ਹਰ ਸਾਲ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹਿੰਦ-ਪਾਕਿ ਸਰਹੱਦ ਹੁਸੈਨੀਵਾਲਾ ਦੇਸ਼ ਭਗਤੀ ਦੇ ਪਹਿਲਾਂ ਤੋਂ ਵੱਧ ਗੂੜ੍ਹੇ ਰੰਗ ’ਚ ਰੰਗਿਆ ਜਾਂਦਾ ਹੈ। ਭਾਰਤ ਮਾਂ ਦੇ ਤਿੰਨ ਮਹਾਨ ਯੋਧਿਆਂ ਸ੍ਰ. ਭਗਤ ਸਿੰਘ, ਸੁਖਦੇਵ, ਰਾਜਗੁਰੂ ਨੇ ਆਪਣੀ ਜਾਨ ਕੁਰਬਾਨ ਕਰ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ 23 ਮਾਰਚ 1931 ਦੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਇੱਥੇ ਚੋਰੀ-ਛੁਪੇ ਬਿਨਾਂ ਕਿਸੇ ਧਾਰਮਿਕ ਰਸਮਾਂ ਦੇ ਕੀਤਾ।

ਹਰ ਸਾਲ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹਿੰਦ-ਪਾਕਿ ਸਰਹੱਦ ਹੁਸੈਨੀਵਾਲਾ ਦੇਸ਼ ਭਗਤੀ ਦੇ ਪਹਿਲਾਂ ਤੋਂ ਵੱਧ ਗੂੜ੍ਹੇ ਰੰਗ ’ਚ ਰੰਗਿਆ ਜਾਂਦਾ ਹੈ। ਭਾਰਤ ਮਾਂ ਦੇ ਤਿੰਨ ਮਹਾਨ ਯੋਧਿਆਂ ਸ੍ਰ. ਭਗਤ ਸਿੰਘ, ਸੁਖਦੇਵ, ਰਾਜਗੁਰੂ ਨੇ ਆਪਣੀ ਜਾਨ ਕੁਰਬਾਨ ਕਰ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ 23 ਮਾਰਚ 1931 ਦੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਇੱਥੇ ਚੋਰੀ-ਛੁਪੇ ਬਿਨਾਂ ਕਿਸੇ ਧਾਰਮਿਕ ਰਸਮਾਂ ਦੇ ਕੀਤਾ। ਦੇਸ਼ ਭਗਤ ਲੋਕਾਂ ਦੀ ਬਦੌਲਤ ਹੁਣ ਇਹ ਅਸਥਾਨ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਚੁੱਕਿਆ ਹੈ। ਇੱਥੇ ਸਤਲੁਜ ਦਰਿਆ ਦੇ ਵਗਦੇ ਪਾਣੀ ਦੀ ਮਧੁਰ ਆਵਾਜ਼, ਹਰਿਆ-ਭਰਿਆ ਵਾਤਾਵਰਣ ਅਤੇ ਕੁਦਰਤ ਦੇ ਸੁਹੱਪਣ ਦੀ ਇਕ ਦਿਲ ਖਿੱਚਵੀਂ ਤਸਵੀਰ ਦੇਖਣ ਨੂੰ ਮਿਲਦੀ ਹੈ। ਵਿਸ਼ਵ ਪ੍ਰਸਿੱਧ ਸ਼ਹੀਦੀ ਸਮਾਰਕ ਹੁਸੈਨੀਵਾਲਾ ਹਿੰਦ-ਪਾਕਿ ਸਰਹੱਦ ’ਤੇ ਸਤਲੁਜ ਦਰਿਆ ਦੇ ਕੰਢੇ ਉੱਪਰ ਫਿਰੋਜ਼ਪੁਰ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
ਦੇਸ਼ ਵੰਡ ਤੋਂ ਪਹਿਲਾਂ ਵਪਾਰ ਦੇ ਸੀ ਮੁੱਖ ਕੇਂਦਰ
ਹੁਸੈਨੀਵਾਲਾ ਪਿੰਡ ਦਾ ਨਾਂ ਮੁਸਲਮਾਨ ਪੀਰ ਬਾਬਾ ਗ਼ੁਲਾਮ ਹੁਸੈਨ ਦੇ ਨਾਂ ’ਤੇ ਰੱਖਿਆ ਗਿਆ ਹੈ। ਦੇਸ਼ ਵੰਡ ਤੋਂ ਪਹਿਲਾਂ ਹੁਸੈਨੀਵਾਲਾ ਦੇਸ਼ ਦੇ ਵਪਾਰ ਦਾ ਮੁੱਖ ਕੇਂਦਰ ਸੀ। 1887 ਵਿਚ ਸਤਲੁਜ ਦਰਿਆ ’ਤੇ ਇਤਿਹਾਸਕ ਪੁਲ ਕੇਸਰ-ਏ-ਹਿੰਦ ਬਣਨ ਅਤੇ ਬਾਅਦ ’ਚ ਜਲਦੀ ਹੀ ਰੇਲ ਲਿੰਕ ਜੁੜਨ ਨਾਲ ਇਸ ਸਥਾਨ ਤੋਂ ਅਫ਼ਗਾਨਿਸਤਾਨ ਤੋਂ ਲੈ ਕੇ ਪੂਰੇ ਉੱਤਰ ਭਾਰਤ ਤਕ ਵਪਾਰ ਦਾ ਧੁਰਾ ਬਣ ਗਿਆ। ਅੰਗਰੇਜ਼ ਹਕੂਮਤ ਵੱਲੋਂ ਬਣਵਾਇਆ ਇਹ ਵਿਲੱਖਣ ਕਿਸਮ ਦਾ ਦੂਹਰਾ ਪੁਲ ਉਸ ਸਮੇਂ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਹੈ। ਇਸ ਦੇ ਹੇਠਲੇ ਹਿੱਸੇ ਤੋਂ ਰੇਲਗੱਡੀ ਲੰਘਦੀ ਸੀ ਅਤੇ ਉੱਪਰ ਸੜਕੀ ਆਵਾਜਾਈ ਚੱਲਦੀ ਸੀ। ਪੁਲ ਦੀ ਬਦੌਲਤ ਇਹ ਇਲਾਕਾ ਵਪਾਰਕ ਪੱਖੋਂ ਬੇਹੱਦ ਖ਼ੁਸ਼ਹਾਲ ਬਣ ਗਿਆ ਸੀ। ਇਸ ਪੁਲ ਦੇ ਮਜ਼ਬੂਤ 27 ਪਿੱਲਰ ਅੱਜ ਵੀ ਮੌਜੂਦ ਹਨ। ਦੇਸ਼ ਵੰਡ ਤੋਂ ਬਾਅਦ 1971 ਦੀ ਹਿੰਦ-ਪਾਕਿ ਜੰਗ ਤਕ ਇਹ ਵਪਾਰ ਬਾਖ਼ੂਬੀ ਚੱਲਦਾ ਰਿਹਾ। ਪਾਕਿਸਤਾਨ ਵਾਲੇ ਪਾਸੇ ਤੋਂ ਗੰਡਾ ਸਿੰਘ ਚੈੱਕ ਪੋਸਟ ਅਤੇ ਹਿੰਦੁਸਤਾਨ ਦੀ ਹੁਸੈਨੀਵਾਲਾ ਚੈੱਕ ਪੋਸਟ ਤੋਂ ਅੰਗੂਰ, ਅਨਾਰ, ਚਮੜਾ, ਡਰਾਈ ਫਰੂਟ ਅਤੇ ਹੋਰ ਲੋੜੀਂਦੇ ਸਾਮਾਨ ਦਾ ਅਦਾਨ ਪ੍ਰਦਾਨ ਹੁੰਦਾ ਸੀ, ਜਿਸ ਕਾਰਨ ਇਲਾਕੇ ਦੇ ਲੋਕ ਆਰਥਿਕ ਪੱਖੋਂ ਖੁਸ਼ਹਾਲ ਸਨ। 1971 ਤੋਂ ਵਪਾਰ ਬੰਦ ਹੋਣ ਨਾਲ ਹੀ ਇਲਾਕੇ ਦੇ ਵਿਕਾਸ ਦੇ ਰਸਤੇ ਵੀ ਬੰਦ ਹੋਣ ਲੱਗੇ ਤੇ ਇਹ ਇਲਾਕਾ ਦੇਸ਼ ਦੇ ਪੱਛੜੇ ਇਲਾਕਿਆਂ ’ਚ ਸ਼ੁਮਾਰ ਹੋਣ ਲੱਗਿਆ। ਅੱਜ ਦੇਸ਼ ਦਾ ਸਭ ਤੋਂ ਪੁਰਾਣਾ ਜ਼ਿਲ੍ਹਾ ਫ਼ਿਰੋਜ਼ਪੁਰ ਦੇਸ਼ ਦੇ 100 ਸਭ ਤੋਂ ਪੱਛੜੇ ਜ਼ਿਲ੍ਹਿਆਂ ਵਿਚ ਸ਼ੁਮਾਰ ਹੈ। ਹੁਸੈਨੀਵਾਲਾ ਨਾਲ ਲੱਗਦੇ 15 ਪਿੰਡਾ ਦੇ ਲੋਕਾਂ ਦੀ ਆਰਥਿਕ ਤੇ ਸਮਾਜਿਕ ਹਾਲਤ ਬੇਹੱਦ ਕਮਜ਼ੋਰ ਹੈ।
ਹਰ ਨਾਗਰਿਕ ਦੀ ਜ਼ੁਬਾਨ ’ਤੇ ਸੀ ਨਾਂ
ਹੁਸੈਨੀਵਾਲਾ ਦਾ ਨਾਂ ਉਸ ਵਕਤ ਦੇਸ਼ ਦੇ ਹਰ ਨਾਗਰਿਕ ਦੀ ਜ਼ੁਬਾਨ ’ਤੇ ਸੀ, ਜਦੋਂ 23 ਮਾਰਚ 1931 ਨੂੰ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਨਿਸ਼ਚਿਤ ਸਮੇਂ ਤੋਂ ਇਕ ਦਿਨ ਪਹਿਲਾਂ ਫ਼ਾਂਸੀ ਲਗਾ ਕੇ ਚੋਰੀ-ਛੁਪੇ ਇਸ ਸਥਾਨ ’ਤੇ ਲਿਆ ਕੇ ਬਗ਼ੈਰ ਕਿਸੇ ਰਸਮਾਂ ਦੇ ਅੰਤਿਮ ਸਸਕਾਰ ਕਰ ਕੇ ਅੱਧ ਜਲੀਆਂ ਲਾਸ਼ਾਂ ਨੂੰ ਸਤਲੁਜ ਦਰਿਆ ਵਿਚ ਪ੍ਰਵਾਹ ਕਰ ਕੀਤਾ। ਅੰਗਰੇਜ਼ ਹਕੂਮਤ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦਾ ਖੁਰਾਖੋਜ ਮਿਟਾਉਣਾ ਚਾਹੁੰਦੀ ਸੀ ਪ੍ਰੰਤੂ ਇਹ ਮਹਾਨ ਯੋਧੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਅਜਿਹੇ ਹੀਰੇ ਬਣ ਕੇ ਉੱਭਰੇ ਕਿ ਅੱਜ ਵੀ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਦੇ ਸ਼ਹੀਦੀ ਸਮਾਰਕਾਂ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚਦੇ ਹਨ। ਸਰਕਾਰ ਵੱਲੋਂ ਵੀ ਸ਼ਹੀਦਾਂ ਦੀ ਯਾਦ ਵਿਚ ਰਾਜ ਪੱਧਰੀ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਹਿੰਦ-ਪਾਕਿ ਬਟਵਾਰੇ ਸਮੇਂ ਇਹ ਇਤਿਹਾਸਕ ਸਥਾਨ ਪਾਕਿਸਤਾਨ ਕੋਲ ਚਲਾ ਗਿਆ ਸੀ ਪ੍ਰੰਤੂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਭਾਰਤ ਸਰਕਾਰ ਵੱਲੋਂ 17 ਜਨਵਰੀ 1961 ਨੂੰ ਦੋਵਾਂ ਦੇਸ਼ਾਂ ਵਿਚ ਹੋਏ ਸਮਝੌਤੇ ਤਹਿਤ ਫ਼ਾਜ਼ਿਲਕਾ ਨਾਲ ਲੱਗਦੇ ਸੁਲੇਮਾਨਕੀ ਦੇ 12 ਪਿੰਡ ਦੇ ਕੇ ਬਦਲੇ ਵਿਚ ਇਹ ਇਤਿਹਾਸਕ ਸਥਾਨ ਪ੍ਰਾਪਤ ਕੀਤਾ ਅਤੇ ਇੱਥੇ ਯਾਦਗਾਰ ਬਣਾਈ ਗਈ। ਇਸ ਕੌਮੀ ਯਾਦਗਾਰ ਦਾ ਨੀਂਹ ਪੱਥਰ 23 ਮਾਰਚ 1965 ਨੂੰ ਉਸ ਸਮੇਂ ਦੇ ਦੇਸ਼ ਦੇ ਰੱਖਿਆ ਮੰਤਰੀ ਵਾਈਬੀ ਚਵਾਨ ਵੱਲੋਂ ਰੱਖਿਆ ਗਿਆ ਸੀ ਤੇ ਇਸ ਯਾਦਗਾਰ ਦਾ ਉਦਘਾਟਨ 23 ਮਾਰਚ 1968 ਨੂੰ ਪੰਜਾਬ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵੱਲੋਂ ਕਰ ਕੇ ਦੇਸ਼ ਨੂੰ ਸਮਰਪਿਤ ਕੀਤੀ। 1971 ਦੀ ਹਿੰਦ-ਪਾਕਿ ਜੰਗ ਸਮੇਂ ਵੀ ਇਸ ਸਥਾਨ ਦਾ ਬਹੁਤ ਨੁਕਸਾਨ ਹੋਇਆ। ਸਮਾਰਕ ਦੇ ਬਿਲਕੁਲ ਨਾਲ ਕੇਸਰ-ਏ-ਹਿੰਦ ਪੁਲ ਦੇ ਗੇਟ ਦੀ ਇਤਿਹਾਸਕ ਉੱਚੀ ਇਮਾਰਤ ਹੈ, ਜਿਸ ਉਪਰ 1965 ਅਤੇ 1971 ਦੀ ਜੰਗ ਦੌਰਾਨ ਲੱਗੀਆਂ ਗੋਲੀਆਂ, ਰਾਕੇਟ ਤੇ ਬੰਬਾਂ ਕਾਰਨ ਹੋਏ ਨੁਕਸਾਨ ਦੇ ਨਿਸ਼ਾਨ ਮੌਜੂਦ ਹਨ।
ਸਮਾਧੀ ਬੀਕੇ ਦੱਤ
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਨੇੜਲੇ ਸਾਥੀ ਬੁਟਕੇਸ਼ਵਰ ਦੱਤ, ਜਿਨ੍ਹਾਂ ਨੇ ਭਗਤ ਸਿੰਘ ਨਾਲ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਿਆ ਸੀ। 20 ਸਾਲ ਦੀ ਸਖ਼ਤ ਸਜ਼ਾ ਅੰਡੇਮਾਨ ਨਿਕੋਬਾਰ ਦੀ ਜੇਲ੍ਹ ’ਚ ਕੱਟਣ ਵਾਲੇ ਮਹਾਨ ਸੁਤੰਤਰਤਾ ਸੈਨਾਨੀ ਨੇ ਦੇਸ਼ ਦੀ ਸੁਤੰਤਰਤਾ ਲਈ ਘੋਰ ਤਸੀਹੇ ਸਹੇ ਤੇ ਬੁਰੇ ਹਾਲਾਤਾਂ ਦਾ ਸਾਹਮਣਾ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਮਹਾਨ ਸਪੂਤ ਦੀ ਹਾਲਤ ਤਰਸਯੋਗ ਹੀ ਰਹੀ। 28 ਜੁਲਾਈ 1965 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਤੇ ਉਸ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਦੇ ਨਜ਼ਦੀਕ ਹੁਸੈਨੀਵਾਲਾ ਵਿਖੇ ਕੀਤਾ ਗਿਆ, ਜਿੱਥੇ ਅੱਜ ਉਸ ਦੀ ਯਾਦਗਾਰ ਮੌਜੂਦ ਹੈ।
ਪੰਜਾਬ ਮਾਤਾ ਦੀ ਯਾਦਗਾਰ ’ਤੇ ਕਰਦੇ ਸਿੱਜਦਾ
ਸ਼ਹੀਦ ਭਗਤ ਸਿੰਘ ਦੀ ਮਾਤਾ ਬੀਬੀ ਵਿੱਦਿਆਵਤੀ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 1973 ਵਿਚ ਪੰਜਾਬ ਮਾਤਾ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ , ਦੀ ਯਾਦਗਾਰ ਵੀ ਹੁਸੈਨੀਵਾਲਾ ਵਿਖੇ ਮੌਜੂਦ ਹੈ। ਮਾਤਾ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਜੂਨ 1975 ਨੂੰ ਇਸੇ ਸਥਾਨ ’ਤੇ ਹੀ ਕੀਤਾ ਗਿਆ ਸੀ। ਇਸ ਪਵਿੱਤਰ ਸਥਾਨ ’ਤੇ ਪਹੁੰਚਣ ਵਾਲੇ ਲੋਕ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉੱਥੇ ਹੀ ਪੰਜਾਬ ਮਾਤਾ ਦੀ ਯਾਦਗਾਰ ’ਤੇ ਪੂਰੇ ਸਤਿਕਾਰ ਨਾਲ ਸਿੱਜਦਾ ਕਰਦੇ ਹਨ।
ਬੀਕਾਨੇਰ ਗੰਗ ਕੈਨਾਲ
ਹੁਸੈਨੀਵਾਲਾ ਹੈੱਡਵਰਕਸ ਤੋਂ ਉਹ ਇਤਿਹਾਸਕ ਬੀਕਾਨੇਰ ਗੰਗ ਕੈਨਾਲ ਨਿਕਲਦੀ ਹੈ ,ਜਿਸ ਦਾ ਨੀਂਹ ਪੱਥਰ 1925 ਨੂੰ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਵੱਲੋਂ ਹੁਸੈਨੀਵਾਲਾ ਵਿਖੇ ਰੱਖਿਆ ਗਿਆ ਸੀ। ਇਹ ਨਹਿਰ ਰਾਜਸਥਾਨ ਦੀ ਪਹਿਲੀ ਸਿੰਚਾਈ ਪਰਿਯੋਜਨਾ ਸੀ ਅਤੇ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਅਤੇ ਵਿਕਸਿਤ ਪਰਿਯੋਜਨਾ ਵਿੱਚੋਂ ਇਕ ਹੈ। ਇਸ ਨਹਿਰ ਨੂੰ ਜਿੱਥੇ ਗੰਗਾਨਗਰ (ਰਾਜਸਥਾਨ ) ਇਲਾਕੇ ਦੀ ਜੀਵਨ ਰੇਖਾ ਤੇ ਆਰਥਿਕ ਖ਼ੁਸ਼ਹਾਲੀ ਦਾ ਆਧਾਰ ਕਿਹਾ ਜਾਂਦਾ ਹੈ, ਉੱਥੇ ਫਿਰੋਜ਼ਪੁਰ ਵਾਸੀਆਂ ਲਈ ਇਸ ਦੀ ਬੇਹੱਦ ਇਤਿਹਾਸਕ ਮਹੱਤਤਾ ਹੈ। ਇਤਿਹਾਸਕਾਰਾਂ ਅਨੁਸਾਰ ਗੰਗ ਕੈਨਾਲ ਨਹਿਰ ਕਾਰਨ ਬੀਕਾਨੇਰ ਦੇ ਸ਼ਾਸਕਾਂ ਨੇ ਦੇਸ਼ ਦੀ ਵੰਡ ਸਮੇਂ ਫ਼ਿਰੋਜ਼ਪੁਰ ਨੂੰ ਪਾਕਿਸਤਾਨ ਵਿਚ ਜਾਣ ਤੋਂ ਰੋਕਣ ਲਈ ਅਣਥੱਕ ਯਤਨ ਕੀਤੇ ਤੇ ਰੈੱਡਕਲਿਫ ਲਾਈਨ ਦੁਬਾਰਾ ਨਿਰਧਾਰਤ ਕਰਨ ਉਪਰੰਤ ਫ਼ਿਰੋਜ਼ਪੁਰ ਪਾਕਿਸਤਾਨ ’ਚ ਜਾਣ ਤੋਂ ਬਚ ਗਿਆ।
ਰੀਟ੍ਰੀਟ ਸੈਰੇਮਨੀ ਦਾ ਨਜ਼ਾਰਾ
ਹੁਸੈਨੀਵਾਲਾ ਸ਼ਹੀਦੀ ਸਮਾਰਕ ਤੋਂ ਲਗਪਗ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੁਸੈਨੀਵਾਲਾ ਸਾਂਝੀ ਚੈੱਕ ਪੋਸਟ ਅਤੇ ਪਾਕਿਸਤਾਨ ਦੀ ਚੈੱਕ ਪੋਸਟ ਗੰਡਾ ਸਿੰਘ ਵਾਲਾ ਉਪਰ ਹਰ ਰੋਜ਼ ਸ਼ਾਮ ਨੂੰ ਜਦੋਂ ਸੂਰਜ ਛਿਪਣ ਦਾ ਸਮਾਂ ਹੁੰਦਾ ਹੈ ਤਾਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਜ਼ੀਰੋ ਲਾਈਨ ’ਤੇ ਸਥਿਤ ਇਸ ਸਾਂਝੀ ਚੈੱਕ ਪੋਸਟ ’ਤੇ ਸੀਮਾ ਸੁਰੱਖਿਆ ਬਲ (ਬੀਐੱਸਐਫ) ਦੇ ਜਵਾਨਾਂ ਅਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਸ਼ਾਮ ਨੂੰ ਸਾਂਝੇ ਤੌਰ ’ਤੇ ਦੋਵਾਂ ਦੇਸ਼ਾਂ ਦਾ ਕੌਮੀ ਝੰਡਾ ਉਤਾਰਨ ਦੀ ਰਸਮ ਪੂਰੇ ਸਨਮਾਨ ਅਤੇ ਪ੍ਰੋਟੋਕੋਲ ਅਨੁਸਾਰ 40 ਮਿੰਟ ਦੀ ਰੀਟ੍ਰੀਟ ਸੈਰੇਮਨੀ ਕੀਤੀ ਜਾਂਦੀ ਹੈ। ਬੀਐੱਸਐਫ ਦੇ ਜਵਾਨਾਂ ਵੱਲੋਂ ਸਮਾਰੋਹ ਦੌਰਾਨ ਤਾਕਤ, ਜੋਸ਼, ਦੇਸ਼ਭਗਤੀ ਅਤੇ ਬਹਾਦਰੀ ਦਾ ਜਜ਼ਬਾ ਪੈਦਾ ਕਰਨ ਦੀ ਵਿਲੱਖਣ ਉਦਾਹਰਨ ਪੇਸ਼ ਕੀਤੀ ਜਾਂਦੀ ਹੈ। ਬੀਐੱਸਐੱਫ ਦੀ ਚੌਕੀ ਤੋਂ ਚੱਲਦੇ ਦੇਸ਼ ਭਗਤੀ ਦੇ ਗੀਤ, ਦਰਸ਼ਕਾਂ ਦੇ ਹੱਥਾਂ ’ਚ ਲਹਿਰਾਉਂਦੇ ਰਾਸ਼ਟਰੀ ਝੰਡੇ ਅਤੇ ਭਾਰਤ ਮਾਤਾ ਕੀ ਜੈ ਅਤੇ ਦੇਸ਼ ਭਗਤੀ ਦੇ ਜੋਸ਼ੀਲੇ ਨਾਅਰੇ ਸਮੁੱਚੇ ਮਾਹੌਲ ਨੂੰ ਅਜਿਹਾ ਦੇਸ਼ ਭਗਤੀ ਵਿਚ ਰੰਗਦੇ ਹਨ ਕਿ ਦੇਖਣ ਵਾਲਾ ਇਸ 40 ਮਿੰਟ ਦੇ ਸਮਾਰੋਹ ਨੂੰ ਹਮੇਸ਼ਾ ਲਈ ਯਾਦ ਰੱਖਦਾ ਹੈ।
ਅਜਾਇਬ ਘਰ
ਇਸ ਸਥਾਨ ’ਤੇ ਬਣਿਆ ਅਜਾਇਬ ਘਰ ਸੀਮਾ ਸੁਰੱਖਿਆ ਬਲ ਦੇ ਸੁਨਹਿਰੀ ਇਤਿਹਾਸ ਨੂੰ ਸੁਚੱਜੇ ਢੰਗ ਨਾਲ ਦਰਸਾਉਂਦਾ ਹੈ। ਸ਼ਹੀਦ ਭਗਤ ਸਿੰਘ ਦੀ ਉਹ ਪਿਸਤੌਲ ਜਿਸ ਨਾਲ ਲਾਹੌਰ ’ਚ ਪੁਲਿਸ ਅਫ਼ਸਰ ਜੇਪੀ ਸਾਂਡਰਸ ਨੂੰ ਮਾਰਿਆ ਗਿਆ ਸੀ ,ਇਸ ਅਜਾਇਬ ਘਰ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਸ਼ਾਨ-ਏ-ਹਿੰਦ ਗੇਟ
ਚੈੱਕ ਪੋਸਟ ’ਤੇ 42 ਫੁੱਟ ਲੰਬਾ, 91 ਫੁੱਟ ਚੌੜਾ ਅਤੇ 56 ਫੁੱਟ ਉੱਚਾ ਸ਼ਾਨ-ਏ-ਹਿੰਦ ਗੇਟ ਇਸ ਅਸਥਾਨ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੈ। ਗੇਟ ਤੋਂ ਪਹਿਲਾਂ 165 ਫੁੱਟ ਉੱਚਾ ਦੇਸ਼ ਦਾ ਰਾਸ਼ਟਰੀ ਝੰਡਾ ਵੀ ਸੈਲਾਨੀਆਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ। ਇਸ ਸਥਾਨ ਦਾ ਕੁਦਰਤੀ ਸੁਹੱਪਣ, ਵੰਨ-ਸੁਵੰਨੇ ਦਰੱਖ਼ਤਾਂ ਦੀ ਹਰਿਆਲੀ ਮਨਮੋਹਕ ਨਜ਼ਾਰਾ ਪੇਸ਼ ਕਰਦੀ ਹੈ।
ਹਿੰਦ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦਗਾਰ
ਇਸ ਸਥਾਨ ’ਤੇ 1971 ਦਿ ਹਿੰਦ-ਪਾਕਿ ਜੰਗ ਮੌਕੇ 15 ਪੰਜਾਬ ਬਟਾਲੀਅਨ, ਜਿਸ ਨੂੰ ਪਹਿਲਾਂ ਪਟਿਆਲਾ ਬਟਾਲੀਅਨ ਕਿਹਾ ਜਾਂਦਾ ਸੀ, ਦੇ ਬਹਾਦਰ ਜਵਾਨਾਂ ਦੇ ਬਲੀਦਾਨ ਨੂੰ ਸਮਰਪਿਤ ਜੰਗੀ ਯਾਦਗਾਰ ਦਾ ਨਿਰਮਾਣ ਵੀ 2006 ਵਿਚ ਕੀਤਾ ਗਿਆ ਹੈ। 3-4 ਦਸੰਬਰ 1971 ਦੀ ਜੰਗ ਮੌਕੇ 15 ਪੰਜਾਬ ਬਟਾਲੀਅਨ ਦੀਆਂ ਸਿਰਫ 2 ਕੰਪਨੀਆਂ ਨੇ ਦੁਸ਼ਮਣ ਦੀ 5000 ਤੋਂ ਵੱਧ ਫ਼ੌਜ ਅਤੇ 15 ਟੈਂਕਾਂ ਦਾ ਬਹਾਦਰੀ ਤੇ ਹੌਸਲੇ ਨਾਲ ਮੁਕਾਬਲਾ ਕੀਤਾ ਅਤੇ ਸਤਲੁਜ ਹੈੱਡਵਰਕਸ ਦੀ ਰੱਖਿਆ ਕਰਦਿਆਂ 2 ਅਫ਼ਸਰਾਂ ਤੇ 53 ਜਵਾਨਾਂ ਨੇ ਦੇਸ਼ ਦੀ ਖ਼ਾਤਰ ਕੁਰਬਾਨੀ ਦਿੱਤੀ। ਇਸ ਸਥਾਨ ’ਤੇ ਸ਼ਹੀਦ ਹੋਣ ਵਾਲੇ ਮੇਜਰ ਕੰਵਲਜੀਤ ਸਿੰਘ ਤੇ ਮੇਜਰ ਐੱਸਪੀਐੱਸ ਵੜੈਚ ਦੀਆਂ ਲੱਗੀਆਂ ਤਸਵੀਰਾਂ ਨੌਜਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੀਆਂ ਹਨ।
ਹੁਸੈਨੀਵਾਲਾ ਰੇਲਵੇ ਸਟੇਸ਼ਨ
ਹੁਸੈਨੀਵਾਲਾ ਹੈੱਡਵਰਕਸ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ’ਤੇ ਇਤਿਹਾਸਕ ਹੁਸੈਨੀਵਾਲਾ ਰੇਲਵੇ ਸਟੇਸ਼ਨ (ਟਿਕਟ ਖਿੜਕੀ) ਮੌਜੂਦ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਇੱਥੇ ਸਾਲ ਵਿਚ ਸਿਰਫ਼ 02 ਦਿਨ ਹੀ ਰੇਲ ਗੱਡੀ ਚੱਲਦੀ ਹੈ 23 ਮਾਰਚ ਨੂੰ ਸ਼ਹੀਦੀ ਸਮਾਗਮ ਅਤੇ 13 ਅਪ੍ਰੈਲ ਨੂੰ ਵਿਸਾਖੀ ਦੇ ਮੇਲੇ ਮੌਕੇ। ਬਾਕੀ ਸਾਰਾ ਸਾਲ ਇਹ ਸਟੇਸ਼ਨ ਬੰਦ ਰਹਿੰਦਾ ਹੈ ਤੇ ਸਟੇਸ਼ਨ ਦੀ ਥਾਂ ’ਤੇ ਸਿਰਫ਼ ਟਿਕਟ ਖਿੜਕੀ ਹੀ ਮੌਜੂਦ ਹੈ, ਜੋ ਸਾਲ ਵਿਚ ਸਿਰਫ਼ ਦੋ ਦਿਨ ਹੀ ਖੁੱਲ੍ਹਦੀ ਹੈ। ਇਹ ਉਹ ਰੇਲਵੇ ਸਟੇਸ਼ਨ ਹੈ, ਜਿੱਥੇ ਦੇਸ਼ ਵੰਡ ਤੋਂ ਪਹਿਲਾਂ ਖ਼ੂਬ ਰੌਣਕ ਰਹਿੰਦੀ ਸੀ। ਸਿੰਜਾਈ ਵਿਭਾਗ ਦੀ ਬਹੁਤ ਵੱਡੀ ਵਰਕਸ਼ਾਪ ਇਸ ਸਥਾਨ ’ਤੇ ਹੋਣ ਕਾਰਨ ਕਸੂਰ, ਲਾਹੌਰ ਅਤੇ ਹੋਰ ਨਜ਼ਦੀਕ ਲੱਗਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਇਸ ਸਟੇਸ਼ਨ ’ਤੇ ਆਉਂਦੇ-ਜਾਦੇ ਸਨ। ਵਪਾਰਕ ਪੱਖੋਂ ਵੀ ਇਹ ਸਟੇਸ਼ਨ ਬਹੁਤ ਵਿਕਸਿਤ ਸੀ ਪ੍ਰੰਤੂ ਅੱਜ ਹੁਸੈਨੀਵਾਲਾ ਰੇਲਵੇ ਸਟੇਸ਼ਨ ਅਤੇ ਹੁਸੈਨੀਵਾਲਾ ਵਰਕਸ਼ਾਪ ਦੋਵਾਂ ਦਾ ਸਿਰਫ਼ ਨਾਂ ਹੀ ਬਚਿਆ ਹੈ। ਸਿੰਜਾਈ ਵਿਭਾਗ ਦਾ ਸਤਲੁਜ ਦਰਿਆ ਦੇ ਕੰਢੇ ’ਤੇ ਕੁਝ ਸਮਾਂ ਪਹਿਲਾਂ ਤਕ ਰੈਸਟ ਹਾਊਸ ਚੰਗੀ ਹਾਲਤ ਵਿਚ ਸੀ ਪਰ ਹੁਣ ਉਹ ਵੀ ਬੰਦ ਹੋ ਚੁੱਕਿਆ ਹੈ। ਇਸ ਸਥਾਨ ਨੂੰ ਜੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਸੈਲਾਨੀਆਂ ਦੀ ਖਿੱਚ ਦਾ ਵੱਡਾ ਕੇਂਦਰ ਬਣ ਸਕਦਾ ਹੈ।
ਆਰਥਿਕਤਾ ਨੂੰ ਮਿਲ ਸਕਦਾ ਹੁਲਾਰਾ
ਵਾਹਗਾ ਬਾਰਡਰ ਅੰਮ੍ਰਿਤਸਰ ਵਾਂਗ ਜੇ ਹੁਸੈਨੀਵਾਲਾ ਬਾਰਡਰ ਵੀ ਵਪਾਰ ਅਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇ ਤਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਮਿਲਣ ਜਿੱਥੇ ਦੋਵਾਂ ਦੇਸ਼ਾਂ ਵਿਚ ਸ਼ਾਤੀ ਦੀ ਨਵੀਂ ਮਿਸਾਲ ਪੈਦਾ ਕਰ ਸਕਦਾ ਹੈ, ਉਥੇ ਆਰਥਿਕ ਪੱਖੋਂ ਪੱਛੜੇ ਸਰਹੱਦੀ ਖੇਤਰ ਲਈ ਦੀ ਆਰਥਿਕਤਾ ਨੂੰ ਬਹੁਤ ਵੱਡਾ ਹੁਲਾਰਾ ਮਿਲ ਸਕਦਾ ਹੈ। ਹਰ ਸਾਲ 23 ਮਾਰਚ ਨੂੰ ਸ਼ਹੀਦੀ ਸਮਾਗਮ ਮੌਕੇ ਅਤੇ ਚੋਣਾਂ ਮੌਕੇ ਬਾਰਡਰ ਖੋਲ੍ਹਣ ਦਾ ਮੁੱਦਾ ਉੱਠਦਾ ਜ਼ਰੂਰ ਹੈ ਪਰ ਦੋਵਾਂ ਪਾਸਿਆਂ ਤੋਂ ਕਿਸੇ ਵੀ ਕਿਸਮ ਦੀ ਪਹਿਲਕਦਮੀ ਧਰਾਤਲ ’ਤੇ ਨਜ਼ਰ ਨਹੀ ਆਉਂਦੀ। ਇਲਾਕੇ ਦੇ ਆਮ ਲੋਕ ਅਕਸਰ ਹੀ ਚਰਚਾ ਜ਼ਰੂਰ ਇਸ ਉਮੀਦ ਨਾਲ ਕਰਦੇ ਹਨ ਕਿ ਇਹ ਸਰਹੱਦ ਇਕ ਦਿਨ ਜ਼ਰੂਰ ਖੁੱਲ੍ਹੇਗੀ ਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਮੇਲ ਹੋਵੇਗਾ।
- ਡਾ. ਸਤਿੰਦਰ ਸਿੰਘ