ਭਾਰਤੀਆਂ ਦੀ ਬੱਲੇ-ਬੱਲੇ : ਹੁਣ ਬਿਨਾਂ ਵੀਜ਼ਾ ਜਰਮਨੀ ਦੇ ਰਸਤੇ ਉੱਡੋ ਵਿਦੇਸ਼, ਟਰਾਂਜ਼ਿਟ ਵੀਜ਼ਾ ਤੋਂ ਮਿਲੀ ਮੁਕਤੀ
ਹੁਣ ਤੁਸੀਂ ਬਿਨਾਂ ਵੀਜ਼ੇ ਦੇ ਜਰਮਨੀ ਦੇ ਅੰਤਰਰਾਸ਼ਟਰੀ ਟਰਾਂਜ਼ਿਟ ਏਰੀਆ ਵਿੱਚ ਰੁਕ ਸਕਦੇ ਹੋ ਅਤੇ ਅਗਲੀ ਫਲਾਈਟ ਲੈ ਸਕਦੇ ਹੋ। ਇਹ ਘੋਸ਼ਣਾ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਦੀ ਪਹਿਲੀ ਭਾਰਤ ਯਾਤਰਾ ਦੌਰਾਨ ਕੀਤੀ ਗਈ। ਅਹਿਮਦਾਬਾਦ ਵਿੱਚ ਪੀਐਮ ਮੋਦੀ ਨੇ ਚਾਂਸਲਰ ਮਰਜ਼ ਨਾਲ ਮੁਲਾਕਾਤ ਕੀਤੀ
Publish Date: Tue, 13 Jan 2026 12:43 PM (IST)
Updated Date: Tue, 13 Jan 2026 12:51 PM (IST)
ਨਵੀਂ ਦਿੱਲੀ: ਵਿਦੇਸ਼ ਯਾਤਰਾ ਦੌਰਾਨ ਕਨੈਕਟਿੰਗ ਫਲਾਈਟ ਫੜਨਾ ਅਕਸਰ ਤਣਾਅਪੂਰਨ ਹੁੰਦਾ ਹੈ, ਖਾਸ ਕਰਕੇ ਜਦੋਂ ਹਵਾਈ ਅੱਡੇ 'ਤੇ ਸਿਰਫ਼ ਕੁਝ ਘੰਟੇ ਬਿਤਾਉਣ ਲਈ ਵੀ ਵੱਖਰੇ ਵੀਜ਼ੇ ਦੀ ਲੋੜ ਪਵੇ ਪਰ ਹੁਣ ਭਾਰਤੀ ਯਾਤਰੀਆਂ ਲਈ ਇੱਕ ਖੁਸ਼ਖਬਰੀ ਹੈ। ਜਰਮਨੀ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ 'ਟਰਾਂਜ਼ਿਟ ਵੀਜ਼ਾ' (German Transit Visa) ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ।
ਸੋਮਵਾਰ ਨੂੰ ਹੋਈ ਇਸ ਮਹੱਤਵਪੂਰਨ ਘੋਸ਼ਣਾ ਤੋਂ ਬਾਅਦ ਹੁਣ ਭਾਰਤੀਆਂ ਦਾ ਸਫ਼ਰ ਬਿਨਾਂ ਕਿਸੇ ਕਾਗਜ਼ੀ ਰੁਕਾਵਟ ਦੇ ਹੋਰ ਵੀ ਸੁਖਾਲਾ ਹੋ ਜਾਵੇਗਾ।
ਕੀ ਹੁੰਦਾ ਹੈ ਟਰਾਂਜ਼ਿਟ ਵੀਜ਼ਾ
ਟਰਾਂਜ਼ਿਟ ਵੀਜ਼ਾ ਇੱਕ ਅਜਿਹੀ ਇਜਾਜ਼ਤ ਹੁੰਦੀ ਹੈ ਜਿਸ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਤੁਸੀਂ ਕਿਸੇ ਦੇਸ਼ ਵਿੱਚ ਘੁੰਮਣ ਨਹੀਂ ਜਾ ਰਹੇ ਹੁੰਦੇ, ਸਗੋਂ ਉੱਥੋਂ ਦੇ ਹਵਾਈ ਅੱਡੇ 'ਤੇ ਰੁਕ ਕੇ ਅਗਲੀ ਫਲਾਈਟ ਫੜਨੀ ਹੁੰਦੀ ਹੈ। ਪਹਿਲਾਂ ਭਾਰਤੀਆਂ ਨੂੰ ਫਰੈਂਕਫਰਟ ਜਾਂ ਮਿਊਨਿਖ ਵਰਗੇ ਹਵਾਈ ਅੱਡਿਆਂ 'ਤੇ ਰੁਕਣ ਲਈ ਵੀ 'ਕੈਟੇਗਰੀ A' ਵੀਜ਼ਾ ਲੈਣਾ ਪੈਂਦਾ ਸੀ ਪਰ ਹੁਣ ਇਸ ਦੀ ਲੋੜ ਨਹੀਂ ਪਵੇਗੀ।
ਨਵੇਂ ਨਿਯਮ ਦੇ ਮੁੱਖ ਨੁਕਤੇ
ਹੁਣ ਤੁਸੀਂ ਬਿਨਾਂ ਵੀਜ਼ੇ ਦੇ ਜਰਮਨੀ ਦੇ ਅੰਤਰਰਾਸ਼ਟਰੀ ਟਰਾਂਜ਼ਿਟ ਏਰੀਆ ਵਿੱਚ ਰੁਕ ਸਕਦੇ ਹੋ ਅਤੇ ਅਗਲੀ ਫਲਾਈਟ ਲੈ ਸਕਦੇ ਹੋ। ਇਹ ਘੋਸ਼ਣਾ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਦੀ ਪਹਿਲੀ ਭਾਰਤ ਯਾਤਰਾ ਦੌਰਾਨ ਕੀਤੀ ਗਈ। ਅਹਿਮਦਾਬਾਦ ਵਿੱਚ ਪੀਐਮ ਮੋਦੀ ਨੇ ਚਾਂਸਲਰ ਮਰਜ਼ ਨਾਲ ਮੁਲਾਕਾਤ ਕੀਤੀ ਅਤੇ ਇਸ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
ਸਾਵਧਾਨੀ ਵੀ ਹੈ ਜ਼ਰੂਰੀ
ਏਅਰਪੋਰਟ ਤੋਂ ਬਾਹਰ ਜਾਣ ਦੀ ਮਨਾਹੀ: ਇਹ ਸਹੂਲਤ ਸਿਰਫ਼ ਹਵਾਈ ਅੱਡੇ ਦੇ ਅੰਦਰ ਰੁਕਣ ਲਈ ਹੈ। ਤੁਸੀਂ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਜਰਮਨੀ ਸ਼ਹਿਰ ਵਿੱਚ ਨਹੀਂ ਘੁੰਮ ਸਕਦੇ।
ਸੈਰ-ਸਪਾਟੇ ਲਈ ਵੀਜ਼ਾ ਲਾਜ਼ਮੀ: ਜੇਕਰ ਤੁਹਾਡਾ ਮਕਸਦ ਜਰਮਨੀ ਵਿੱਚ ਰਹਿਣਾ, ਕਾਰੋਬਾਰ ਕਰਨਾ ਜਾਂ ਰਿਸ਼ਤੇਦਾਰਾਂ ਨੂੰ ਮਿਲਣਾ ਹੈ ਤਾਂ ਤੁਹਾਨੂੰ ਪਹਿਲਾਂ ਵਾਂਗ ਹੀ ਵੀਜ਼ਾ ਲੈਣਾ ਪਵੇਗਾ।