ਹਰਿਦੁਵਾਰ ਮੇਰਾ ਮਨਭਾਉਂਦਾ ਸ਼ਹਿਰ ਹੈ। ਇੱਥੇ ਅਕਸਰ ਮੈਂ ਆਉਂਦਾ ਜਾਂਦਾ ਹਾਂ। ਘੜੀ ਦੀਆਂ ਸੂਈਆਂ ਸਵੇਰੇ 8.00 ਵਜੇ ’ਤੇ ਹਨ। ਰੇਲਵੇ ਸਟੇਸ਼ਨ ਦੇ ਤਿੰਨ ਨੰਬਰ ਗੇਟ ਦੇ ਸਾਹਮਣੇ ਗਲੀ ’ਚ ਨੇਗੀ ਚਾਹ ਵਾਲਾ ਮੈਨੂੰ ਨਮਸਤੇ ਬੁਲਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਮੇਰਾ ਜਾਣੂ ਬਣ ਗਿਆ ਹੈ। ਇਹ ਚਾਹ ਵਾਲਾ ਮੇਰੀ ਮਨ ਪਸੰਦ ਦੀ ਚਾਹ ਬਣਾਉਂਦਾ ਹੈ।

ਹਰਿਦੁਵਾਰ ਮੇਰਾ ਮਨਭਾਉਂਦਾ ਸ਼ਹਿਰ ਹੈ। ਇੱਥੇ ਅਕਸਰ ਮੈਂ ਆਉਂਦਾ ਜਾਂਦਾ ਹਾਂ। ਘੜੀ ਦੀਆਂ ਸੂਈਆਂ ਸਵੇਰੇ 8.00 ਵਜੇ ’ਤੇ ਹਨ। ਰੇਲਵੇ ਸਟੇਸ਼ਨ ਦੇ ਤਿੰਨ ਨੰਬਰ ਗੇਟ ਦੇ ਸਾਹਮਣੇ ਗਲੀ ’ਚ ਨੇਗੀ ਚਾਹ ਵਾਲਾ ਮੈਨੂੰ ਨਮਸਤੇ ਬੁਲਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਮੇਰਾ ਜਾਣੂ ਬਣ ਗਿਆ ਹੈ। ਇਹ ਚਾਹ ਵਾਲਾ ਮੇਰੀ ਮਨ ਪਸੰਦ ਦੀ ਚਾਹ ਬਣਾਉਂਦਾ ਹੈ। ਵੈਸੇ ਵੀ ਇਸ ਦੀ ਦੁਕਾਨ ’ਤੇ ਚਾਹ ਪੀਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਸਵੇਰੇ 7.00 ਵਜੇ ਤੋਂ ਲੈ ਕੇ ਰਾਤ 12 ਵਜੇ ਤਕ ਇਹ ਨੇਗੀ ਟੀ ਸਟਾਲ ਖੁੱਲਾ ਰਹਿੰਦਾ ਹੈ। ਦੋ ਪੀਸ ਮੱਖਣ ਬਰੈਡ ਅਤੇ ਇਕ ਕੱਪ ਚਾਹ ਪੀ ਕੇ ਇੱਥੋਂ ਮੈਂ ਰਿਕਸ਼ਾ ਫੜਦਾ ਹਾਂ ਅਤੇ ਮੋਤੀ ਬਜ਼ਾਰ ’ਚ ਜਾ ਕੇ ਉਤਰਦਾ ਹਾਂ। ਧੰਨਵਾਦ ਮੇਰਾ ਜ਼ਰੂਰੀ ਫਰਜ਼ ਏ। 20 ਰੁਪਏ ਦੇ ਕੇ ਰਿਕਸ਼ਾ ਵਾਲੇ ਦਾ ਧੰਨਵਾਦ ਕਰਦਾ ਹਾਂ। ਮੋਤੀ ਬਜ਼ਾਰ ਮੇਰਾ ਇੱਕੋ ਹੀ ਕੰਮ ਏ, ਨਾਸ਼ਤਾ ਕਰਨਾ। ਮੋਤੀ ਬਜ਼ਾਰ ਹਰਿਦੁਆਰ ਦਾ ਇਕ ਫੇਮਸ ਬਜ਼ਾਰ ਹੈ। ਅੱਵਲ ਦਰਜੇ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਇਸੇ ਹੀ ਬਾਜ਼ਾਰ ’ਚੋਂ ਮਿਲਦੀਆਂ ਹਨ। ਮਥੁਰਾ ਦੇ ਪੇੜੇ, ਗੋਪਾਲ ਦੇ ਪੇੜੇ, ਗੁਪਤਾ ਦੀ ਚਾਟ, ਗੋਲ-ਗੱਪੇ, ਦਹੀਂ ਭੱਲੇ, ਪੁਰਾਣੀ ਮਥੁਰਾ ਵਾਲਿਆਂ ਦੀਆਂ ਪੂੜੀਆਂ, ਜਲੇਬੀਆਂ, ਪਤੀਸਾ, ਬਾਲੂਸ਼ਾਹੀ, ਬਰ ਕਲਾਕੰਦ। ਇਸੇ ਬਜ਼ਾਰ ’ਚ ਕੁਲਫੀਆਂ, ਰਬੜੀ ਅਤੇ ਹੋਰ ਬਹੁਤ ਕੁਝ ਖਾਣ ਪੀਣ ਲਈ ਉਪਲੱਬਧ ਹੈ। ਮੋਤੀ ਬਜ਼ਾਰ ਦੀ ਇਕ ਕਹਾਵਤ ਹੈ, ਜੇਕਰ ਬਾਰਿਸ਼ ਪੈਣੀ ਸ਼ੁਰੂ ਹੋ ਜਾਏ ਤਾਂ ਯਾਤਰੀ ਭਿੱਜਦਾ ਨਹੀ, ਕਿਉਕਿ ਇਹ ਬਾਜ਼ਾਰ ਏਨਾ ਤੰਗ ਹੈ ਕਿ ਦੁਕਾਨਾਂ ਦੇ ਆਹਮਣੇ-ਸਾਹਮਣੇ ਲੱਗੀਆਂ ਤਰਪਾਲਾਂ ਬੰਦੇ ਨੂੰ ਭਿੱਜਣ ਨਹੀਂ ਦਿੰਦੀਆਂ। ਮਥੁਰਾ ਵਾਲਿਆਂ ਦੀ ਦੁਕਾਨ ’ਤੇ ਬੈਠਾ ਹਾਂ। ਮੇਰੇ ਟੇਬਲ ’ਤੇ ਪੱਤਲਾਂ ’ਤੇ ਡੂਨੇ ’ਚ ਤਿੰਨ ਸ਼ਬਜ਼ੀਆਂ ਦੇਸੀ ਘਿਉ ਦੀਆਂ ਚਾਰ ਪੂੜੀਆਂ, ਮਿੱਠੀ ਚੱਟਣੀ ਨਾਲ ਨਾਸ਼ਤਾ ਕਰਕੇ ਮੈਂ ਇੱਥੋਂ ਨਿਕਲਦਾ ਹਾਂ।
ਰਾਮਝੂਲੇ ਦੀ ਯਾਤਰਾ
ਰੇਲਵੇ ਸਟੇਸ਼ਨ ਦੇ ਸਾਹਮਣੇ ਮੇਨ ਬੱਸ ਸਟੈਂਡ ਤੋਂ ਰਿਸ਼ੀਕੇਸ਼ ਦੀ ਬੱਸ ਮਿਲਦੀ ਹੈ। ਟਿਕਟ 68 ਰੁਪਏ ਅਤੇ ਦੂਰੀ ਸਿਰਫ 50 ਮਿੰਟ। ਰਿਸ਼ੀਕੇਸ਼ ਮੈਦਾਨੀ ਇਲਾਕਾ ਖਤਮ ਹੁੰਦਾ ਹੈ ਅਤੇ ਪਹਾੜੀ ਇਲਾਕਾ ਸ਼ੁਰੂ ਹੁੰਦਾ ਹੈ। ਰਿਸ਼ੀਕੇਸ਼ ਤੋਂ ਰਾਮਝੂਲਾ ਜਾਣ ਲਈ ਆਟੋ ਵਾਲੇ ਸਵਾਰੀ ਵੇਖ ਕੇ ਰੇਟ ਤਹਿ ਕਰਦੇ ਹਨ। ਆਟੋ ’ਚ ਬੈਠਾ ਮੈਂ ਰਸਤੇ ’ਚ ਹੇਮਕੁੰਟ ਟਰੱਸਟ ਗੁਰੂਦਆਰਾ ਸਾਹਿਬ ਦੇ ਦਰਸ਼ਨ ਕਰਦਾ ਹਾਂ। ਇੱਥੋਂ ਹੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੁੰਦੀ ਹੈ ਅਤੇ ਦਿਨ ਰਾਤ ਲੰਗਰ ਚਲਦਾ ਰਹਿੰਦਾ ਹੈ। ਰਾਮਝੂਲਾ ਦੇ ਕੋਲੋਂ, ਕਿਨਾਰੇ ਤੋਂ ਇਕ ਮੋਟਰ ਵਾਲੀ ਕਿਸ਼ਤੀ ਚੱਲਦੀ ਹੈ। ਕਿਰਾਇਆ 40 ਰੁਪਏ, 30 ਕੁ ਸਵਾਰੀਆਂ ਬੈਠੀਆਂ ਹਨ। ਕਿਸ਼ਤੀ 20 ਮਿੰਟਾਂ ’ਚ ਦੂਜੇ ਕਿਨਾਰੇ ਪਹੁੰਚਦੀ ਹੈ। ਗੰਗਾ ਦੇ ਕਿਨਾਰੇ ’ਤੇ ਇਕ ਸੀ.ਡੀ. ਕੈਸਟਾਂ ਦੀ ਦੁਕਾਨ ਹੈ, ਇਥੋਂ ਹਰ ਸਮੇਂ ਇੱਕੋ ਹੀ ਭਜਨ ਚਲਦਾ ਰਹਿੰਦਾ ਏ ‘ਜੈ.ਜੈ. ਸ਼ਿਵ ਸ਼ੰਭੂ’। ਰਾਮਝੂਲੇ ਵਾਲੇ ਛੋਟੇ ਜਿਹੇ ਬਜ਼ਾਰ ’ਚ ਇਕ ਚਾਹ ਵਾਲਾ ਮੈਨੂੰ ਬਹੁਤ ਵਧੀਆ ਚਾਹ ਬਣਾ ਕੇ ਦਿੰਦਾ ਹੈ। ਚਾਹ ਦੀ ਲਤ ਮੇਰੀ ਦਾਦੀ ਨੇ ਮੈਨੂੰ ਲਾਈ ਸੀ, ਜਦੋ ਮੈਂ ਛੁੱਟੀਆਂ ’ਚ ਮੋਗੇ ਜਾਂਦਾ ਹੁੰਦਾ ਸੀ। ਰਾਮ ਝੂਲੇ ਦੇ ਪਾਰ ਸੱਜੇ ਹੱਥ ਵਾਲੇ ਬਜ਼ਾਰ ’ਚ ਵੱਡੇ-ਵੱਡੇ ਆਸ਼ਰਮ ਹਨ। ਗੀਤਾ ਪ੍ਰੈੱਸ ਵਾਲਿਆਂ ਦੀ ਸਨੈਕ ਬਾਰ ’ਚ ਮੱਠੀਆਂ, ਸੇਵੀਆਂ, ਖੁਰਮੇ, ਬਾਲੂਸ਼ਾਹੀ, ਵੇਸਣ ਦੀ ਬਰ ਕਚੋਰੀਆਂ, ਸਮੋਸੇ, ਮਿਕਸ ਭੂਜੀਆ, ਵਿਆਹ ਵਾਲੀਆਂ ਦੇਸੀ ਮਿਠਿਆਈਆਂ ਅਤੇ ਹੋਰ ਬਹੁਤ ਕੁਝ। ਇਕ ਕੱਚ ਦੇ ਕਾਉਂਟਰ ’ਚ ਉੱਥੇ ਜੋ ਚੀਜ਼ ਹਾਜ਼ਰ ਹੈ, ਉਸ ਦੇ ਸੈਂਪਲ ਰੱਖੇ ਹੋਏ ਹਨ। ਯਾਤਰੀ ਸੈਂਪਲ ਵੇਖ ਕੇ ਸਮਾਨ ਖਰੀਦਦੇ ਹਨ। ਰਾਮ ਝੂਲੇ ਦੇ ਬਾਜ਼ਾਰ ’ਚ ਸ਼੍ਰੀ ਲਕਸ਼ਮੀ ਨਰਾਇਣ ਆਸ਼ਰਮ ਮੰਦਰ ਇਸ ਦੀ ਸਾਦਗੀ ਵੇਖਣ ਵਾਲੀ ਹੈ। ਆਸ਼ਰਮ ਦੇ ਵਿਚਕਾਰ ਰਾਧਾ ਕ੍ਰਿਸ਼ਨ ਦਾ ਮੰਦਰ ਅਤੇ ਚਾਰ-ਚੁਫੇਰੇ 2 ਮੰਜ਼ਲਾ ਬਣੇ ਕਮਰੇ, ਹਰ ਕਮਰੇ ਦੇ ਬਾਹਰ ਕੋਈ ਨਾ ਕੋਈ ਅਨਮੋਲ ਬਚਨ ਲਿਖਿਆ ਹੋਇਆ ਹੈ। ਹਰਿਆਵਲ ਅਤੇ ਸਫਾਈ ’ਤੇ ਧਿਆਨ ਦਿੱਤਾ ਗਿਆ ਹੈ।
ਰਿਸ਼ੀਕੇਸ਼ ਦੇ ਪਾਵਨ ਆਸ਼ਰਮ
ਆਉ ਇਸ ਤੋਂ ਅੱਗੇ ਚੱਲਦੇ ਹਾਂ। ਅੱਗੇ ਆਉਂਦਾ ਹੈ ਗੀਤਾ ਆਸ਼ਰਮ, ਪਾਵਨ ਗੀਤਾ ਨੂੰ ਵਿਸ਼ਵ ਦੇ ਕੋਨੇ-ਕੋਨੇ ’ਤੇ ਪਹੁੰਚਣ ਵਾਲੀ ਗੀਤਾ ਪ੍ਰੈੱਸ ਵਾਲਿਆਂ ਦਾ ਸੁੰਦਰ ਆਸ਼ਰਮ, ਇਹ ਵੀ ਆਸ਼ਰਮ ਬਹੁਤ ਸੁੰਦਰ ਹੈ। ਆਸ਼ਰਮ ਦੇ ਬਿਲਕੁਲ ਵਿਚਕਾਰ ਸੁੰਦਰ ਮੰਦਰ ਵੇਖਣ ਵਾਲਾ ਹੈ। ਇਸ ਆਸ਼ਰਮ ’ਚ ਬਹੁਤ ਸਾਰੇ ਯਾਤਰੀ ਕਮਰੇ ਬਣੇ ਹੋਏ ਹਨ। ਇਕ ਕੰਟੀਨ ਹੈ ਜਿਸ ’ਚ ਬਿਨਾਂ ਪਿਆਜ-ਲੱਸਣ ਦਾ ਲੰਗਰ ਬਣਦਾ ਹੈ। ਯਾਤਰੀਆਂ ਲਈ ਹੋਰ ਸਹੂਲਤਾਂ ਵੀ ਹਨ। ਮੇਨ ਗੇਟ ਦੇ ਸਾਹਮਣੇ ਗੀਤਾ ਪ੍ਰੈੱਸ ਦਾ ਬਹੁਤ ਵੱਡਾ ਬੁਕ ਸਟਾਲ ਹੈ। ਬੁੱਕ ਸਟਾਲ ਤੋਂ ਕਈ ਜ਼ੁਬਾਨਾਂ ’ਚ ਧਾਰਮਿਕ ਪੁਸਤਕਾਂ ਉਪਲੱਬਧ ਹਨ। ਇੱਥੇ ਕਈ ਦੁਰਲੱਭ ਗ੍ਰੰਥ ਵੀ ਹਨ। ਇਸ ਤੋਂ ਅੱਗੇ ਚਲਦੇ ਹਾਂ। ਪਰਮਾਰਥ ਨਿਕੇਤਨ ਇਸ ਨੂੰ ਪਰਮਾਰਥ ਭਵਨ ਵੀ ਆਖਦੇ ਹਨ। ਰਿਸ਼ੀਕੇਸ਼ ’ਚ ਸਭ ਤੋਂ ਸਾਫ਼ ਅਤੇ ਸਭ ਤੋਂ ਵੱਧ ਸੁੰਦਰ ਪਰਮਾਰਥ ਭਵਨ ਦੇ ਸਾਹਮਣੇ ਵਗਦੀ ਗੰਗਾ ਅਤੇ ਗੰਗਾ ਦੇ ਵਿਚਕਾਰ ਸ਼ਿਵ ਭਗਵਾਨ ਦੀ ਮੂਰਤੀ ਅਤੇ ਨਾਲ ਹੀ ਸੁੰਦਰ ਘੰਟਾ ਘਰ। ਇਹ ਪਰਮਾਰਥ ਨਿਕੇਤਨ ਬਹੁਤ ਵੱਡਾ ਹੈ। ਇਸ ’ਚ ਬਣੇ ਹਨ ਕਰੀਬ 1000 ਕਮਰੇ। ਸਤਿਸੰਗ ਭਵਨ ਨਿੱਕੇ-ਨਿੱਕੇ ਬਕਸਿਆਂ ’ਚ ਸੁੰਦਰ ਮੂਰਤੀਆਂ ਸ਼ੁੱਧ-ਪਵਿੱਤਰ ਵਾਤਾਵਰਣ। ਸੰਨ 1942 ’ਚ ਸਵਾਮੀ ਸ਼ੁਕਦੇਵਾ ਨੰਦ ਜੀ ਮਹਾਰਾਜ ਨੇ ਇਸ ਆਸ਼ਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਮੌਜੂਦਾ ਸਵਾਮੀ ਚਿਦਾਨੰਦ ਜੀ ਦੀ ਦੇਖ-ਰੇਖ ’ਚ ਇਹ ਆਸ਼ਰਮ ਚੱਲ ਰਿਹਾ ਹੈ। ਇਸ ਆਸ਼ਰਮ ’ਚ ਬਹੁਤ ਸਾਰੀਆਂ ਸਹੂਲਤਾਂ ਹਨ। ਇਕ ਸ਼ੁੱਧ ਸਨੈਕਬਾਰ ਵੀ ਹੈ। ਖਾਣ-ਪੀਣ ਦਾ ਬੇਹਤਰ ਪ੍ਰਬੰਧ ਹੈ। ਪੂੜੀ-ਛੋਲੇ, ਚਨਾ-ਭਟੂਰੇ, ਦਹੀਂ-ਭੱਲੇ, ਗੋਲ-ਗੱਪੇ ਅਤੇ ਹੋਰ ਬਹੁਤ ਸਾਰੇ ਸਨੈਕਸ ਹਨ। ਇਥੋਂ ਮੈਂ ਇਕ ਦਹੀਂ-ਭੱਲੇ ਦੀ ਪਲੇਟ ਲੈ ਕੇ ਖਾਦਾਂ ਹਾਂ। ਬਹੁਤ ਟੇਸਟੀ ਹੈ। ਇਸ ਆਸ਼ਰਮ ’ਚ ਭਾਰਤ ਦੇ ਚੋਟੀ ਦੀਆਂ ਮਹਾਨ ਹਸਤੀਆਂ ਦੀਆਂ ਸਵਾਮੀ ਜੀ ਨਾਲ ਖਿੱਚੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਆਤਮ-ਦਿਕਸ਼ਾ, ਦੇਣ ਦੇ ਉਪਰੰਤ ਇੱਥੇ ਮੈਡੀਟੇਸ਼ਨ ਕਰਵਾਇਆ ਜਾਂਦਾ ਹੈ। ਯੋਗ ਕਿਰਿਆਵਾਂ ਅਤੇ ਹੱਠ ਕਰਮਾਂ ਦੀ ਸਿਖਲਾਈ ਇਥੋਂ ਮਿਲਦੀ ਹੈ।
ਗੰਗਾ ਆਰਤੀ ਤੋਂ ਲੁਧਿਆਣਾ ਤਕ ਦਾ ਸਫ਼ਰ
ਗੰਗਾ ਕਿਨਾਰੇ ਹਰ ਰੋਜ਼ ਸ਼ਾਮ ਨੂੰ ਗੰਗਾ ਆਰਤੀ ਕੀਤੀ ਜਾਂਦੀ ਹੈ। ਦੂਰੋਂ-ਦੂਰੋਂ ਭਗਤ ਜਨ ਇਸ ਆਰਤੀ ਨੂੰ ਵੇਖਣ ਲਈ ਆਉਂਦੇ ਹਨ। ਇਸ ਆਸ਼ਰਮ ਦੇ ਸਾਹਮਣੇ ਗੰਗਾ ਅਤੇ ਪਿੱਠ ’ਤੇ ਪਹਾੜ ਹਨ। ਆਧੁਨਿਕ ਅਤੇ ਰੂਹਾਨੀਅਤ ਦਾ ਮੇਲ ਦਿਸਦਾ ਹੈ। ਰਿਸ਼ੀਕੇਸ਼ ’ਚ ਹੋਰ ਵੀ ਛੋਟੋ-ਵੱਡੇ ਸੈਂਕੜੇ ਆਸ਼ਰਮ ਹਨ। ਰਿਸ਼ੀਕੇਸ਼ ’ਚ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਲਕਸ਼ਮਣ ਝੂਲਾ ਹੈ। ਹੁਣ ਉਸੇ ਡਿਜ਼ਾਇਨ ’ਤੇ ਰਾਮ ਝੂਲਾ ਅਤੇ ਜਾਨਕੀ ਝੂਲਾ ਬਣ-ਕੇ ਚੱਲ ਰਹੇ ਹਨ। ਰਾਮ ਝੂਲਾ ਮਾਰਕੀਟ ’ਚ ਵੀ ਕਾਫੀ ਸਾਰੀਆਂ ਦੁਕਾਨਾਂ ਖਾਣ-ਪੀਣ ਦੀਆਂ ਵਧੀਆਂ ਚੱਲ ਰਹੀਆਂ ਹਨ। ਜੂਸ-ਪਾਰਲਰ ਆਈਸ ਕਰੀਮ, ਸਨੈਕਬਾਰ ਅਤੇ ਰੈਸਟੁਰੈਂਟਾਂ ’ਤੇ ਵੀ ਯਾਤਰੀਆਂ ਦੀ ਭੀੜ ਨਜ਼ਰ ਆਉਂਦੀ ਹੈ। ਇਸ ਬਜ਼ਾਰ ’ਚ ਵਿਦੇਸ਼ੀਆਂ ਦੀ ਵੀ ਆਮਦ ਹੈ। ਪੁਰਾਣੇ ਮਸ਼ਹੂਰ ਚੋਟੀ ਵਾਲੇ ਦੀਆਂ ਦੋ ਵੱਖ-ਵੱਖ ਦੁਕਾਨਾਂ ਰਾਮ ਝੂਲੇ ਦੇ ਕੋਲ ਆਕਰਸ਼ਕ ਹਨ। ਲਕਸ਼ਮਣ ਝੂੱਲੇ ਦੇ ਆਲੇ-ਦੁਆਲੇ ਪਿੱਤਲ, ਆਰਟੀਫ਼ਿਸ਼ੀਅਲ ਦੀ ਬਹੁਤ ਵੱਡੀ ਮਾਰਕੀਟ ਹੈ। ਜੋ ਸਾਮਾਨ ਵਿਦੇਸ਼ੀ ਖਰੀਦ ਰਹੇ ਹਨ ਉਸ ਨੂੰ ਵੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਵਿਦੇਸ਼ੀ ਵੀ ਅੰਧ-ਵਿਸ਼ਵਾਸ ਦੇ ਮੁਰੀਦ ਹਨ। ਸਾਧੂ ਸੰਨਆਸੀ ਇੱਥੇ ਬਹੁਤ ਹਨ। ਪਰ ਸੱਚਾ ਸਾਧੂ ਕੋਈ-ਕੋਈ ਹੈ। ਸਰੀਰ ’ਤੇ ਭਸਮ ਮਲ੍ਹਣ ਨਾਲ, ਜਟਾਂ ਰੱਖਣ ਨਾਲ, ਭਗਵੇ ਕੱਪੜੇ ਪਾਉਣ ਨਾਲ ਰੱਬ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਜਿੰਨਾ ਚਿਰ ਮਨ ਨੂੰ ਨਹੀ ਮਾਰਿਆ ਗਿਆ।
ਸੰਧਿਆ ਕਿਸ ਨੂੰ ਕਹਿੰਦੇ ਹਨ, ਜਦੋਂ ਰਾਤ ਅਤੇ ਦਿਨ ਦੀ ਸੰਧੀ ਹੋ ਜਾਵੇ ਇਸ ਨੂੰ ਸੰਧਿਆ ਕਹਿੰਦੇ ਨੇ। ਸ਼ਾਮ ਪੈਂਦੀ ਹੈ ਨਾ ਦਿਨ ਹੁੰਦਾ, ਨਾ ਰਾਤ ਹੁੰਦੀ ਹੈ। ਸੋ ਹੁਣ ਸੰਧਿਆ ਹੋਣ ਵਾਲੀ ਹੈ, ਮੈਂ ਜਲਦੀ ਨਾਲ ਰਿਸ਼ੀਕੇਸ਼ ਤੋਂ ਬੱਸ ਫੜ੍ਹ ਕੇ ਹਰਿਦੁਆਰ ਪਹੁੰਚਦਾ ਹਾਂ। ਨੇਗੀ ਚਾਹ ਵਾਲਾ ਮੇਰਾ ਇੰਤਜ਼ਾਰ ਕਰ ਰਿਹਾ ਹੈ। ਮੇਰੀਆਂ ਦੋਨਾਂ ਥਰਮੋਸਾਂ ਨੂੰ ਗਰਮ ਪਾਣੀ ਨਾਲ ਧੋ-ਕੇ ਚਾਹ ਭਰ ਦਿੰਦਾ ਹੈ ਅਤੇ ਇਕ ਕਪ ਚਾਹ ਮੇਰੇ ਹੱਥਾਂ ’ਚ ਫੜਾ ਦਿੰਦਾ ਹੈ। ਸਾਹਮਣੇ ਰੇਲਵੇ ਸਟੇਸ਼ਨ ਦੇ 2 ਨੰਬਰ ਪਲੇਟਫਾਰਮ ’ਤੇ ਮੇਰੀ ਟ੍ਰੇਨ ਹੇਮਕੁੰਟ ਐਕਸਪ੍ਰੈਸ ਰੁਕਦੀ ਹੈ। ਮੈਂ ਆਪਣੇ ਦੂਜੇ ਦਰਜੇ ਦੀ ਰਾਖਵੀ ਸੀਟ ’ਤੇ ਬੈਠਦਾ ਹਾਂ। ਗੱਡੀ ਚੱਲਦੀ ਏ, ਸਹਾਰਨਪੁਰ, ਅੰਬਾਲਾ, ਚੰਡੀਗੜ੍ਹ ਲੰਘ ਕੇ ਰਾਤ ਦੇ ਸਾਢੇ ਬਾਰਾਂ ਵਜੇ ਮੇਰੀ ਮੰਜ਼ਿਲ ਲੁਧਿਆਣਾ ਪਹੁੰਚਦੀ ਹੈ। ਲੁਧਿਆਣੇ ਦੇ ਸਕੂਟਰ ਸਟੈਂਡ ਤੋਂ ਆਪਣੀ ਐਕਟਿਵਾ ਚੁੱਕ ਦੇ ਅੱਧੀ ਰਾਤ ਆਪਣੇ ਘਰੇ ਪਹੁੰਚ ਜਾਦਾਂ ਹਾਂ।
• ਤਰਸੇਮ ਲਾਲ ਸ਼ੇਰਾ