ਸਨਮਾਨਜਨਕ ਸੁਖਮਈ, ਭਰਪੂਰ ਅਤੇ ਸਫ਼ਲ ਜੀਵਨ-ਜਿਊਣ ਦੀ ਚਾਹਤ। ਇਸ ਸਭ ਦਾ ਆਧਾਰ ਹੈ, ਤਾਲੀਮ, ਤਾਲੀਮ ਤੇ ਤਾਲੀਮ..। ਦੁਨੀਆ ਦੇ ਇਤਿਹਾਸ ਵਿਚ ਜਿੰਨੇ ਵੀ ਪੈਗੰਬਰ ਆਏ ਉਹ ਸਭ ਆਸਮਾਨ ਤੋਂ ਉੱਤਰੇ ਅਤੇ ਧੁਰ ਦੀ ਬਾਣੀ ਵੀ ਆਪਣੇ ਨਾਲ ਲੈ ਕੇ ਆਏ ਜਿਵੇਂ ਅੰਜੀਲ, ਪਵਿੱਤਰ ਕੁਰਾਨ ਸਰੀਫ ਆਦਿ। ਸਰ ਸੱਯਦ ਅਹਿਮਦ ਖਾਂ ਅਜਿਹੇ ਮਸੀਹਾ ਸਨ, ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰ ਜ਼ਮੀ ਨੇ ਪੈਦਾ ਕੀਤਾ।

ਅਨੇਕਾਂ ਹੀ ਫ਼ਰਕਾਂ ਅਤੇ ਵਖਰੇਵਿਆਂ ਦੇ ਬਾਵਜੂਦ ਦੁਨੀਆ ਦੇ ਸਾਰੇ ਮਨੁੱਖਾਂ ਦੀ ਇਕ ਇੱਛਾ ਸਰਬ-ਵਿਆਪਕ ਹੈ ਅਤੇ ਉਹ ਹੈ ਸਨਮਾਨਜਨਕ ਸੁਖਮਈ, ਭਰਪੂਰ ਅਤੇ ਸਫ਼ਲ ਜੀਵਨ-ਜਿਊਣ ਦੀ ਚਾਹਤ। ਇਸ ਸਭ ਦਾ ਆਧਾਰ ਹੈ, ਤਾਲੀਮ, ਤਾਲੀਮ ਤੇ ਤਾਲੀਮ..। ਦੁਨੀਆ ਦੇ ਇਤਿਹਾਸ ਵਿਚ ਜਿੰਨੇ ਵੀ ਪੈਗੰਬਰ ਆਏ ਉਹ ਸਭ ਆਸਮਾਨ ਤੋਂ ਉੱਤਰੇ ਅਤੇ ਧੁਰ ਦੀ ਬਾਣੀ ਵੀ ਆਪਣੇ ਨਾਲ ਲੈ ਕੇ ਆਏ ਜਿਵੇਂ ਅੰਜੀਲ, ਪਵਿੱਤਰ ਕੁਰਾਨ ਸਰੀਫ ਆਦਿ। ਸਰ ਸੱਯਦ ਅਹਿਮਦ ਖਾਂ ਅਜਿਹੇ ਮਸੀਹਾ ਸਨ, ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰ ਜ਼ਮੀ ਨੇ ਪੈਦਾ ਕੀਤਾ। ਧਰਤੀ ਤੋਂ ਪੈਦਾ ਹੋਣ ਵਾਲੇ ਇਸ ਮਸੀਹਾ ਦੇ ਹੱਥ ਵਿਚ ਵੀ ਇਕ ਪੁਸਤਕ ਹੈ, ਇਹ ਪੁਸਤਕ ਇੰਟ, ਪੱਥਰ, ਲੋਹੇ ਅਤੇ ਸੀਮੈਂਟ ਤੋਂ ਬਣੀ ਹੋਈ ਹੈ। ਇਸ ਪੁਸਤਕ ਦੇ ਹਰ ਸਫ਼ੇ ’ਤੇ ਹਾਰੀ, ਜ਼ਖ਼ਮਾਂ ਨਾਲ ਤੜਫਦੀ, ਮੌਤ ਦੀ ਉਡੀਕ ਕਰਦੀ ਹੋਈ ਕੌਮ ਦੇ ਜ਼ਖ਼ਮਾਂ ’ਤੇ ਮਰਹਮ ਦੇ ਨੁਸਖੇ ਲਿਖੇ ਹਨ। ਇਸ ਨੁਸਖ਼ੇ ਦਾ ਨਾਂ ਹੈ, ਇਲਮ (ਸਿੱਖਿਆ) ਹਾਸਲ ਕਰਨਾ। ਸਿੱਖਿਆ ਦੀ ਤਾਕਤ ਹੀ ਬਰਕਤ ਹੈ। ਜਿਵੇਂ ਟਕਸਾਲ ਵਿਚ ਸਿੱਕੇ ਘੜਨ ਸਮੇਂ ਸੋਨਾ, ਚਾਂਦੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਿਰ ਛੋਟੇ ਵੱਡੇ ਸਿੱਕੇ ਬਣ ਕੇ ਨਿਕਲਦੇ ਹਨ। ਇਨ੍ਹਾਂ ਸਿੱਕਿਆਂ ਦੀ ਕੀਮਤ ਨੀਅਤ ਹੁੰਦੀ ਹੈ। ਪਰ ਸਰ ਸੰਯਦ ਸਾਹਿਬ ਨੇ ਜੋ ਟਕਸਾਲ ਸਥਾਪਤ ਕੀਤੀ ਉਸ ਵਿਚ ਸੋਨਾ, ਚਾਂਦੀ ਨਹੀਂ ਸਗੋਂ ਕੰਕਰ, ਪੱਥਰ ਆਉਦੇ ਹਨ ਅਤੇ ਹੀਰੇ, ਮੋਤੀ ਬਣ ਕੇ ਨਿਕਲਦੇ ਹਨ । ਇਨ੍ਹਾਂ ਸਿੱਕਿਆਂ ਦਾ ਕੋਈ ਮੁੱਲ ਨਹੀਂ ਅਣਮੋਲ ਹੈ। ਇਨ੍ਹਾਂ ਦੇ ਚਾਨਣ ਵਿਚ ਕੌਮ ਦੇ ਨਸੀਬ ਦੀ ਸਿਆਹੀ ਸਾਫ਼ ਹੋ ਜਾਂਦੀ ਹੈ।
ਸਰ ਸੱਯਦ ਅਹਿਮਦ ਖਾਂ ਦਾ ਸਫਰ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਸਿੱਖਿਆ ਦੇ ਪ੍ਰੰਪਰਕ ਅਤੇ ਆਧੁਨਿਕ ਸ਼ਾਖਾਵਾਂ ਵਿਚ ਢਾਈ ਸੌ ਤੋਂ ਵੱਧ ਵਿਸ਼ੇ ਪੜ੍ਹਾਏ ਜਾਂਦੇ ਹਨ। ਆਪਣੇ ਸਮੇਂ ਦੇ ਮਹਾਨ ਸਮਾਜ ਸੁਧਾਰਕ ਸਰ ਸੱਯਦ ਅਹਿਮਦ ਖਾਂ ਨੇ ਆਧੁਨਿਕ ਸਿੱਖਿਆ ਦੀ ਲੋੜ ਨੂੰ ਉਸੇ ਸਮੇਂ ਮਹਿਸੂਸ ਕਰ ਲਿਆ ਸੀ, ਜਦੋਂ ਉਨ੍ਹਾਂ ਨੇ 1875 ਵਿਚ ਸਕੂਲ ਸ਼ੁਰੂ ਕੀਤਾ ਸੀ ਜੋ ਬਾਅਦ ਵਿਚ ਮੁਹੰਮਡਨ ਐਂਗਲੋ ਐਰੀਐਂਟਲ ਕਾਲਜ ਬਣਿਆ ਅਤੇ 1920 ਵਿਚ ਇਹ ਕਾਲਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਰੂਪ ਵਿਚ ਸਾਹਮਣੇ ਆਇਆ। ਮੌਜੂਦਾ ਸਮੇਂ ਵਿਚ ਕਈ ਵਿਭਾਗਾਂ ਅਤੇ ਅਦਾਰਿਆਂ ਦੇ ਨਾਲ ਦੇਸ਼ ਦੇ ਪ੍ਰਮੁੱਖ ਕੇਂਦਰੀ ਵਿਸ਼ਵ-ਵਿਦਿਆਲਿਆਂ ਵਿਚ ਸ਼ੁਮਾਰ ਹੈ। ਜੋ ਦੁਨੀਆ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਸਿਖਾਂਦਰੂਆਂ ਨੂੰ ਆਪਣੇ ਵੱਲ ਖਿੱਚਦਾ ਹੈ। ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਵਿਚ ਅਫਰੀਕਾ, ਪੱਛਮੀ ਏਸ਼ੀਆ, ਦੱਖਣ ਪੂਰਬੀ ਏਸ਼ੀਆ, ਸਾਰਕ ਅਤੇ ਰਾਸ਼ਟਰ ਮੰਡਲ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਹਨ ਸਰ ਸੱਯਦ ਅਹਿਮਦ ਖਾਂ ਨੇ ਮਹਿਸੂਸ ਕੀਤਾ ਕਿ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਮਾੜੀ ਹਾਲਤ ਉਨ੍ਹਾਂ ਦੀ ਸਿੱਖਿਆ ਤੋਂ ਦੂਰੀ ਹੈ ਅਤੇ ਖ਼ਾਸ ਤੌਰ ਤੇ ਆਧੁਨਿਕ ਸਿੱਖਿਆ ਨਾ ਮਿਲ ਪਾਉਣਾ ਅਤੇ ਨਾ ਹੀ ਲੈਣਾ ਜਿਸ ਕਾਰਨ ਉਹ ਪਿੱਛੇ ਹੀ ਪਿੱਛ ਜਾ ਰਹੇ ਹਨ। ਇਸੇ ਸੋਚ ਅਧੀਨ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਕੁਝ ਅਹਿਮ ਕਦਮ ਅਤੇ ਵਿਸ਼ੇਸ਼ ਮਨਸੂਬੇ ਨਾਲ ਜੁਟ ਗਏ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿੱਥੇ-ਜਿੱਥੇ ਉਨ੍ਹਾਂ ਦਾ ਤਬਾਦਲਾ ਹੁੰਦਾ ਉਥੇ-ਉਥੇ ਇਕ ਸਕੂਲ ਸਥਾਪਤ ਕਰ ਦਿੰਦੇ। ਮੁਰਾਦਾਬਾਦ ਚ ਉਨ੍ਹਾਂ ਨੇ ਇਕ ਮਦਰਸਾ ਖੋਲ੍ਹਿਆ ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅੰਗਰੇਜ਼ੀ ਅਤੇ ਵਿਗਿਆਨ ਦੀ ਸਿੱਖਿਆ ਤੋਂ ਬਿਨਾਂ ਮਕਸਦ ਹਾਸਲ ਨਹੀਂ ਕੀਤਾ ਜਾ ਸਕਦਾ ਤਾਂ ਉਨ੍ਹਾਂ ਨੇ ਮੁਸਲਿਮ ਬੱਚਿਆਂ ਨੂੰ ਆਧੁਨਿਕ ਸਿਖਿਆ ਦੇਣ ਲਈ ਆਧੁਨਿਕ ਸਕੂਲਾਂ ਦੀ ਸਥਾਪਨਾ ਕੀਤੀ। ਜਦੋਂ ਸਰ ਸੱਯਦ ਅਹਿਮਦ ਖਾਂ ਦਾ ਤਬਾਦਲਾ ਅਲੀਗੜ੍ਹ ਹੋਇਆ ਤਾਂ ਇੱਥੇ ਆ ਕੇ ਸਾਇੰਟਿਫਿਕ ਸੋਸਾਇਟੀ ਆਫ਼ ਅਲੀਗੜ੍ਹ ਦੀ ਸਥਾਪਨਾ ਕੀਤੀ ਜਿਸ ਕਾਰਨ ਹਿੰਦੁਸਤਾਨ ਦੇ ਪ੍ਰਸਿੱਧ ਵਿਦਵਾਨ ਅਲੀਗੜ੍ਹ ਆਉਣ ਲੱਗੇ, ਸਭਾਵਾਂ ਹੋਣ ਲੱਗੀ ਜਿਸ ਕਾਰਨ ਸ਼ਹਿਰ ਵਿਚ ਅਦਬ ਦਾ ਮਹੌਲ ਬਣਨ ਲੱਗਿਆ । ਸਰ ਸੱਯਦ ਨੇ ‘ਤਹਿਜ਼ੀਬ ਉਲ ਅਖਲਾਕ’ ਨਾਂ ਦਾ ਇੱਕ ਅਖ਼ਬਾਰ ਵੀ ਸ਼ੁਰੂ ਕੀਤਾ ਅਤੇ ਅੰਗਰੇਜ਼ੀ ਦੀਆਂ ਕਈ ਪੁਸਤਕਾਂ ਦਾ ਉਰਦੂ ਅਤੇ ਫਾਰਸੀ ਅਨੁਵਾਦ ਕਰਵਾਇਆ।
ਯੂਨੀਵਰਸਿਟੀ ਦੀ ਸ਼ਾਨ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਚਮਕਦੇ ਤਾਰਿਆਂ ਨੇ ਦੁਨੀਆ ਭਰ ਵਿਚ ਆਪਣਾ ਚਾਨਣ ਫੈਲਾਇਆ ਹੈ, ਇੱਥੋਂ ਦੇ 9 ਵਿਦਿਆਰਥੀ ਅਤੇ ਅਧਿਆਪਕ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਮਾਲਦੀਪ ਦੇ ਰਾਸ਼ਟਰ ਮੁਖੀ ਬਣੇ ਹਨ। ਇਸ ਅਦਾਰੇ ਨੇ 2 ਭਾਰਤ ਰਤਨ, 8 ਪਦਮ ਵਿਭੂਸ਼ਣ, 28 ਪਦਮ ਭੂਸ਼ਣ, 37 ਪਦਮ ਸ੍ਰੀ ਐਵਾਰਡ ਦਿੱਤੇ ਹਨ। ਜ਼ਾਕਿਰ ਹੁਸੈਨ ਅਤੇ ਅਬਦੁੱਲ ਗਫ਼ਾਰ ਖਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅਨਮੋਲ ਰਤਨ ਹਨ। ਅਲੀਗੜ੍ਹ ਯੂਨੀਵਰਸਿਟੀ ਦੇ ਉਰਦੂ ਅਕਾਦਮੀ ਦੇ ਨਿਰਦੇਸ਼ਕ ਡਾਕਟਰ ਰਾਹਤ ਅਬਰਾਰ ਦੱਸਦੇ ਹਨ ਕਿ ਇਸ ਅਦਾਰੇ ਨੇ ਦੇਸ਼ ਨੂੰ 19 ਰਾਜਪਾਲ, 17 ਮੁੱਖਮੰਤਰੀ, 4 ਸਰਬਉਚ ਅਦਾਲਤ ਦੇ ਜੱਜ, 11 ਉੱਚ ਅਦਾਲਤ ਦੇ ਮੁੱਖ ਜੱਜ, 28 ਜੱਜ, 3 ਗਿਆਨਪੀਠ ਇਨਾਮ, 20 ਸਾਹਿਤ ਅਕਾਦਮੀ ਪੁਰਸਕਾਰ, 11 ਕੁਲਪਤੀ, ਉਪਕੁਲਪਤੀ ਦਿੱਤੇ ਹਨ। ਹਾਮਿਦ ਅੰਸਾਰੀ ਉਪਰਾਸ਼ਟਰਪਤੀ, ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖ਼ਾਨ ਇਸ ਅਦਾਰੇ ਦੇ ਵਿਦਿਆਰਥੀ ਰਹੇ ਹਨ। ਅਨਵਰਾ ਤੈਮੂਰ ਅਸਮ ਦੀ ਪਹਿਲੀ ਔਰਤ ਮੁੱਖਮੰਤਰੀ ਬਣੀ। ਪਦਮ ਪੁਰਸਕਾਰਾਂ ਨਾਲ ਸਨਮਾਨਿਤ ਨਾਵਾਂ ਵਿਚ ਜ਼ਾਕਿਰ ਹੁਸੈਨ, ਹਾਫਿਜ਼ ਮੁਹੰਮਦ ਇਬਰਾਹਿਮ, ਜੀ.ਐੱਸ. ਸਾਦਿਕ, ਅਲੀ-ਏ-ਜੰਗ, ਪ੍ਰੋਫੈਸਰ ਉਬੈਦ ਸਿੱਦੀਕੀ, ਰਾਜਾ ਰਾਵ, ਐ.ਆਰ. ਕਿਦਵਈ ਸ਼ਾਮਲ ਸਨ। ਕਾਨੂੰਨੀ ਸਿੱਖਿਆ ਦੇ ਪਿਤਾਮਾ ਏ.ਆਰ. ਮਾਘਵਨ ਮੈਨਨ, ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਸ਼ੋਕ ਸੇਠ, ਗੀਤਕਾਰ ਜਾਵੇਦ ਅਖ਼ਤਰ, ਫਿਲਮ ਅਭਿਨੇਤਾ ਨਸੀਰੂਦੀਨ ਸ਼ਾਹ, ਿਕੇਟਰ ਲਾਲਾ ਅਮਰਨਾਥ, ਇਤਿਹਾਸਕਾਰ ਡਾਕਟਰ ਗੰਡਾ ਸਿੰਘ, ਨਬਾ ਕੋਲ ਬੁਰਾਮਾ, ਰਹੀਮਉਦੀਨ ਡਾਗਰ ਅਤੇ ਅਕਸ਼ੈ ਕੁਮਾਰ ਜੈਨ ਸਹਿਤ 28 ਵਿਦਵਾਨ ਪਦਮ ਭੂਸ਼ਣ ਨਾਲ ਸਨਮਾਨਿਤ ਹਨ ਜੋ ਇਸ ਯੂਨੀਵਰਸਿਟੀ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। 1875 ਵਿਚ ਮਦਰਸੇ ਤੋਂ ਸ਼ੁਰੂ ਹੋ ਕੇ 1877 ਵਿਚ ਕਾਲਜ ਅਤੇ 1920 ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਰੂਪ ਅਖਤਿਆਰ ਕੀਤਾ। ਇਨ੍ਹਾਂ ਸੌ ਵਰ੍ਹਿਆਂ ਦੇ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ। ਜਦੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਉਸ ਸਮੇਂ 13 ਵਿਭਾਗ ਸਨ ਪਰ ਮੌਜੂਦਾ ਸਮੇਂ ਵਿਚ 13 ਫੈਕਲਟੀ ਦੇ ਨਾਲ 117 ਵਿਭਾਗਾਂ ਵਿਚ ਲਗਪਗ 38 ਹਜ਼ਾਰ ਵਿਦਿਆਰਥੀ ਤਾਲੀਮ ਹਾਸਲ ਕਰ ਰਹੇ ਹਨ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਆਪਣੇ ਸਫ਼ਰ ਵਿਚ ਇਕ ਅਹਿਮ ਮੁਕਾਮ ਓਦੋਂ ਹਾਸਲ ਕੀਤਾ ਜਦੋਂ 1962 ਵਿਚ ਮੈਡੀਕਲ ਕਾਲਜ ਦੀ ਸਥਾਪਨਾ ਹੋਈ, ਇਸ ਤੋਂ ਇਲਾਵਾ 1960 ਵਿਚ ਖੇਤੀਬਾੜੀ ਵਿਗਿਆਨ ਵਿਭਾਗ ਦੀ ਸਥਾਪਨਾ ਹੋਈ, ਇਸ ਤੋਂ ਬਾਅਦ ਸਮੇਂ-ਸਮੇਂ ’ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਅਗਾਂਹਵਧੂ ਕੋਰਸ, ਨਵੇਂ ਡਿਪਲੋਮਾ ਅਤੇ ਹੋਰ ਡਿਗਰੀ ਕੋਰਸ ਆਉਦੇ ਗਏ।
ਕੋਰੋਨਾ ਮਹਾਮਾਰੀ ਦੇ ਵਿਰੁੱਧ ਏ.ਐੱਮ.ਯੂ. ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਪੱਛਮੀ ਉੱਤਰ ਪ੍ਰਦੇਸ਼ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ। 2 ਅਕਤੂਬਰ, 1962 ਨੂੰ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਯੂਨੀਵਰਸਿਟੀ ਦੇ ਜੀਵ ਰਸਾਇਣ ਵਿਭਾਗ ਚ 40 ਵਿਦਿਆਰਥੀਆਂ ਨਾਲ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਗਈ ਸੀ ਜਿੱਥੇ ਅੱਜ ਹਜ਼ਾਰਾਂ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਹਾਸਲ ਕਰ ਰਹੇ ਹਨ। 1967 ਵਿਚ ਮੈਡੀਕਲ ਕਾਲਜ ਦੀ ਇਮਾਰਤ ਬਣੀ ਸੀ, ਪਰ ਮੈਡੀਕਲ ਕਾਲਜ ਦੀ ਸਥਾਪਨਾ ਦੀਆਂ ਕੋਸ਼ਿਸ਼ਾਂ 1942-43 ਤੋਂ ਹੀ ਸ਼ੁਰੂ ਹੋ ਗਈਆਂ ਸੀ। ਸਮੇਂ ਦੇ ਨਾਲ-ਨਾਲ ਮੈਡੀਕਲ ਕਾਲਜ ਦਾ ਵਿਸਥਾਰ ਹੁੰਦਾ ਗਿਆ। 1985 ਵਿਚ ਕੁਲਪਤੀ ਪ੍ਰੋਫੈਸਰ ਮੁਹੰਮਦ ਹਾਸ਼ਿਮ ਨੇ ਮੈਡੀਕਲ ਕਾਲਜ ਦੀਆਂ ਸੀਟਾਂ ਦੀ ਗਿਣਤੀ 50 ਤੋਂ ਵਧਾ ਕੇ 100 ਕਰ ਦਿੱਤੀ। ਉਸ ਤੋਂ ਬਾਅਦ 1996 ਵਿਚ ਕੁਲਪਤੀ ਮਹਿਮੂਦ ਉਰ ਰਹਿਮਾਨ ਨੇ ਇਹ ਸੰਖਿਆ 150 ਕਰ ਦਿੱਤੀ ਅਤੇ ਨਾਲ ਹੀ ਇਕ ਦੰਦਾਂ ਦੇ ਕਾਲਜ ਦੀ ਸਥਾਪਨਾ ਕੀਤੀ। ਜਿਸ ਦਾ ਨਾਂ ਡਾਕਟਰ ਜ਼ਿਆਉਦੀਨ ਡੈਂਟਲ ਕਾਲਜ ਰੱਖਿਆ ਗਿਆ ਸੀ।
ਪੰਜਾਬੀ ਵਿਭਾਗ
ਟੀ. ਐਸ ਗਿੱਲ ਜਿਹੜੇ ਮਾਝੇ ਦੇ ਜੰਮਪਲ ਇੱਥੇ ਫਿਜਿਕਸ ਵਿਭਾਗ ਚ ਅਧਿਆਪਕ ਵਜੋਂ ਭੂਮਿਕਾ ਨਿਭਾ ਰਹੇ ਸਨ। ਉਹ ਮੌਜੂਦਾ ਡੀਨ ਕੇ.ਪੀ. ਸਿੰਘ ਤੇ ਵਿਭਾਗ ਦੇ ਚੈਅਰਮੈਨ ਪ੍ਰੋ. ਕੇ.ਏ.ਕੌਸੀ ਦੇ ਦੋਸਤ ਸਨ। ਉਨ੍ਹਾਂ ਦੇ ਯਤਨ ਸਦਕਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਚ ਪੰਜਾਬੀ ਭਾਸ਼ਾ ਸ਼ੁਰੂ ਹੋਈ। ਉਨ੍ਹਾਂ ਨੇ ਹਿੰਮਤ ਨਾਲ ਸ਼ਹਿਰ ਦੇ ਪੰਜਾਬੀਆਂ ਨੂੰ ਜਿਹੜੇ ਬਹੁਤੇ ਬਟਵਾਰੇ ਤੋਂ ਬਾਅਦ ਏਧਰ ਆ ਕੇ ਵਸੇ ਸਨ ਨਾਲ ਜੋੜ ਕੇ ਪੰਜਾਬੀ ਭਾਸ਼ਾ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਦਾ ਹਿੱਸਾ ਬਣੀ। ਜਦੋਂ ਵਿਭਾਗ ਦੇ ਮੁਖੀ ਮਲਿਆਲਮ ਭਾਸ਼ਾ ਦੇ ਪ੍ਰੋ. ਕੇ .ਏ. ਕੌਸ਼ੀ ਨੇ ਪੋਸਟ ਭਰਨ ਲਈ ਜੋਰ ਲਾਇਆ ਤਾਂ ਕਈਆਂ ਨੇ ਉਨ੍ਹਾਂ ਨੂੰ ਕਿਹਾ, ‘ਕਿਉ ਕਿਸੇ ਆਤੰਕਵਾਦੀ ਕੋ ਜਹਾਂ ਲਾ ਰਹੇ ਹੈਂ।’ ਇਸ ਤਾਲੀਮੀ ਅਦਾਰੇ ’ਚ ਮਾਂ ਬੋਲੀ ਪੰਜਾਬੀ ਦਾ ਬੂਟਾ ਲਾਉਣ ਵਾਲੇ ਮਹਾਨ ਸ਼ਖ਼ਸੀਅਤ ਪ੍ਰੋ. ਕੇ.ਪੀ.ਸਿੰਘ, ਟੀ.ਐਸ. ਗਿੱਲ ਅਤੇ ਪ੍ਰੋ. ਕੇ.ਏ.ਕੌਸੀ ਸਾਹਿਬ ਦੇ ਉਦਮ ਸਦਕੇ ਸਾਲ 1998 ਵਿਚ ਸ਼ੁਰੂ ਹੋਇਆ ਪੰਜਾਬੀ ਵਿਭਾਗ ਅੱਜ ਆਪਣੇ 25 ਵਰ੍ਹੇ ਪੂਰੇ ਕਰ ਰਿਹਾ ਹੈ। ਜਿਸ ਪੰਜਾਬੀ ਭਾਸ਼ਾ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਵਿਚ ਪ੍ਰੋ. ਕੇ.ਪੀ.ਸਿੰਘ, ਟੀ.ਐਸ. ਗਿੱਲ ਅਤੇ ਪ੍ਰੋ. ਕੇ. ਏ. ਕੌਸੀ ਨੇ ਬੀਜ ਲਾਇਆ ਸੀ ਉਸ ਬੀਜ ਨੂੰ ਪਾਣੀ ਅਤੇ ਪਾਲਣ ਦਾ ਕੰਮ ਪ੍ਰੋ. ਕ੍ਰਾਂਤੀ ਪਾਲ ਦੇ ਹਿੱਸੇ ਆਇਆ। ਸਾਲ 1998 ਤੋਂ ਅੱਜ ਤੱਕ ਇਸ ਵਿਭਾਗ ਵਿਚ 9 ਖੋਜ ਵਿਦਿਆਰਥੀ ਆਪਣਾ ਖੋਜ ਕਾਰਜ ਪੂਰਾ ਕਰ ਚੱੁਕੇ ਹਨ ਅਤੇ 3 ਮੌਜੂਦਾ ਸਮੇਂ ਵਿਚ ਆਪਣਾ ਖੋਜ ਕਾਰਜ ਕਰ ਰਹੇ ਹਨ। ਖੋਜ ਕਾਰਜ ਦੇ ਨਾਲ ਨਾਲ ਬੀ.ਏ., ਐਮ.ਏ, ਸਰਟੀਫਿਕੇਟ, ਡਿਪਲੋਮਾ ਅਤੇ ਚਾਰ ਸਾਲਾ ਕੋਰਸ ’ਚ ਲਾਜ਼ਮੀ ਅਤੇ ਵਿਕਲਪਿਕ ਵਿਸ਼ੇ ਵਜੋਂ ਪੜ੍ਹ ਕੇ ਡਾ.ਜਿਆਉਰ ਰਹਿਮਾਨ, ਡਾ. ਇਮਰਾਨ ਸਾਫੀ, ਡਾ. ਅਬਦੁਲ ਅਲੀਮ, ਡਾ. ਖੁਰਸ਼ੀਦ ਅਖ਼ਤਰ ਅਤੇ ਡਾ.ਰਫੀਕ ਪੰਜਾਬ ਵਿਚ, ‘ਪੰਜਾਬ ਪਬਲਿਕ ਸਰਵਿਸ ਕਮਿਸ਼ਨ’ ਰਾਹੀਂ ਚੀਫ਼ ਮੈਡੀਕਲ ਅਫ਼ਸਰ ਦੇ ਅਹੁਦੇ ’ਤੇ ਅਤੇ ਹੋਰ ਬਹੁਤ ਸਾਰੇ ਵਿਦਿਆਰਥੀ ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਵੱਖ-ਵੱਖ ਅਹੁਦਿਆਂ ’ਤੇ ਆਪਣੀ ਸੇਵਾ ਨਿਭਾ ਰਹੇ ਹਨ । ਸਮੇਂ-ਸਮੇਂ ਪੰਜਾਬੀ ਵਿਭਾਗ ਵਿਚ ਯੂਨੀਵਰਸਿਟੀ ਅਤੇ ਪੰਜਾਬੀ ਅਕਾਦਮੀ ਉਤਰ ਪ੍ਰਦੇਸ਼ ਦੇ ਸਹਿਯੋਗ ਨਾਲ ਸੰਤ ਬਾਣੀ ਅਤੇ ਸਾਡਾ ਸਮਾਜ, ਕਵੀ ਕਰਨੈਲ ਸਿੰਘ ਪਾਰਸ, 21ਵੀਂ ਸਦੀ ’ਚ ਗੁਰੂ ਗ੍ਰੰਥ ਸਾਹਿਬ ਦੀ ਭੂਮਿਕਾ, ਇੱਕ ਸ਼ਾਮ ਸੂਫੀ ਕਲਾਮ ਦੇ ਨਾਮ, ਸੰਤ ਬਾਣੀ ਦੀ ਵਰਤਮਾਨ ਸਮੇਂ ’ਚ ਪ੍ਰਾਸੰਗਿਕਤਾ ਆਦਿ ਸਾਹਿਤਕ ਸਮਾਗਮ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਸੈਮੀਨਾਰਾਂ ਰਾਹੀਂ ਪੰਜਾਬੀ ਭਾਸ਼ਾ ਸਾਹਿਤ ਤੇ ਇਸ ਦੀ ਵਿਰਾਸਤ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨਾਲ ਜੋੜ ਕੇ ਚੱਲਣਾ ਆਪਣੇ-ਆਪ ਵਿਚ ਇੱਕ ਇਤਿਹਾਸਕ ਕਦਮ ਹੈ। ਜਦੋਂ ਕੁਝ ਵਾਪਰ ਰਿਹਾ ਹੁੰਦਾ ਹੈ ਤਾਂ ਉਸਦਾ ਪ੍ਰਭਾਵ ਯਕਦਮ ਨਹੀਂ ਪੈਂਦਾ ਸਮਾਂ ਤੇ ਪ੍ਰਸਿਥਤੀਆਂ ਪ੍ਰਭਾਵਿਤ ਕਰਦੀਆਂ ਹਨ। ਪੰਜਾਬੀ ਮਾਂ ਬੋਲੀ ਦੇ ਇਹ 25 ਵਰ੍ਹੇ ਭਾਵੇਂ ਆਪਣੇ-ਆਪ ਵਿਚ ਕੋਈ ਅਰਥ ਨਹੀਂ ਰਖਦੇ ਪਰ ਇਕ ਤਾਲੀਮ ਦੇ ਵੱਡੇ ਅਦਾਰੇ ਵਿਚ 25 ਵਰ੍ਹੇ ਤੋਂ ਵਿਚਰਨਾ ਆਪਣੇ-ਆਪ ਵਿਚ ਡੂੰਘੇ ਅਰਥ ਰਖਦਾ ਹੈ।
ਸੱਤ ਸੱਭਿਆਚਾਰਾਂ ਦਾ ਸੰਗਮ ਸਥਾਨ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਆਧੁਨਿਕ ਭਾਰਤੀ ਭਾਸ਼ਾਵਾਂ ਦਾ ਵਿਭਾਗ ਆਪਣੇ ਅੰਦਰ ਦੇਸ਼ ਦੇ ਸੱਤ ਸੱਭਿਆਚਾਰਾਂ ਨੂੰ ਇਕ ਲੜੀ ਵਿਚ ਪਰੋ ਕੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਇੱਥੇ ਪੰਜਾਬੀ, ਕਸ਼ਮੀਰੀ, ਤਮਿਲ, ਤੇਲਗੂ, ਮਰਾਠੀ, ਮਲਿਆਲਮ, ਬੰਗਲਾ ਭਾਸ਼ਾ ਵਿਚ ਅਨੇਕਾਂ ਹੀ ਵਿਦਿਆਰਥੀ ਖੋਜ ਕਾਰਜ ਕਰ ਰਹੇ ਹਨ ਅਤੇ ਅਨੇਕਾਂ ਹੀ ਵਿਦਿਆਰਥੀ ਆਪਣੀ ਤਾਲੀਮ ਪੂਰੀ ਕਰ ਕੇ ਉੱਚ ਅਹੁਦਿਆਂ ’ਤੇ ਦੇਸ਼ ਸਮਾਜ ਦੀ ਸੇਵਾ ’ਚ ਦਿਨ ਰਾਤ ਲੱਗੇ ਹੋਏ ਹਨ। ਇਸ ਅਦਾਰੇ ਅਤੇ ਵਿਭਾਗ ਵਿਚ ਆਉਣ ਵਾਲੇ ਵਿਦਿਆਰਥੀ ਚਾਹੇ ਉਹ ਕਿਸੇ ਵੀ ਵਿਸ਼ੇਸ਼ ਭਾਸ਼ਾ ਜਾਂ ਸੱਭਿਆਚਾਰ ਦਾ ਹੋਵੇ ਪਰ ਜਦੋਂ ਇੱਥੇ ਆਪਣੀ ਤਾਲੀਮ ਹਾਸਿਲ ਕਰਨ ਤੋਂ ਬਾਅਦ ਜਾਂਦਾ ਹੈ ਤਾਂ ਉਹ ਲਗਪਗ ਸੱਤ ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਅਥਾਹ ਗਿਆਨ ਆਪਣੇ ਨਾਲ ਲੈ ਕੇ ਜਾਂਦਾ ਹੈ।
- ਦਯਾ ਸਿੰਘ ਪੰਜਾਬੀ