ਪੰਜਾਬ ਦੀ ਧਰਤੀ ਗੁਰੂ ਸਾਹਿਬਾਨ ਦੀਆਂ ਪਵਿੱਤਰ ਯਾਦਾਂ ਨਾਲ ਭਰੀ ਪਈ ਹੈ। ਇਸੇ ਧਰਤੀ ’ਤੇ ਉਹ ਇਤਿਹਾਸਕ ਵਿਰਾਸਤਾਂ ਮੌਜੂਦ ਹਨ, ਜਿਨ੍ਹਾਂ ਨੂੰ ਸਾਡੀਆਂ ਸਰਕਾਰਾਂ ਨੇ ਦਹਾਕਿਆਂ ਤੋਂ ਅਣਗੌਲਿਆ ਛੱਡਿਆ ਹੋਇਆ ਹੈ। ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਤੇ ਸਭ ਤੋਂ ਦਰਦਨਾਕ ਨਾਂ ਹੈ ਸਰਹਿੰਦ ਦਾ।

ਪੰਜਾਬ ਦੀ ਧਰਤੀ ਗੁਰੂ ਸਾਹਿਬਾਨ ਦੀਆਂ ਪਵਿੱਤਰ ਯਾਦਾਂ ਨਾਲ ਭਰੀ ਪਈ ਹੈ। ਇਸੇ ਧਰਤੀ ’ਤੇ ਉਹ ਇਤਿਹਾਸਕ ਵਿਰਾਸਤਾਂ ਮੌਜੂਦ ਹਨ, ਜਿਨ੍ਹਾਂ ਨੂੰ ਸਾਡੀਆਂ ਸਰਕਾਰਾਂ ਨੇ ਦਹਾਕਿਆਂ ਤੋਂ ਅਣਗੌਲਿਆ ਛੱਡਿਆ ਹੋਇਆ ਹੈ। ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਤੇ ਸਭ ਤੋਂ ਦਰਦਨਾਕ ਨਾਂ ਹੈ ਸਰਹਿੰਦ ਦਾ। ਉਹ ਮਹਾਨ ਨਗਰ, ਜਿਸ ਨੇ ਮੁਗ਼ਲ ਸਾਮਰਾਜ ਦੇ ਸਮੇਂ ਪੂਰਬੀ ਪੰਜਾਬ ਦੀ ਰਾਜਧਾਨੀ ਹੋਣ ਦਾ ਰੁਤਬਾ ਭੋਗਿਆ, ਜਿੱਥੇ ਲਗਪਗ ਪੰਜ ਸੌ ਸ਼ਾਹੀ ਬਾਗ਼, ਮਹਿਲ, ਕਿਲ੍ਹੇ, ਸਰਾਵਾਂ ਦਰਗਾਹਾਂ ਤੇ ਮਸੀਤਾਂ ਸਨ। ਜੋ ਕਦੇ ਦਿੱਲੀ ਤੋਂ ਲਾਹੌਰ ਜਾਂਦੇ ਮਾਰਗ ’ਤੇ ਸਭ ਤੋਂ ਵੱਡਾ ਸੈਨਿਕ ਤੇ ਵਪਾਰਕ ਕੇਂਦਰ ਸੀ। ਅੱਜ ਉਸੇ ਸਰਹਿੰਦ ਦੇ ਜ਼ਿਆਦਾਤਰ ਨਿਸ਼ਾਨ ਖੰਡਰਾਂ ’ਚ ਤਬਦੀਲ ਹੋ ਚੁੱਕੇ ਹਨ ਤੇ ਜੋ ਕੁਝ ਬਚੇ ਹਨ, ਉਹ ਵੀ ਆਖ਼ਰੀ ਸਾਹ ਲੈ ਰਹੇ ਹਨ। ਇਤਿਹਾਸ ਦੇ ਸਭ ਤੋਂ ਦਰਦਨਾਕ ਪਰ ਸਭ ਤੋਂ ਗੌਰਵਮਈ ਅਧਿਆਏ ਦੀ ਗਵਾਹ ਵੀ ਇਹੀ ਸਰਹਿੰਦ ਹੈ, ਜਦੋਂ ਦਸੰਬਰ 1704 ਵਿਚ ਇੱਥੋਂ ਦੇ ਗਵਰਨਰ ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਵਾ ਦਿੱਤਾ ਸੀ।
ਤ੍ਰਿਘਟਾ ਤੋਂ ਫ਼ਤਹਿਗੜ੍ਹ ਸਾਹਿਬ ਤਕ
ਸਰਹਿੰਦ ਜਾਂ ਅੱਜ ਦਾ ਸ੍ਰੀ ਫ਼ਤਹਿਗੜ੍ਹ ਸਾਹਿਬ ਭਾਰਤੀ ਉੱਤਰ-ਪੱਛਮ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਰਣਨੀਤਕ ਮਹੱਤਵ ਵਾਲਾ ਸ਼ਹਿਰ ਰਿਹਾ ਹੈ। ਇਸ ਦੇ ਨਾਂ ਦਾ ਸਫ਼ਰ ਬਹੁਤ ਲੰਮਾ ਹੈ। ਪੰਜਵੀਂ ਸਦੀ ਈਸਾ ਪੂਰਵ ਵਿਚ ਵਿਆਕਰਣਕਾਰ ਪਾਣਿਨੀ ਨੇ ਇਸ ਖੇਤਰ ਨੂੰ ਸ਼ਾਸ਼ਥ ਪ੍ਰਦੇਸ਼ ਤੇ ਤ੍ਰਿਘਟਾ ਲਿਖਿਆ। ਵਰਾਹ ਮਿਹਿਰ ਤੇ ਚੀਨੀ ਯਾਤਰੀ ਹਿਊਨਸਾਂਗ ਨੇ ਵੀ ਤ੍ਰਿਘਟਾ ਹੀ ਦਰਜ ਕੀਤਾ। ਮਹਾਭਾਰਤ ’ਚ ਇਸ ਦੇ ਰਾਜੇ ਸੁਸ਼ਰਮਾ ਦਾ ਜ਼ਿਕਰ ਮਿਲਦਾ ਹੈ, ਜੋ ਕੌਰਵ ਪੱਖੀ ਸੀ ਤੇ ਕੁਰੂਕਸ਼ੇਤਰ ਦੀ ਲੜਾਈ ਵਿਚ ਲੜਿਆ। ਪ੍ਰਾਚੀਨ ਸਮੇਂ ਇੱਥੇ ਸੈਰਿੰਦਰੀ ਜਾਂ ਸਹਿਰਿੰਦਰੀ ਜਾਤੀ ਦੀ ਬਹੁਤਾਤ ਸੀ, ਜਿਸ ਕਾਰਨ ਨਾਂ ਸਰਹਿੰਦ ਪੈ ਗਿਆ। ਕੁਝ ਇਸਲਾਮੀ ਲਿਖਤਾਂ ’ਚ ਇਸ ਨੂੰ ਸ਼ੀਂਹਰਹਿੰਦ (ਸ਼ੇਰਾਂ ਵਾਲਾ ਇਲਾਕਾ) ਵੀ ਲਿਖਿਆ ਗਿਆ ਕਿਉਂਕਿ ਇਹ ਸੰਘਣੇ ਜੰਗਲਾਂ ਤੇ ਸਤਲੁਜ ਦੂਰ ਹੋਣ ਕਾਰਨ ਸ਼ੇਰਾਂ ਦਾ ਖੇਤਰ ਸੀ।
ਸਰਹਿੰਦ ਦੀ ਸਥਾਪਨਾ ਬਾਰੇ ਇਤਿਹਾਸਕਾਰਾਂ ’ਚ ਮੱਤਭੇਦ ਹਨ। ਵਲੀ-ਉੱਲਾਹ ਸਿੱਦੀਕੀ ਅਨੁਸਾਰ 474 ਈਸਵੀ ਵਿਚ ਲਾਹੌਰ ਦੇ ਰਾਜਾ ਸਾਹਿਰ ਰਾਓ ਨੇ ਇਸ ਨੂੰ ਵਸਾਇਆ। ਦੂਜੇ ਪਾਸੇ ਮੁਹੰਮਦ ਹਾਸ਼ਿਮ ਕਾਸਮੀ ਤੇ ਹੋਰ ਲੇਖਕ ਫ਼ਿਰੋਜ਼ ਸ਼ਾਹ ਤੁਗਲਕ (1351-1388) ਨੂੰ ਸੰਸਥਾਪਕ ਮੰਨਦੇ ਹਨ, ਜਿਸ ਨੇ ਆਪਣੇ ਗੁਰੂ ਸੱਯਦ ਜਲਾਲ-ਉਦ-ਦੀਨ ਬੁਖ਼ਾਰੀ ਦੇ ਮਸ਼ਵਰੇ ’ਤੇ ਸ਼ਹਿਰ ਵਸਾਇਆ। ਅਮੀਨ ਅਹਿਮਦ ਰਜ਼ੀ ਤੇ ਮੱਧ ਏਸ਼ਿਆਈ ਯਾਤਰੀ ਮਹਿਮੂਦ ਬਿਨ ਅਹਿਮਦ ਅਮੀਰ ਬਲਖ਼ੀ (1625 ਦੇ ਆਸ-ਪਾਸ) ਨੇ ਵੀ ਸਰਹਿੰਦ/ਸਿਰਹਿੰਦ ਨਾਂ ਦੀ ਪੁਸ਼ਟੀ ਕੀਤੀ। ਮੱਧਕਾਲ ’ਚ ਸਰਹਿੰਦ ਦਿੱਲੀ-ਲਾਹੌਰ ਮਾਰਗ ਦਾ ਸਭ ਤੋਂ ਰਣਨੀਤਕ ਦਰਵਾਜ਼ਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਮੁਹੰਮਦ ਗੌਰੀ ਦੇ ਹਮਲੇ ਸਮੇਂ ਇਹ ਪ੍ਰਿਥਵੀਰਾਜ ਚੌਹਾਨ ਦੀ ਦੂਜੀ ਸਭ ਤੋਂ ਵੱਡੀ ਸੈਨਿਕ ਚੌਕੀ ਸੀ (ਪਹਿਲੀ ਤਬਰਹਿੰਦ/ਬਠਿੰਡਾ)। ਹਰ ਦਿੱਲੀ ਹਾਕਮ ਦੇ ਬਦਲਣ ਨਾਲ ਇੱਥੇ ਦਾ ਫ਼ੌਜਦਾਰ ਵੀ ਬਦਲਦਾ ਰਿਹਾ। 1555 ਵਿਚ ਹਮਾਯੂੰ ਨੇ ਮਾਛੀਵਾੜੇ ਦੀ ਜੰਗ ਜਿੱਤ ਕੇ ਸਰਹਿੰਦ ’ਤੇ ਕਬਜ਼ਾ ਕੀਤਾ ਤੇ ਫਿਰ ਦਿੱਲੀ ’ਤੇ ਰਾਜ ਕੀਤਾ। ਅਕਬਰ ਨੇ ਸਮਾਣਾ-ਸੁਨਾਮ ਨੂੰ ਮਿਲਾ ਕੇ ਇਸ ਨੂੰ ‘ਸਰਕਾਰ-ਏ-ਸਰਹਿੰਦ’ ਦਾ ਦਰਜਾ ਦਿੱਤਾ, ਜੋ 1764 ਤਕ ਚੱਲਿਆ। ਸਿਕੰਦਰ ਲੋਧੀ ਦੇ ਸਮੇਂ ਸ਼ਹਿਰ ਦਾ ਸਭ ਤੋਂ ਵੱਡਾ ਵਿਕਾਸ ਹੋਇਆ। ਉਸ ਨੇ ਸੈਂਕੜੇ ਏਕੜ ਅੰਬਾਂ ਦਾ ਬਾਗ਼, ਵਿਸ਼ਾਲ ਸਰੋਵਰ ਤੇ ਆਪਣੀ ਮਰਹੂਮ ਭੈਣ ਬੀਬੀ ਤਾਜ ਮੁਰਸਾ ਦਾ ਰੇਤੀਲੇ ਪੱਥਰਾਂ ਵਾਲਾ ਮਕਬਰਾ ਬਣਵਾਇਆ। ਉਸੇ ਸਰੋਵਰ ਵਿਚ ਪਾਰਸ ਪੱਥਰ ਦੀ ਭਾਲ ’ਚ ਪੂਰੀ ਫ਼ੌਜ ਸਮੇਤ ਹਾਥੀ-ਘੋੜੇ ਉਤਾਰੇ ਗਏ ਪਰ ਪੱਥਰ ਨਾ ਮਿਲਿਆ ਤੇ ਬਾਰ੍ਹਾਂ ਸਾਲ ਬਾਅਦ ਸਰੋਵਰ ਮਿੱਟੀ ਨਾਲ ਭਰ ਦਿੱਤਾ ਗਿਆ। ਅੱਜ ਉਹ ਥਾਂ ਡੇਰਾ ਮੀਰ ਮੀਰਾਂ ਪਿੰਡ ਵਿਚ ਹੈ।
ਮੁਗ਼ਲ ਤੇ ਬਾਅਦ ਦੇ ਸਮੇਂ ਵਿਚ ਸਰਹਿੰਦ ਦੇ ਫ਼ੌਜਦਾਰਾਂ ਦੀ ਲੰਮੀ ਸੂਚੀ ਹੈ, ਰਾਜਾ ਟੋਡਰ ਮੱਲ, ਸ਼ੇਖ ਅਬਦੁਲ ਅਜ਼ੀਜ਼, ਦਿਲਾਵਰ ਖ਼ਾਂ, ਵਜ਼ੀਰ ਖ਼ਾਂ (1699-1710) ਜਿਸ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਵਾਇਆ। 1710 ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖ਼ਾਂ ਨੂੰ ਮਾਰ ਕੇ ਸਰਹਿੰਦ ਫ਼ਤਹਿ ਕੀਤਾ। 1764 ਵਿਚ ਦਲ ਖ਼ਾਲਸਾ ਦੀਆਂ ਸੱਤ ਮਿਸਲਾਂ ਨੇ ਜੈਨ ਖ਼ਾਂ ਨੂੰ ਮਾਰ ਕੇ ਪੂਰਾ ਪ੍ਰਦੇਸ਼ ਸੱਤ ਹਿੱਸਿਆਂ ਵਿਚ ਵੰਡ ਲਿਆ। ਮਹਾਰਾਜਾ ਆਲਾ ਸਿੰਘ ਤੇ ਕਰਮ ਸਿੰਘ ਨੇ ਸਾਰੇ ਕਿਲ੍ਹੇ–ਮਹਿਲ ਢਾਹ ਕੇ ਨਾਂ ਬਦਲ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਰੱਖ ਦਿੱਤਾ। 1882 ਵਿਚ ਬਣੀ ਸਰਹਿੰਦ ਨਹਿਰ ਨੇ ਇਸ ਜੰਗਲ ਦੇ ਇਲਾਕੇ ਨੂੰ ਦੁਨੀਆ ਦੇ ਸਭ ਤੋਂ ਉਪਜਾਊ ਖੇਤਰਾਂ ’ਚ ਬਦਲ ਦਿੱਤਾ। 19ਵੀਂ ਸਦੀ ’ਚ ਫ਼ਰਾਂਸੀਸੀ ਯਾਤਰੀ ਵੀ. ਜੈਕਮਾਊਂਟ ਨੇ ਲਿਖਿਆ ਕਿ ਉਸ ਨੇ ਭਾਰਤ ਵਿਚ ਅਜਿਹੇ ਖੰਡਰ ਕਿਤੇ ਨਹੀਂ ਵੇਖੇ, ਜੋ 15 ਵਰਗ ਕਿਲੋਮੀਟਰ ਤੱਕ ਫੈਲੇ ਹੋਣ। ਅੱਜ ਵੀ ਸ਼ੇਖ ਅਹਿਮਦ ਸਰਹਿੰਦੀ ਦੀ ਮਜ਼ਾਰ, ਸ਼ਾਹ ਮਾਸੂਮ ਦਾ ਰੋਜ਼ਾ, ਭਗਤ ਸਧਨਾ ਦੀ ਮਸਜਿਦ, ਬੀਬੀ ਤਾਜ ਮੁਰਸਾ ਦਾ ਮਕਬਰਾ, ਆਮ ਖ਼ਾਸ ਬਾਗ਼ ਆਦਿ ਸਥਾਨ ਸਿੱਖਣ ਤੇ ਸਹਿਣਸ਼ੀਲਤਾ ਦੀਆਂ ਜਿਉਂਦੀਆਂ ਮਿਸਾਲਾਂ ਹਨ। 13 ਅਪ੍ਰੈਲ 1992 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਬਣਿਆ ਪਰ ਹਮੇਸ਼ਾ ਅਣਗੌਲਿਆ ਰਿਹਾ। ਸਰਕਾਰਾਂ ਨੇ ਹੋਰ ਤਾਂ ਕੀ ਕਰਨਾ ਸੀ ਸਗੋਂ ਇਲਾਕੇ ਦੇ ਪਿੰਡਾਂ ਨੂੰ ਆਪਣੇ ਜ਼ਿਲ੍ਹੇ ਅਤੇ ਵੱਡੇ ਇਤਿਹਾਸਿਕ ਤੇ ਧਾਰਮਿਕ ਸਥਾਨ ਨਾਲ ਜੋੜਦੀਆਂ ਸੜਕਾਂ ਦੀ ਹਾਲਤ ਸੁਧਾਰਨ ਤਕ ਵੀ ਕਦੇ ਧਿਆਨ ਨਹੀਂ ਦਿੱਤਾ। ਪ੍ਰਾਚੀਨ ਤ੍ਰਿਘਟਾ–ਸ਼ਾਸ਼ਥ ਤੋਂ ਲੈ ਕੇ ਅੱਜ ਦੇ ਫ਼ਤਹਿਗੜ੍ਹ ਸਾਹਿਬ ਤਕ ਇਹ ਸ਼ਹਿਰ ਇਤਿਹਾਸ ਦੇ ਹਰ ਦੌਰ ਦਾ ਗਵਾਹ ਬਣਿਆ ਰਿਹਾ ਹੈ।
ਦੀਵਾਨ ਟੋਡਰ ਮੱਲ ਜਹਾਜ਼ ਹਵੇਲੀ
ਇਹ ਇਤਿਹਾਸਕ ਇਮਾਰਤ ਮੁਗ਼ਲ ਕਾਲ ’ਚ ਦੀਵਾਨ ਟੋਡਰ ਮੱਲ ਦੀ ਰਿਹਾਇਸ਼ ਸੀ। ਇਹ 17ਵੀਂ ਸਦੀ ਦੀ ਆਲੀਸ਼ਾਨ ਰਿਹਾਇਸ਼ੀ ਇਮਾਰਤ ਸੀ। ਇਹ ਮੁਗ਼ਲ ਵਾਸਤੂਕਲਾ ਦਾ ਨਮੂਨਾ ਹੈ, ਜੋ ਸਰਹਿੰਦੀ ਇੱਟਾਂ (ਨਾਨਕਸ਼ਾਹੀ ਇੱਟਾਂ) ਨਾਲ ਬਣੀ ਹੋਈ ਸੀ ਤੇ ਨਵਾਬ ਵਜ਼ੀਰ ਖ਼ਾਂ ਦੇ ਮਹਿਲ ਨੇੜੇ ਸਥਿਤ ਸੀ। ਇਸ ਦੀਆਂ ਵਿਸ਼ੇਸਤਾਵਾਂ ’ਚ ਵਿਸ਼ਾਲ ਰਿਸੈਪਸ਼ਨ ਖੇਤਰ ਸ਼ਾਮਿਲ ਸੀ, ਜਿੱਥੇ ਮਹਿਮਾਨਾਂ ਦਾ ਸਵਾਗਤ ਤੇ ਸਨਮਾਨ ਕੀਤਾ ਜਾਂਦਾ ਸੀ। ਹਵੇਲੀ ’ਚ ਚੰਗੀ ਤਰ੍ਹਾਂ ਵਿਵਸਥਿਤ ਬਾਗ਼-ਬਗੀਚੇ ਸਨ, ਜਿਨ੍ਹਾਂ ਵਿਚ ਫੁਹਾਰੇ, ਤਲਾਬ ਅਤੇ ਪਾਣੀ ਦੀਆਂ ਸੁੰਦਰ ਵਿਵਸਥਾਵਾਂ ਸਨ, ਜੋ ਇਸ ਨੂੰ ਸਮੁੰਦਰੀ ਜਹਾਜ਼ ਵਰਗੀ ਆਕ੍ਰਿਤੀ ਪ੍ਰਦਾਨ ਕਰਦੀਆਂ ਸਨ। ਇਹ ਹਵੇਲੀ ਗੁਰੂ ਸਾਹਿਬ ਦੇ ਸ਼ਰਧਾਲੂ ਟੋਡਰ ਮੱਲ ਦੀ ਅਮੀਰੀ ਤੇ ਸਰਕਾਰੀ ਪ੍ਰਭਾਵ ਨੂੰ ਦਰਸਾਉਂਦੀ ਸੀ ਪਰ ਸਾਹਿਬਜ਼ਾਦਿਆਂ ਦੇ ਸਸਕਾਰ ਤੋਂ ਬਾਅਦ ਵਜ਼ੀਰ ਖ਼ਾਂ ਦੇ ਕ੍ਰੋਧ ਕਾਰਨ ਇਹ ਖੰਡਰ ਬਣ ਗਈ। ਹਾਲਾਂਕਿ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਾਂ ਨੇ ਇਸ ਨੂੰ ਛੱਡ ਦਿੱਤਾ ਸੀ। ਅੱਜ ਇਹ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ ਹਰਨਾਮ ਨਗਰ ਵਿਖੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਆਦਿ ਸੰਸਥਾਵਾਂ ਵੱਲੋਂ ਮੁੜ ਬਹਾਲੀ ਹੋ ਰਹੀ ਹੈ।
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖ਼ਰੀਦਣ ਵਾਲੀ ਮਹਾਨ ਕੁਰਬਾਨੀ ਨੇ ਇਸ ਹਵੇਲੀ ਨੂੰ ਸਿੱਖ ਇਤਿਹਾਸ ਦੀ ਅਮੁੱਲੀ ਨਿਸ਼ਾਨੀ ਬਣਾ ਦਿੱਤਾ। 1980 ’ਚ ਪੰਜਾਬ ਸਰਕਾਰ ਨੇ ਇਸ ਨੂੰ ਸੁਰੱਖਿਅਤ ਐਲਾਨਿਆ। ਫਿਰ 2003 ’ਚ ਸਾਬਕਾ ਆਈਏਐੱਸ ਨਵਜੋਤਪਾਲ ਸਿੰਘ ਰੰਧਾਵਾ ਨੇ ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ ਰਾਹੀਂ ਪੁਰਾਣੇ ਮਾਲਕਾਂ ਤੋਂ ਖ਼ਰੀਦੀ ਤੇ 2008 ਵਿਚ ਬਿਨਾਂ ਕੀਮਤ ਲਏ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨਾਂ ਰਜਿਸਟਰੀ ਕਰਵਾ ਦਿੱਤੀ। ਲੱਗਦੀ ਜ਼ਮੀਨ ਤਬਾਦਲੇ ਨਾਲ ਕੁੱਲ ਰਕਬਾ 7-8 ਕਨਾਲ ਹੋ ਗਿਆ।
ਮੁੜ-ਬਹਾਲੀ ਦਾ ਸਫ਼ਰ 16 ਸਾਲ ਤਕ ਕਾਨੂੰਨੀ ਤੇ ਪ੍ਰਸ਼ਾਸਨਿਕ ਅੜਚਨਾਂ ’ਚ ਫਸਿਆ ਰਿਹਾ। 2020 ’ਚ ਜਨਹਿੱਤ ਪਟੀਸ਼ਨ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੰਮ ਰੋਕ ਦਿੱਤਾ ਸੀ। 2022 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਾ ਪ੍ਰਾਜੈਕਟ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਨੂੰ ਸੌਂਪ ਦਿੱਤਾ। 2024 ਦੇ ਅੰਤ ਵਿਚ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਐੱਚਸੀ ਅਰੋੜਾ, ਪੁਰਾਤਤਵ ਵਿਭਾਗ ਦੇ ਅਧਿਕਾਰੀ ਤੇ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਦੀ ਮੀਟਿੰਗ ਵਿਚ ਸਾਰੇ ਇਤਰਾਜ਼ ਦੂਰ ਹੋ ਗਏ। ਐੱਚਸੀ ਅਰੋੜਾ ਨੇ ਫਾਊਂਡੇਸ਼ਨ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਤੇ 14 ਸਾਲ ਪੁਰਾਣਾ ਕੇਸ ਹਮੇਸ਼ਾ ਲਈ ਨਿਪਟ ਗਿਆ। 2025 ’ਚ ਕੰਮ ਨੂੰ ਅਸਲ ਰਫ਼ਤਾਰ ਮਿਲੀ। 23 ਫਰਵਰੀ ਨੂੰ ਸੱਭਿਆਚਾਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੱਡੇ ਸਮਾਗਮ ’ਚ ਨੀਂਹ ਪੱਥਰ ਰੱਖਿਆ। ਫਾਊਂਡੇਸ਼ਨ ਨੇ ਪਹਿਲਾਂ ਹੀ 50 ਲੱਖ ਰੁਪਏ ਤੋਂ ਵੱਧ ਖ਼ਰਚ ਕੇ ਮੁੱਢਲਾ ਕੰਮ ਸ਼ੁਰੂ ਕਰ ਦਿੱਤਾ ਸੀ। ਹਵੇਲੀ ਦੀ ਮੁੜ ਉਸਾਰੀ ਦਾ ਕੰਮ ਮੁੜ ਤੋਂ ਸ਼ੁਰੂ ਕਰਨ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਨੂੰ ਲਗਪਗ ਤਿੰਨ ਸਾਲ ਸਮਾਂ ਲੱਗ ਗਿਆ। ਇਸ ਰਾਹ ਵਿਚ ਕਈ ਅੜਿੱਕੇ ਸਨ। ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗਾਂ ਤੇ ਇਸ ਥਾਂ ਦੀ ਮਾਲਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਨਜ਼ੂਰੀ ਦੀ ਵੀ ਜ਼ਰੂਰਤ ਸੀ। ਇਸ ਤੋਂ ਇਲਾਵਾ ਮੌਜੂਦਾ ਢਾਂਚੇ ਦੀ ਸਟਰੈਂਥ ਚੈੱਕ ਕਰਨਾ ਤੇ ਇਸ ਦਾ ਅਸਲੀ ਰੂਪ ਵੀ ਬਚਾ ਕੇ ਰੱਖਣਾ ਆਦਿ ਲਈ ਕਈ ਵਿਭਾਗਾਂ ਤੋਂ ਮਨਜ਼ੂਰੀ ਚਾਹੀਦੀ ਸੀ। ਫਾਊਂਡੇਸ਼ਨ ਨੇ ਪੰਜਾਬ ਸਰਕਾਰ ਨਾਲ ਦੇਰ ਰਾਤ ਤਕ ਮੀਟਿੰਗਾਂ ਕਰ ਕੇ ਤੇ ਸਬੰਧਿਤ ਵਿਭਾਗਾਂ ਤੋਂ ਫਾਈਲਾਂ ਕਲੀਅਰ ਕਰਵਾਉਣ ਪਿੱਛੋਂ ਇਸ ਇਤਿਹਾਸਕ ਹਵੇਲੀ ਦੇ ਅਸਲੀ ਰੂਪ ’ਚ ਮੁੜ ਨਿਰਮਾਣ ਦਾ ਰਾਹ ਸਾਫ਼ ਕੀਤਾ। 23 ਫਰਵਰੀ ਦੇ ਸਮਾਗਮ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਸੀ ਕਿ ਹਵੇਲੀ ਦੀ ਮੁੜ ਉਸਾਰੀ ਤੇ ਮਿਊਜ਼ੀਆਮ ਆਦਿ ਬਣਾਉਣ ਦੇ ਸਾਰੇ ਕੰਮਾਂ ’ਤੇ 50 ਕਰੋੜ ਰੁਪਏ ਖ਼ਰਚਾ ਆਉਣ ਦਾ ਅੰਦਾਜ਼ਾ ਹੈ।
ਹੁਣ 18ਵੀਂ ਸਦੀ ਵਾਲੇ ਅਸਲ ਰੂਪ ਵਿਚ ਨਾਨਕਸ਼ਾਹੀ ਇੱਟਾਂ ਨਾਲ ਹਵੇਲੀ ਮੁੜ ਬਣਾਈ ਜਾ ਰਹੀ ਹੈ। ਭਵਿੱਖ ’ਚ ਇੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਲਾਇਬ੍ਰੇਰੀ ਤੇ ਪ੍ਰਦਰਸ਼ਨੀ ਵੀ ਬਣੇਗੀ। ਪੰਜਾਬ ਸਰਕਾਰ ਨੇ ਇਸ ਨੂੰ ਟੂਰਿਜ਼ਮ ਹੱਬ ਦਾ ਹਿੱਸਾ ਬਣਾਉਣ ਦੀ ਯੋਜਨਾ ਵਿਚ ਸ਼ਾਮਿਲ ਕਰ ਲਿਆ ਹੈ। ਫਾਊਂਡੇਸ਼ਨ ਮੁਤਾਬਿਕ 2026 ਤਕ ਪੂਰਾ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ ਤੇ ਜਹਾਜ਼ ਹਵੇਲੀ ਸਿੱਖ ਤੇ ਪੰਜਾਬੀ ਵਿਰਾਸਤ ਦੀ ਜਿਉਂਦੀ ਜਾਗਦੀ ਮਿਸਾਲ ਬਣ ਕੇ ਫਿਰ ਆਪਣੀ ਪੁਰਾਣੀ ਸ਼ਾਨ ਨਾਲ ਚਮਕੇਗੀ।
ਅਣਗੌਲਿਆ ਆਮ ਖ਼ਾਸ ਬਾਗ਼
ਜਦੋਂ ਮੁਗ਼ਲ ਬਾਦਸ਼ਾਹ ਦਿੱਲੀ ਤੋਂ ਲਾਹੌਰ ਜਾਂਦੇ ਤਾਂ ਰਸਤੇ ’ਚ ਅਜਿਹਾ ਬਾਗ਼ ਸੀ, ਜਿੱਥੇ ਪੂਰਾ ਕਾਫ਼ਲਾ ਰੁਕਦਾ। ਘੋੜੇ ਥੱਕ ਜਾਂਦੇ, ਹਾਥੀ ਆਰਾਮ ਕਰਦੇ ਤੇ ਬਾਦਸ਼ਾਹ ਆਪ ਵੀ ਸ਼ਾਨੋ-ਸ਼ੌਕਤ ਨਾਲ ਉਤਰਦੇ। ਉਹ ਬਾਗ਼ ਸੀ ਆਮ ਖ਼ਾਸ ਬਾਗ਼, ਸਰਹਿੰਦ। ਅਕਬਰ ਨੇ ਨੀਂਹ ਰੱਖੀ ਤੇ ਸ਼ਾਹਜਹਾਂ ਨੇ ਇਸ ਨੂੰ ਵਿਸਥਾਰ ਦਿੱਤਾ। ਇਸ ਦੇ ਦੋ ਹਿੱਸੇ ਬਣਾਏ ਗਏ। ਇਕ ਆਮ ਲੋਕਾਂ ਲਈ, ਦੂਜਾ ਸ਼ਾਹੀ ਮਹਿਮਾਨਾਂ ਲਈ। ਇਸੇ ਲਈ ਨਾਂ ਆਮ ਖ਼ਾਸ ਪਿਆ ਸੀ। ਇਸ ਦੇ ਸ਼ੀਸ਼ ਮਹੱਲ ਦੀਆਂ ਕੰਧਾਂ ’ਤੇ ਚਮਕਦੇ ਸ਼ੀਸ਼ੇ ਅਜੇ ਵੀ ਬਾਕੀ ਹਨ, ਜਿਨ੍ਹਾਂ ਵਿਚ ਕਦੇ ਸ਼ਾਹੀ ਚਿਹਰੇ ਝਲਕਦੇ ਹੋਣਗੇ। ਹਮਾਮ ਦੇ ਵਿਸ਼ਾਲ ਟਾਂਕੇ, ਪਾਣੀ ਦੇ ਉਹ ਚੈਨਲ ਜੋ ਫੁਹਾਰਿਆਂ ਨੂੰ ਜਿਉਂਦਾ ਕਰਦੇ ਸਨ ਤੇ ਉਹ ਫੁੱਲਦਾਰ ਬਗ਼ੀਚਾ, ਜਿੱਥੇ ਮੁਗ਼ਲ ਸ਼ਹਿਜ਼ਾਦੀਆਂ ਹੱਸਦੀਆਂ-ਖੇਡਦੀਆਂ ਹੋਣਗੀਆਂ, ਸਭ ਕੁਝ ਅਜੇ ਵੀ ਖੜ੍ਹਾ ਹੈ ਪਰ ਜਿਵੇਂ ਇਕ ਬੁੱਢਾ ਰਾਜਾ ਬਿਨਾਂ ਤਾਜ ਤੇ ਬਿਨਾਂ ਸੇਵਕਾਂ ਤੋਂ ਆਪਣੇ ਟੁੱਟੇ ਮਹਿਲ ਵਿਚ ਬੈਠਾ ਹੋਵੇ। ਦੁੱਖ ਦੀ ਗੱਲ ਹੈ ਕਿ ਇਸ ਵਿਰਾਸਤ ਨੂੰ ਬਚਾਉਣ ਦੇ ਸਾਰੇ ਐਲਾਨ ਸਿਰਫ਼ ਕਾਗਜ਼ਾਂ ਤਕ ਹੀ ਰਹਿ ਗਏ। ਵੱਡੇ-ਵੱਡੇ ਐਲਾਨਾਂ ਦੇ ਬਾਵਜੂਦ ਅੱਜ ਵੀ ਸ਼ੀਸ਼ ਮਹੱਲ ਦੀਆਂ ਕੰਧਾਂ ਡਿੱਗ ਰਹੀਆਂ ਹਨ। ਪਾਣੀ ਦੇ ਚੈਨਲ ਜਾਮ ਹਨ। ਫੁਹਾਰੇ ਸੁੱਕੇ ਪਏ ਹਨ। ਸਰਦਖ਼ਾਨੇ ਵਿਚ ਹੁਣ ਠੰਢੀ ਹਵਾ ਨਹੀਂ, ਸਿਰਫ਼ ਗੰਦਗੀ ਦੀ ਬਦਬੂ ਆਉਂਦੀ ਹੈ। ਇਸ ਦੀਆਂ ਪੱਕੀਆਂ ਰਾਹਾਂ ’ਚ ਦਰਾੜਾਂ ਪੈ ਗਈਆਂ ਹਨ, ਬੇਲਗਾਮ ਘਾਹ-ਬੂਟੇ ਉੱਗ ਆਏ ਹਨ, ਸੈਲਾਨੀ ਆਉਂਦਾ ਤਾਂ ਹੈ ਪਰ ਬੈਠਣ ਲਈ ਬੈਂਚ ਵੀ ਨਹੀਂ, ਪੀਣ ਲਈ ਪਾਣੀ ਵੀ ਨਹੀਂ। ਅਸਲ ’ਚ ਇਸ ਬਾਗ਼ ਨੂੰ ਪੁਰਾਤਨ ਤਰੀਕੇ ਨਾਲ ਵਿਗਿਆਨਕ ਮੁਰੰਮਤ ਦੀ ਲੋੜ ਹੈ। ਮੁਗ਼ਲ ਕਾਲ ਵਾਲੀਆਂ ਅਸਲ ਇੱਟਾਂ, ਪੁਰਾਣੇ ਚੂਨੇ-ਸੁਰਖੀ ਦਾ ਮਿਸ਼ਰਨ, ਉਹੀ ਪਾਣੀ ਦੀ ਵਿਵਸਥਾ ਜੋ ਸਦੀਆਂ ਤੋਂ ਚੱਲ ਰਹੀ ਸੀ। ਇਸ ਕੰਮ ਲਈ ਤਜਰਬੇਕਾਰ ਮਾਹਿਰ, ਲੰਮੀ ਮਿਆਦ ਦੀ ਯੋਜਨਾ ਤੇ ਵੱਡੇ ਬਜਟ ਦੀ ਲੋੜ ਹੈ। ਆਮ ਖ਼ਾਸ ਬਾਗ਼ ਸਿਰਫ਼ ਇਕ ਬਾਗ਼ ਨਹੀਂ, ਇਹ ਮੁਗ਼ਲ ਸਾਮਰਾਜ ਦੇ ਦੌਰ ਦੀਆਂ ਆਖ਼ਰੀ ਨਿਸ਼ਾਨੀਆਂ ਵਿੱਚੋਂ ਇੱਕ ਹੈ ਤੇ ਪੁਰਾਤਨ ਕਲਾਕਾਰੀ ਦਾ ਨਮੂਨਾ ਵੀ। ਇਹ ਸਾਡੀ ਸਹਿਣਸ਼ੀਲਤਾ ਦਾ ਪ੍ਰਤੀਕ ਹੈ, ਸਾਡੀ ਸਾਂਝੀ ਵਿਰਾਸਤ ਹੈ। ਜੇ ਅੱਜ ਅਸੀਂ ਇਸ ਨੂੰ ਨਾ ਬਚਾਇਆ ਤਾਂ ਕੱਲ੍ਹ ਸਾਡੇ ਬੱਚੇ ਸਿਰਫ਼ ਫੋਟੋਆਂ ’ਚ ਹੀ ਮੁਗ਼ਲ ਸ਼ਾਨ ਦੇਖਣਗੇ।
ਭਗਤ ਸਧਨਾ ਦੀ ਮਸੀਤ
ਭਗਤ ਸਧਨਾ ਦੀ ਮਸੀਤ ਸਰਹਿੰਦ-ਰੋਪੜ ਰੇਲਵੇ ਲਾਈਨ ਦੇ ਬਿਲਕੁਲ ਨਜ਼ਦੀਕ ਸਰਹਿੰਦ ਸ਼ਹਿਰ ਤੋਂ ਡੇਰਾ ਮੀਰਾਂ ਮੀਰ ਵਾਲੇ ਫਾਟਕ ਦੇ ਕੋਲ ਸੜਕ ਦੇ ਖੱਬੇ ਪਾਸੇ ਸਥਿਤ ਹੈ, ਜੋ ਪੁਰਾਤਤਵ ਵਿਭਾਗ ਦੇ ਅਧੀਨ ਹੈ। ਇਹ ਮਸੀਤ ਦਾ ਸਬੰਧ ਸਧਨਾ ਭਗਤ (ਜੋ ਪਹਿਲਾਂ ਕਸਾਈ ਸੀ) ਨਾਲ ਹੈ। ਸਧਨਾ ਭਗਤ ਆਪਣੇ ਸਮੇਂ ਦਾ ਮਸ਼ਹੂਰ ਮੁਸਲਿਮ ਕਵੀ ਤੇ ਸੂਫ਼ੀ-ਸੰਤ ਸੀ। ਇਸ ਮਸੀਤ ਦੀ ਇਮਾਰਤ ਸਰਹਿੰਦੀ ਇੱਟਾਂ ਨਾਲ ਬਣੀ ਹੋਈ ਹੈ, ਜਿਹੜੀ ਮੁਗ਼ਲਾਂ ਦੇ ਸਮੇਂ ਦਾ ਬਿਹਤਰੀਨ ਆਰਕੀਟੈਕਟ ਦਾ ਨਮੂਨਾ ਹੈ ਪਰ ਇਸ ਇਮਾਰਤ ਦੀ ਹਾਲਤ ਵੀ ਤਰਸਯੋਗ ਹੈ। ਪੁਰਾਣੇ ਸਮੇਂ ਦੇ ਮੁਗ਼ਲ ਕਾਰੀਗਰਾਂ ਵੱਲੋਂ ਬਣਾਈਆਂ ਪੇਂਟਿੰਗਾਂ ਅੱਜ ਵੀ ਉਨ੍ਹਾਂ ਦੀ ਕਾਰੀਗਰੀ ਦਾ ਲੋਹਾ ਮੰਨਵਾ ਰਹੀਆਂ ਹਨ। ਸਧਨਾ ਭਗਤ ਦੀ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵੀ ਦਰਜ ਹੈ।
.jpg)
ਉਸਤਾਦ-ਸ਼ਾਗਿਰਦ ਦੇ ਮਕਬਰੇ
ਪਿੰਡ ਤਲਾਣੀਆਂ ਤੇ ਸਰਹਿੰਦ ਸ਼ਹਿਰ ਦੇ ਖੇਤਾਂ ’ਚ ਪੁਰਾਣੇ ਮਕਬਰੇ ਬਣੇ ਹੋਏ ਹਨ, ਜਿਹੜੇ ਇੱਥੋਂ ਦੀ ਧਰਤੀ ਦੇ ਇਤਿਹਾਸਕ ਹੋਣ ਦੀ ਗਵਾਹੀ ਭਰਦੇ ਹਨ। ਉਸਤਾਦ ਤੇ ਸ਼ਾਗਿਰਦ ਦੇ ਨਾਂ ਨਾਲ ਮਸ਼ਹੂਰ ਇਨ੍ਹਾਂ ਮਕਬਰਿਆਂ ਨੂੰ ਪਿੰਡ ਤਲਾਣੀਆਂ ਅਤੇ ਸਰਹਿੰਦ ਦੇ ਖੇਤਾਂ ਵਿਚ ਸਥਿਤ ਉਸਤਾਦ-ਸ਼ਾਗਿਰਦ ਦੇ ਮਕਬਰੇ ਮੁਗ਼ਲ ਕਾਲ ਦੀਆਂ ਬੇਮਿਸਾਲ ਆਰਕੀਟੈਕਚਰਲ ਸ਼ਾਹਕਾਰ ਹਨ, ਜੋ ਲਗਪਗ 450 ਸਾਲ ਪਹਿਲਾਂ ਮਹਾਨ ਉਸਤਾਦ ਸਈਅਦ ਖ਼ਾਨ ਅਤੇ ਉਨ੍ਹਾਂ ਦੇ ਸ਼ਾਗਿਰਦ ਖ਼ਵਾਜ਼ਾ ਖ਼ਾਨ ਨੇ ਬਣਾਏ ਸਨ। ਲੋਕ ਕਥਾ ਅਨੁਸਾਰ ਸ਼ਾਗਿਰਦ ਨੂੰ ਹੁਨਰ ਸਿੱਖਣ ਤੋਂ ਬਾਅਦ ਹੰਕਾਰ ਚੜ੍ਹ ਗਿਆ ਤੇ ਉਹ ਆਪਣੇ ਆਪ ਨੂੰ ਉਸਤਾਦ ਤੋਂ ਵੀ ਵੱਡਾ ਕਾਰੀਗਰ ਸਮਝਣ ਲੱਗ ਪਿਆ, ਜਿਸ ਕਾਰਨ ਦੋਵਾਂ ਵਿਚਕਾਰ ਸ਼ਰਤ ਲੱਗੀ ਕਿ ਇੱਕੋ ਰਾਤ ’ਚ ਹਰੇਕ ਆਪੋ-ਆਪਣਾ ਮਕਬਰਾ ਬਣਾਏਗਾ ਅਤੇ ਜਿਸ ਦਾ ਮਕਬਰਾ ਅਧੂਰਾ ਰਹਿ ਜਾਵੇਗਾ, ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਸਵੇਰ ਤਕ ਉਸਤਾਦ ਸਈਅਦ ਖ਼ਾਨ ਨੇ ਆਪਣਾ ਮਕਬਰਾ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਪਰ ਸ਼ਾਗਿਰਦ ਖ਼ਵਾਜ਼ਾ ਖ਼ਾਨ ਦੇ ਮਕਬਰੇ ਦੀ ਸਿਖ਼ਰਲੀ ਗੁੰਬਦ ਅਧੂਰੀ ਰਹਿ ਗਈ, ਫਲਸਰੂਪ ਉਹ ਸ਼ਰਤ ਹਾਰ ਗਿਆ। ਸ਼ਰਤ ਹਾਰਨ ਤੋਂ ਬਾਅਦ ਜਦੋਂ ਖ਼ਵਾਜ਼ਾ ਖ਼ਾਨ ਆਪਣਾ ਸਿਰ ਪੇਸ਼ ਕਰਨ ਉਸਤਾਦ ਕੋਲ ਪਹੁੰਚਿਆ ਤਾਂ ਉਸਤਾਦ ਨੇ ਕਿਹਾ ਕਿ ਮੈਂ ਤੇਰਾ ਨਹੀਂ, ਤੇਰੇ ਅੰਦਰ ਵਸਦੇ ਹੰਕਾਰ ਦਾ ਸਿਰ ਵੱਢਣਾ ਹੈ। ਇਸ ਤਰ੍ਹਾਂ ਉਸਤਾਦ ਨੇ ਸ਼ਾਗਿਰਦ ਦਾ ਹੰਕਾਰ ਤੋੜ ਦਿੱਤਾ ਤੇ ਸਾਬਿਤ ਕੀਤਾ ਕਿ ਉਸਤਾਦ ਹਮੇਸ਼ਾ ਉਸਤਾਦ ਹੀ ਰਹਿੰਦਾ ਹੈ। ਅੱਜ ਵੀ ਉਸਤਾਦ ਦਾ ਮਕਬਰਾ ਪੂਰਨ ਗੁੰਬਦਾਂ ਨਾਲ ਸੰਪੂਰਨ ਦਿਸਦਾ ਹੈ, ਜਦੋਂਕਿ ਸ਼ਾਗਿਰਦ ਦਾ ਮਕਬਰਾ ਸਿਖ਼ਰ ਤੋਂ ਸੱਖਣਾ ਹੈ। ਇਸ ਲਈ ਇਹ ਮਕਬਰੇ ਹੰਕਾਰ ਤੋੜਨ ਦੇ ਪ੍ਰਤੀਕ ਵਜੋਂ ਵੀ ਜਾਣੇ ਜਾਂਦੇ ਹਨ। ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ ਇਨ੍ਹਾਂ ਇਮਾਰਤਾਂ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਬੋਰਡ ਲੱਗੇ ਹਨ ਪਰ ਇਨ੍ਹਾਂ ਦੇ ਇਤਿਹਾਸ ਜਾਂ ਮਹੱਤਤਾ ਬਾਰੇ ਕੋਈ ਜਾਣਕਾਰੀ ਵਾਲਾ ਬੋਰਡ ਨਹੀਂ ਹੈ।
ਬੀਬੀ ਤਾਜ ਮੁਰਸਾ ਦਾ ਮਕਬਰਾ
ਦਿੱਲੀ ਸਲਤਨਤ ਦੇ ਸੁਲਤਾਨ ਸਿਕੰਦਰ ਲੋਧੀ (1489–1517) ਦੀ ਭੈਣ ਬੀਬੀ ਤਾਜ ਮੁਰਸਾ ਦਾ ਮਕਬਰਾ ਸਰਹਿੰਦ ਦੀ ਸਭ ਤੋਂ ਪੁਰਾਣੀ ਬਚੀ ਹੋਈ ਇਮਾਰਤ ਵਿੱਚੋਂ ਇੱਕ ਹੈ। ਇਹ 1492 ਵਿਚ ਬਚਿੱਟੇ-ਲਾਲ ਰੇਤਲੇ ਪੱਥਰ ਨਾਲ ਬਣਾਇਆ ਗਿਆ ਸੀ। ਮਕਬਰੇ ਦੀ ਬਣਤਰ ਅੱਠ ਪਹੀਆਂ (ਅਸ਼ਟਭੁਜੀ) ਹੈ ਤੇ ਇਸ ਦੀਆਂ ਕੰਧਾਂ ’ਤੇ ਕੁਰਾਨ ਦੀਆਂ ਆਇਤਾਂ ਤੇ ਫੁੱਲਾਂ ਦੀ ਸੋਹਣੀ ਨੱਕਾਸ਼ੀ ਅਜੇ ਵੀ ਦਿਖਾਈ ਦਿੰਦੀ ਹੈ। ਸੁਲਤਾਨ ਸਿਕੰਦਰ ਲੋਧੀ ਨੇ ਆਪਣੀ ਭੈਣ ਦੀ ਯਾਦ ’ਚ ਇਸ ਨੂੰ ਬੜੇ ਪਿਆਰ ਨਾਲ ਬਣਵਾਇਆ ਸੀ। ਅੱਜ ਵੀ ਇਹ ਮਕਬਰਾ ਆਪਣੀ ਪੁਰਾਣੀ ਸ਼ਾਨ ਲਈ ਜਾਣਿਆ ਜਾਂਦਾ ਹੈ ਤੇ ਭਾਰਤੀ ਪੁਰਾਤਤਵ ਵਿਭਾਗ ਵੱਲੋਂ ਸੁਰੱਖਿਅਤ ਯਾਦਗਾਰ ਮੰਨਿਆ ਗਿਆ ਹੈ।
ਸ਼ੇਖ਼ ਅਹਿਮਦ ਸਰਹਿੰਦੀ ਦੀ ਮਜ਼ਾਰ
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਜ਼ਾਲਮ ਮੁਗ਼ਲ ਹਾਕਮਾਂ ਦੀਆਂ ਇਮਾਰਤਾਂ ਤੇ ਕਿਲ੍ਹੇ ਤਾਂ ਢਾਹੇ ਪਰ ਉਨ੍ਹਾਂ ਨੇ ਕਿਸੇ ਵੀ ਧਾਰਮਿਕ ਸਥਾਨ ਜਾਂ ਮਸਜਿਦ ਆਦਿ ਦੀ ਬੇਅਦਬੀ ਨਹੀਂ ਕੀਤੀ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਰੋਜ਼ਾ ਸਰੀਫ਼ ਦੇ ਨਾਂ ਨਾਲ ਮਸ਼ਹੂਰ ਇੱਥੇ ਸ਼ੇਖ਼ ਅਹਿਮਦ ਫ਼ਾਰੂਕੀ ਸਰਹਿੰਦੀ (1564–1624) ਦੀ ਮਜ਼ਾਰ ਹੈ। ਹਾਲਾਂਕਿ ਇਤਿਹਾਸ ਵਿਚ ਸ਼ੇਖ਼ ਅਹਿਮਦ ਫ਼ਾਰੂਕੀ ਸਰਹਿੰਦੀ ਦਾ ਨਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨਾਲ ਵੀ ਜੁੜਦਾ ਹੈ। ਚਿੱਟੇ ਸੰਗਮਰਮਰ ਦਾ ਵਿਸ਼ਾਲ ਗੁੰਬਦ, ਨੀਲੀਆਂ ਸੁਨਹਿਰੀ ਨੱਕਾਸ਼ੀ ਵਾਲੀਆਂ ਕੰਧਾਂ ਇਸ ਨੂੰ ਭਾਰਤ ਦੀਆਂ ਸਭ ਤੋਂ ਸੋਹਣੀਆਂ ਮਜ਼ਾਰਾਂ ’ਚ ਸ਼ਾਮਿਲ ਕਰਦਾ ਹੈ।
ਵਜ਼ੀਰ ਖ਼ਾਨ ਦੇ ਕਿਲ੍ਹੇ ਦੀ ਥਾਂ ਉਸਰਿਆ ਹੈ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਦੀ ਸ਼ਹਾਦਤ ਵਾਲੀ ਥਾਂ, ਜਿੱਥੇ ਹੁਣ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਬਣਿਆ ਹੋਇਆ ਹੈ, ਇਹ ਥਾਂ ਕਦੇ ਵਜ਼ੀਰ ਖ਼ਾਨ ਦੇ ਕਿਲ੍ਹੇ ਦਾ ਹਿੱਸਾ ਹੁੰਦੀ ਸੀ। ਪ੍ਰਿੰਸੀਪਲ ਸਤਿਬੀਰ ਸਿੰਘ ਮੁਤਾਬਿਕ 1762 ਦੇ ਵੱਡੇ ਘੱਲੂਘਾਰੇ ਸਮੇਂ 12 ਮਿਸਲਾਂ ਦੇ ਸਿੱਖਾਂ ਨੇ ਸਰਹਿੰਦ ’ਤੇ ਹਮਲਾ ਕਰ ਕੇ ਸੂਬੇਦਾਰ ਜੈਨ ਖ਼ਾਨ ਦਾ ਕਤਲ ਕਰ ਦਿੱਤਾ ਅਤੇ ਸਰਹਿੰਦ ’ਤੇ ਕਬਜ਼ਾ ਕਰ ਲਿਆ। ਇਹ ਸਾਰਾ ਇਲਾਕਾ 2500 ਰੁਪਏ ਨਜ਼ਰਾਨਾ ਲੈ ਕੇ ਪਟਿਆਲਾ ਵਾਲੇ ਬਾਬਾ ਆਲਾ ਸਿੰਘ ਨੂੰ ਸੌਂਪ ਦਿੱਤਾ ਗਿਆ। ਇਨ੍ਹਾਂ 12 ਮਿਸਲਾਂ ਦੇ ਸਹਿਯੋਗ ਨਾਲ ਹੀ ਬਾਬਾ ਆਲਾ ਸਿੰਘ ਨੇ 1763 ਈਸਵੀ ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ’ਤੇ ਗੁਰਦੁਆਰਾ ਸਾਹਿਬ ਦੀ ਨੀਂਹ ਰਖਵਾ ਕੇ 500 ਵਿੱਘੇ ਜ਼ਮੀਨ ਵੀ ਗੁਰੂ ਘਰ ਦੇ ਨਾਂ ਲਗਵਾ ਦਿੱਤੀ। ਇਸ ਪਿੱਛੋਂ ਈਸਵੀ 1813 ਵਿਚ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਗੁਰੂ ਘਰ ਦੀ ਨਵੀਂ ਇਮਾਰਤ ਬਣਵਾ ਕੇ ਲੰਗਰ ਸ਼ੁਰੂ ਕਰਵਾ ਦਿੱਤੇ। ਲੰਗਰ ਚੱਲਦਾ ਰੱਖਣ ਲਈ ਹੋਰ ਵੀ ਬਹੁਤ ਸਾਰੀ ਅਚੱਲ ਜਾਇਦਾਦ ਗੁਰੂ ਘਰ ਦੇ ਨਾਂ ਲਗਵਾ ਦਿੱਤੀ। ਕਾਫ਼ੀ ਸਮਾਂ ਇਸ ਗੁਰੂ ਘਰ ਦਾ ਪ੍ਰਬੰਧ ਪੁਜਾਰੀਆਂ ਦੇ ਹੱਥਾਂ ਵਿਚ ਚੱਲਦਾ ਰਿਹਾ ਪਰ ਇਹ ਪ੍ਰਬੰਧ ਸਹੀ ਨਾ ਚੱਲਦਾ ਹੋਣ ਕਾਰਨ ਪਟਿਆਲਾ ਸਰਕਾਰ ਨੇ ਈਸਵੀ 1906 ਵਿਚ ਇਨ੍ਹਾਂ ਪੁਜਾਰੀਆਂ ਵਿੱਚੋਂ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਣਾ ਦਿੱਤੀ, ਜੋ 42 ਸਾਲਾਂ ਤੱਕ ਕੰਮ ਕਰਦੀ ਰਹੀ। ਬਾਅਦ ਵਿਚ ਸਾਲ 1944 ਵਿਚ ਮਹਾਰਾਜਾ ਯਾਦਵਿੰਦਰ ਸਿੰਘ ਨੇ ‘ਇੰਪਰੂਵਮੈਂਟ ਕਮੇਟੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੇ ਜੋਤੀ ਸਰੂਪ’ ਦਾ ਗਠਨ ਕੀਤਾ। ਇਸ 13 ਮੈਂਬਰੀ ਕਮੇਟੀ ਦੇ ਨਾਲ ਹੀ ਪਟਿਆਲਾ ਦਰਬਾਰ ਦੇ ਕੁਝ ਅਧਿਕਾਰੀਆਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿਚ ਵਿਸਾਖਾ ਸਿੰਘ ਤੇ ਭਾਈ ਅਰਜਨ ਸਿੰਘ ਬਾਗੜੀਆ ਵੀ ਸ਼ਾਮਿਲ ਸਨ।
ਇਸ ਕਮੇਟੀ ਨੇ ਉਸ ਸਮੇਂ 8 ਲੱਖ 10 ਹਜ਼ਾਰ ਰੁਪਏ ਫੰਡ ਇਕੱਤਰ ਕੀਤਾ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਤਾਰਾ ਸਿੰਘ ਦੀ ਸਲਾਹ ’ਤੇ ਗੁਰੂ ਘਰ ਦਾ ਨਵਾਂ ਨਕਸ਼ਾ ਬਣਵਾਇਆ। ਇਸ ਨਕਸ਼ੇ ਅਨੁਸਾਰ ਹੀ 23 ਫੁੱਟ ਡੂੰਘੀਆਂ ਨੀਹਾਂ ਨਾਲ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਤਿੰਨ ਮੰਜ਼ਿਲਾ ਇਮਾਰਤ ਦੀ ਉਸਾਰੀ ਹੋਈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨਾਲ ਲਗਦਾ ਟਿੱਲਾ ਵੀ ਕਿਸੇ ਸਮੇਂ ਵਜ਼ੀਰ ਖ਼ਾਨ ਦੇ ਕਿਲ੍ਹੇ ਦਾ ਹਿੱਸਾ ਹੁੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਹਮਲੇ ਸਮੇਂ ਇਸ ਕਿਲ੍ਹੇ ਨੂੰ ਢਾਹ ਦਿੱਤਾ ਗਿਆ, ਜੋ ਸਮਾਂ ਪਾ ਕੇ ਥੇਹ ’ਚ ਤਬਦੀਲ ਹੋ ਗਿਆ।
ਗੁਰਦੁਆਰਾ ਜੋਤੀ ਸਰੂਪ ਸਾਹਿਬ
ਇਸ ਸਥਾਨ ’ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਇੱਕੋ ਚਿਖਾ ’ਚ ਸਸਕਾਰ ਕੀਤਾ ਗਿਆ ਸੀ। ਇਸ ਪਿੱਛੋਂ ਭਾਈ ਜੋਧ ਸਿੰਘ ਨੇ ਅਸਥੀਆਂ ਘੜੇ ’ਚ ਪਾ ਕੇ ਇੱਥੇ ਦੱਬ ਦਿੱਤੀਆਂ ਸਨ। ਜਦੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿਚ ਅਤੇ ਫਿਰ ਦਲ ਖ਼ਾਲਸਾ ਨੇ 1764 ਵਿਚ ਸਰਹਿੰਦ ਨੂੰ ਜਿੱਤਿਆ, ਉਦੋਂ ਤਕ ਸੰਸਕਾਰ ਵਾਲੀ ਥਾਂ ’ਤੇ ਕੋਈ ਯਾਦਗਾਰ ਨਹੀਂ ਉਸਾਰੀ ਗਈ ਸੀ। ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਜਦੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਉਸਾਰਿਆ ਤਾਂ ਉਨ੍ਹਾਂ ਇਸ ਸਸਕਾਰ ਵਾਲੀ ਥਾਂ ਦੀ ਵੀ ਨਿਸ਼ਾਨਦੇਹੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਪ੍ਰਿੰਸੀਪਲ ਸਤਿਬੀਰ ਸਿੰਘ ਦੇ ਲਿਖੇ ‘ਸੰਖੇਪ ਇਤਿਹਾਸ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ’ ਮੁਤਾਬਿਕ ਖ਼ੁਦਾਈ ਕਰਨ ’ਤੇ ਹੇਠੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਮਿਲੀਆਂ ਸਨ। ਮਹਾਰਾਜਾ ਕਰਮ ਸਿੰਘ ਨੇ ਇਸ ਥਾਂ ਨੂੰ ‘ਜੋਤੀ ਸਰੂਪ’ ਦਾ ਨਾਂ ਦਿੱਤਾ ਅਤੇ 1845 ਵਿਚ ਇਕ ਮੰਜ਼ਿਲਾ ਯਾਦਗਾਰ ਬਣਾ ਕੇ ਇਸ ਸਥਾਨ ’ਤੇ ਲੰਗਰ ਸ਼ੁਰੂ ਕਰਵਾ ਦਿੱਤਾ। ਉਨ੍ਹਾਂ ਕਾਫ਼ੀ ਜ਼ਮੀਨ ਵੀ ਇਸ ਗੁਰੂ ਘਰ ਦੇ ਨਾਂ ਲਗਵਾ ਦਿੱਤੀ। ਇਸ ਪਿੱਛੋਂ 1944 ਵਿਚ ਜਦੋਂ ਮਹਾਰਾਜਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਨਵੀਂ ਇਮਾਰਤ ਬਣਵਾਈ ਤਾਂ ਉਸ ਸਮੇਂ ਜਨਰਲ ਗੁਰਦਿਆਲ ਸਿੰਘ ਹਰੀਕਾ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀਆਂ ਉਪਰਲੀਆਂ ਦੋ ਮੰਜ਼ਿਲਾਂ ਦੀ ਉਸਾਰੀ ਕਰਵਾਈ ਸੀ। ਇਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਸਮੇਂ ਵਾਲੀ ਇਮਾਰਤ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਬਣਵਾਈ ਗਈ ਹੈ।
ਠੰਢਾ ਬੁਰਜ ਸਾਹਿਬ
ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਨੇੜੇ ਹੀ ਸਿਰਫ਼ 50 ਕੁ ਗਜ਼ ਦੀ ਦੂਰੀ ’ਤੇ ਗੁਰਦੁਆਰਾ ਠੰਢਾ ਬੁਰਜ ਸਾਹਿਬ ਸਥਾਪਿਤ ਹੈ। ਇਥੇ ਇਕ ਬੁਰਜ 140 ਫੁੱਟ ਉੱਚਾ ਸੀ ਤੇ ਇਸ ਦੇ ਨੇੜੇ ਠੰਢੇ ਪਾਣੀ ਦਾ ਨਾਲਾ ਵਗਦਾ ਸੀ, ਜਿਸ ਕਾਰਨ ਇਹ ਸਥਾਨ ਠੰਢਾ ਰਹਿੰਦਾ ਸੀ। ਵਜ਼ੀਰ ਖ਼ਾਨ ਨੇ ਗਰਮੀ ਦੇ ਮੌਸਮ ਵਿਚ ਆਪਣੇ ਅਰਾਮ ਕਰਨ ਲਈ ਇਸ ਦਾ ਨਿਰਮਾਣ ਕਰਵਾਇਆ ਸੀ। ਉਸ ਨੇ ਪੋਹ ਦੇ ਅਤਿ ਠੰਢੇ ਮਹੀਨੇ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਸ਼ਟ ਦੇਣ ਲਈ ਇੱਥੇ ਕੈਦ ਕੀਤਾ। ਮੁਗ਼ਲ ਸਿਪਾਹੀ ਇੱਥੋਂ ਹੀ ਦੋਵਾਂ ਸਾਹਿਬਜ਼ਾਦਿਆਂ ਨੂੰ ਨਵਾਬ ਦੀ ਕਚਹਿਰੀ ਵਿਚ ਪੇਸ਼ ਕਰਨ ਲਈ ਲਿਜਾਂਦੇ ਰਹੇ। ਇਤਿਹਾਸ ਮੁਤਾਬਿਕ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕੀਤੀ, ਸਿੰਘਾਂ ਨੇ ਸ਼ਹਿਰ ਦੀਆਂ ਕੰਧਾਂ ’ਤੇ ਬਣੇ ਸੱਤ ਬੁਰਜ ਢਾਹ ਦਿੱਤੇ ਪਰ ਇਸ ਅੱਠਵੇਂ ਬੁਰਜ ਨੂੰ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦਗਾਰ ਵਜੋਂ ਸੁਰੱਖਿਅਤ ਰੱਖਿਆ। 20ਵੀਂ ਸਦੀ ਵਿਚ ਇਸ ਬੁਰਜ ਦੀਆਂ ਕੇਵਲ ਕੁਝ ਨਿਸ਼ਾਨੀਆਂ ਹੀ ਬਾਕੀ ਸਨ। 1944 ਈਸਵੀ ਵਿਚ ਜਦੋਂ ਮਹਾਰਾਜਾ ਪਟਿਆਲਾ ਦੇ ਯਤਨਾਂ ਨਾਲ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਨਵੀਂ ਉਸਾਰੀ ਸ਼ੁਰੂ ਹੋਈ ਤਾਂ ਇਸ ਬੁਰਜ ਦੀ ਵੀ ਸੁੰਦਰ ਇਮਾਰਤ ਬਣਾਈ ਗਈ। 13 ਫਰਵਰੀ 2014 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਦੀ ਪੁਰਾਤਨ ਦਿੱਖ ਦੀ ਬਹਾਲੀ ਲਈ ਨੀਂਹ ਪੱਥਰ ਰੱਖਿਆ। ਸੇਵਾ ਬਾਬਾ ਬਚਨ ਸਿੰਘ, ਬਾਬਾ ਗੁਲਜ਼ਾਰ ਸਿੰਘ ਅਤੇ ਬਾਬਾ ਪਾਲੀ ਨੇ ਕਰਵਾਈ। ਇਸ ਦੀ ਕਾਰ ਸੇਵਾ ਅਕਤੂਬਰ 2014 ਵਿਚ ਮੁੜ ਸ਼ੁਰੂ ਹੋਈ। ਇਮਾਰਤ ਦੇ ਚਾਰੇ ਪਾਸੇ ਛੋਟੀ ਇੱਟ ਦੀ ਚਿਣਾਈ ਕਰ ਕੇ ਪੁਰਾਤਨ ਦਿੱਖ ਬਹਾਲ ਕੀਤੀ ਗਈ। ਇਮਾਰਤ ਨੂੰ ਲਾਲ ਰੰਗ ਕੀਤਾ ਗਿਆ ਤੇ ਇਸ ਦਾ ਗੁੰਬਦ ਸੁਨਹਿਰੀ ਹੈ। ਗੁਰਦੁਆਰੇ ਦੇ ਪਿਛਲੇ ਪਾਸੇ ਦੋ ਬੁਰਜੀਆਂ ਨੂੰ ਪੁਰਾਤਨ ਰੂਪ ਦਿੱਤਾ ਗਿਆ।
- ਪਰਦੀਪ ਸਿੰਘ ਢਿੱਲੋਂ