ਪੰਜਾਬ ਪਿੰਡਾਂ ’ਚ ਵਸਦਾ ਹੈ। ਸੂਬੇ ’ਚ ਬਹੁਤ ਸਾਰੇ ਅਜਿਹੇ ਪਿੰਡ ਹਨ, ਜੋ ਆਪਣੇ ਆਪ ’ਚ ਹੀ ਨਿਰਾਲੀ ਕਿਸਮ ਦੀ ਸ਼ਾਨ ਰੱਖਦੇ ਹਨ। ਅਜਿਹੇ ਹੀ ਪਿੰਡਾਂ ’ਚ ਸ਼ੁਮਾਰ ਹੈ ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਬਲਾਕ ਦਾ ਆਖ਼ਰੀ ਪਿੰਡ ਕਕਰਾਲਾ ਕਲਾਂ ਜੋ ਤਿੰਨ ਜ਼ਿਲ੍ਹਿਆਂ ਦੀ ਹੱਦ ’ਤੇ ਖੜ੍ਹਾ ਹੈ। ਇਸ ਪਿੰਡ ਨੂੰ ਦੋ ਹੋਰ ਜ਼ਿਲ੍ਹਿਆਂ ਰੋਪੜ ਤੇ ਫ਼ਤਹਿਗੜ੍ਹ ਸਾਹਿਬ ਦੀਆਂ ਹੱਦਾਂ ਲੱਗਦੀਆਂ ਹਨ।

ਪੰਜਾਬ ਪਿੰਡਾਂ ’ਚ ਵਸਦਾ ਹੈ। ਸੂਬੇ ’ਚ ਬਹੁਤ ਸਾਰੇ ਅਜਿਹੇ ਪਿੰਡ ਹਨ, ਜੋ ਆਪਣੇ ਆਪ ’ਚ ਹੀ ਨਿਰਾਲੀ ਕਿਸਮ ਦੀ ਸ਼ਾਨ ਰੱਖਦੇ ਹਨ। ਅਜਿਹੇ ਹੀ ਪਿੰਡਾਂ ’ਚ ਸ਼ੁਮਾਰ ਹੈ ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਬਲਾਕ ਦਾ ਆਖ਼ਰੀ ਪਿੰਡ ਕਕਰਾਲਾ ਕਲਾਂ ਜੋ ਤਿੰਨ ਜ਼ਿਲ੍ਹਿਆਂ ਦੀ ਹੱਦ ’ਤੇ ਖੜ੍ਹਾ ਹੈ। ਇਸ ਪਿੰਡ ਨੂੰ ਦੋ ਹੋਰ ਜ਼ਿਲ੍ਹਿਆਂ ਰੋਪੜ ਤੇ ਫ਼ਤਹਿਗੜ੍ਹ ਸਾਹਿਬ ਦੀਆਂ ਹੱਦਾਂ ਲੱਗਦੀਆਂ ਹਨ। ਇਹ ਪਿੰਡ ਤਿੰਨ ਹਿੱਸਿਆਂ ’ਚ ਵੱਡਾ ਕਕਰਾਲਾ, ਛੋਟਾ ਕਕਰਾਲਾ ਤੇ ਬੇਚਿਰਾਗ਼ ਕਕਰਾਲਾ ਕਰਕੇ ਵਸਿਆ ਹੋਇਆ ਸੀ ਪਰ ਇਕ ਪਿੰਡ ਬੇਚਿਰਾਗ਼ ਕਕਰਾਲਾ ਸਿਰਫ਼ ਹੁਣ ਕਾਗਜ਼ਾਂ ’ਚ ਹੀ ਰਹਿ ਗਿਆ ਹੈ। ਪਿੰਡ ਦੇ ਜੰਮਪਲ ਤੇ ਚੰਡੀਗੜ੍ਹ ’ਚ ਰਹਿ ਰਹੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਜਸਵੀਰ ਗਿੱਲ, ਸਰਪੰਚ ਦਲਜੀਤ ਸਿੰਘ ਕਲੇਰ ਤੇ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਪਿੰਡ ’ਚ ਤਕਰੀਬਨ ਸਾਰੇ ਜੱਟ ਭਾਈਚਾਰੇ ਦੇ ਲੋਕ ਕਲੇਰ ਗੋਤ ਨਾਲ ਸਬੰਧਿਤ ਹਨ ਜਦਕਿ ਕੁਝ ਹੋਰ ਭਾਈਚਾਰੇ ਦੇ ਲੋਕ ਵੀ ਰਹਿੰਦੇ ਹਨ ਪਰ ਸਾਰਿਆਂ ਦਾ ਆਪਸੀ ਪੇ੍ਰਮ ਪਿਆਰ ਭਰਾਵਾਂ ਵਰਗਾ ਹੈ। ਇਸ ਪਿੰਡ ’ਚੋਂ ਕਿਸੇ ਸਮੇਂ ਨਕਸਲਵਾੜੀ ਲਹਿਰ ਦੀਆਂ ਸਰਗਰਮੀਆਂ ਵੀ ਚੱਲਦੀਆਂ ਰਹੀਆਂ ਹਨ।
ਵਿਦੇਸ਼ ਵੱਸਦੇ ਪਿੰਡ ਵਾਸੀਆਂ ਦਾ ਯੋਗਦਾਨ
ਇਸ ਪਿੰਡ ਦੇ ਲੋਕਾਂ ਦੀ ਤਰਾਸਦੀ ਇਹ ਹੈ ਕਿ ਉਹ ਆਪਣੇ ਪਿੰਡ ਦੀਆਂ ਇਤਿਹਾਸਕ ਯਾਦਾਂ ਨੂੰ ਸਾਂਭ ਕੇ ਨਹੀਂ ਰੱਖ ਸਕੇ ਪਰ ਫਿਰ ਵੀ ਆਪਣੇ ਅਮੀਰ ਵਿਰਸੇ ਦੀ ਯਾਦ ਨੂੰ ਕੁਝ ਰੂਪਾਂ ’ਚ ਸਾਂਭਿਆ ਹੋਇਆ ਹੈ। ਇਸ ਪਿੰਡ ਨਾਲ ਸਬੰਧਿਤ ਬਹੁਤ ਲੋਕ ਵਿਦੇਸ਼ਾਂ ’ਚ ਜਾ ਵਸੇ ਹਨ ਪਰ ਪਿੰਡ ਦੀ ਮਿੱਟੀ ਦਾ ਮੋਹ ਉਨ੍ਹਾਂ ਨੂੰ ਹਰ ਸਾਲ ਪਿੰਡ ਖਿੱਚ ਲਿਆਉਦਾ ਹੈ। ਇਹ ਪਰਿਵਾਰ ਗਾਹੇ-ਬਗਾਹੇ ਪਿੰਡ ਗੇੜਾ ਮਾਰਦੇ ਹਨ ਤੇ ਆਪਣੀ ਜਨਮਭੂਮੀ ਦੇ ਵਿਕਾਸ ਤੇ ਉਸ ਦੀ ਨੁਹਾਰ ਬਦਲਣ ਲਈ ਬਣਦਾ ਯੋਗਦਾਨ ਪਾਉਦੇ ਰਹਿੰਦੇ ਹਨ। ਇਸ ਪਿੰਡ ਦਾ ਹਾਈ ਸਕੂਲ ਬਹੁਤ ਦੇਰ ਪਹਿਲਾਂ ਦਾ ਬਣਿਆ ਹੋਇਆ ਹੈ, ਜਿਸ ਦਾ ਨੀਂਹ ਪੱਥਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਰੱਖਿਆ ਸੀ। ਪਿੰਡ ’ਚ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਹੈ, ਉੱਥੇ ਪੁਰਾਤਨ ਸ਼ਿਵਾਲਾ ਮੰਦਰ ਹੈ, ਜਿੱਥੇ ਸਾਰੇ ਲੋਕ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਦੇ ਹਨ। ਇਸ ਪਿੰਡ ’ਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜੀਆਂ ਦੀ ਵੀ ਕਾਫ਼ੀ ਗਿਣਤੀ ਹੈ ਜਿਨ੍ਹਾਂ ਨੇ ਦੇਸ਼ ਸੇਵਾ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ। ਪਿੰਡ ਦੇ ਸੂਬੇਦਾਰ ਨਛੱਤਰ ਸਿੰਘ, ਰੱਖਾ ਸਿੰਘ, ਸੂਬੇਦਾਰ ਅਰਜਨ ਸਿੰਘ ਤੇ ਹੋਰ ਬਹੁਤ ਸਾਰੇ ਵਿਅਕਤੀਆਂ ਨੇ ਦੇਸ਼ ਸੇਵਾ ਲਈ ਵਡਮੁੱਲਾ ਯੋਗਦਾਨ ਪਾਇਆ ਤੇ ਪਾ ਰਹੇ ਹਨ। ਪਿੰਡ ਦੇ ਅਵਤਾਰ ਸਿੰਘ ਨੂੰ ‘ਸੈਨਾ ਮੈਡਲ’ ਮਿਲ ਚੁੱਕਿਆ ਹੈ। ਪਿੰਡ ਦੇ ਨੌਜਵਾਨਾਂ ਵਲੋਂ ਪ੍ਰਸਿੱਧ ਲੇਖਕ ਸਆਦਤ ਹਸਨ ਮੰਟੋ ਦੇ ਨਾਂ ’ਤੇ ਸੱਭਿਆਚਾਰਕ ਕਲੱਬ ਵੀ ਬਣਿਆ ਹੋਇਆ ਹੈ।
ਸੁੰਨ ਮਸਾਨ ਪਿਆ ਹੈ ਪਿੰਡ ਦਾ ਮਸ਼ਹੂਰ ਤੂਤਾਂ ਵਾਲਾ ਖੂਹ
ਇਸ ਪਿੰਡ ਦੇ ਚੜ੍ਹਦੇ ਪਾਸੇ ਇਕ ਤੂਤਾਂ ਵਾਲਾ ਖੂਹ ਹੈ, ਜੋ ਆਪਣੇ ਸਮਿਆਂ ’ਚ ਆਪਣੀ ਵੱਖਰੀ ਹੀ ਸ਼ਾਨ ਰੱਖਦਾ ਸੀ। ਕਿਸੇ ਸਮੇਂ ਇਸ ਖੂਹ ’ਤੇ ਰੌਣਕਾਂ ਲੱਗਦੀਆਂ ਰਹੀਆਂ ਪਰ ਅੱਜ ਇਹ ਖੂਹ ਸੁੰਨ ਮਸਾਨ ਹੋ ਗਿਆ ਹੈ ਤੇ ਇਸ ’ਚ ਪਾਣੀ ਵੀ ਨਹੀਂ ਹੈ। ਇਸ ਖੂਹ ਦੀ ਯਾਦਗਾਰ ਰੱਖਣ ਲਈ ਇਸ ਦੀਆਂ ਪੁਰਾਣੀਆਂ ਇੱਟਾਂ ਵਾਲੇ ਮੌਣ ਉੱਤੇ ਅੱਜਕੱਲ੍ਹ ਚੱਲਦੀਆਂ ਇੱਟਾਂ ਦੀ ਚਾਰਦੀਵਾਰੀ ਕਰ ਦਿੱਤੀ ਗਈ ਹੈ। ਇਸ ਖੂਹ ਦੇ ਨਾਲ ਹੀ ਇਕ ਹੋਰ ਖੂਹ ਵੀ ਹੈ, ਜਿਸ ’ਤੇ ਵੀ ਚਾਰਦੀਵਾਰੀ ਕਰ ਕੇ ਪਲਸਤਰ ਕਰਵਾਇਆ ਗਿਆ ਹੈ। ਇਹ ਖੂਹ ਕਰਤਾਰੇ ਜਿਮੀਂਦਾਰ ਦਾ ਸੀ। ਇਕ ਲੋਕ ਬੋਲੀ ’ਚ ਇਸ ਤਰਾਂ੍ਹ ਜ਼ਿਕਰ ਮਿਲਦਾ ਹੈ:-
ਜੇ ਜੱਟੀਏ ਮੇਰਾ ਪਿੰਡ ਨਹੀਂ ਜਾਣਦੀ, ਪਿੰਡ ਮੇਰਾ ਕਕਰਾਲਾ
ਜੇ ਜੱਟੀਏ ਮੇਰਾ ਖੂਹ ਨਹੀਂ ਜਾਣਦੀ, ਖੂਹ ਹੈ ਤੂਤਾਂ ਵਾਲਾ
ਜੇ ਜੱਟੀਏ ਮੇਰੇ ਨਾਂ ਨਹੀਂ ਜਾਣਦੀ, ਨਾਂ ਮੇਰਾ ਕਰਤਾਰਾ।
ਨਕਸਲੀ ਲਹਿਰ ਦੇ ਸ਼ਹੀਦ ਤਰਸੇਮ ਬਾਵਾ ਦਾ ਸਬੰਧ
ਨਕਸਲਵਾੜੀ ਲਹਿਰ ਸਮੇਂ ਸ਼ਹੀਦ ਹੋਏ ਤਰਸੇਮ ਬਾਵਾ ਦੀ ਭੈਣ ਵੀ ਦੋਰਾਹੇ ਤੋਂ ਪਿੰਡ ਕਕਰਾਲਾ ਕਲਾਂ ਵਿਖੇ ਵਿਆਹੀ ਹੋਈ ਸੀ। ਤਰਸੇਮ ਬਾਵਾ ਦੇ ਭਾਣਜੇ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਾਈਕਲਾਂ ਦੀ ਦੁਕਾਨ ਕਰਦੇ ਸਨ ਤੇ ਬਾਜ਼ਾਰ ’ਚ ਉਨਾਂ੍ਹ ਦਾ ਬਹੁਤ ਵੱਡਾ ਕਾਰੋਬਾਰ ਸੀ ਪਰ ਤਰਸੇਮ ਬਾਵੇ ਨੂੰ ਫੜਨ ਲਈ ਕੁਝ ਅਣਪਛਾਤੇ ਪੁੁਲਿਸ ਮੁਲਾਜ਼ਮਾਂ ਨੇ ਉਸ ਦੇ ਪਿਤਾ ਪ੍ਰੀਤਮ ਦਾਸ ਨੂੰ 17 ਮਈ 1971 ’ਚ ਪਿੰਡੋਂ ਚੁੱਕ ਲਿਆ। ਤਰਸੇਮ ਬਾਵੇ ਦੀ ਜਾਣਕਾਰੀ ਲੈਣ ਲਈ ਉਸ ’ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਤੇ ਅਖੀਰ ਦੋਰਾਹਾ ਨੇੜੇ ਲੰਘਦੀ ਸਰਹਿੰਦ ਨਹਿਰ ’ਚ ਉਸ ਨੂੰ ਰੋੜ ਦਿੱਤਾ ਗਿਆ ਤੇ ਪ੍ਰੀਤਮ ਦਾਸ ਦੀ ਲਾਸ਼ ਵੀ ਪਰਿਵਾਰ ਨੂੰ ਨਹੀਂ ਮਿਲੀ। ਉਸ ਸਮੇਂ ਕਾਮਰੇਡ ਸੱਤਪਾਲ ਡਾਂਗ ਵਲੋਂ ਪੰਜਾਬ ਵਿਧਾਨ ਸਭਾ ’ਚ ਪ੍ਰੀਤਮ ਦਾਸ ਦੇ ਕਾਤਲਾਂ ਨੂੰ ਫੜਨ ਲਈ ਆਵਾਜ਼ ਚੁੱਕੀ ਪਰ ਸਮੇਂ ਦੀ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਸ ਦੇ ਪਿਤਾ ਤੋਂ ਕੁਝ ਦਿਨ ਬਾਅਦ ਹੀ ਉਸ ਦੇ ਮਾਮਾ ਤਰਸੇਮ ਬਾਵਾ ਨੂੰ ਫੜ ਕੇ ਪੁਲਿਸ ਨੇ 25 ਮਈ 1971 ਨੂੰ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ।
ਬਾਬੇ ਸ਼ਹੀਦਾਂ ਦੀ ਜਗ੍ਹਾ ’ਤੇ ਭਰਦਾ ਹੈ ਦਸਮੀ ਦਾ ਮੇਲਾ
ਇਸ ਪਿੰਡ ਦੀਆਂ ਜਿੱਥੇ ਬਹੁਤ ਸਾਰੀਆ ਥਾਵਾਂ ਅਲੋਪ ਹੋ ਗਈਆਂ ਹਨ, ਉੱਥੇ ਅਜੇ ਵੀ ਕੁਝ ਥਾਵਾਂ ਮੌਜੂਦ ਹਨ ਜਿਹੜੀਆਂ ਪਿੰਡ ਦੇ ਅਮੀਰ ਵਿਰਸੇ ਦੀਆਂ ਗੱਲ ਕਰਦੀਆਂ ਹਨ। ਇਨ੍ਹਾਂ ਥਾਵਾਂ ’ਚੋਂ ਹੀ ਪਿੰਡ ਦੇ ਛਿਪਦੇ ਵੱਲ ਬਾਬੇ ਸ਼ਹੀਦਾਂ ਦੀ ਜਗ੍ਹਾ ਹੈ, ਜਿੱਥੇ ਹਰੇਕ ਮਹੀਨੇ ਦਸਮੀ ਵਾਲੇ ਦਿਨ ਮੇਲਾ ਭਰਦਾ ਹੈ। ਇਨ੍ਹਾਂ ਸ਼ਹੀਦਾਂ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੈ ਕਿ ਇਹ ਸਿੰਘਾਂ ਦਾ ਨਾਮ ਸੌਂਢਾਂ ਸਿੰਘ ਤੇ ਜੋਧ ਸਿੰਘ ਸਨ ਜਿਹੜੇ ਕਿ ਸਭਰਾਵਾਂ ਦੀ ਜੰਗ ਸਮੇਂ 10 ਫਰਵਰੀ 1845 ਨੂੰ ਯੁੱਧ ’ਚ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਨਾਂ੍ਹ ਦੋਵੇਂ ਸ਼ਹੀਦਾਂ ਦਾ ਸਸਕਾਰ ਇਸ ਜਗ੍ਹਾ ’ਤੇ ਕੀਤਾ ਗਿਆ ਸੀ। ਇਹ ਦੋਵੇਂ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਦੇ ਨੇੜ੍ਹੇ ਵੀ ਦੱਸੇ ਜਾਂਦੇ ਹਨ।
ਸਤੀ ਮਾਤਾ ਦਾ ਮੰਦਰ
ਇਸ ਪਿੰਡ ਦੇ ਉੱਤਰ ਵੱਲ ਇਕ ਸਤੀ ਮਾਤਾ ਦਾ ਪਵਿੱਤਰ ਮੰਦਰ ਬਣਿਆ ਹੋਇਆ ਹੈ। ਸਿਆਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਪਿੰਡ ਦਾ ਇਕ ਸੂਰਵੀਰ ਬਾਬਾ ਹੱਲ੍ਹਾ ਸਿੰਘ ਹੋਇਆ ਹੈ ਜੋ ਕਿ ਗਰੀਬ ਗੁਰਬੇ ਦੀ ਰਾਖ਼ੀ ਤੇ ਧਰਮ ਦੀ ਆਨ-ਸ਼ਾਨ ਲਈ ਜੂਝ ਪੈਂਦਾ ਸੀ। ਇਕ ਵਾਰ ਇਸ ਤਰਾਂ੍ਹ ਦੇ ਹੀ ਜੰਗ ਯੁੱਧ ’ਚ ਹੱਲ੍ਹਾ ਸਿੰਘ ਦਾ ਝਗੜਾ ਹੋ ਗਿਆ ਜਿਸ ’ਚ ਉਸਦਾ ਧੜ ਸਿਰ ਨਾਲੋਂ ਵੱਖਰਾ ਹੋ ਗਿਆ। ਪਿੰਡ ਦੇ ਲੋਕਾਂ ਅਨੁਸਾਰ ਇਸ ਯੋਧੇ ਦਾ ਧੜ ਨੇੜਲੇ ਪਿੰਡ ਕੋਟਾਲੇ ਵਿਖੇ ਜਾ ਗਿਰਿਆ ਜਦਕਿ ਇਸ ਦਾ ਸਿਰ ਕਕਰਾਲਾ ਕਲਾਂ ਦੀ ਜੂਹ ’ ਆ ਡਿੱਗਿਆ। ਬਾਬਾ ਹੱਲ੍ਹਾ ਸਿੰਘ ਦੀ ਪਤਨੀ, ਬਹੁਤ ਹੀ ਪਤੀਵਰਤਾ ਔਰਤ ਸੀ। ਉਸਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਤੀ ਹੋਣ ਦਾ ਫ਼ੈਸਲਾ ਕਰ ਲਿਆ। ਜਦੋਂ ਚਿਖ਼ਾ ਬਣਾ ਕੇ ਉਹ ਹੱਲ੍ਹਾ ਸਿੰਘ ਦਾ ਸਿਰ ਆਪਣੀ ਗੋਦ ’ਚ ਲੈ ਕੇ ਚਿਖ਼ਾ ’ਚ ਬੈਠੀ ਤਾਂ ਸਿਵੇ ਨੂੰ ਆਪਣੇ ਆਪ ਹੀ ਅੱਗ ਲੱਗ ਗਈ। ਲੋਕਾਂ ਵਲੋਂ ਉਸਦੀ ਯਾਦ ’ਚ ਮੰਦਰ ਬਣਾਇਆ ਗਿਆ ਹੈ। ਜਦੋਂ ਵੀ ਲੋਕ ਆਪਣੇ ਬੱਚਿਆਂ ਦਾ ਵਿਆਹ ਕਰਦੇ ਹਨ ਤਾਂ ਪਹਿਲਾਂ ਇੱਥੇ ਆ ਕੇ ਮੱਥਾ ਟੇਕਦੇ ਹਨ। ਹਰੇਕ ਸਾਲ ਭਾਦੋਂ ਦੀ ਚੌਂਦੇ ਨੂੰ ਇੱਥੇ ਛਿੰਝ ਮੇਲਾ ਕਰਵਾਇਆ ਜਾਂਦਾ ਹੈ।
ਮੁਸਲਮਾਨ ਭਰਾਵਾਂ ਦੀ ਯਾਦਗਾਰ ਸਿਰਫ਼ ‘ਤਕੀਆ’ ਹੀ ਰਹਿ ਗਿਆ
ਪਿੰਡ ਕਕਰਾਲਾ ’ਚ ਜਿੱਥੇ ਹੋਰ ਭਾਈਚਾਰੇ ਦੇ ਲੋਕ ਵੱਸਦੇ ਹਨ, ਉੱਥੇ 1947 ਤੋਂ ਮੁਸਲਮਾਨ ਭਰਾਵਾਂ ਦੇ ਪਰਿਵਾਰਾਂ ਦੀ ਗਿਣਤੀ ਵੀ ਕਾਫ਼ੀ ਸੀ। ਪਿੰਡ ਵਿਚ ਗੁਰਦੁਆਰਾ ਸਾਹਿਬ, ਸ਼ਿਵਾਲਾ ਮੰਦਰ ਤੇ ਇਕ ਮਸੀਤ ਸੀ ਪਰ 1947 ਦੀ ਵੰਡ ਕਾਰਨ ਮੁਸਲਮਾਨ ਭਰਾਵਾਂ ਨੂੰ ਇਸ ਪਿੰਡ ’ਚੋਂ ਉੱਜੜ ਕੇ ਜਾਣਾ ਪਿਆ। ਉਨ੍ਹਾਂ ਦੀ ਇਬਾਦਤ ਕਰਨ ਵਾਲੀ ਪਵਿੱਤਰ ਜਗ੍ਹਾ ਵੀ ਸੁੰਨ ਮਸਾਨ ਹੋ ਗਈ। ਸਮੇਂ ਦੀ ਗਰਦਿਸ਼ ਨੇ ਇਸ ਬਣੀ ਮਸੀਤ ਨੂੰ ਵੀ ਆਪਣੇ ਕਲਾਵੇ ’ਚ ਲੈ ਲਿਆ ਤੇ ਹੁਣ ਇੱਥੇ ਕੋਈ ਮਸੀਤ ਨਹੀਂ ਹੈ ਪਰ ਇਕ ਯਾਦਗਾਰ ਵਜੋਂ ਥੜਾ ਖੜ੍ਹਾ ਹੈ, ਜਿਸ ਨੂੰ ਲੋਕ ‘ਤਕੀਆ’ ਕਹਿੰਦੇ ਹਨ।
ਸ਼ਾਮ ਸਿੰਘ ਅਟਾਰੀ ਨਾਲ ਪਿੰਡ ਦਾ ਸਬੰਧ
ਇਸ ਪਿੰਡ ਦਾ ਸਬੰਧ ਸ਼ਾਮ ਸਿੰਘ ਅਟਾਰੀ ਵਾਲੇ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦਾ ਪੁੱਤਰ ਕਾਹਨ ਸਿੰਘ ਪਿੰਡ ਦੇ ਸਰਦਾਰ ਨੰਦ ਸਿੰਘ ਦੀ ਧੀ ਨਾਲ ਵਿਆਹਿਆ ਹੋਇਆ ਸੀ। ਇਤਿਹਾਸ ਅਨੁਸਾਰ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਬਰਾਤ ਲੈ ਕੇ ਪਿੰਡ ਕਕਰਾਲੇ ਪਹੁੰਚਿਆ ਤਾਂ ਪਿੱਛੋਂ ਮਹਾਰਾਣੀ ਜ਼ਿੰਦਾ ਨੇ ਉਸ ਨੂੰ ਚਿੱਠੀ ਭੇਜ ਕੇ ਤੁਰੰਤ ਵਾਪਸ ਆਉਣ ਲਈ ਕਿਹਾ ਕਿਉਕਿ ਰਾਜ ’ਚ ਬਗ਼ਾਵਤ ਹੋ ਗਈ ਸੀ। ਲੋਕ ਦੱਸਦੇ ਹਨ ਕਿ ਚਿੱਠੀ ਪੜ੍ਹਨ ਅਨੁਸਾਰ ਹੀ ਸ਼ਾਮ ਸਿੰਘ ਅਟਾਰੀ ਤੇ ਪਿੰਡ ਦੇ 2 ਨੌਜਵਾਨ ਸੌਂਢਾਂ ਸਿੰਘ ਤੇ ਜੋਧਾ ਸਿੰਘ ਵਾਪਸ ਚਲੇ ਗਏ ਸਨ, ਜਿਨ੍ਹਾਂ ਨੇ ਬਾਅਦ ’ਚ ਜਾ ਕੇ ਸ਼ਹੀਦੀਆਂ ਪਾਈਆਂ ਤੇ ਹੁਣ ਉਨਾਂ੍ਹ ਦੀ ਯਾਦਗਾਰ ਪਿੰਡ ਦੇ ਬਾਹਰ ਸ਼ਹੀਦ ਸਿੰਘਾਂ ਦੇ ਨਾਂ ਨਾਲ ਬਣੀ ਹੋਈ ਹੈ।
ਮਿਟ ਚੁੱਕਿਆ ਹੈ ਕਿਲ੍ਹੇ ਦਾ ਨਾਮੋ-ਨਿਸ਼ਾਨ
ਕਕਰਾਲਾ ਕਲਾਂ ਪਿੰਡ ਦੇ ਚੜ੍ਹਦੇ ਪਾਸੇ ਕਿਸੇ ਵੱਡੇ ਸਰਦਾਰ ਦਾ ਕਿਲ੍ਹਾ ਹੁੰਦਾ ਸੀ। ਇਸ ਪਿੰਡ ਦੀ ਸਾਰੀ ਜ਼ਮੀਨ ਉਸ ਦੇ ਅਧੀਨ ਹੀ ਸੀ। ਕਿਸੇ ਸਮੇਂ ਇਸ ਪਿੰਡ ਨੂੰ ਸਰਦਾਰਾਂ ਵਾਲਾ ਕਕਰਾਲਾ ਵੀ ਬੋਲਦੇ ਰਹੇ ਹਨ। ਇਸ ਸਰਦਾਰ ਬਾਰੇ ਪਿੰਡ ਦੇ ਬਜ਼ੁਰਗਾਂ ਨੂੰ ਜ਼ਿਆਦਾ ਨਹੀਂ ਪਰ ਦੱਸਦੇ ਹਨ ਕਿ ਉਹ ਆਮ ਲੋਕਾਂ ’ਤੇ ਬਹੁਤ ਧੱਕਾ ਕਰਦਾ ਸੀ। ਉਸ ਦੇ ਕਰਿੰਦੇ ਧੱਕੇ ਨਾਲ ਪਿੰਡ ਦੇ ਲੋਕਾਂ ਨੂੰ ਚੁੱਕ ਕੇ ਲਿਆਉਦੇ ਤੇ ਕੰਮ ਕਰਵਾਉਦੇ। ਅੱਜ ਕੋਈ ਉਸ ਦਾ ਨਾਂ ਨਹੀਂ ਜਾਣਦਾ ਤੇ ਦੂਰ ਤੋਂ ਦਿਖਾਈ ਦੇਣ ਵਾਲੇ ਉਸ ਦੇ ਕਿਲ੍ਹੇ ਦਾ ਵੀ ਨਾਮੋ-ਨਿਸ਼ਾਨ ਮਿਟ ਗਿਆ ਹੈ। ਸਮੇਂ ਦੇ ਗੇੜ ਨਾਲ ਬਹੁਤ ਸਾਰੇ ਲੋਕਾਂ ਨੇ ਇਸ ਕਿਲ੍ਹੇ ਵਾਲੀ ਥਾਂ ’ਤੇ ਕਬਜ਼ਾ ਕਰ ਲਿਆ ਪਰ ਜਗ੍ਹਾ ਪੁੱਟਣ ’ਤੇ ਅਜੇ ਵੀ ਛੋਟੀਆਂ ਸਰਹੱਦੀ ਇੱਟਾਂ ਨਿਕਲਦੀਆਂ ਹਨ। ਪੁਰਾਤੱਤਵ ਵਿਭਾਗ ਇਸ ਦੀ ਖੋਜ ਕਰਵਾ ਸਕਦਾ ਹੈ।
- ਕਰਮਜੀਤ ਸਿੰਘ ਆਜ਼ਾਦ