ਜੇਕਰ ਭਾਖੜਾ ਡੈਮ ਪ੍ਰਾਜੈਕਟ ਦਾ ਸਾਰਾ ਪਿਛੋਕੜ ਗਹੁ ਨਾਲ ਘੋਖਿਆ ਜਾਵੇ ਤਾਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਭਾਵੇਂ ਅੰਗਰੇਜ਼ਾਂ ਨੇ ਵੀ ਇਸ ਵਿਚ ਕਾਫ਼ੀ ਦਿਲਚਸਪੀ ਲਈ ਅਤੇ ਇਸ ਦਾ ਮੁੱਢ ਬੰਨ੍ਹਿਆ ਪਰ ਇਸ ਦੇ ਮੁੱਖ ਨਾਇਕ ਸਰ ਛੋਟੂ ਰਾਮ ਹੀ ਸਨ। ਇਸ ਦੇ ਬਣਨ ਵਿਚ ਆਉਣ ਵਾਲੀਆਂ ਅਨੇਕ ਔਕੜਾਂ ਨੂੰ ਲਗਨ ਅਤੇ ਸਿਆਣਪ ਨਾਲ ਹੱਲ ਕਰਨ ਦਾ ਸਿਹਰਾ ਸਿਰਫ਼ ਉਨ੍ਹਾਂ ਦੇ ਸਿਰ ਹੈ। ਇਹ ਠੀਕ ਹੈ ਕਿ ਅਸਲ ਨਿਰਮਾਣ ਕਾਰਜ ਆਜ਼ਾਦੀ ਮਿਲਣ ਤੋਂ ਬਾਅਦ 1948 ਵਿਚ ਸ਼ੁਰੂ ਹੋਇਆ, ਪਰ ਇਸ ਤੋਂ ਪਹਿਲਾਂ ਜਿੰਨੇ ਸਰਵੇ ਹੋਏ,ਜਿੰਨਾ ਅਤਿ ਮਹੱਤਵਪੂਰਨ ਤਕਨੀਕੀ ਕੰਮ ਹੋਇਆ ਅਤੇ ਜਿੰਨੇ ਅੜਿੱਕੇ ਦੂਰ ਕਰਨੇ ਪਏ, ਉਨ੍ਹਾਂ ਸਾਰਿਆਂ ਵਿਚ ਸਰ ਛੋਟੂ ਰਾਮ ਦੀ ਪ੍ਰਮੁੱਖ ਭੁਮਿਕਾ ਸੀ।

ਡੈਮ ਲਈ ਥਾਂ ਮਿਲਣ ਦੀ ਦਿਲਚਸਪ ਕਹਾਣੀ

ਵੀਹਵੀਂ ਸਦੀ ਦੇ ਆਰੰਭ ਵਿਚ ਇਕ ਸੀਨੀਅਰ ਅੰਗਰੇਜ਼ ਇੰਜੀਨੀਅਰ, ਨਿਕਲਸਨ, ਹਿਮਾਚਲ ਪ੍ਰਦੇਸ਼ ਦੇ ਪਹਾੜਾਂ 'ਤੇ ਘੁੰਮ ਰਿਹਾ ਸੀ। ਬਿਲਾਸਪੁਰ ਕੋਲ ਅਚਾਨਕ ਭਾਖੜਾ ਨਾਂ ਦੇ ਪਿੰਡ ਕੋਲ ਦੋ ਪਹਾੜਾਂ ਦੇ ਵਿਚਕਾਰ ਤੰਗ ਜਗ੍ਹਾ ਵਿੱਚੋਂ ਲੰਘਦੇ ਸਤਲੁਜ ਦਰਿਆ ਨੂੰ ਵੇਖ ਕੇ ਉਸ ਨੂੰ ਉੱਥੇ ਡੈਮ ਬਣਾਉਣ ਦਾ ਖ਼ਿਆਲ ਆਇਆ। ਇੱਥੋਂ ਨਹਿਰਾਂ ਕੱਢ ਕੇ ਪੰਜਾਬ ਦੇ ਬਾਰਿਸ਼ ਦੀ ਕਮੀ ਵਾਲੇ ਦੱਖਣ-ਪੂਰਬੀ ਹਿਸਾਰ, ਰੋਹਤਕ ਅਤੇ ਗੁੜਗਾਉਂ ਜ਼ਿਲ੍ਹਿਆਂ ਨੂੰ ਜ਼ਰਖ਼ੇਜ਼ ਬਣਾਇਆ ਜਾ ਸਕਦਾ ਸੀ। ਉਸ ਨੇ ਇਸ ਬਾਰੇ ਪੂਰੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਪੇਸ਼ ਕਰ ਦਿੱਤੀ। ਬਹੁਤ ਸਾਲਾਂ ਤਕ ਇਹ ਰਿਪੋਰਟ ਖ਼ਜ਼ਾਨੇ ਅਤੇ ਆਬਪਾਸ਼ੀ ਮਹਿਕਮੇ ਦੇ ਸਕੱਤਰਾਂ ਕੋਲ ਪਈ ਰਹੀ। ਕੋਈ ਵਾਲੀ ਵਾਰਿਸ ਨਾ ਹੋਣ ਕਰਕੇ ਇਹ ਠੰਢੇ ਬਸਤੇ ਵਿਚ ਪਾ ਦਿੱਤੀ ਗਈ।

ਜਦ ਚੌਧਰੀ ਛੋਟੂ ਰਾਮ ਪਹਿਲੀ ਵਾਰ 1923 ਵਿਚ ਪੰਜਾਬ ਵਿਧਾਨਕਾਰ ਕੌਂਸਲ ਦੇ ਮੈਂਬਰ ਅਤੇ ਖੇਤੀਬਾੜੀ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਭਿਣਕ ਪੈ ਗਈ। ਉਨ੍ਹਾਂ ਨੇ ਇਸ ਦਾ ਗ਼ੌਰ ਨਾਲ ਅਧਿਐਨ ਕੀਤਾ ਅਤੇ ਇਸ ਨੂੰ ਪੰਜਾਬ ਦੇ ਔੜ ਮਾਰੇ ਇਲਾਕੇ 'ਚ ਖ਼ੁਸ਼ਹਾਲੀ ਲਿਆਉਣ ਦੀ ਸੁਨਹਿਰੀ ਕਿਰਨ ਦੇ ਤੌਰ 'ਤੇ ਅਪਣਾ ਲਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਯੋਜਨਾ ਬਾਰੇ ਮੁੱਢਲਾ ਕੰਮ 1915 ਵਿਚ ਸ਼ੁਰੂ ਹੋ ਗਿਆ ਸੀ ਅਤੇ 1919 ਵਿਚ ਸਰਕਾਰ ਨੂੰ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ। 400 ਫੁੱਟ ਉੱਚਾ ਡੈਮ ਬਣਾ ਕੇ 25 ਲੱਖ ਏਕੜ ਜ਼ਮੀਨ ਦੀ ਸਿੰਚਾਈ ਹੋ ਸਕਦੀ ਸੀ। ਕੁੱਲ ਖ਼ਰਚ 14 ਕਰੋੜ 14 ਲੱਖ 74,926 ਰੁਪਏ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਸਰਵੇ ਉੱਤੇ ਕਈ ਲੱਖ ਰੁਪਏ ਖ਼ਰਚ ਹੋਏ ਸਨ ਪਰ ਇਹ ਸਰਵਜਨਕ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਅੱਗੇ ਕੋਈ ਕਾਰਵਾਈ ਕੀਤੀ ਗਈ ਸੀ।

ਇਸ ਸਰਵੇ ਰਿਪੋਰਟ ਬਾਰੇ ਪੂਰੀ ਜਾਣਕਾਰੀ ਦੇ ਕੇ, ਚੌਧਰੀ ਛੋਟੂ ਰਾਮ ਨੇ ਕੌਂਸਲ ਦੀ ਮੀਟਿੰਗ ਵਿਚ ਇਹ ਮਤਾ ਪੇਸ਼ ਕੀਤਾ: 'ਇਹ ਕੌਂਸਲ ਸਰਕਾਰ ਨੂੰ ਸਿਫ਼ਾਰਿਸ਼ ਕਰਦੀ ਹੈ ਕਿ ਭਾਖੜਾ ਡੈਮ ਦੇ ਨਿਰਮਾਣ ਲਈ ਭਾਰਤ ਸਰਕਾਰ ਅਤੇ ਸੈਕ੍ਰਿਟਰੀ ਆਫ਼ ਸਟੇਟ ਤੋਂ ਮਨਜ਼ੂਰੀ ਲੈਣ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਜਾਣ ਅਤੇ ਜਿਉਂ ਹੀ ਲੋੜੀਂਦੀ ਮਨਜ਼ੂਰੀ ਪ੍ਰਾਪਤ ਹੁੰਦੀ ਹੈ, ਬਿਨਾਂ ਦੇਰ ਕੀਤੇ ਇਸ ਪ੍ਰਾਜੈਕਟ ਉੱਤੇ ਨਿਰਮਾਣ-ਕਾਰਜ ਆਰੰਭ ਹੋ ਜਾਣਾ ਚਾਹੀਦਾ ਹੈ।' ਤਾੜੀਆਂ ਦੀ ਗੂੰਜ ਵਿਚ ਇਹ ਮਤਾ ਨਿਰਵਿਰੋਧ ਪਾਸ ਹੋ ਗਿਆ।

ਸਰਕਾਰ ਦੇ ਦੋ ਖ਼ਦਸ਼ੇ

1922-23 ਵਿਚ ਪੰਜਾਬ ਸਰਕਾਰ ਨੇ ਇਸ ਯੋਜਨਾ ਬਾਰੇ ਦੋ ਖ਼ਦਸ਼ੇ ਜ਼ਾਹਿਰ ਕੀਤੇ ਸਨ। ਪਹਿਲਾ ਸ਼ੱਕ ਇਹ ਸੀ ਕਿ ਡੈਮ ਦੀ ਝੀਲ ਦੇ ਪਾਸਿਆਂ ਵਾਲੇ ਪਹਾੜ ਸ਼ਾਇਦ ਇੰਨੇ ਪਾਣੀ ਦਾ ਦਬਾਅ ਨਾ ਸਹਾਰ ਸਕਣ। ਜੇ ਕਿਸੇ ਜਗ੍ਹਾ ਪਾਣੀ ਰਿਸ ਕੇ ਪਾੜ ਪੈ ਗਿਆ ਤਾਂ ਆਸੇ-ਪਾਸੇ ਵਿਸ਼ਾਲ ਪੱਧਰ 'ਤੇ ਤਬਾਹੀ ਹੋ ਜਾਵੇਗੀ। ਇਹ ਖ਼ਦਸ਼ਾ ਦੂਰ ਕਰਨ ਲਈ 1925 ਵਿਚ ਭੂ-ਵਿਗਿਆਨੀਆਂ ਨੇ ਇਸ ਪਹਿਲੂ ਦਾ ਅਧਿਐਨ ਕਰ ਕੇ ਰਿਪੋਰਟ ਦਿੱਤੀ ਕਿ ਉੱਥੇ ਡੈਮ ਬਣਾਉਣਾ ਬਿਲਕੁਲ ਸੁਰੱਖਿਅਤ ਸੀ। ਫਿਰ ਵੀ ਕਮੇਟੀ ਨੇ ਮਸ਼ਵਰਾ ਦਿੱਤਾ ਕਿ ਅਮਰੀਕਾ ਦੇ ਡੈਮ ਬਣਾਉਣ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਇਕ ਮਾਹਿਰ ਦੀ ਰਾਇ ਵੀ ਲੈ ਲਈ ਜਾਵੇ। ਇਸ ਕੰਮ ਲਈ ਡੈਮ ਦਾ ਮੁੱਢਲਾ ਸੁਝਾਅ ਦੇਣ ਵਾਲੇ ਇੰਜੀਨੀਅਰ ਨਿਕਲਸਨ ਨੂੰ ਅਮਰੀਕਾ ਭੇਜਿਆ ਗਿਆ। ਉਸ ਨੇ ਉੱਥੋਂ ਦੇ ਕਈ ਡੈਮਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੇ ਨਿਰਮਾਤਾ ਇੰਜੀਨੀਅਰ 'ਮਿਸਟਰ ਵਿੱਲੀ’ ਨੂੰ ਨਾਲ ਲਿਆਇਆ। ਉਸ ਨੇ ਇਸ ਦੀ ਪੂਰੀ ਘੋਖ ਕੀਤੀ ਅਤੇ ਡੈਮ ਨਿਰਮਾਣ ਨੂੰ ਬਿਲਕੁਲ ਸੁਰੱਖਿਅਤ ਕਰਾਰ ਦਿੱਤਾ। ਉਸ ਨੇ ਡੈਮ ਦੀ ਉਚਾਈ 400 ਫੁੱਟ ਦੀ ਬਜਾਏ 500 ਫੁੱਟ ਰੱਖਣ ਦੀ ਸਿਫ਼ਾਰਿਸ਼ ਕੀਤੀ। ਸਰਕਾਰ ਨੇ ਅੱਗੇ ਵਧਣ ਦਾ ਮਨ ਬਣਾ ਲਿਆ। ਹੁਣ ਇਸ ਉੱਤੇ ਆਉਣ ਵਾਲੀ ਲਾਗਤ ਦਾ ਅਨੁਮਾਨ 23 ਕਰੋੜ 48 ਲੱਖ 53,484 ਰੁਪਏ ਦਾ ਲਾਇਆ ਗਿਆ ਪਰ ਸਿੰਚਾਈ ਅਧੀਨ ਆਉਣ ਵਾਲਾ ਖੇਤਰ ਵੀ ਵਧ ਕੇ 47 ਲੱਖ 50 ਹਜ਼ਾਰ ਏਕੜ ਹੋ ਜਾਣਾ ਸੀ ਜੋ ਪਹਿਲੀ ਯੋਜਨਾ ਨਾਲੋਂ ਲਗਪਗ ਦੁੱਗਣਾ ਸੀ।

ਦੂਜਾ ਖ਼ਦਸ਼ਾ ਇਸ ਡੈਮ 'ਤੇ ਹੋਣ ਵਾਲੇ ਖ਼ਰਚ ਅਨੁਸਾਰ ਆਮਦਨ ਹੋਣ ਬਾਰੇ ਸੀ। ਡੈਮ ਬਣਾਉਣ ਦਾ ਖ਼ਰਚ ਕੇਂਦਰ ਸਰਕਾਰ ਨੇ ਕਰਨਾ ਸੀ ਅਤੇ ਨਹਿਰਾਂ ਕੱਢਣ ਦਾ ਪੰਜਾਬ ਸਰਕਾਰ ਨੇ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਸੀ ਕਿ ਨਹਿਰਾਂ ਕੱਢਣ ਉੱਤੇ ਖ਼ਰਚ ਹੋਣ ਵਾਲੀ ਰਕਮ ਦੇ ਵਿਆਜ ਦੇ ਬਰਾਬਰ ਆਮਦਨ ਜ਼ਰੂਰ ਹੋਣੀ ਚਾਹੀਦੀ ਹੈ। ਸਰ ਛੋਟੂ ਰਾਮ ਨੇ ਇਸ ਮੰਗ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪੇਂਡੂ ਵਰਗ ਨਾਲ ਵਿਤਕਰਾ ਸੀ। ਸ਼ਹਿਰਾਂ ਵਿਚ ਵੱਡੇ-ਵੱਡੇ ਹਸਪਤਾਲ, ਕਾਲਜ ਆਦਿ ਬਣਾਉਣ ਵੇਲੇ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਦਾ ਹਿਸਾਬ-ਕਿਤਾਬ ਕਦੇ ਨਹੀਂ ਲਾਇਆ ਜਾਂਦਾ ਸੀ। ਉਨ੍ਹਾਂ ਨੇ ਇਹ ਬੇਇਨਸਾਫ਼ੀ ਦੂਰ ਕਰਵਾਉਣ ਲਈ ਕੌਂਸਲ ਵਿਚ ਵੀ ਆਵਾਜ਼ ਉਠਾਈ ਅਤੇ 'ਜਾਟ ਗਜ਼ਟ’ ਵਿਚ ਲੇਖ ਵੀ ਲਿਖੇ।

ਸਰ ਛੋਟੂ ਰਾਮ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇਣ ਦੀ ਡਟ ਕੇ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਭਲਾਈ ਉੱਤੇ ਖ਼ਰਚ ਕਰਨ ਵੇਲੇ ਬਹੀ-ਖਾਤੇ ਦੇ ਹਿਸਾਬ ਨਾਲ ਨਹੀਂ ਚੱਲਣਾ ਚਾਹੀਦਾ। ਉਨ੍ਹਾਂ ਨੇ ਬੇਬਾਕ ਹੋ ਕੇ ਕੌਂਸਲ ਵਿਚ ਕਿਹਾ,'ਮੈਨੂੰ ਬਹੁਤ ਦੁੱਖ ਹੈ ਕਿ ਸਾਡੀ ਸਰਕਾਰ ਇਕ ਬਾਣੀਆ ਸਰਕਾਰ ਬਣ ਗਈ ਹੈ। ਮੈਨੂੰ ਯਕੀਨ ਹੈ ਕਿ ਕੋਈ ਸਰਕਾਰ ਬਾਣੀਆ ਸਿਧਾਂਤਾਂ ਉੱਤੇ ਨਹੀਂ ਚੱਲ ਸਕਦੀ। ਭਗਵਾਨ ਨੇ ਇਹ ਕਦੇ ਨਹੀਂ ਚਾਹਿਆ ਕਿ ਸਰਕਾਰਾਂ ਇੰਨਾ ਜ਼ਿਆਦਾ ਹਿਸਾਬ-ਕਿਤਾਬ ਰੱਖਣ ਕਿਉਂਕਿ ਅਜਿਹੀ ਹਾਲਤ ਵਿਚ ਸਰਕਾਰੀ ਪ੍ਰਸ਼ਾਸਨ ਅਤੇ ਬਾਣੀਏ ਦੀ ਦੁਕਾਨ ਵਿਚ ਕੋਈ ਫ਼ਰਕ ਹੀ ਨਹੀਂ ਰਹਿਣਾ। ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਮੇਰੀ ਦਲੀਲ ਦੀ ਅਸਲ ਅਹਿਮੀਅਤ ਸਮਝ ਜਾਵੇਗੀ।'

ਬਿਲਾਸਪੁਰ ਰਿਆਸਤ ਦੇ ਰਾਜੇ ਦਾ ਇਤਰਾਜ਼

ਇਹ ਡੈਮ ਪੰਜਾਬ ਦੀ ਬਿਲਾਸਪੁਰ ਰਿਆਸਤ ਦੇ ਇਲਾਕੇ ਵਿਚ ਬਣਨਾ ਸੀ। ਉੱਥੋਂ ਦਾ ਰਾਜਾ ਇਸ ਦੇ ਬਦਲੇ ਹੋਰ ਕਿਧਰੇ ਜ਼ਮੀਨ ਲੈਣ ਲਈ ਤਿਆਰ ਨਹੀਂ ਸੀ। ਸਰ ਛੋਟੂ ਰਾਮ ਨੇ ਕਿਹਾ ਕਿ ਉਨ੍ਹਾਂ ਦੇ ਕੌਂਸਲ ਮੈਂਬਰ ਬਣਨ ਤੋਂ ਪਹਿਲਾਂ ਜਦ 1915 ਤੋਂ 1919 ਤਕ ਇਸ ਯੋਜਨਾ ਬਾਰੇ ਸਰਵੇ ਹੋਇਆ ਸੀ ਤਾਂ ਰਾਜੇ ਨੇ ਜ਼ੁਬਾਨੀ ਸਹਿਮਤੀ ਦਿੱਤੀ ਹੀ ਹੋਵੇਗੀ। ਪਾਣੀ ਦੀ ਬੇਹੱਦ ਕਿੱਲਤ ਵਾਲੇ ਇਲਾਕੇ ਦੇ ਲੋਕਾਂ ਦੀ ਭਲਾਈ, ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਨੂੰ ਧਿਆਨ ਵਿਚ ਰੱਖ ਕੇ ਰਾਜੇ ਨੂੰ ਇਸ ਨੇਕ ਕਾਰਜ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਆਖ਼ਰ, ਸਰ ਛੋਟੂ ਰਾਮ ਦੀਆਂ ਅਣਥੱਕ ਕੋਸ਼ਿਸ਼ਾਂ ਰੰਗ ਲਿਆਈਆਂ ਅਤੇ ਨਵੰਬਰ 1944 ਵਿਚ ਪੰਜਾਬ ਸਰਕਾਰ ਅਤੇ ਬਿਲਾਸਪੁਰ ਦੇ ਰਾਜੇ ਵਿਚਕਾਰ ਲਿਖਤੀ ਸਮਝੌਤਾ ਹੋ ਗਿਆ। ਪੰਜਾਬ ਸਰਕਾਰ ਵੱਲੋਂ ਇਸ ਇਤਿਹਾਸਕ ਸਮਝੌਤੇ ਉੱਤੇ ਸਰ ਛੋਟੂ ਰਾਮ ਨੇ ਦਸਤਖ਼ਤ ਕੀਤੇ। ਇਸ ਯੋਜਨਾ ਦੇ ਹਰ ਪਹਿਲੂ ਨੂੰ ਵਿਸਤਾਰ-ਪੂਰਵਕ ਕਲਮਬੰਦ ਕਰ ਕੇ, ਇਸ ਸਮਝੌਤੇ ਦੇ ਅੰਤਿਮ ਰੂਪ ਉੱਤੇ 8 ਜਨਵਰੀ 1945 ਨੂੰ ਦਸਤਖ਼ਤ ਹੋ ਗਏ। ਬਦਕਿਸਮਤੀ ਨਾਲ, ਅਗਲੇ ਹੀ ਦਿਨ 9 ਜਨਵਰੀ 1945 ਨੂੰ ਇਸ ਯੋਜਨਾ ਦੇ ਜਨਮਦਾਤੇ ਸਰ ਛੋਟੂ ਰਾਮ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਸਵਰਗ ਸਿਧਾਰ ਗਏ।

ਇਤਿਹਾਸ ਵਿਚ ਅਨੇਕ ਅਜਿਹੇ ਉਦਾਹਰਣ ਮਿਲਦੇ ਹਨ ਜਦ ਕੋਈ ਮਹਾਨ ਕੰਮ ਕਰਨ ਵਾਲਾ ਮਨੁੱਖ ਗੁਮਨਾਮ ਰਹਿ ਜਾਂਦਾ ਹੈ ਅਤੇ ਜਸ ਕੋਈ ਹੋਰ ਖੱਟ ਜਾਂਦਾ ਹੈ। ਭਾਖੜਾ ਡੈਮ ਬਣਾਉਣ ਅਤੇ ਭੱਠੀ ਵਾਂਗ ਤਪਦੇ ਇਲਾਕਿਆਂ ਵਿਚ ਅੰਮ੍ਰਿਤ ਵਰਗਾ ਮਿੱਠਾ, ਨੀਲਾ ਅਤੇ ਠੰਢਾ ਪਾਣੀ ਪਹੁੰਚਾਣ ਦਾ ਸਿਹਰਾ ਸਿਰਫ਼ ਸਰ ਛੋਟੂ ਰਾਮ ਦੇ ਸਿਰ ਹੈ ਪਰ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ ਹੈ ਅਤੇ ਚਿੱਟੀਆਂ ਟੋਪੀਆਂ ਵਾਲੇ ਨੇਤਾਵਾਂ ਨੇ ਇਸ ਨੂੰ 'ਮੁੜ ਸੁਰਜੀਤ ਹੋਏ ਭਾਰਤ ਦਾ ਨਵਾਂ ਮੰਦਰ’ ਦੇ ਕਾਵਿਕ ਸ਼ਬਦ ਬੋਲ ਕੇ ਆਪਣੀ ਪ੍ਰਾਪਤੀ ਬਣਾ ਲਿਆ। ਜਾਣਕਾਰ ਅਤੇ ਸੰਵੇਦਨਸ਼ੀਲ ਲੋਕਾਂ ਲਈ ਭਾਖੜਾ ਡੈਮ ਤੋਂ ਨਿਕਲੀਆਂ ਨਹਿਰਾਂ ਦੇ ਨੀਲੇ ਪਾਣੀ ਦੇ ਚੱਪੇ-ਚੱਪੇ 'ਤੇ ਮਾਤਾ ਸਰਲਾ ਦੇਵੀ ਅਤੇ ਪਿਤਾ ਚੌਧਰੀ ਸੁਖ ਰਾਮ ਦੇ ਲਾਲ ਦੀ ਤਸਵੀਰ ਝਲਕਦੀ ਹੈ। ਪ੍ਰਣਾਮ ਹੈ ਪੰਜਾਬ ਦੇ ਨਿਰੰਤਰ ਜੱਦੋ-ਜਹਿਦ ਕਰਨ ਵਾਲੇ ਇਸ ਅਨਮੋਲ ਹੀਰੇ ਨੂੰ, ਪ੍ਰਣਾਮ ਹੈ ਗੋਬਿੰਦ ਸਾਗਰ ਦੀ ਗੋਦ ਵਿਚ ਆਪਣੇ ਵਡੇਰਿਆਂ ਦੇ 371 ਪਿੰਡਾਂ ਦੇ ਜੱਦੀ ਘਰ, ਮੰਦਰ, ਰਮਣੀਕ ਪਹਾੜ, ਖੇਤ ਅਤੇ ਬਾਗ਼-ਬਗ਼ੀਚੇ ਸਪੁਰਦ ਕਰ ਕੇ ਖ਼ੁਸ਼ੀ-ਖ਼ੁਸ਼ੀ ਰਾਜਸਥਾਨ ਦੇ ਅੱਗ ਉਗਲਦੇ ਟਿੱਬਿਆਂ ਵੱਲ ਰੁਖ਼ਸਤ ਹੋਏ ਹਿਮਾਚਲ ਦੇ ਗ਼ਰੀਬ, ਦੇਸ਼-ਭਗਤ ਕਿਸਾਨਾਂ ਨੂੰ, ਪ੍ਰਣਾਮ ਹੈ ਉਨ੍ਹਾਂ ਹਜ਼ਾਰਾਂ ਮਜ਼ਦੂਰਾਂ ਅਤੇ ਇੰਜੀਨੀਅਰਾਂ ਨੂੰ ਜਿਨ੍ਹਾਂ ਨੇ ਕਈ ਦਹਾਕਿਆਂ ਤਕ ਅਣਥੱਕ ਮਿਹਨਤ ਕਰ ਕੇ ਧਰਤੀ ਮਾਂ ਦੀ ਭੁਜਦੀ ਹਿੱਕ ਠਾਰ ਦਿੱਤੀ।

ਸਾਹਿਰ ਲੁਧਿਆਣਵੀ ਦਾ ਇਹ ਸ਼ੇਅਰ ਕਿੰਨਾ ਢੁਕਦਾ ਹੈ:

' ਜੋ ਤਾਰ ਸੇ ਨਿਕਲੀ ਹੈ

ਵੋਹ ਧੁਨ ਸਭ ਨੇ ਸੁਨੀ ਹੈ,

ਜੋ ਸਾਜ਼ ਪੇ ਗੁਜ਼ਰੀ ਹੈ

ਵੋਹ ਕਿਸ ਦਿਲ ਕੋ ਪਤਾ ਹੈ।'

1947 ਤੋਂ ਪਹਿਲਾਂ ਹੋਈ ਤਿਆਰੀ 'ਤੇ ਪੰਛੀ-ਝਾਤ

- ਨਿਕਲਸਨ ਦੀ ਡੈਮ ਬਣਾਉਣ ਲਈ ਸਹੀ ਸਥਾਨ ਦੀ ਖੋਜ ਤੋਂ ਬਾਅਦ ਇਸ ਦੇ ਨਿਰਮਾਣ ਦਾ ਸੁਝਾਅ ਪਹਿਲੀ ਵਾਰ 1915 ਵਿਚ ਚੀਫ਼ ਇੰਜੀਨੀਅਰ ਐੱਫ਼ ਈ ਗਵਾਈਥਰ ਨੇ ਦਿੱਤਾ ਸੀ।

- 1920 ਅਤੇ 1938 ਦੇ ਦਰਮਿਆਨ ਕਾਫ਼ੀ ਕੰਮ ਕੀਤਾ ਗਿਆ। ਭੂ-ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਬਣਨ ਵਾਲੀ ਝੀਲ ਨੂੰ ਰੋਕਣ ਵਾਲੇ ਪਹਾੜਾਂ ਦੀ ਮਜ਼ਬੂਤੀ ਦਾ ਜਾਇਜ਼ਾ ਲਿਆ। ਮਸ਼ਹੂਰ ਅਮਰੀਕਨ ਡੈਮ-ਨਿਰਮਾਤਾ 'ਵਿੱਲੀ’ ਨੇ ਡੈਮ ਨੂੰ ਬਿਲਕੁਲ ਸੁਰੱਖਿਅਤ ਘੋਸ਼ਿਤ ਕਰ ਕੇ ਇਸ ਦੀ ਉਚਾਈ ਵਧਾਉਣ ਦੀ ਸਲਾਹ ਦਿੱਤੀ।

- 1939 ਵਿਚ ਮਸ਼ਹੂਰ ਭਾਰਤੀ ਇੰਜੀਨੀਅਰ ਡਾ ਏ ਐਨ ਖੋਸਲਾ ਦੀ ਟੀਮ ਨੇ ਕਈ ਮਹੱਤਵਪੂਰਨ ਸੁਝਾਅ ਦਿੱਤੇ। ਭੂਚਾਲ ਤੋਂ ਸੁਰੱਖਿਆ ਬਾਰੇ ਅਧਿਐਨ ਕੀਤਾ ਗਿਆ। ਪਹਾੜਾਂ ਤੋਂ ਖੁਰ ਕੇ ਆਉਣ ਵਾਲੀ ਮਿੱਟੀ ਦੀ ਸਮੱਸਿਆ ਬਾਰੇ ਵਿਚਾਰ ਕੀਤਾ ਗਿਆ। ਡੈਮ ਨਿਰਮਾਣ ਵੇਲੇ ਦਰਿਆ ਦਾ ਪਾਣੀ ਹੋਰ ਪਾਸੇ ਮੋੜਨ ਦਾ ਢੰਗ ਤਜਵੀਜ਼ ਕੀਤਾ ਗਿਆ। ਡੈਮ ਦੀ ਨੀਂਹ ਅਤੇ ਪਹਾੜਾਂ ਨਾਲ ਸਹਾਰੇ ਦੀ ਮਜ਼ਬੂਤੀ ਪਰਖੀ ਗਈ। ਇਸ ਡੈਮ ਤੋਂ ਬਿਜਲੀ ਪੈਦਾ ਕਰਨ ਦਾ ਸੁਝਾਅ ਪਹਿਲੀ ਵਾਰ ਇਸ ਕਮੇਟੀ ਨੇ ਦਿੱਤਾ।

- 1944 ਵਿਚ ਇਕ ਅਮਰੀਕਨ ਇੰਜੀਨੀਅਰ ਡਾ ਜੇ ਐੱਲ ਸੈਵਿਜ ਨੇ ਡੈਮ ਦੀ ਨੀਂਹ ਅਤੇ ਦੋਹਾਂ ਸਿਰਿਆਂ ਤੇ ਪਹਾੜਾਂ ਦੇ ਨਾਲ ਲੱਗਦੇ ਸਹਾਰੇ ਦੀ ਮਜ਼ਬੂਤੀ ਕਰਨ ਦੇ ਹੋਰ ਅੱਗੇ ਸੁਝਾਅ ਦਿੱਤੇ।

- 1945 ਤੋਂ 1947 ਤਕ ਇਕ ਅਮਰੀਕਨ ਭੂ-ਵਿਗਿਆਨੀ ਡਾ ਐੱਫ ਏ ਨਿੱਕਲ ਨੇ ਡੈਮ ਦੀ ਨੀਂਹ ਅਤੇ ਝੀਲ ਦੀ ਸਤ੍ਹਾ ਦੇ ਹੇਠ ਆਉਣ ਵਾਲੀ ਜ਼ਮੀਨ ਦੀ ਕਾਫ਼ੀ ਡੂੰਘੇ ਪੱਧਰ ਤਕ ਜਾਂਚ ਕਰਨ ਲਈ 58 ਥਾਵਾਂ 'ਤੇ ਡਰਿਲਿੰਗ ਕੀਤੀ। ਆਸੇ-ਪਾਸੇ ਦੇ ਪਹਾੜਾਂ ਦੀ ਮਜ਼ਬੂਤੀ ਵੀ ਇਕ ਵਾਰ ਫਿਰ ਪਰਖੀ ਗਈ। ਅਮਰੀਕਾ ਦੀ 'ਡੈਨਵਰ’' ਨਾਂ ਦੀ ਇਕ ਅੰਤਰ-ਰਾਸ਼ਟਰੀ ਕੰਪਨੀ ਨੇ ਡੈਮ ਦਾ ਡਿਜ਼ਾਈਨ ਤਿਆਰ ਕਰ ਕੇ ਝੀਲ ਦੀ ਸਮਰੱਥਾ ਨਿਰਧਾਰਿਤ ਕਰ ਕੇ ਇਸ ਤੇ ਆਖ਼ਰੀ ਮੋਹਰ ਲਗਾ ਦਿੱਤੀ।

ਇਸ ਤਰ੍ਹਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਰਾਜਨੀਤਕ, ਆਰਥਿਕ, ਵਿਗਿਆਨਕ ਅਤੇ ਨਿਰਮਾਣ ਪੱਧਰ 'ਤੇ ਭਾਖੜਾ ਡੈਮ ਦੀ ਉਸਾਰੀ ਦਾ ਅਤਿ ਮਹੱਤਵਪੂਰਣ ਕੰਮ ਹੋ ਚੁੱਕਾ ਸੀ। 1947 ਤੋਂ ਬਾਅਦ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਸਿਰਫ਼ ਇਸ ਨੂੰ ਚਾਲੂ ਰੱਖ ਕੇ

ਸਿਰੇ ਚੜ੍ਹਾਉਣਾ ਸੀ।

- ਪ੍ਰੋ. ਬਸੰਤ ਸਿੰਘ ਬਰਾੜ

98149-41214

Posted By: Harjinder Sodhi