ਪੁਰਾਣੇ ਸਮਿਆਂ ਵਿਚ ਰਾਤਾਂ ਨੂੰ ਬਾਤਾਂ ਪਾਉਣ ਦਾ ਰਿਵਾਜ ਹੁੰਦਾ ਸੀ। ਵੱਡੇ ਅਕਸਰ ਬੱਚਿਆਂ ਨੂੰ ਲੋਕ ਕਥਾਵਾਂ, ਪਰੀ ਕਥਾਵਾਂ, ਸੂਰਮਿਆਂ ਦੀਆਂ ਗਾਥਾਵਾਂ ਤੇ ਜਾਦੂ ਦੀਆਂ ਬਾਤਾਂ ਸੁਣਾਉਂਦੇ ਹੁੰਦੇ ਸਨ। ਇਨ੍ਹਾਂ ਨਾਲ ਕਲਪਨਾ ਨੂੰ ਖੰਭ ਲੱਗ ਜਾਂਦੇ ਸਨ। ਇਨ੍ਹਾਂ ਵਿੱਚੋਂ ਅਲਾਦੀਨ ਦੇ ਚਿਰਾਗ਼ ਵਾਲੀ ਕਹਾਣੀ ਅੱਜ ਵੀ ਯਾਦ ਹੈ।

ਪੁਰਾਣੇ ਸਮਿਆਂ ਵਿਚ ਰਾਤਾਂ ਨੂੰ ਬਾਤਾਂ ਪਾਉਣ ਦਾ ਰਿਵਾਜ ਹੁੰਦਾ ਸੀ। ਵੱਡੇ ਅਕਸਰ ਬੱਚਿਆਂ ਨੂੰ ਲੋਕ ਕਥਾਵਾਂ, ਪਰੀ ਕਥਾਵਾਂ, ਸੂਰਮਿਆਂ ਦੀਆਂ ਗਾਥਾਵਾਂ ਤੇ ਜਾਦੂ ਦੀਆਂ ਬਾਤਾਂ ਸੁਣਾਉਂਦੇ ਹੁੰਦੇ ਸਨ। ਇਨ੍ਹਾਂ ਨਾਲ ਕਲਪਨਾ ਨੂੰ ਖੰਭ ਲੱਗ ਜਾਂਦੇ ਸਨ। ਇਨ੍ਹਾਂ ਵਿੱਚੋਂ ਅਲਾਦੀਨ ਦੇ ਚਿਰਾਗ਼ ਵਾਲੀ ਕਹਾਣੀ ਅੱਜ ਵੀ ਯਾਦ ਹੈ। ਜਦੋਂ ਚਿਰਾਗ਼ ਨੂੰ ਰਗੜਿਆ ਜਾਂਦਾ ਸੀ ਤਾਂ ਜਿੰਨ ਪ੍ਰਗਟ ਹੁੰਦਾ ਸੀ। ਪ੍ਰਗਟ ਹੁੰਦਿਆਂ ਸਭ ਤੋਂ ਪਹਿਲਾਂ ਉਹ ਇਹੀ ਕਹਿੰਦਾ ਸੀ - ‘ਹੁਕਮ ਮੇਰੇ ਆਕ਼ਾ’। ਅੱਜ ਆਕ਼ਾ ਬਾਰੇ ਫੋਲਾ ਫਾਲੀ ਕਰਦਿਆਂ ਦਿਲਚਸਪ ਤੱਥ ਸਾਹਮਣੇ ਆਏ। ਅਲਫ਼ ਲੈਲਾ ਦਾ ਅਲਾਦੀਨ ਯਾਦ ਆ ਗਿਆ। ਉਹਦੇ ਜਾਦੂਈ ਚਿਰਾਗ਼ ਦੀ ਸਾਰੀ ਦੁਨੀਆ ਕਾਇਲ ਹੈ। ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਇਹ ਚਿਰਾਗ਼ ਮੁਹਾਵਰਿਆਂ ਵਿਚ ਢਲ਼ ਗਿਆ। ਆਕ਼ਾ ਸ਼ਬਦ ਉਰਦੂ- ਫ਼ਾਰਸੀ ਰਾਹੀਂ ਭਾਰਤੀ ਭਾਸ਼ਾਵਾਂ ਵਿਚ ਆਇਆ ਹੈ। ਇਹਦਾ ਮੂਲ ਅਰਥ ਹੈ-ਉਤਮ, ਸਵਾਮੀ, ਮਾਲਕ, ਸਤਿਕਾਰਯੋਗ । ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ ਆਕ਼ਾ ਦਾ ਅਰਥ-ਆਗ਼ਾ, ਮਾਲਕ, ਸਾਹਿਬ, ਜਨਾਬ, ਘਰ ਵਾਲਾ, ਖ਼ਾਵੰਦ, ਹਾਕਮ, ਅਫ਼ਸਰ ਆਦਿ ਕੀਤਾ ਜਾਂਦਾ ਹੈ। ਆਕਾ - ਵੱਡੇ ਭਰਾ ਲਈ ਸੰਬੋਧਨੀ ਸ਼ਬਦ ਹੈ। ਅਰਬੀ ਕੋਸ਼ ਵਿਚ ਆਕ਼ਾ ਦਾ ਅਰਥ ਮਾਲਕ ਦੇ ਨਾਲ-ਨਾਲ ਕਬੀਲੇ ਦਾ ਸਰਦਾਰ, ਸਾਹਿਬ, ਅਮੀਰ ਸਰਦਾਰ ਵੀ ਕੀਤਾ ਗਿਆ ਹੈ। ਉਰਦੂ-ਫ਼ਾਰਸੀ ਦਾ ਇਹ ਸ਼ਬਦ ਤੁਰਕੀ ਰਾਹੀਂ ਆਇਆ ਹੈ। ਮੁਸਲਿਮ ਹਮਲਾਵਰਾਂ ਤੇ ਪੱਛਮੀ ਏਸ਼ੀਆ ਦੇ ਮੁਲਕਾਂ ਨਾਲ ਵਪਾਰ ਰਾਹੀਂ ਅਜਿਹੇ ਸ਼ਬਦ ਭਾਰਤੀ ਭਾਸ਼ਾਵਾਂ ਵਿਚ ਆਏ। ਮੂਲ ਰੂਪ ਵਿਚ ਇਹ ਮੰਗੋਲ ਭਾਸ਼ਾ ਦਾ ਸ਼ਬਦ ਹੈ, ਓਥੇ ਇਹਦਾ ਅਰਥ ਵੱਡਾ ਭਰਾ ਹੈ ਤੇ ਇਹ ਸੰਬੋਧਨੀ ਸ਼ਬਦ ਵੀ ਹੈ। ਇਹਦਾ ਇਕ ਅਰਥ ਪਰਿਵਾਰ ਦਾ ਮੁਖੀਆ ਵੀ ਕੀਤਾ ਜਾਂਦਾ ਹੈ। ਇੱਥੇ ਇਹ ਵੀ ਸਪਸ਼ਟ ਹੈ ਕਿ ਪਹਿਲੀ ਸੰਤਾਨ ਨੂੰ ਹੀ ਪਰਿਵਾਰ ਦੇ ਮੁਖੀ ਦਾ ਅਹੁਦਾ ਮਿਲਦਾ ਸੀ। ਇਸੇ ਲਈ ਇਹ ਅਰਥ ਪ੍ਰਚਲਿਤ ਹੋਇਆ। ਤੁਰਕੀ ਭਾਸ਼ਾ ਵਿਚ ਆਕ਼ਾ ਦਾ ਇਕ ਹੋਰ ਰੂਪ ਆਗ਼ਾ ਵੀ ਹੈ, ਜਿਸ ਦਾ ਅਰਥ ਸਵਾਮੀ, ਮਾਲਕ, ਵੱਡਾ ਭਰਾ ਕੀਤਾ ਜਾਂਦਾ ਹੈ। ਫ਼ਾਰਸੀ, ਮੰਗੋਲ, ਤੁਰਕੀ ਦੇ ਕੁਲੀਨ ਘਰਾਣਿਆਂ ਵਿਚ ਆਗ਼ਾ ਉਪਨਾਮ ਵੀ ਹੈ। ਇਸਮਾਇਲੀ ਮੁਸਲਮਾਨਾਂ ਦੇ ਧਰਮ ਗੁਰੂ ਵੀ ਆਗ਼ਾ ਖ਼ਾਨ ਦੇ ਨਾਂ ਨਾਲ ਦੁਨੀਆ ਭਰ ਵਿਚ ਮਸ਼ਹੂਰ ਹਨ। ਇਹ ਦੋਵੇਂ ਸ਼ਬਦ ਮੂਲ ਰੂਪ ਵਿਚ ਯੂਰਾਲਟਿਕ ਭਾਸ਼ਾ ਪਰਿਵਾਰ ਨਾਲ ਸਬੰਧਤ ਹਨ। ਉਰਦੂ ਵਿਚ ਆਕਾ ਤੇ ਆਕ਼ਾ ਦੋਵੇਂ ਪ੍ਰਚਲਿਤ ਹਨ। ਨੁਕਤੇ ਵਾਲਾ ਆਕ਼ਾ ਸਵਾਮੀ, ਸਰਦਾਰ, ਮਾਲਕ ਲਈ ਵਰਤਿਆ ਜਾਂਦਾ ਹੈ। ਬਿਨਾਂ ਨੁਕਤੇ ਵਾਲਾ ਆਕਾ ਵੱਡੇ ਭਰਾ ਲਈ ਰਾਖਵਾਂ ਹੈ। ਤੁਰਕੀ ਵਿਚ ਇਕ ਮੁਹਾਵਰਾ ਪ੍ਰਸਿੱਧ ਹੈ- ‘ਆਕ਼ਾ ਵਾ ਇਨੀ’ ਜਿਸ ਦਾ ਅਰਥ ਹੈ- ਆਕ਼ਾ ਭਾਵ ਵੱਡਾ ਤੇ ਇਨੀ ਦਾ ਭਾਵ ਹੈ- ਛੋਟਾ। ਤੁਰਕ-ਮੰਗੋਲ ਸਮਾਜ ਵੀ ਪੁਰਸ਼ ਪ੍ਰਧਾਨ ਰਿਹਾ ਹੈ ਤੇ ਇਕੋ ਮੁਹਾਵਰੇ ਵਿਚ ਵੱਡੇ ਪੁੱਤਰ ਤੋਂ ਛੋਟੇ ਪੁੱਤਰ ਤੱਕ ਸਮੁੱਚੇ ਪਰਿਵਾਰ ਦੀ ਕਲਪਨਾ ਕਰ ਲਈ ਗਈ ਹੈ। ਆਕ਼ਾ ਸ਼ਬਦ ਵਿਚ ਜਿਸ ਵੱਡੇਪਣ ਦਾ ਜ਼ਿਕਰ ਹੈ, ਉਹਦਾ ਵਿਆਪਕ ਰੂਪ ਵਿਚ ਪ੍ਰਭਾਵ ਸਾਇਬੇਰੀਆ ਦੇ ਧੁਰ ਪੂਰਬ ਤੋਂ ਲੈ ਕੇ ਉਤਰੀ ਧਰੁਵ ਸਾਗਰ ਦੇ ਕਾਮਚਟ੍ਕਾ ਖੇਤਰ ਦੀ ਭਾਸ਼ਾ ਤੋਂ ਹੁੰਦਾ ਹੋਇਆ ਧੁਰ ਦੱਖਣੀ ਅਫ਼ਰੀਕਾ ਦੀਆਂ ਬਾਂਟੂੰ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਤੱਕ ਮਿਲਦਾ ਹੈ। ਇਨ੍ਹਾਂ ਦੋਹਾਂ ਸਿਰਿਆਂ ਵਿਚ ਮੌਜੂਦ ਤੁਰਕੀ, ਅਰਬੀ, ਇਰਾਨੀ, ਸੰਸਕ੍ਰਿਤ ਤੇ ਦਰਾਵੜੀ ਭਾਸ਼ਾਵਾਂ ਵਿਚ ਵੀ ਇਹ ਸ਼ਬਦ ਜਾਂ ਇਸ ਨਾਲ ਮਿਲਦੀਆਂ ਜੁਲਦੀਆਂ ਧੁਨੀਆਂ ਵਾਲੇ ਭਾਵਆਤਮਿਕ ਸ਼ਬਦ ਮੌਜੂਦ ਹਨ, ਜਿਵੇਂ ਆਕ਼ਾ, ਆਗ਼ਾ, ਅੱਕਾ, ਅਕਾ, ਏੱਕਾ, ਏਕਾ, ਕੱਕ, ਕੱਕਾ, ਕੁੱਕੂ, ਕਾਕੂ, ਕਾਕਾ, ਕਾਕੀ ਆਦਿ। ਇਨ੍ਹਾਂ ਵਿਚ ਮਾਲਕ, ਸਰਦਾਰ, ਮੁਖੀ, ਦਾਦਾ, ਦੀਦੀ ਵਰਗੇ ਅਰਥ ਪਏ ਹਨ। ਮਰਾਠੀ ਸਮੇਤ ਦੱਖਣੀ ਭਾਸ਼ਾਵਾਂ ਵਿਚ ਵੱਡੀ ਭੈਣ ਲਈ ਅੱਕਾ ਸ਼ਬਦ ਪ੍ਰਚਲਿਤ ਹੈ। ਤਮਿਲ, ਤੇਲਗੂ, ਕੰਨੜ ਤੇ ਮਲਿਆਲਮ ਦਰਾਵੜੀ ਪਰਿਵਾਰ ਦੀਆਂ ਭਾਸ਼ਾਵਾਂ ਹਨ ਤੇ ਮਰਾਠੀ ਆਰੀਆ ਭਾਸ਼ਾ ਪਰਿਵਾਰ ਦੀ ਪਰ ਨੇੜਤਾ ਕਰਕੇ ਇਹ ਸ਼ਬਦ ਉਸ ਵਿਚ ਚਲਾ ਗਿਆ। ਵੱਡੇ, ਸਤਿਕਾਰਯੋਗ ਆਦਿ ਵਾਲੇ ਇਸ ਸ਼ਬਦ ਦੀ ਵਿਓਤਪਤੀ ਆਲਟਿਕ ਭਾਸ਼ਾ ਪਰਿਵਾਰ ਦੀ ਧਾਤੂ /ਅਗ/ ਜਾਂ /ਅਕ/ ਤੋਂ ਹੋਈ ਜਾਪਦੀ ਹੈ। ਇਸ ਅਗ ਤੇ ਅਕ ਨੂੰ ਦੇਖੀਏ ਤਾਂ ਅਗਰ ਤੋਂ ਹੀ ਆਗੇ ਜਾਂ ਅੱਗੇ ਸ਼ਬਦ ਬਣੇ ਹਨ। ਕਿਸੇ ਚੰਗੇ ਕੰਮ ਦੀ ਸ਼ੁਰੂਆਤ ਨੂੰ ਆਗ਼ਾਜ਼ ਕਿਹਾ ਜਾਂਦਾ ਹੈ। ਉਰਦੂ-ਫ਼ਾਰਸੀ ਦੇ ਇਸ ਸ਼ਬਦ ਦੀ ਵੀ ਅਕ/ਅਗ ਨਾਲ ਸਕੀਰੀ ਹੈ। ਆਗ਼ਾਜ਼ ਦੀ ਤੁਲਨਾ ਅਗਰ, ਆਗ਼ਾ, ਆਕ਼ਾ ਨਾਲ ਕਰੀਏ ਤਾਂ ਇਨ੍ਹਾਂ ਵਿਚ ਵੀ ਪਹਿਲੇ ਜਾਂ ਵੱਡੇ ਵਰਗੇ ਭਾਵ ਮਿਲਦੇ ਹਨ। ਯੂਰਾਲਟਿਕ ਭਾਸ਼ਾ ਪਰਿਵਾਰ ਦੀਆਂ ਜ਼ਿਆਦਾਤਰ ਭਾਸ਼ਾਵਾਂ ਜਿਵੇਂ ਰੂਸੀ, ਮੰਗੋਲ, ਕੋਰੀਅਨ, ਤੁਰਕਿਕ ਤੇ ਜਾਪਾਨੀ ਆਦਿ ਵਿਚ ਅਕ / ਅਗ ਤੋਂ ਬਣੇ ਕਈ ਸ਼ਬਦ ਮਿਲਦੇ ਹਨ। ਰੂਸੀ ਵਿਚ ਇਕ ਸ਼ਬਦ ਹੈ-ਏਕਾ ਭਾਵ ਜੋ ਪਹਿਲੇ ਤੋਂ ਉਤਪੰਨ ਹੈ। ਕਾਮਚਟ੍ਕਾ ਖੇਤਰ ਦੀ ਭਾਸ਼ਾ ਵਿਚ ਏਕੇ ਜਾਂ ਅਕੇ ਵਰਗੇ ਸ਼ਬਦ ਮਿਲਦੇ ਹਨ ਜਿਨ੍ਹਾਂ ਦਾ ਅਰਥ ਹੈ-ਵੱਡੀ ਭੈਣ ਜਾਂ ਵੱਡਾ ਭਰਾ। ਇਸ ਨੂੰ ਦਰਾਵੜ ਭਾਸ਼ਾਵਾਂ ਦੇ ਸ਼ਬਦਾਂ /ਅੱਕਾ, ਅੱਕਣ, ਅੱਕਮ, ਅੱਕਾਤਾਈ/ ਨਾਲ ਤੁਲਨਾਇਆ ਜਾ ਸਕਦਾ ਹੈ। ਇਸ ਤੋਂ ਇਹ ਵੀ ਸਿਧ ਹੁੰਦਾ ਹੈ ਕਿ ਦਰਾਵੜੀ ਪਰਿਵਾਰ ਦੱਖਣ ਤੱਕ ਹੀ ਸੀਮਤ ਨਹੀਂਂ ਸੀ ਸਗੋਂ ਉੱਤਰ-ਪੱਛਮ ਵਿਚ ਬਲੋਚਿਸਤਾਨ ਤੱਕ ਫੈਲਿਆ ਹੋਇਆ ਸੀ। ਇਸ ਖੇਤਰ ਦੀ ਬਰੂਹੀ ਭਾਸ਼ਾ ’ਤੇ ਵੀ ਇਹਦਾ ਪ੍ਰਭਾਵ ਮਿਲਦਾ ਹੈ। ਅਫ਼ਰੀਕਾ ਦੇ ਦੱਖਣੀ ਖੇਤਰ ਦੇ ਡੇਢ ਦਰਜਨ ਦੇ ਲਗਪਗ ਬੋਲੀਆਂ ਜਾਣ ਵਾਲੀਆਂ ਬਾਂਟੂੰ ਪਰਿਵਾਰ ਦੀਆਂ ਭਾਸ਼ਾਵਾਂ ਦਾ ਕੁੱਕੂ ਸ਼ਬਦ ਇਸ ਕੜੀ ਦਾ ਹਿੱਸਾ ਹੈ ਜਿਸ ਤੋਂ ਭਾਵ ਹੈ-ਪੁਰਖੇ। ਭਾਰਤ ਵਿਚ ਤਾਏ ਜਾਂ ਤਾਊ ਲਈ ਕਾਕਾ ਸੰਬੋਧਨ ਮਿਲਦਾ ਹੈ। ਕਾਕਾ ਦੀ ਵਹੁਟੀ ਕਾਕੀ ਅਖਵਾਂਦੀ ਹੈ। ਮਰਾਠੀ ਵਿਚ ਚਾਚੀ ਲਈ ਕਾਕੂ ਸੰਬੋਧਨ ਹੈ। ਪੰਜਾਬੀ ਵਿਚ ਕਾਕਾ ਜਾਂ ਕਾਕੂ ਨਾਂ ਵਜੋਂ ਤੇ ਸੰਬੋਧਨ ਵਜੋਂ ਵੀ ਵਰਤੇ ਜਾਂਦੇ ਹਨ। ਮਲਵਈ ਵਿਚ ਵੱਡੇ ਭਾਈ ਸੰਬੋਧਨ ਆਮ ਪ੍ਰਚਲਿਤ ਹੈ।
-ਪਰਮਜੀਤ ਢੀਂਗਰਾ
9417358120