ਹਰੇਕ ਸ਼ਹਿਰ ਦਾ ਨਾਂ ਕਿਸੇ ਖ਼ਾਸ ਇਤਿਹਾਸਕ ਪਿਛੋਕੜ ਨਾਲ ਜੁੜਿਆ ਹੁੰਦਾ ਹੈ। ਮਾਲੇਰਕੋਟਲਾ ਸ਼ਹਿਰ ਵੀ ਆਪਣੇ ਨਾਂ ਦਾ ਇੱਕ ਖ਼ਾਸ ਇਤਿਹਾਸ ਰੱਖਦਾ ਹੈ। ਕਾਫ਼ੀ ਸਮਾਂ ਪਹਿਲਾਂ ਭੁਮਸੀ ’ਤੇ ਮਲਹੇਰ ਸਿੰਘ ਨਾਂ ਦਾ ਜਗੀਰਦਾਰ ਰਾਜ ਕਰਦਾ ਸੀ। ਉਸ ਨੇ ਇੱਕ ਕੱਚਾ ਕਿਲ੍ਹਾ ਬਣਵਾਇਆ ਸੀ ਉਸ ਦੇ ਨਾਂ ’ਤੇ ਹੀ ਕਿਲੇ੍ਹ ਦਾ ਨਾਂ ਮਲਹੇਰ ਗੜ੍ਹ ਰਖਿਆ ਗਿਆ ਸੀ।

ਹਰੇਕ ਸ਼ਹਿਰ ਦਾ ਨਾਂ ਕਿਸੇ ਖ਼ਾਸ ਇਤਿਹਾਸਕ ਪਿਛੋਕੜ ਨਾਲ ਜੁੜਿਆ ਹੁੰਦਾ ਹੈ। ਮਾਲੇਰਕੋਟਲਾ ਸ਼ਹਿਰ ਵੀ ਆਪਣੇ ਨਾਂ ਦਾ ਇੱਕ ਖ਼ਾਸ ਇਤਿਹਾਸ ਰੱਖਦਾ ਹੈ। ਕਾਫ਼ੀ ਸਮਾਂ ਪਹਿਲਾਂ ਭੁਮਸੀ ’ਤੇ ਮਲਹੇਰ ਸਿੰਘ ਨਾਂ ਦਾ ਜਗੀਰਦਾਰ ਰਾਜ ਕਰਦਾ ਸੀ। ਉਸ ਨੇ ਇੱਕ ਕੱਚਾ ਕਿਲ੍ਹਾ ਬਣਵਾਇਆ ਸੀ ਉਸ ਦੇ ਨਾਂ ’ਤੇ ਹੀ ਕਿਲੇ੍ਹ ਦਾ ਨਾਂ ਮਲਹੇਰ ਗੜ੍ਹ ਰਖਿਆ ਗਿਆ ਸੀ। 1449 ਈ: (876 ਹਿਜਰੀ) ਵਿੱਚ ਸ਼ੇਖ਼ ਸਦਰੁੱਦੀਨ ਸਦਰੇ ਜਹਾਂ ‘ਸ਼ੇਰਵਾਨ’ ਤੋਂ ਇੱਥੇ ਆਏ। ਉਨ੍ਹਾਂ ਇਸੇ ਕਿਲੇ੍ਹ ਦੇ ਖੰਡਰਾਂ ਉਤੇ ਆਪਣੀ ਝੋਂਪੜੀ ਬਣਾਈ ਅਤੇ ਰੱਬ ਦੀ ਇਬਾਦਤ ਵਿੱਚ ਲੀਨ ਹੋ ਗਏ। ਆਪ ਇੱਕ ਕਾਮਲ ਸੂਫ਼ੀ ਫ਼ਕੀਰ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰੀ ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਨੂੰ ਉਨ੍ਹਾਂ ਕੋਲ ਆਉਣ ਦਾ ਅਵਸਰ ਮਿਲਿਆ। ਸੁਲਤਾਨ ਬਹਿਲੋਲ ਲੋਧੀ ਇਨ੍ਹਾਂ ਦੀ ਮਹਾਨਤਾ ਤੋਂ ਪ੍ਰਭਾਵਿਤ ਹੋਇਆ। ਉਸ ਨੇ 1470 ਈ: ਵਿੱਚ ਆਪਣੀ ਪਿਆਰੀ ਬੇਟੀ ਸ਼ਹਿਜ਼ਾਦੀ ਤਾਜ ਮੁਰੱਸਅ ਬੇਗਮ ਦਾ ਨਿਕਾਹ ਸ਼ੇਖ਼ ਸਦਰੁੱਦੀਨ ਨਾਲ ਕਰ ਦਿੱਤਾ ਅਤੇ 68 ਪਿੰਡ ਜਗੀਰ ਵਜੋਂ ਤੋਹਫ਼ੇ ਵਿੱਚ ਦਿੱਤੇ। ਉਸ ਬੇਗਮ ਦੀ ਕੁੱਖੋਂ ਇੱਕ ਪੁੱਤਰੀ ਨੇ ਜਨਮ ਲਿਆ, ਜਿਸ ਨੂੰ ਪਿਆਰ ਵਿੱਚ ਬੀਬੀ ਮੰਗੋ ਕਿਹਾ ਜਾਂਦਾ ਸੀ, ਹਾਫ਼ਿਜ਼ਾ ਉਰਫ਼ ਬੀਬੀ ਮੰਗੋ ਦਾ ਨਿਕਾਹ ਟੋਹਾਣਾ ਜ਼ਿਲ੍ਹਾ ਹਿਸਾਰ (ਹਰਿਆਣਾ) ਵਿਖੇ ਹੋਇਆ ਸੀ ਪਰ ਉਸ ਦੀ ਮਜ਼ਾਰ ਮਾਲੇਰਕੋਟਲਾ ਦੀ ਈਦਗਾਹ ਦੇ ਪਿੱਛੇ ਮੌਜੂਦ ਹੈ। ਸ਼ੇਖ਼ ਸਦਰੁੱਦੀਨ ਨੇ ਪੈਦਲ ਹੱਜ ਵੀ ਕੀਤਾ। ਉਸ ਤੋਂ ਪਿੱਛੋਂ 1474 ਈ: ਵਿੱਚ ਇੱਕ ਸਾਹਿਬਜ਼ਾਦੇ ਨੇ ਜਨਮ ਲਿਆ ਜਿਸ ਦਾ ਨਾਮ ਸ਼ੇਖ਼ ਹਸਨ ਰੱਖਿਆ ਗਿਆ।
ਹਜ਼ਰਤ ਸ਼ੇਖ਼ ਦੀ ਦੂਜੀ ਸ਼ਾਦੀ ਰਾਏ ਬਹਿਰਾਮ ਭੱਟੀ ਰਾਜਪੂਤ ਰਈਸ ਰਿਆਸਤ ਕਪੂਰਥਲਾ ਦੀ ਸਾਹਿਬਜ਼ਾਦੀ ਮੁਰਤਜ਼ਾ ਬੇਗਮ ਨਾਲ 1471 ਈ: ਵਿੱਚ ਹੋਈ। ਜਿਸ ਦੀ ਕੁੱਖੋਂ ਦੋ ਸਾਹਿਬਜ਼ਾਦੇ ਸ਼ੇਖ਼ ਮੁਹੰਮਦ ਈਸਾ ਅਤੇ ਸ਼ੇਖ਼ ਮੁਹੰਮਦ ਮੂਸਾ ਨੇ ਜਨਮ ਲਿਆ। ਸ਼ੇਖ਼ ਈਸਾ ਦਾ ਜਨਮ 1475 ਈ: ਅਤੇ ਇੱਕ ਸਾਲ ਬਾਅਦ 1476 ਈ: ਵਿੱਚ ਸ਼ੇਖ਼ ਮੂਸਾ ਦਾ ਜਨਮ ਹੋਇਆ। ਸ਼ੇਖ਼ ਮੂਸਾ ਬੇ-ਔਲਾਦ ਹੀ ਰਿਹਾ।
ਸ਼ੇਖ਼ ਸਦਰੁੱਦੀਨ ਸਦਰੇ ਜਹਾਂ ਮਲੇਰੀ ਦੀ ਵਫ਼ਾਤ 1515 ਈ: ਵਿੱਚ ਹੋਈ। ਮਜ਼ਾਰ ਮਾਲੇਰਕੋਟਲਾ ਵਿਖੇ ਹੈ। ਜਿੱਥੇ ਪੰਜਾਬ ਭਰ ਤੋਂ ਸ਼ਰਧਾਲੂ ਜ਼ਿਆਰਤ ਲਈ ਆਉਂਦੇ ਹਨ। ਹਰੇਕ ਵੀਰਵਾਰ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ। 1515 ਈਸਵੀ ਵਿੱਚ ਸ਼ੇਖ਼ ਸਦਰੁੱਦੀਨ ਸਦਰੇ ਜਹਾਂ ਰੱਬ ਨੂੰ ਪਿਆਰੇ ਹੋ ਗਏ। ਆਪ ਦੇ ਬਾਅਦ ਜਗੀਰਦਾਰੀ ਕ੍ਰਮਵਾਰ ਸ਼ੇਖ਼ ਈਸਾ, ਸ਼ਾਹ ਖ਼ਾਨ ਮੁਹੰਮਦ, ਖ਼ਵਾਜਾ ਮੌਦੂਦ ਖ਼ਾਨ ਤੇ ਫ਼ਤਹਿ ਮੁਹੰਮਦ ਖ਼ਾਨ ਕੋਲ ਰਹੀ।
ਹਜ਼ਰਤ ਸ਼ੇਖ਼ ਸਦਰੁੱਦੀਨ ਦੀਆਂ ਦੋ ਪਤਨੀਆਂ ਦੇ ਤਿੰਨ ਸਾਹਿਬਜ਼ਾਦੇ ਪੈਦਾ ਹੋਏ। ਜਿਨ੍ਹਾਂ ਦਾ ਜ਼ਿਕਰ ਪਹਿਲਾਂ ਹੋ ਚੱੁਕਿਆ ਹੈ ਸਾਹਿਬਜ਼ਾਦਾ ਸ਼ੇਖ਼ ਈਸਾ ਦੀ ਔਲਾਦ ਵਿੱਚੋਂ ਹੀ ਰਿਆਸਤ ਮਾਲੇਰਕੋਟਲਾ ਦੇ ਨਵਾਬ ਥਾਪੇ ਗਏ ਅਤੇ ਹੋਰ ਉੱਚ ਅਹੁਦਿਆਂ ਉਤੇ ਵੀ ਇਸੇ ਸ਼ੇਖ਼ ਈਸਾ ਦੀ ਵੰਸ਼ ਦੇ ਲੋਕ ਸੁਸ਼ੋਭਿਤ ਹੁੰਦੇ ਆਏ। ਬਾਨੀ-ਏ-ਰਿਆਸਤ ਮਾਲੇਰਕੋਟਲਾ ਹਜ਼ਰਤ ਸ਼ੇਖ਼ ਸਦਰੁੱਦੀਨ ਸਦਰੇ ਜਹਾਂ ਮਲੇਰੀ ਦੀ ਪੰਜਵੀਂ ਵੰਸ਼ ਅਤੇ ਸ਼ੇਖ਼ ਈਸਾ ਦੀ ਚੌਥੀ ਵੰਸ਼ ’ਚੋਂ ਬਾਯਜ਼ੀਦ ਖ਼ਾਨ ਨਾਂ ਦਾ ਇੱਕ ਰਈਸ ਹੋਇਆ, ਜਿਸ ਨੂੰ 1657 ਈਸਵੀ ਵਿੱਚ ਔਰੰਗਜ਼ੇਬ ਆਲਮਗੀਰ ਨੇ ਨਵਾਬੀ ਦਾ ਖ਼ਿਤਾਬ ਬਖ਼ਸ਼ੀਸ਼ ਕੀਤਾ। ਨਵਾਬ ਬਾਯਜ਼ੀਦ ਅਲੀ ਖ਼ਾਨ (1600-1659) ਨੇ ਹੀ ਦੱਖਣ ਵਾਲੇ ਪਾਸੇ ‘ਕੋਟਲਾ’ ਨਾਂ ਦਾ ਸ਼ਹਿਰ ਵਸਾਇਆ। ਇਹ ਸ਼ਹਿਰ ਪੱਕੀ ਅਤੇ ਮਜ਼ਬੂਤ ਦੀਵਾਰ (ਫ਼ਸੀਲ) ਨਾਲ ਘੇਰਿਆ ਗਿਆ। ਦੀਵਾਰ ਵਿੱਚ ਸੱਤ ਦਰਵਾਜ਼ੇ ਲਗਾਏ ਗਏ ਜੋ ਰਾਤ ਵੇਲੇ ਬੰਦ ਕਰ ਦਿੱਤੇ ਜਾਦੇ ਸਨ। ਕੋਟਲਾ ਤੋਂ ਮਾਲੇਰ ਜਾਣ ਲਈ ਪਹਿਲਾਂ ਮਾਲੇਰੀ ਦਰਵਾਜ਼ੇ ’ਚੋਂ ਦੀ ਲੰਘਣਾ ਪੈਂਦਾ ਸੀ ਤੇ ਫਿਰ ਕੱਚੇ ਤੇ ਖ਼ਤਰਨਾਕ ਰਸਤੇ ਨੂੰ ਪਾਰ ਕਰਕੇ ਮਾਲੇਰ ਪੱੁਜਿਆ ਜਾਂਦਾ ਸੀ, ਦਿਨ ਛਿਪਣ ਤੋਂ ਬਾਅਦ ਮਾਲੇਰ ਵੱਲ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮਾਲੇਰੀ ਦਰਵਾਜ਼ੇ ਦੀ ਥਾਂ ਅੱਜ ਕੱਲ੍ਹ ਪਿੱਪਲ ਵਾਲਾ ਚੌਕ ਬਣਿਆ ਹੋਇਆ ਹੈ।
ਨਵਾਬ ਬਾਯਜ਼ੀਦ ਅਲੀ ਖ਼ਾਨ ਪਹਿਲੇ ਜਗੀਰਦਾਰ ਸਨ ਜਿਨ੍ਹਾਂ ਨੂੰ ਬਾਦਸ਼ਾਹ ਔਰੰਗਜ਼ੇਬ ਨੇ ‘ਨਵਾਬ’ ਦੀ ਪਦਵੀ ਪ੍ਰਦਾਨ ਕੀਤੀ। ਕਿਹਾ ਜਾਂਦਾ ਹੈ ਕਿ ਨਵਾਬ ਬਾਯਜ਼ੀਦ ਅਲੀ ਖ਼ਾਨ ਨੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਆਪਣੀ ਤਲਵਾਰ ਨਾਲ ਸ਼ੇਰ ਦਾ ਸਿਰ ਲਾਹ ਦਿੱਤਾ ਸੀ। ਇਸ ਬਹਾਦਰੀ ਭਰੇ ਕਾਰਨਾਮੇ ਤੋਂ ਖ਼ੁਸ਼ ਹੋ ਕੇ ਸ਼ਹਿਨਸ਼ਾਹ ਔਰੰਗਜ਼ੇਬ ਨੇ ਦੋ ਪਰਗਨੇ ਕਾਦਰ ਆਬਾਦ ਤੇ ਨੌਗਾਓਂ ਅਤੇ ਨਵਾਬੀ ਦਾ ਖ਼ਿਤਾਬ ਇਨਾਮ ਵਜੋਂ ਦਿੱਤੇ। ਮਾਲੇਰਕੋਟਲਾ ਦੇ ਇਤਿਹਾਸ ਦੇ ਸਭ ਤੋਂ ਨਾਮਵਰ ਨਵਾਬ ਸ਼ੇਰ ਮੁਹੰਮਦ ਖ਼ਾਂ, ਨਵਾਬ ਬਾਯਜ਼ੀਦ ਅਲੀ ਖ਼ਾਨ ਦੇ ਪੋਤੇ ਸਨ। ਜਿਨ੍ਹਾਂ ਨੇ ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਨੀਹਾਂ ਵਿੱਚ ਚਿਣਵਾਏ ਜਾਣ ਦੇ ਵਿਰੁੱਧ ਸੂਬਾ ਸਰਹਿੰਦ ਦੀ ਅਦਾਲਤ ਵਿੱਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਸਾਹਿਬਜ਼ਾਦਿਆਂ ਨਾਲ ਹਮਦਰਦੀ ਅਤੇ ਉਨ੍ਹਾਂ ਦੀ ਰਿਹਾਈ ਲਈ ‘ਹਾਅ ਦਾ ਨਾਅਰਾ’ ਮਾਰਿਆ ਸੀ ਕਿ ਇਸਲਾਮ ਧਰਮ ਇਸ ਗੱਲ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਕਿ ਬਾਪ ਦਾ ਬਦਲਾ ਬੱਚਿਆਂ ਤੋਂ ਲਿਆ ਜਾਵੇ। ਇਸੇ ਕਰਕੇ ਸਿੱਖ ਕੌਮ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਬਹੁਤ ਸਤਿਕਾਰ ਦੇਂਦੀ ਹੈ। ਕਸਬਾ ਸ਼ੇਰਪੁਰ ਸ਼ੇਰ ਮੁਹੰਮਦ ਖਾਂ ਦੇ ਨਾਂ ’ਤੇ ਹੀ ਵਸਿਆ ਹੋਇਆ ਹੈ।
ਸੰਨ 1858 ਤੋਂ 1878 ਦੇ ਕਾਲ ਵਿਚ ਰਿਆਸਤ ਦੇ ਮੁਖੀ ਨਵਾਬ ਸਿਕੰਦਰ ਅਲੀ ਖਾਂ ਸਨ। ਜਿਨ੍ਹਾਂ ਸ਼ਾਸਨ ਤੇ ਪ੍ਰਸ਼ਾਸਨ ਵਿਚ ਬਾਕਾਇਦਗੀ ਲਿਆਂਦੀ। ਉਨ੍ਹਾਂ ਦੇ ਦੋ ਪੁੱਤਰ ਛੋਟੀ ਉਮਰ ਵਿੱਚ ਹੀ ਫ਼ੌਤ ਹੋ ਗਏ ਅਤੇ 1871 ਈ: ਵਿੱਚ ਬੱਚਿਆਂ ਦੀ ਵਫ਼ਾਤ ਤੋਂ ਬਾਅਦ ਸਰਕਾਰ ਤੋਂ ਮੁਤਬੰਨਾ (ਵਾਰਿਸ) ਨਿਯੁਕਤ ਕਰਨ ਦੀ ਇਜਾਜ਼ਤ ਹਾਸਿਲ ਕਰ ਲਈ ਸੀ ਅਤੇ ਉਸ ਨਾਲ ਖ਼ਾਨਦਾਨ ਦੀ ਹੇਠਲੀ ਪੀੜ੍ਹੀ ’ਚੋਂ ਆਪਣੇ ਜਿਸ ਮਾਸੀ ਦੇ ਪੁੱਤਰ ਦੀ ਚੋਣ ਉਨ੍ਹਾਂ ਨੇ ਕੀਤੀ, ਖ਼ਾਨਦਾਨ ਦੀ ਹੇਠਲੀ ਤੇ ਵਡੇਰੀ ਪੀੜ੍ਹੀ ਵਿਚਾਲੇ ਆਪਸੀ ਰੰਜਿਸ਼ਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਸਨ। ਇਸ ਲਈ ਨਵਾਬ ਸਿਕੰਦਰ ਅਲੀ ਖ਼ਾਂ ਨੇ ਹੇਠਲੀ ਪੀੜ੍ਹੀ ’ਚੋਂ ਮੁਤਬੰਨਾ (ਵਾਰਿਸ) ਦੀ ਨਿਯੁਕਤੀ ਕੀਤੀ। ਇਨ੍ਹਾਂ ਦੇ ਜਾਨਸ਼ੀਨ ਨਵਾਬ ਇਬਰਾਹੀਮ ਅਲੀ ਖ਼ਾਨ ਹੋਏ, ਜੋ ਨਵਾਬ ਅਹਿਮਦ ਅਲੀ ਖਾਂ ਦੇ ਬਜ਼ੁਰਗਵਾਰ ਪਿਤਾ ਸਨ। ਆਪਣੀ ਜਾਨਸ਼ੀਨੀ ਤੋਂ ਕੁਝ ਹੀ ਸਾਲਾਂ ਬਾਅਦ ਉਹ ਬੀਮਾਰੀ ਦੇ ਕਾਰਨ ਰਿਆਸਤੀ ਜ਼ਿੰਮੇਵਾਰੀਆਂ ਤੋਂ ਲਾਂਭੇ ਹੋ ਗਏ ਅਤੇ ਇਸ ਤਰ੍ਹਾਂ ਨਵਾਬ ਇਬਰਹੀਮ ਖ਼ਾਨ ਦੇ ਸਪੁੱਤਰ ਦੇ ਨਾ-ਬਾਲਗ਼ ਹੋਣ ਦੀ ਸੂਰਤ ਵਿਚ ਸਰਕਾਰ ਨੇ ਇਕ ਸੁਪਰਡੈਂਟ ਲਗਾ ਦਿੱਤਾ ਜੋ ਨਵਾਬ ਸਰ ਅਮੀਰ-ਉਦ-ਦੀਨ ਅਹਿਮਦ ਵਾਲੀ-ਏ-ਰਿਆਸਤ ਲੁਹਾਰੂ ਸਨ ਅਤੇ ਜਿਨ੍ਹਾਂ ਨੇ 1902 ਈ: ਤਕ ਰਿਆਸਤ ਦੇ ਮਾਮਲਿਆਂ ਦੀ ਦੇਖਭਾਲ ਕੀਤੀ। 1902 ਈ: ਵਿਚ ਉਨ੍ਹਾਂ ਨੇ ਰਿਆਸਤ ਦਾ ਇੰਤਜ਼ਾਮ ਹਿਜ਼-ਹਾਈਨੈਸ ਨਵਾਬ ਸਰ ਅਹਿਮਦ ਅਲੀ ਖਾਂ (ਕੇ.ਸੀ.ਐੱਸ., ਆਈ.ਕੇ.ਸੀ.ਆਈ.ਈ.) ਦੇ ਹਵਾਲੇ ਕਰ ਦਿੱਤਾ, ਉਨ੍ਹਾਂ ਦੇ ਰਿਆਸਤ ਦੀ ਗੱਦੀ ਉਤੇ ਬੈਠਣ ਤੋਂ 6 ਸਾਲ ਬਾਅਦ ਨਵਾਬ ਇਬਰਾਹੀਮ ਅਲੀ ਅਲੀ ਖ਼ਾਂ ਦਾ ਇੰਤਕਾਲ ਹੋ ਗਿਆ।
ਨਵਾਬ ਅਹਿਮਦ ਅਲੀ ਖਾਂ ਦੀ ਪੈਦਾਇਸ਼ 1881 ਈ: ਵਿਚ ਹੋਈ ਅਤੇ 1908 ਈ: ਵਿਚ ਉਨ੍ਹਾਂ ਨੂੰ ਰਿਆਸਤ ਦੇ ਹੁਕਮਰਾਨ ਦੇ ਤੌਰ ’ਤੇ ਮੁਕੰਮਲ ਅਧਿਕਾਰ ਪ੍ਰਾਪਤ ਹੋਏ। ਅਕਤੂਬਰ 1947 ਵਿੱਚ ਨਵਾਬ ਅਹਿਮਦ ਅਲੀ ਖ਼ਾਨ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਤਿੰਨ ਸਹਿਬਜ਼ਾਦੇ ਹੋਏ, ਜਿਨ੍ਹਾਂ ’ਚੋਂ ਵੱਡੇ ਵਲੀ-ਅਹਿਦੇ ਰਿਆਸਤ ਸਾਹਿਬਜ਼ਾਦਾ ਮੁਹੰਮਦ ਇਫ਼ਤਿਖ਼ਾਰ ਅਲੀ ਖਾਂ ਸਨ, ਇਨ੍ਹਾਂ ਦਾ ਜਨਮ 1904 ਈ: ਵਿਚ ਹੋਇਆ। ਨਵਾਬ ਅਹਿਮਦ ਅਲੀ ਖ਼ਾਨ ਦੀ ਵਫ਼ਾਤ ਉਪਰੰਤ ਇਫ਼ਤਿਖ਼ਾਰ ਅਲੀ ਖ਼ਾਨ ਰਿਆਸਤ ਦੇ ਨਵਾਬ ਬਣੇ। ਨਵਾਬ ਇਫ਼ਤਿਖ਼ਾਰ ਅਲੀ ਖ਼ਾਨ ਇੱਕ ਵਧੀਆ ਪ੍ਰਬੰਧਕ ਦੇ ਤੌਰ ’ਤੇ ਜਾਣੇ ਜਾਂਦੇ ਸੀ, ਉਹ ਆਪਣੇ ਪਿਤਾ ਦੇ ਸਮੇਂ ਰਿਆਸਤ ਦੇ ਮੁੱਖ ਮੰਤਰੀ ਵਜੋਂ ਵੀ ਕੰਮ ਕਰਦੇ ਰਹੇ। ਪੈਪਸੂ ਦੀ ਸਥਾਪਨਾ ਕਰਨ ਵਿੱਚ ਨਵਾਬ ਮਾਲੇਰਕੋਟਲਾ ਦੀ ਅਹਿਮ ਭੁਮਿਕਾ ਰਹੀ ਇਸੇ ਕਰਕੇ ਪੈਪਸੂ (ਫਓਫਸ਼ੂ) ਦੇ ਰਾਜ ਪੁਰਖ ਕਰਕੇ ਵੀ ਇਨ੍ਹਾਂ ਦੀ ਨਿਯੁਕਤੀ ਕੀਤੀ ਗਈ ਸੀ। ਨਵਾਬ ਸਾਹਿਬ ਦੀਆਂ ਪੰਜ ਪਤਨੀਆਂ ਸਨ 1. ਜ਼ੁਬੈਦਾ ਬੇਗਮ ਮਾਲੇਰਕੋਟਲਾ ਦੇ ਸਨ, 1952 ’ਚ ਦੇਹਾਂਤ ਹੋਇਆ, 2. ਯੂਸੁਫ਼ ਜ਼ਮਾਂ (ਕੋਰਬਾਈ ਰਿਆਸਤ ਦੇ ਸਨ) ਇਹ ਮਾਲੇਰਕੋਟਲਾ ਦੇ ਐੱਮ.ਐੱਲ.ਏ. ਰਹੇ, 3. ਮੁਨੱਵਰ-ਉਲ-ਨਿਸਾ ਰਿਅਸਤ ਟੌਂਕ (ਰਾਜਸਥਨ ਦੇ ਹਨ) 102 ਸਾਲ ਦੀ ਉਮਰ ਵਿੱਚ ਹਯਾਤ ਹਨ। 4. ਸ਼ਾਕਿਰ ਨਿਸਾ ਮਾਲੇਰਕੋਟਲਾ ਦੇ ਸਨ, ਘੱਟ ਉਮਰ ’ਚ ਹੀ ਵਫ਼ਾਤ ਪਾਈ। 5. ਸ੍ਰੀਮਤੀ ਸਾਜਿਦਾ ਬੇਗਮ 1972 ਅਤੇ 1980 ਵਿੱਚ ਐੱਮ.ਐੱਲ.ਏ. ਚੁਣੇ ਗਏ। ਪਰ ਨਵਾਬ ਸਾਹਿਬ ਦੇ ਕੋਈ ਵੀ ਔਲਾਦ ਨਹੀਂ ਸੀ। ਨਵਾਬ ਮੁਹੰਮਦ ਇਫ਼ਤਿਖ਼ਾਰ ਅਲੀ ਖ਼ਾਨ ਨੇ ਆਜ਼ਾਦੀ ਉਪਰੰਤ ਮਾਲੇਰਕੋਟਲਾ ਵਿਧਾਨ ਸਭਾ ਤੋਂ ਤਿੰਨ ਵਾਰੀ ਚੋਣ ਲੜੀ ਅਤੇ ਤਿੰਨੋ ਵਾਰ ਜਿੱਤ ਪ੍ਰਾਪਤ ਕੀਤੀ। ਨਵੰਬਰ 1982 ਵਿੱਚ ਰਿਆਸਤ ਦੇ ਆਖ਼ਰੀ ਨਵਾਬ ਇਫ਼ਤਿਖ਼ਾਰ ਅਲੀ ਖ਼ਾਨ ਦਾ ਦੇਹਾਂਤ ਹੋ ਗਿਆ। ਰਿਆਸਤ ਦੀ ਆਖ਼ਰੀ ਬੇਗਮ ਮੁਨੱਵਰ-ਉਲ-ਨਿਸਾ 102 ਸਾਲ ਦੀ ਉਮਰ ਵਿੱਚ ਅੱਜ ਵੀ ਮੁਬਾਰਕ ਮੰਜ਼ਿਲ ਵਿੱਚ ਰਿਹਾਇਸ਼ ਰੱਖਦੇ ਹਨ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਦਿੱਤੀ ਸ਼ਮਸ਼ੀਰ ਅੱਜ ਵੀ ਮੁਬਾਰਕ ਮੰਜ਼ਿਲ ਵਿੱਚ ਮੌਜੂਦ ਹੈ। ਮਾਲੇਰਕੋਟਲਾ ਦੀਆਂ ਮੋਹ ਪਿਆਰ ਦੀਆਂ ਤੰਦਾਂ ਨੂੰ ਪੇਸ਼ ਕਰਦਾ ਲੇਖਕ ਦਾ ਇਹ ਸ਼ਿਅਰ ਇੱਥੇ ਬਿਲਕੁਲ ਢੁੱਕਦਾ ਹੈ ਕਿ :
ਫਿਰ ਮੁਹੱਬਤ ਦੀ ਕਿਸੇ ਨੇ
ਗੱਲ ਵੀ ਕਰਨੀ ਨਹੀਂ
ਉਠ ਗਿਆ ਦੁਨੀਆ ’ਚੋਂ
ਜੇ ਇਤਬਾਰ ਤੇਰੇ ਸ਼ਹਿਰ ਦਾ
ਬਾਦਸ਼ਾਹ ਔਰੰਗਜ਼ੇਬ ਦੇ ਨਾਂ ਲਿਖਿਆ ਪੱਤਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ’ਚ ਚਿਣੇ ਜਾਣ ਵਿਰੁੱਧ ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਬਾਦਸ਼ਾਹ ਔਰੰਗਜ਼ੇਬ ਦੇ ਨਾਂ ਲਿਖਿਆ ਪੱਤਰ (ਇਹ ਪੱਤਰ ਫ਼ਾਰਸੀ ਵਿੱਚ ਸੀ, ਜਿਸ ਦਾ ਪੰਜਾਬੀ ਅਨੁਵਾਦ ਪੇਸ਼ ਕੀਤਾ ਜਾ ਰਿਹਾ ਹੈ)
ਐ ਆਲਮ ਪਨਾਹ! ਜ਼ਮਾਨੇ ਦੇ ਅਜ਼ੀਮ ਰੁਤਬਿਆਂ ਅਤੇ ਜਾਹੋ ਹਸ਼ਮਤ ਵਾਲੇ ਸ਼ਹਿਨਸ਼ਾਹ ਖ਼ੁਦਾ ਤੁਹਾਨੂੰ ਸੱਤ ਅਸਮਾਨਾਂ ਦੀ ਹਕੂਮਤ ਨਸੀਬ ਫ਼ਰਮਾਵੇ, ਤੁਹਾਡੇ ਜਾਹੋ ਜਲਾਲ ਨੂੰ ਕਦੇ ਗ੍ਰਹਿਣ ਨਾ ਲੱਗੇ ਅਤੇ ਤੁਹਾਡੀ ਫ਼ਤਹਿ ਤੇ ਕਾਮਰਾਨੀ ਦੇ ਚੰਨ ਹਮੇਸ਼ਾ ਕਾਇਨਾਤ ਉੱਤੇ ਜਗਮਗਾਉਂਦੇ ਰਹਿਣ। ਮੈਂ ਨਿਮਾਣਾ ਦਾਸ ਉਸ ਸੁਹਣੇ ਰੱਬ ਅੱਗੇ ਬਹੁਤ ਹੀ ਅਦਬ, ਅਹਿਤਰਾਮ ਅਤੇ ਸਿਰ ਨਿਵਾਉਂਦਾ ਹੋਇਆ ਦੁਆ ਕਰਦਾ ਹਾਂ ਕਿ ਉਹ (ਰੱਬ) ਤੁਹਾਨੂੰ ਆਪਣੀ ਛਤਰ ਛਾਇਆ ਹੇਠ ਮਹਿਫ਼ੂਜ਼ ਰੱਖੇ ਜੋ ਕਿ ਪੂਰੀ ਕਾਇਨਾਤ ਨੂੰ ਆਪਣੀ ਆਗ਼ੋਸ਼ ਵਿੱਚ ਲੈਣ ਵਾਲਾ ਹੈ ਜਿਸ ਨੇ ਮਨੁੱਖੀ ਜਿੰਦ ਜਾਨ ਦੀ ਹਮੇਸ਼ਾ ਹਿਫ਼ਾਜ਼ਤ ਫ਼ਰਮਾਈ ਹੈ ਅਤੇ ਜੋ ਹਮੇਸ਼ਾ ਰਹਿਮਾਨ ਤੇ ਰਹੀਮ ਹੈ। ਉਸੇ ਮੁਕੱਦਸ ਤੇ ਸਰਵ ਉੱਚ ਰੱਬ ਅਤੇ ਰਹਿਮਾਨ ਤੇ ਰਹੀਮ ਦਾ ਵਾਸਤਾ ਦੇ ਕੇ ਜਿਸ ਦੇ ਕਬਜ਼ੇ ਵਿੱਚ ਪੂਰੀ ਕਾਇਨਾਤ ਦੀ ਜਾਨ ਹੈ, ਇਹ ਦਾਸ ਆਪ ਜੀ ਦੀ ਸੇਵਾ ’ਚ ਬੇਨਤੀ ਕਰਦਾ ਹੈ ਕਿ ਇਹ ਕਿੰਨਾ ਚੰਗਾ ਹੋਵੇ ਜੇਕਰ ਗੁਰੂ ਗੋਬਿੰਦ ਸਿੰਘ (ਦਸਵੇਂ ਗੁਰੂ) ਦੇ ਬੱਚਿਆਂ ਨੂੰ ਮਾਫ਼ ਕਰ ਦਿੱਤਾ ਜਾਵੇ।
ਆਲੀਜਾਹ! ਕੀ ਸੂਬੇਦਾਰ ਸਰਹਿੰਦ ਨੂੰ ਕਿਸੇ ਤਰ੍ਹਾਂ ਵੀ ਇਸ ਗੱਲ ਦਾ ਅਧਿਕਾਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੀਆਂ ਹੁਕਮ ਅਦੂਲੀਆਂ ਦੀ ਸਜ਼ਾ ਉਸ ਦੇ ਮਾਸੂਮ ਬੱਚਿਆਂ ਨੂੰ ਦੇਵੇ? ਕੇਵਲ ਇਸ ਲਈ ਕਿ ਉਹ ਉਸ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ
ਜ਼ਿੰਦਾ ਦੀਵਾਰਾਂ ਵਿੱਚ ਚਿਣਵਾ ਦੇਵੇ, ਇੱਥੋਂ ਤੀਕ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣ।
ਆਲਮ ਪਨਾਹ! ਭਾਵੇਂ ਸੂਬੇਦਾਰ ਦੇ ਹੁਕਮ ਦੀ ਨਿੰਦਾ ਕਰਨ ਦਾ ਕੋਈ ਹੌਸਲਾ ਨਹੀਂ ਰੱਖਦਾ ਜਿਸ ਦਾ ਹੁਕਮ ਮੌਤ ਦੀ ਤਰ੍ਹਾਂ ਅਟੱਲ ਹੈ। ਪਰ ਤੁਹਾਡਾ ਇਹ ਖ਼ਾਦਿਮ ਅਤੇ ਖ਼ੈਰ ਖ਼ੁਆਹ ਉਸ ਦੇ ਇਸ ਨਾਪਾਕ ਅਤੇ ਨਾ ਦੂਰ ਅੰਦੇਸ਼ੀ ਵਾਲੇ ਫ਼ੈਸਲੇ ਦੀ ਨਿੰਦਾ ਕਰਦਾ ਹੈ ਅਤੇ ਸਲਤਨਤ ਦਾ ਇੱਕ ਨਿਮਾਣਾ ਖ਼ਾਦਿਮ ਅਤੇ ਬਹੀ ਖ਼ੁਆਹ ਹੋਣ ਦੇ ਨਾਤੇ ਆਂ-ਜਨਾਬ ਦੀ ਸਲਤਨਤ ਦੀ ਖ਼ੈਰ ਖ਼ੁਆਹੀ ਲਈ ਬੇਨਤੀ ਕਰਦਾ ਹੈ ਕਿ ਹਾਲਾਤ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਦੀ ਹੁਕਮ ਅਦੂਲੀ ’ਤੇ ਕੋਈ ਮੁਨਾਸਬ ਸਜ਼ਾ ਤਜਵੀਜ਼ ਫ਼ਰਮਾਉਣ। ਇਨਸਾਫ਼ ਵੀ ਇਸੇ ਗੱਲ ਦਾ ਤਕਾਜ਼ਾ ਕਰਦਾ ਹੈ। ਤੁਹਾਡੇ ਇਸ ਨਿਮਾਣੇ ਖ਼ਾਦਿਮ ਦੇ ਖ਼ਿਆਲ ਅਨੁਸਾਰ ਕਿਸੇ ਤਰ੍ਹਾਂ ਵੀ ਇਹ ਗੱਲ ਤਾਕਤ ਤੇ ਹਕੂਮਤ ਦੀ ਸ਼ਾਯਾਨੇ ਸ਼ਾਨ ਨਹੀਂ ਕਿ ਕਿਸੇ ਵੀ ਕੌਮ ਦੀ ਹੁਕਮ ਅਦੂਲੀਆਂ ਦਾ ਬਦਲਾ ਉਸ ਦੇ ਮਾਸੂਮ ਬੱਚਿਆਂ ਤੋਂ ਲਿਆ ਜਾਵੇ। ਅਜਿਹੇ ਬੱਚਿਆਂ ਤੋਂ ਜੋ ਕਿ ਮਾਸੂਮ ਹੀ ਨਹੀਂ, ਨਾਜ਼ੁਕ ਅਤੇ ਕਮਸਿਨ ਵੀ ਹਨ ਅਤੇ ਜੋ ਕਿਸੇ ਸੂਰਤ ’ਚ ਵੀ ਇੱਕ ਮਜ਼ਬੂਤ ਅਤੇ ਤਾਕਤਵਰ ਸੂਬੇਦਾਰ ਦੀਆਂ ਬੇਪਨਾਹ ਤਾਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਹਰਕਤ ਸਪੱਸ਼ਟ ਤੌਰ ’ਤੇ ਹਜ਼ਰਤ ਮੁਹੰਮਦ (ਸ.) ਜੀ ਦੀਆਂ ਸਿੱਖਿਆਵਾਂ ਅਤੇ ਇਸਲਾਮੀ ਅਸੂਲਾਂ ਦੇ ਖ਼ਿਲਾਫ਼ ਹੈ।
ਜ਼ਿੱਲੇ ਸੁਬਹਾਨੀ! ਜਹਾਂ ਪਨਾਹ ਦੇ ਇਸ ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਸੂਬੇਦਾਰ ਸਰਹਿੰਦ ਦਾ ਇਹ ਗ਼ੈਰ ਇਸਲਾਮੀ ਅਤੇ ਗ਼ੈਰ ਇਨਸਾਨੀ ਕਦਮ ਕਿਤੇ ਆਲਮ ਪਨਾਹ ਦੇ ਜਾਹੋ ਜਲਾਲ, ਸ਼ਾਨੋ ਸ਼ੌਕਤ, ਇੱਜ਼ਤੋ ਵਕਾਰ ਅਤੇ ਇਨਸਾਫ਼ ਤੇ ਸੱਚਾਈ ਉੱਤੇ ਹਮੇਸ਼ਾ ਦੇ ਲਈ ਧੱਬਾ ਨਾ ਬਣ ਜਾਵੇ। ਉਂਜ ਵੀ ਇਸ ਕਿਸਮ ਦੀ ਸਜ਼ਾ ਅਤੇ ਅਜ਼ੀਅਤ ਦਾ ਆਪ ਜੀ ਦੀ ਹਕੂਮਤ ਦੇ ਕਾਨੂੰਨ ਅਤੇ ਹੱਕ ਤੇ ਇਨਸਾਫ਼ ਦੇ ਬਿਲਕੁਲ ਉਲਟ ਹੈ। ਉਪਰੋਕਤ ਗੁਜ਼ਾਰਿਸ਼ ਦੇ ਨਾਲ ਵਿਚਾਰਾਂ ਦੀ ਆਜ਼ਾਦੀ ਦਾ ਇਸਤੇਮਾਲ ਕਰਦਿਆਂ ਦਾਸ ਬੇਨਤੀ ਕਰਦਾ ਹੈ ਕਿ ਜੇਕਰ ਜਹਾਂ ਪਨਾਹ ਦੇ ਮਿਜ਼ਾਜ ਦੇ ਅਨੁਕੂਲ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਤਾਂ ਜੋ ਉਹ ਅਗਾਂਹ ਲਈ ਅਜਿਹੀਆਂ ਸਰਗਰਮੀਆਂ ਤੋਂ ਬਾਜ਼ ਰਹਿਣ ਜੋ ਹਜ਼ੂਰ ਨੂੰ ਨਾ ਮੁਨਾਸਿਬ ਲੱਗਦੀਆਂ ਹੋਣ। ਇਹ ਹੋਰ ਵੀ ਮੁਨਾਸਿਬ ਹੋਵੇਗਾ, ਜੇਕਰ ਉਨ੍ਹਾਂ ਨੂੰ ਰਾਜਧਾਨੀ ਦਿੱਲੀ ਵਿੱਚ ਰੱਖਿਆ ਜਾਵੇ ਇੱਥੋਂ ਤਕ ਕਿ ਉਨ੍ਹਾਂ ਵਿੱਚ ਤਬਦੀਲੀ ਨਾ ਆ ਜਾਵੇ ਅਤੇ ਉਹ ਤਖ਼ਤ ਦੀ ਆਗਿਆਕਾਰੀ ਅਤੇ ਵਫ਼ਾਦਾਰੀ ਕਬੂਲ ਨਾ ਕਰ ਲੈਣ। ਜੇਕਰ ਜ਼ਿੱਲੇ ਇਲਾਹੀ ਮੁਨਾਸਿਬ ਖ਼ਿਆਲ ਫ਼ਰਮਾਉਣ ਤਾਂ ਦੋਵੇਂ ਬੱਚਿਆਂ ਨੂੰ ਆਪਣੇ ਇਸ ਅਦਨਾ ਗ਼ੁਲਾਮ ਦੀ ਨਿਗਰਾਨੀ ਵਿੱਚ ਦੇਣ ਦਾ ਹੁਕਮ ਵੀ ਫ਼ਰਮਾ ਸਕਦੇ ਹਨ ਤਾਂ ਜੋ ਉਨ੍ਹਾਂ ਤੇ ਨਜ਼ਰ ਰਹੇ ਅਤੇ ਉਨ੍ਹਾਂ ਨੂੰ ਹਰੇਕ ਪ੍ਰਕਾਰ ਦੀਆਂ ਸਰਗਰਮੀਆਂ ਤੋਂ ਬਾਜ਼ ਰੱਖਿਆ ਜਾ ਸਕੇ।
ਜ਼ਿੱਲੇ ਸੁਬਹਾਨੀ! ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਜਜ਼ਬਾਤ ਅਤੇ ਵਫ਼ਾਦਾਰੀ ’ਚ ਡੁੱਬੀ ਹੋਈ ਇਹ ਲਿਖਤ ਕਿਤੇ ਸ਼ਾਹੀ ਆਦਾਬ ਦੇ ਬੰਨ੍ਹੇ ਪਾਰ ਨਾ ਕਰ ਗਈ ਹੋਵੇ, ਪਰ ਰੱਬੀ ਖ਼ੌਫ਼ ਅਤੇ ਆਲਾ ਹਜ਼ਰਤ ਨਾਲ ਵਫ਼ਾਦਾਰੀ ਦਾ ਤਕਾਜ਼ਾ ਦਾਸ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਹੱਕ ਗੱਲ ਕਹਿਣ ਤੋਂ ਗੁਰੇਜ਼ ਕਰਾਂ। ਮੇਰੇ ਨਿਮਾਣੇ ਦਾਸ ਦੀ ਗੁਜ਼ਾਰਿਸ਼ ਤੇ ਸ਼ਾਹੀ ਫੁੱਲ ਚੜ੍ਹਾਏ ਗਏ ਤਾਂ ਮੈਂ ਖ਼ੁਦ ਨੂੰ ਜ਼ਮਾਨੇ ਦਾ ਖ਼ੁਸ਼ਕਿਸਮਤ ਇਨਸਾਨ ਸਮਝਾਂਗਾ ਅਤੇ ਜੇਕਰ ਦਾਸ ਦੀ ਇਹ ਇਲਤਿਜਾ ਤਬੀਅਤ ਉੱਤੇ ਗਰਾਂ (ਭਾਰੀ) ਗੁਜ਼ਰੇ ਤਾਂ ਬੰਦਾ ਆਪਣਾ ਫ਼ਰਜ਼ ਨਿਭਾਉਂਦਿਆਂ ਹੱਕ ’ਤੇ ਇਨਸਾਫ਼ ਦੇ ਸਾਹਮਣੇ ਸਿਰਫ਼ ਆਪਣੇ ਨਿੱਜੀ ਵਿਚਾਰਾਂ ਦਾ ਇਜ਼ਹਾਰ ਕਰਦਾ ਹੈ ਪਰ ਸੱਚ ਦੀ ਰਾਹ ਤੋਂ ਉਸ ਦਾ ਕਦਮ ਕਦੇ ਪਿੱਛੇ ਨਹੀਂ ਹਟੇਗਾ।
ਦਸਤਖ਼ਤ/-
ਨਵਾਬ ਸ਼ੇਰ ਮੁਹੰਮਦ ਖ਼ਾਂ ਮਾਲੇਰਕੋਟਲਾ
ਗੁਰਦੁਆਰਾ ਹਾਅ ਦਾ ਨਾਅਰਾ ਅਤੇ ਗੁਰਦੁਆਰਾ ਸਿੰਘ ਸਭਾ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਜਿਨ੍ਹਾਂ ਦੇ ਨਾਵਾਂ ਤੋਂ ਹੀ ਇਨ੍ਹਾਂ ਦੇ ਇਤਿਹਾਸਕ ਪਿਛੋਕੜ ਦਾ ਪਤਾ ਚਲਦਾ ਹੈ...
ਵਿੱਦਿਅਕ ਅਦਾਰੇ
ਸਰਕਾਰੀ ਕਾਲਜ ਮਾਲੇਰਕੋਟਲਾ : ਇਸ ਕਾਲਜ ਦਾ ਨੀਂਹ ਪੱਥਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੰਨ 1926 ਵਿੱਚ ਰਿਆਸਤ ਦੇ ਨਵਾਬ ਅਹਿਮਦ ਅਲੀ ਖ਼ਾਨ ਦੇ ਦਸਤੇ ਮੁਬਾਰਕ ਨਾਲ ਰੱਖਿਆ ਗਿਆ ਸੀ, ਇਹ ਇਸ ਇਲਾਕੇ ਦਾ ਬਹੁਤ ਕਦੀਮ ਅਤੇ ਮਿਆਰੀ ਕਾਲਜ ਮੰਨਿਆ ਗਿਆ ਹੈ ਜਿੱਥੋਂ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਤਾਲੀਮ ਹਾਸਿਲ ਕੀਤੀ ਹੈ।
ਸਰਕਾਰੀ ਬੀ.ਐਡ. ਕਾਲਜ : ਇਸ ਦੀ ਸਥਾਪਨਾ 2006 ਵਿੱਚ ਹੋਈ ਹੈ।
ਪੰਜਾਬ ਉਰਦੂ ਅਕੈਡਮੀ : ਜੋ ਉਰਦੂ ਜ਼ਬਾਨ ਦੇ ਪ੍ਰਸਾਰ ਲਈ ਯਤਨਸ਼ੀਲ ਹੈ। ਉਰਦੂ ਅਕੈਡਮੀ ਦੀ ਇਮਾਰਤ ਅਤਿ ਆਧੁਨਿਕ ਤਕਨੀਕ ਨਾਲ ਉਸਾਰੀ ਗਈ ਹੈ ਇਸ ਵਿੱਚ ਬਿਨਾਂ ਲਿਹਾਜ਼ ਵਿਦਿਆਰਥੀ ਆਪਣੇ ਟੈਸਟਾਂ ਦੀ ਤਿਆਰੀ ਲਈ ਅੱਲਾਮਾ ਇਕਬਾਲ ਟਰੇਨਿੰਗ ਸੈਂਟਰ ਵਿੱਚ ਕੋਚਿੰਗ ਲੈਂਦੇ ਹਨ।
ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ : ਅੱਜ ਕਲ੍ਹ ਸਰਕਾਰੀ ਬੀ.ਐੱਡ. ਕਾਲਜ ਦੀ ਇਮਾਰਤ ਵਿੱਚ ਉਪਸਥਿਤ ਹੈ। ਇੱਥੇ ਉਰਦੂ, ਫ਼ਾਰਸੀ ਅਤੇ ਅਰਬੀ ਦੇ ਬੇਸਿਕ ਕੋਰਸਾਂ ਦੇ ਨਾਲ ਅੱੈਮ.ਏ. ਉਰਦੂ, ਫ਼ਾਰਸੀ ਸਮੇਤ ਇਨ੍ਹਾਂ ਭਾਸ਼ਾਵਾਂ ’ਚ ਇੱਥੇ ਖੋਜ-ਕਾਰਜ ਵੀ ਜਾਰੀ ਹੈ।
ਲੜਕੀਆਂ ਲਈ ਕੇ.ਐੱਮ.ਆਰ.ਡੀ. ਜੈਨ ਕਾਲਜ : ਇਸਲਾਮੀਆ ਗਰਲਜ਼ ਕਾਲਜ ਅਤੇ ਹਰਫ਼ ਕਾਲਜ ਸਮੇਤ ਪਿਛਲੇ ਕੁਝ ਸਮੇਂ ਤੋਂ ਸਰਕਾਰੀ ਗਰਲਜ਼ ਕਾਲਜ ਵੀ ਉਰਦੂ ਅਕੈਡਮੀ ਦੀ ਬਿਲਡਿੰਗ ਵਿੱਚ ਚੱਲ ਰਿਹਾ ਹੈ।
ਪੰਜ ਸਰਕਾਰੀ ਏਡਿਡ ਸਕੂਲ ਇਸਲਾਮੀਆ : ਜੈਨ ਗਰਲਜ਼ ਸਕੂਲ, ਜੈਨ ਬੁਆਏਜ਼ ਸਕੂਲ, ਕੰਬੋਜ ਸਕੂਲ ਅਤੇ ਐੱਸ.ਡੀ.ਪੀ.ਪੀ. ਸਕੂਲ ਵੀ ਵਿੱਦਿਅਕ ਖੇਤਰ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਕਈ ਸਾਰੇ ਮਦਰੱਸੇ : ਮਦਰਸਾ ਹਿਫ਼ਜ਼ੁਲ ਕੁਰਆਨ, ਮਦਰਸਾ ਜ਼ੀਨਤੁਲ ਉਲੂਮ ਸਮੇਤ ਕਈ ਹੋਰ ਮਦਰੱਸੇ ਜਿੱਥੇ ਕੁਰਆਨ ਪਾਕ ਅਤੇ ਉਰਦੂ ਅਰਬੀ ਪੜ੍ਹਾਉਣ ਦੇ ਖ਼ਾਸ ਪ੍ਰਬੰਧ ਹਨ।
ਮਾਲੇਰਕੋਟਲਾ ਦੀ ਵਿਰਾਸਤ
ਮੋਤੀ ਬਾਜ਼ਾਰ
ਇੱਕੋ ਜਿਹੀਆਂ ਇਮਾਰਤਾਂ ਵਾਲਾ ਬਾਜ਼ਾਰ ਜਿਸ ਨੂੰ ਵੇਖਣ ਲਈ ਲੋਕੀਂ ਦੂਰ-ਦੁਰਾਡੇ ਤੋਂ ਆਉਂਦੇ ਸਨ।
ਸ਼ੀਸ਼ ਮਹਿਲ
ਦੀਵਾਨ-ਖ਼ਾਨਾ, ਜੋ ਕਦੇ ਨਵਾਬਾਂ ਦੇ ਦੀਵਾਨ-ਏ-ਆਮ ਅਤੇ ਦੀਵਾਨ-ਏ-ਖ਼ਾਸ ਲਈ ਜਾਣਿਆ ਜਾਂਦਾ ਸੀ।
ਸ਼ਾਹੀ ਮਕਬਰੇ
ਜਿੱਥੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਮੇਤ ਬਹੁਤ ਸਾਰੇ ਨਵਾਬਾਂ ਦੀਆਂ ਕਬਰਾਂ ਮੌਜੂਦ ਹਨ।
ਕਿਲ੍ਹਾ ਰਹਿਮਤਗੜ੍ਹ
ਖੰਡਰ ਹੋ ਰਿਹਾ ਇਹ ਕਿਲਾ ਜੋ ਨਵਾਬ ਰਹਿਮਤ ਅਲੀ ਖ਼ਾਂ ਨੇ ਤਾਮੀਰ ਕਰਵਾਇਆ ਸੀ।
ਡੇਰਾ ਬਾਬਾ ਆਤਮਾ ਰਾਮ
ਵੈਰਾਗੀ ਸਾਧਾਂ ਦਾ ਡੇਰਾ ਜਿਸ ਨੂੰ ਬੰਦਾ ਸਿੰਘ ਬਹਾਦਰ ਦੀ ਚਰਨ-ਛੋਹ ਵੀ ਪ੍ਰਾਪਤ ਹੈ।
ਮੁਬਾਰਕ ਮੰਜ਼ਿਲ
ਆਖ਼ਰੀ ਬੇਗਮ ਦੀ ਰਿਹਾਇਸ਼ ਗਾਹ ਜਿੱਥੇ ਕੁਝ ਇਤਿਹਾਸਕ ਵਸਤਾਂ ਵੀ ਮੌਜੂਦ ਹਨ।
ਧਾਰਮਿਕ ਅਸਥਾਨ
ਈਦਗਾਹ
ਇਸ ਈਦਗਾਹ ਨੂੰ ਏਸ਼ੀਆ ਦੀ ਸਭ ਤੋਂ ਸੁੰਦਰ ਈਦਗਾਹ ਹੋਣ ਦਾ ਮਾਣ ਪ੍ਰਾਪਤ ਹੈ ਜਿੱਥੇ ਈਦ ਅਤੇ ਬਕਰੀਦ ਦੀ ਨਮਾਜ਼ ਵਿੱਚ ਇੱਕ ਲੱਖ ਦੇ ਕਰੀਬ ਲੋਕੀਂ ਨਮਾਜ਼ ਅਦਾ ਕਰਦੇ ਹਨ ਇਸ ਨੂੰ ਵੇਖਣ ਲਈ ਦੂਰ-ਦੁਰਾਡੇ ਤੋਂ ਲੋਕੀਂ ਪਰਿਵਾਰ ਸਮੇਤ ਆਉਂਦੇ ਹਨ।
ਜਾਮਾ ਮਸਜਿਦ
ਸ਼ਹਿਰ ਦੀ ਕਦੀਮ-ਤਰੀਨ ਤੇ ਵੱਡੀ ਮਸਜਿਦ, ਜਿੱਥੇ ਕਈ ਹਜ਼ਾਰ ਲੋਕ ਜੁਮੇ ਦੀ ਨਮਾਜ਼ ਅਦਾ ਕਰਦੇ ਹਨ ਅਤੇ ਪੰਜਾਬ ਦੇ ਮੁਫ਼ਤੀ-ਏ-ਆਜ਼ਮ ਹਜ਼ਰਤ ਮੁਫ਼ਤੀ ਇਰਤਕਾ ਉਲ
ਹਸਨ ਜੁਮੇ ਦੀ ਨਮਾਜ਼ ਦੀ ਇਮਾਮਤ ਕਰਦੇ ਹਨ।
ਚਰਚ
ਮਾਲੇਰਕੋਟਲਾ ਵਿਖੇ ਇਸ ਚਰਚ ਦੀ ਹੋਂਦ ਨਾਲ ਮਿਲੇ ਜੁਲੇ ਸਭਿਆਚਾਰ ਦੀ ਮਿਸਾਲ ਮੁਕੰਮਲ ਹੋ ਜਾਂਦੀ ਹੈ। ਕਿ੍ਰਸਮਿਸ ਦੇ ਦਿਨਾਂ ’ਚ ਇਸ ਦੀ ਸਜਾਵਟ ਵੇਖਣ ਵਾਲੀ ਹੁੰਦੀ ਹੈ।
ਸ੍ਰੀ ਹਨੂੰਮਾਨ ਮੰਦਰ
ਲੋਕਾਂ ਲਈ ਆਕਰਸ਼ਕ ਤੇ ਖਿੱਚ ਦਾ ਸਥਾਨ ਹੈ। ਸ੍ਰੀ ਹਨੂੰਮਾਨ ਜੀ ਦੀ ਮੂਰਤੀ ਬਹੁਤ ਉੱਚੀ ਨਸਬ ਕੀਤੀ ਗਈ ਹੈ ਜਿਸ ਦੇ ਦਰਸ਼ਨ ਦੂਰ ਤੋਂ ਹੀ ਹੁੰਦੇ ਹਨ।
ਜੈਨ ਸਮਾਰਕ
ਮੋਤੀ ਬਾਜ਼ਾਰ ’ਚ ਬਣਿਆ ਜੈਨ ਸਮਾਰਕ ਜੈਨ ਸਮਾਜ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਹੈ।
ਮੁਬਾਰਕ ਮੰਜ਼ਿਲ ਦੀ ਅਣਦੇਖੀ
ਮੁਬਾਰਕ ਮੰਜ਼ਿਲ ਦੀ ਸਾਂਭ-ਸੰਭਾਲ ਲਈ ਕਿਸੇ ਵੀ ਸਰਕਾਰ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਬਸ ਅਨੁਮਾਨ ਹੀ ਲਗਾਇਆ ਜਾ ਸਕਦਾ ਹੈ ਕਿ ‘ਖੰਡਰ ਬਤਾ ਰਹੇ ਹੈਂ ਕਿ ਇਮਾਰਤ ਅਜ਼ੀਮ ਥੀ’। ਅੱਜ ਜ਼ਰੂਰਤ ਹੈ ਮੁਬਾਰਕ ਮੰਜ਼ਿਲ ਦੀ ਸਾਂਭ ਸੰਭਾਲ ਲਈ ਮੌਜੂਦਾ ਸਰਕਾਰ ਨੂੰ ਕੋਈ ਠੋਸ ਉਪਰਾਲਾ ਕਰਨਾ ਚਾਹੀਦਾ ਹੈ। ਬੀਤੇ ਹਫ਼ਤੇ ਸਥਾਨਕ ਵਿਧਾਇਕ ਡਾ: ਮੁਹੰਮਦ ਜਮੀਲ-ਉਰ-ਰਹਿਮਾਨ ਅਤੇ ਉਨ੍ਹਾਂ ਦੀ ਮੈਡਮ ਫ਼ਰਿਆਲ ਰਹਿਮਾਨ ਨੇ ਬੇਗਮ ਮੁਨੱਵਰ-ਉਲ-ਨਿਸਾ ਦਾ ਹਾਲ ਜਾਣਨ ਲਈ ਮੁਬਾਰਕ ਮੰਜ਼ਿਲ ਦਾ ਦੌਰਾ ਕੀਤਾ ਸੀ, ਉਨ੍ਹਾਂ ਮੁਬਾਰਕ ਮੰਜ਼ਿਲ ਦੀ ਸਾਂਭ-ਸੰਭਾਲ ਲਈ ਆਪਣੇ ਵੱਲੋਂ ਪੂਰਨ ਭਰੋਸਾ ਦਿਵਾਇਆ ਹੈ।
ਵਿਲੱਖਣ ਸ਼ਹਿਰ
ਅੱਜ ਵੀ ਮਾਲੇਰਕੋਟਲਾ ਇੱਕ ਵਿਲੱਖਣ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਮਿਲੇ ਜੁਲੇ ਸੱਭਿਆਚਾਰ ਵਾਲਾ ਪੰਜਾਬ ਦਾ ਇਹ ਸ਼ਹਿਰ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਦੀ ਪ੍ਰਤੀਨਿਧਤਾ ਕਰਦਾ ਇੱਕ ਵਿਲੱਖਣ ਤਹਿਜ਼ੀਬ ਅਤੇ ਉਰਦੂ ਨੂੰ ਪਿਆਰ ਕਰਨ ਵਾਲਾ ਸੰਸਾਰ ਪ੍ਰਸਿੱਧ ਸ਼ਹਿਰ ਹੈ। ਪੰਜਾਬ ਦਾ ਇਹ ਇੱਕੋ-ਇੱਕ ਸ਼ਹਿਰ ਹੈ ਜਿੱਥੇ ਰਹਿ ਕੇ ਲੋਕੀਂ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਨਾਲ-ਨਾਲ ਅਰਬੀ ਤੇ ਫ਼ਾਰਸੀ ਭਾਸ਼ਾਵਾਂ ਦੀ ਤਾਲੀਮ ਵੀ ਹਾਸਿਲ ਕਰਦੇ ਹਨ। ਮੁਸਲਿਮ ਬਹੁਲਤਾ ਵਾਲਾ ਇਹ ਸ਼ਹਿਰ ਆਪਣੀ ਮਿਸਾਲ ਆਪ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ, ਆਪਸ ਮੇਂ ਹੈਂ ਭਾਈ-ਭਾਈ ਦੀ ਉਮਦਾ ਮਿਸਾਲ
ਇੱਥੇ ਬਾਖ਼ੂਬੀ ਵੇਖੀ ਜਾ ਸਕਦੀ ਹੈ।
- ਸਾਜਿਦ ਇਸਹਾਕ