿਆ ਹੈ ਵਿਰਾਸਤ-ਏ-ਖ਼ਾਲਸਾ। ਸਭ ਤੋਂ ਖ਼ੂਬਸੂਰਤ ਹੈ ਇਸ ਦੀ ਕਿਸ਼ਤੀ ਆਕਾਰ ਦੀ ਇਮਾਰਤ ਜੋ ਉੱਪਰੋਂ ਦੇਖਣ 'ਚ ਬਹੁਤ ਪਿਆਰੀ ਲੱਗਦੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਵਾਲੇ ਵਿਰਾਸਤ-ਏ-ਖ਼ਾਲਸਾ ਨੂੰ ਵੀ ਦੇਖਣਾ
ਨਹੀਂ ਭੁੱਲਦੇ। ਇਸ ਦਾ ਡਿਜ਼ਾਈਨ ਇਜ਼ਰਾਈਲ ਦੇ ਪ੍ਰਸਿੱਧ ਆਰਕੀਟੈਕਟ ਮੋਸ਼ੋ ਸੇਫਦੀ ਨੇ
ਤਿਆਰ ਕੀਤਾ ਸੀ।
ਕੀ-ਕੀ ਹੈ ਵਿਰਾਸਤ-ਏ-ਖ਼ਾਲਸਾ 'ਚ
ਵਿਰਾਸਤ-ਏ-ਖ਼ਾਲਸਾ ਦੀਆਂ 27 ਗੈਲਰੀਆਂ ਹਨ। ਇਨ੍ਹਾਂ ਗੈਲਰੀਆਂ 'ਚ ਪੰਜਾਬ ਦੇ 550 ਸਾਲਾਂ ਦੀ ਵਿਰਾਸਤ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਹਰ ਗੈਲਰੀ 'ਚ ਕੀ ਹੈ ਇਸ ਬਾਰੇ ਉੱਥੇ ਵਿਸਥਾਰ 'ਚ ਲਿਖਿਆ ਵੀ ਹੋਇਆ ਹੈ, ਬਲਕਿ ਤੁਹਾਨੂੰ ਹੈੱਡਫੋਨ ਵੀ ਦਿੱਤੇ ਜਾਂਦੇ ਹਨ, ਜਿਸ 'ਚ ਤੁਸੀਂ ਹਿੰਦੀ, ਪੰਜਾਬੀ ਜਾਂ ਫਿਰ ਅੰਗਰੇਜ਼ੀ 'ਚ ਸੁਣ ਵੀ ਸਕਦੇ ਹੋ। ਪਹਿਲੀ ਗੈਲਰੀ 'ਚ ਪੰਜਾਬ ਦੇ ਸੱਭਿਆਚਾਰ ਦੇ ਵੱਖ-ਵੱਖ ਰੰਗਾਂ ਨੂੰ ਲਾਈਟ ਐਂਡ ਸਾਊਂਡ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ। ਜਿਵੇਂ-ਜਿਵੇਂ ਤੁਸੀਂ ਅੱਗੇ ਵਧਦੇ ਹੋ, ਹੈਡਫੋਨ ਦੇ ਜ਼ਰੀਏ ਤੁਹਾਨੂੰ ਦੱਸਿਆ ਜਾਂਦਾ ਹੈ। ਜਿਵੇਂ ਹੀ ਤੁਸੀਂ ਅਗਲੀ ਗੈਲਰੀ 'ਚ ਜਾਂਦੇ ਹੋ ਤੁਹਾਨੂੰ ਇਕ ਓਂਕਾਰ ਦਾ ਝੂਮਰ ਦਿਖਾਈ ਦਿੰਦਾ ਹੈ, ਜੋ ਪਰਮਾਤਮਾ ਇਕ ਹੈ ਦਾ ਸੰਦੇਸ਼ ਦਿੰਦਾ ਹੈ। ਇਸ ਤੋਂ ਬਾਅਦ ਇਕ-ਇਕ ਕਰ ਕੇ ਦਸ ਗੁਰੂ ਸਾਹਿਬਾਨ ਦੇ ਜੀਵਨਕਾਲ ਬਾਰੇ ਦੱਸਦੀਆਂ ਗੈਲਰੀਆਂ ਹਨ। ਗੁਰੂਆਂ ਦੇ ਆਪਣੇ ਜੀਵਨ ਕਾਲ 'ਚ ਕੀ-ਕੀ ਉਪਲੱਬਧੀਆਂ ਰਹੀਆਂ ਇਸ ਨੂੰ ਪ੍ਰਦਰਸ਼ਤ ਕੀਤਾ ਗਿਆ ਹੈ। ਦਸਵੇਂ ਗੁਰੂ ਦੇ ਜੀਵਨ ਕਾਲ ਵਾਲੀ ਗੈਲਰੀ 'ਚ ਦਾਖ਼ਲ ਹੁੰਦੇ ਹੀ ਅੱਠ ਮਿੰਟ ਦਾ ਸ਼ੋਅ ਦਿਖਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਕਿਵੇਂ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਤੋਂ ਅਗਲੀ ਗੈਲਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਸਮੇਂ ਨੂੰ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਖ਼ਾਲਸਾ ਰਾਜ ਬਹਾਲ ਕੀਤਾ।
ਉਸ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ, ਉਨ੍ਹਾਂ ਦੁਆਰਾ ਸਥਾਪਤ ਕੀਤੀਆਂ ਗਈਆਂ ਮਿਸਲਾਂ ਅਤੇ ਉਨ੍ਹਾਂ ਦਾ ਸ਼ਾਸਨ ਕਾਲ ਦਿਖਾਇਆ ਗਿਆ ਹੈ। ਉਨ੍ਹਾਂ ਦੀ ਮੌਤ ਪਿੱਛੋਂ ਕਿਸ ਤਰ੍ਹਾਂ ਖ਼ਾਲਸਾ ਰਾਜ ਖ਼ਤਮ ਹੋਇਆ ਅਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ। ਇਸ ਤੋਂ ਅਗਲੀ ਗੈਲਰੀ 'ਚ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ, ਗ਼ਦਰ ਲਹਿਰ, ਭਗਤ ਸਿੰਘ ਦੀ ਸ਼ਹਾਦਤ ਆਦਿ ਦਿਖਾਈ ਗਈ ਹੈ। ਸਭ ਤੋਂ ਅੰਤਿਮ ਗੈਲਰੀ ਅਰਦਾਸ ਗੈਲਰੀ ਹੈ।
ਸ਼ਨਾਖ਼ਤੀ ਕਾਰਡ ਨਾਲ ਲਿਆਓ
ਵਿਰਾਸਤ-ਏ-ਖ਼ਾਲਸਾ 'ਚ ਜਾਣ ਲਈ ਆਈਡੀ ਪਰੂਫ਼ ਲਿਆਉਣਾ ਜ਼ਰੂਰੀ ਹੈ। ਟਿਕਟ ਕਾਊਂਟਰ 'ਤੇ ਇਹ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ, ਜਦ ਅੰਦਰ ਗੈਲਰੀਆਂ ਨੂੰ ਦੇਖਣ ਲਈ ਆਡੀਓ ਸਿਸਟਮ ਦਿੱਤਾ ਜਾਂਦਾ ਹੈ, ਤਾਂ ਉੱਥੇ ਆਈਡੀ ਪਰੂਫ਼ ਜਮ੍ਹਾਂ ਕਰਾਉਣਾ ਹੁੰਦਾ ਹੈ।
ਕਿਵੇਂ ਪਹੁੰਚੀਏ
ਸ੍ਰੀ ਅਨੰਦਪੁਰ ਸਾਹਿਬ ਰੇਲ ਅਤੇ ਸੜਕ ਮਾਰਗ ਰਾਹੀਂ ਸੌਖਿਆਂ ਪਹੁੰਚਿਆ ਜਾ ਸਕਦਾ ਹੈ। ਚੰਡੀਗੜ੍ਹ ਤੋਂ ਨੰਗਲ-ਊਨਾ ਵੱਲ ਜਾਣ ਵਾਲੀਆਂ ਸਾਰੀਆਂ ਗੱਡੀਆਂ ਸ੍ਰੀ ਅਨੰਦਪੁਰ ਸਾਹਿਬ 'ਚੋਂ ਲੰਘਦੀਆਂ ਹਨ। ਦੂਰੋਂ ਆਉਣ ਵਾਲਿਆਂ ਲਈ ਨਜ਼ਦੀਕੀ ਹਵਾਈ ਸੰਪਰਕ ਚੰਡੀਗੜ੍ਹ ਹੈ। ਜਿੱਥੋਂ ਸ੍ਰੀ ਅਨੰਦਪੁਰ ਸਾਹਿਬ 80 ਕਿਲੋਮੀਟਰ ਹੈ। ਜਿੱਥੋਂ ਕੈਬ ਕਰ ਕੇ ਸਿਰਫ਼ ਡੇਢ ਘੰਟੇ 'ਚ ਵਿਰਾਸਤ-ਏ-ਖ਼ਾਲਸਾ ਪਹੁੰਚਿਆ ਜਾ ਸਕਦਾ ਹੈ।