ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਦੋ ਹਜ਼ਾਰ ਈਸਵੀ ਪੂਰਵ ਵਿਚ ਖੁਦਾਈ ਦੌਰਾਨ ਮਿਲੇ ਮਿੱਟੀ ਦੇ ਟੁਕੜੇ ’ਤੇ ਲਿਖੀ ਤਹਿਰੀਰ ਨੂੰ ਦੁਨੀਆ ਦੀ ਪਹਿਲੀ ਲੋਰੀ ਆਖਿਆ ਜਾ ਸਕਦਾ ਹੈ, ਇਹ ਮਿੱਟੀ ਦਾ ਟੁਕੜਾ ਲੰਡਨ ਦੇ ‘ਬ੍ਰਿਟਿਸ਼ ਮਿਊਜੀਅਮ’ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਇਹ ਤਹਿਰੀਰ ‘ਕਿਊ ਨੇਫਾਰਮ’ ਸਕ੍ਰਿਪਟ ਵਿਚ ਹੈ ਜਿਸ ਨੂੰ ਲਿਖਾਈ ਦੇ ਮੁੱਢਲੇ ਰੂਪਾਂ ਵਿੱਚੋਂ ਇਕ ਮੰਨਿਆ ਗਿਆ ਹੈ। ਇਸ ਤਹਿਰੀਰ ਦਾ ਭਾਵ ਇਹ ਨਿਕਲਦਾ ਹੈ, ‘ਜਦੋਂ ਬੱਚਾ ਰੋਂਦਾ ਹੈ ਤਾਂ ਘਰਾਂ ਦਾ ਖੁ਼ਦਾ ਨਾਰਾਜ਼ ਹੋ ਜਾਂਦਾ ਹੈ ਅਤੇ ਇਸ ਦਾ ਨਤੀਜਾ ਖ਼ਤਰਨਾਕ ਨਿਕਲਦਾ ਹੈ।’

ਲੋਰੀ ਨੂੰ ਭਾਈ ਸਾਹਿਬ ਕਾਹਨ ਸਿੰਘ ਨਾਭਾ ਨੇ ਮਹਾਨਕੋਸ਼ ਵਿਚ ਇਉਂ ਪਰਿਭਾਸ਼ਿਤ ਕੀਤਾ ਹੈ, ਲੋੜੀ, ਚਾਹੀ। ਬਾਲਕ ਦੇ ਲਾਲਨ ਸੁਲਾਉਣ ਲਈ ਸਵਰ ਦਾ ਅਲਾਪ। ਲੋਕਧਾਰਾ ਦੇ ਮਾਹਰ ਡਾ. ਨਾਹਰ ਸਿੰਘ ਅਨੁਸਾਰ ਲੋਰੀ ਮਾਂ ਵੱਲੋਂ ਬੱਚੇ ਨੂੰ ਮੁਖਾਤਿਬ ਸਵੈ-ਸੰਬੋਧਨੀ, ਸੁਖਦ ਭਾਵ ਦਾ ਅਜਿਹਾ ਗੀਤ ਹੈ ਜੋ ਰੁਮਾਂਟਿਕ ਬਿੰਬਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਕੋਈ ਨਿਸ਼ਚਿਤ ਛੰਦ ਨਹੀਂ ਪਰ ਲੰਮਾ ਲਾਡ ਇਸ ਦਾ ਪ੍ਰਮਾਣਿਕ ਲੱਛਣ ਹੈ। ਇਸ ਵਿਚ ਹਾਂ ਵਾਚਕ ਵਿਸ਼ੇਸ਼ਤਾਵਾਂ ਨੂੰ ਜੋੜ ਕੇ ਸੰਘਣਾ ਕੀਤਾ ਜਾਂਦਾ ਹੈ। ਇਹ ਵਿਸ਼ੇਸ਼ਣ ਅਤੇ ਅਸੀਸਾਂ ਸਵੈ-ਪ੍ਰਸ਼ੰਸਾਤਮਿਕ ਧੁਨੀ ਵਿਚ ਉਚਾਰੀਆਂ ਜਾਂਦੀਆਂ ਹਨ।
ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ’ਤੇ ਸਾਨੂੰ ਗਿਆਤ ਹੁੰਦਾ ਹੈ ਕਿ ਲੋਰੀ ਮੌਖਿਕ ਰੂਪ ਵਿਚ ਬੱਚੇ ਨੂੰ ਪਿਆਰ ਨਾਲ ਪਰਚਾਉਣ, ਸੁਆਉਣ ਅਤੇ ਖੇਡੇ ਲਾਉਣ ਲਈ ਗਾਇਆ ਜਾਣ ਵਾਲਾ ਗੀਤ ਹੈ। ਬੱਚੇ ਨੂੰ ਦੁੱਧ ਪਿਆਉਣ ਸਮੇਂ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਅਤੇ ਸੁਲਾਉਣ ਲਈ ਇਸ ਨੂੰ ਈਜਾਦ ਕੀਤੀ ਗਿਆ ਸੀ। ਲੋਰੀ ਸ਼ਬਦ ਨੂੰ ਮਾਂ, ਦਾਦੀ, ਨਾਨੀ, ਭੈਣ, ਤਾਈ ,ਚਾਚੀ, ਮਾਸੀ ਭੂਆ ਆਦਿ ਸਾਕਾਂ ਨਾਲ ਜੋੜਿਆ ਜਾ ਸਕਦਾ ਹੈ ਕਿਉਂਕਿ ਬੱਚੇ ਦਾ ਪਾਲਣਾ-ਪੋਸ਼ਣ ਅਤੇ ਖੇਡ-ਖਿਡਾਉਣ ਦਾ ਕੰਮ ਔਰਤ ਹਿੱਸੇ ਸੀ, ਇਸ ਲਈ ਇਹ ਸਭ ਲੋਰੀਆਂ ਔਰਤ ਦੇ ਹੀ ਕਿਸੇ ਨਾ ਕਿਸੇ ਰੂਪ ਵੱਲੋਂ ਗਾਈਆਂ ਜਾਣੀਆਂ ਜਾਂਦੀਆਂ ਹਨ।
ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਦੋ ਹਜ਼ਾਰ ਈਸਵੀ ਪੂਰਵ ਵਿਚ ਖੁਦਾਈ ਦੌਰਾਨ ਮਿਲੇ ਮਿੱਟੀ ਦੇ ਟੁਕੜੇ ’ਤੇ ਲਿਖੀ ਤਹਿਰੀਰ ਨੂੰ ਦੁਨੀਆ ਦੀ ਪਹਿਲੀ ਲੋਰੀ ਆਖਿਆ ਜਾ ਸਕਦਾ ਹੈ, ਇਹ ਮਿੱਟੀ ਦਾ ਟੁਕੜਾ ਲੰਡਨ ਦੇ ‘ਬ੍ਰਿਟਿਸ਼ ਮਿਊਜੀਅਮ’ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਇਹ ਤਹਿਰੀਰ ‘ਕਿਊ ਨੇਫਾਰਮ’ ਸਕ੍ਰਿਪਟ ਵਿਚ ਹੈ ਜਿਸ ਨੂੰ ਲਿਖਾਈ ਦੇ ਮੁੱਢਲੇ ਰੂਪਾਂ ਵਿੱਚੋਂ ਇਕ ਮੰਨਿਆ ਗਿਆ ਹੈ। ਇਸ ਤਹਿਰੀਰ ਦਾ ਭਾਵ ਇਹ ਨਿਕਲਦਾ ਹੈ, ‘ਜਦੋਂ ਬੱਚਾ ਰੋਂਦਾ ਹੈ ਤਾਂ ਘਰਾਂ ਦਾ ਖੁ਼ਦਾ ਨਾਰਾਜ਼ ਹੋ ਜਾਂਦਾ ਹੈ ਅਤੇ ਇਸ ਦਾ ਨਤੀਜਾ ਖ਼ਤਰਨਾਕ ਨਿਕਲਦਾ ਹੈ।’
ਲੋਰੀ ਦਾ ਮੁੱਖ ਮਕਸਦ ਬੱਚੇ ਨੂੰ ਸੁਲਾਉਣਾ ਮੰਨਿਆ ਗਿਆ ਹੈ। ਕਦੇ-ਕਦੇ ਬੱਚੇ ਨੂੰ ਕਿਸੇ ਅਣ-ਦੇਖੀ ਚੀਜ਼ ਦਾ ਜਾਂ ਜੰਗਲੀ ਜਾਨਵਰ ਦਾ ਜ਼ਿਕਰ ਕਰਕੇ ਡਰਾਇਆ ਜਾਂਦਾ ਹੈ ਜਾਂ ਬੱਚੇ ਦਾ ਧਿਆਨ ਹੋਰ ਪਾਸੇ ਲਗਾਇਆ ਜਾਂਦਾ ਹੈ। ਕਈ ਵਾਰ ਲੋਰੀ ਸ਼ਬਦਾਂ ਤੋਂ ਬਿਨਾਂ ਸਿਰਫ਼ ਆਵਾਜ਼ ਨਾਲ ਹੀ ਚੱਲਦੀ ਹੈ ਜਿਵੇ ਊਂ ਊਂ ਆਂ ਆਂ ਆਦਿ।
ਪੰਜਾਬ ਵਿਚ ਆਰਥਿਕ ਆਧਿਕਾਰ ਮਰਦ ਕੋਲ ਰਹੇ ਹੋਣ ਕਰਕੇ ਸ਼ੁਰੂ ਤੋਂ ਮਰਦ ਦੀ ਪ੍ਰਧਾਨਤਾ ਰਹੀ ਹੈ। ਇਸ ਲਈ ਮੁੰਡੇ ਦਾ ਜੰਮਣਾ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ ਅਤੇ ਹਰ ਜੋੜਾ ਲੜਕੇ ਦੀ ਹੀ ਇੱਛਾ ਰੱਖਦਾ ਸੀ। ਜਨਮ ਤੋਂ ਬਾਅਦ ਵੀ ਪਾਲਣ-ਪੋਸ਼ਣ ਵਿਚ ਵੀ ਮੁੰਡੇ-ਕੁੜੀ ਵਿਚ ਫ਼ਰਕ ਰੱਖਿਆ ਜਾਂਦਾ ਸੀ, ਜਿਹੜਾ ਕਈ ਥਾਵਾਂ ’ਤੇ ਅਜੇ ਤੱਕ ਕਿਸੇ ਨਾ ਕਿਸੇ ਰੂਪ ਵਿਚ ਨਜ਼ਰ ਆ ਜਾਂਦਾ ਹੈ। ਇਸੇ ਕਾਰਨ ਕਰਕੇ ਜ਼ਿਆਦਾ ਲੋਰੀਆਂ ਮੁੰਡੇ ਨੂੰ ਸੁਲਾਉਣ ਲਈ ਹੀ ਮਿਲਦੀਆਂ ਹਨ। ਕੁਝ ਲੋਰੀਆਂ ਵਿਚ ਸਿੱਧਾ ਸੌਣ ਲਈ ਕਿਹਾ ਜਾਂਦਾ ਹੈ।
ਸੌਂ ਜਾ ਕਾਕਾ ਤੂੰ,
ਤੇਰੇ ਬੋਦੇ ਲੜ ਗਈ ਜੂੰ,
ਕੱਢਣ ਵਾਲੀਆਂ ਮਾਸੀਆਂ,
ਕਢਾਉਣ ਵਾਲਾ ਤੂੰ।
ਸੌਂ ਜਾ ਕਾਕਾ ਬੱਲੀ,
ਤੇਰੀ ਮਾਂ ਵਜਾਵੇ ਟੱਲੀ,
ਤੇਰਾ ਪਿਓ ਵਜਾਵੇ ਛੈਣੇ,
ਤੇਰੀ ਵਹੁਟੀ ਪਾਵੇ ਗਹਿਣੇ।
ਸੌਂ ਜਾ ਮੇਰੇ ਨਿੱਕੇ,
ਸੌਂ ਜਾ ਆ ਆ ਆ
ਸੌਂ ਜਾ ਊਂ ਊਂ ਆ ਆ ਊਂ ਊਂ ,
ਸੁਹਣੇ ਕੱਪੜੇ ਪਾਵਾਂਗੇ,
ਨਾਨਕਿਆਂ ਨੂੰ ਜਾਵਾਂਗੇ
ਖੀਰ ਪੂੜੇ ਖਾਵਾਂਗੇ,
ਮੋਟੇ ਹੋ ਕੇ ਆਵਾਂਗੇ ।
ਸੌਂ ਜਾ ਰਾਜਾ ਸੌਂ ਜਾ ਵੇ,
ਤੇਰਾ ਬਾਪੂ ਆਇਆ ਵੇ।
ਖੇਡ ਖਿਲੌਣੇ ਲਿਆਇਆ ਵੇ,
ਤੇਰਾ ਮਾਮਾ ਆਇਆ ਵੇ ।
ਬੰਦ ਪੰਜੀਰੀ ਲਿਆਇਆ ਵੇ ।
ਤੇਰੀ ਭੂਆ ਆਈ ਵੇ,
ਕੁੜਤਾ ਟੋਪੀ ਲਿਆਈ ਵੇ।
ਸੌਂ ਜਾ ਬੱਬੂਆ,
ਮਾਣੋ ਬਿੱਲੀ ਆਈ ਆ ।
ਸੌਂ ਜਾ ਮੇਰੇ ਲਾਲ ਪਿਆਰੇ,
ਦਿਲ ਦੇ ਟੋਟੇ ਅੱਖ ਦੇ ਤਾਰੇ ।
ਤੇਰੀਆਂ ਹੋਵਣ ਦੂਰ ਬਲਾਵਾਂ,
ਤੂੰ ਸੁੱਖ ਪਾਵੇਂ ਮੈਂ ਸੁੱਖ ਪਾਵਾਂ ।
ਕੁਝ ਲੋਰੀਆਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਵਿਚ ਬੱਚੇ ਨੂੰ ਖੇਡ ਵਾਲੇ ਪਾਸੇ ਪਾਇਆ ਜਾਂਦਾ ਹੈ, ਲੋਰੀਆਂ ਦੀ ਗੱਲ ਕੀਤੀ ਜਾਂਦੀ ਹੈ, ਅਤੇ ਕੁਝ ਹੋਰ ਵਸਤਾਂ ਜਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਭਾਵੇਂ ਉਹ ਸਾਰੀਆਂ ਬੱਚੇ ਨੂੰ ਸਮਝ ਨਾ ਆਉਣ ਪਰ ਲੋਰੀਆਂ ਦੀ ਮਿੱਠੀ ਆਵਾਜ਼ ਅਤੇ ਨਾਲ-ਨਾਲ ਬੱਚੇ ਨੂੰ ਮਿਲਦੇ ਝੂਟੇ, ਬੱਚੇ ਨੂੰ ਸੁੱਖ ਦਾ ਅਹਿਸਾਸ ਕਰਾਉਂਦੇ ਹਨ, ਜੋ ਉਸ ਨੂੰ ਨੀਂਦ ਲੈ ਆਉਂਦੇ ਹਨ । ਲੋਰੀਆਂ ਵਿਚ ਲੋਰੀ ਦਿੱਤੇ ਜਾਣ ਦਾ ਜ਼ਿਕਰ ਵੀ ਆ ਜਾਂਦਾ ਹੈ।
ਲੋਰੀ ਬਈ ਲੋਰੀ,
ਦੁੱਧ ਦੀ ਕਟੋਰੀ ।
ਦੁੱਧ ਵਿਚ ਪਤਾਸਾ,
ਕਾਕਾ ਕਰੇ ਤਮਾਸ਼ਾ।
ਕਾਕੜਿਆ ਪਟਾਕੜਿਆ
ਟਾਹਲੀ ਤੇਰੇ ਬੱਚੇ ।
ਨਾਨਾ ਤੇਰਾ ਢੋਲ ਵਜਾਵੇ
ਨਾਨੀ ਤੇਰੀ ਨੱਚੇ ।
ਅੱਲੜ ਬੱਲੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ,
ਬਾਵੀ ਬਹਿ ਕੇ ਛੱਟੇਗੀ,
ਮਾਂ ਪੂਣੀਆਂ ਵੱਟੇਗੀ ।
ਲੋਰੀ ਲਾਲ ਨੂੰ ਦਿਆਂ
ਨੀ ਨਿੱਕੇ ਬਾਲ ਨੂੰ ਦਿਆਂ
ਸੋਹਣੇ ਲਾਲ ਨੂੰ ਦਿਆਂ
ਨੀ ਪਿਆਰੇ ਬਾਲ ਨੂੰ ਦਿਆਂ।
ਗੋਦ ਖਲਾਉਂਦੇ ਨੂੰ ਦਿਆਂ,
ਪੰਘੂੜੇ ਸੁਲਾਉਂਦੇ ਨੂੰ ਦਿਆਂ ,
ਉੱਠਦੇ ਬਹਿੰਦੇ ਨੂੰ ਦਿਆਂ,
ਰੋਂਦੇ ਹਸਾਉਂਦੇ ਨੂੰ ਦਿਆਂ।
ਬਾਹਰ ਜਾਂਦੇ ਨੂੰ ਦਿਆਂ
ਅੰਦਰ ਆਉਂਦੇ ਨੂੰ ਦਿਆਂ।
ਲੋਰੀ ਲਾਲ ਨੂੰ ਦਿਆਂ...
ਕਈ ਵਾਰ ਲੋਰੀਆ ਦੇ ਮਾਧਿਅਮ ਰਾਹੀਂ ਸਿਰਫ਼ ਬੱਚੇ ਨੂੰ ਹੀ ਨਹੀਂ, ਸਗੋਂ ਉਸ ਦੇ ਮਾਪਿਆਂ ਨੂੰ ਵੀ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਭਾਵੇਂ ਬਹੁਤੀ ਵਾਰੀ ਲੋਰੀਆਂ ਦਾਦੀ ਅਤੇ ਮਾਂ ਵੱਲੋਂ ਹੁੰਦੀਆਂ ਸਨ ਪਰ ਭੈਣਾਂ ਵੀ ਬੱਚੇ ਨੂੰ ਚੁੱਕਦੀਆਂ ਸਨ, ਇਸ ਲਈ ਕੁਝ ਲੋਰੀਆਂ ਭੈਣਾਂ ਵੱਲੋਂ ਵੀ ਮਿਲਦੀਆਂ ਹਨ :
ਊਂ ਊਂ ਆਂ ਵੇ,
ਜੀਵੇ ਤੇਰੀ ਮਾਂ ਵੇ ।
ਡੱਬੀ ਦੇ ਵਿਚ ਘਿਓ ਵੇ,
ਜੀਵੇ ਤੇਰਾ ਪਿਓ ਵੇ।
ਗੱਗੂ ਸਾਡਾ ਰਾਜਾ,
ਹੇਠਾਂ ਘੋੜਾ ਤਾਜ,
ਭੋਲੂ ਸਾਡਾ ਰਾਣਾ,
ਲਾਡੂ ਮੇਰਾ ਬੜਾ ਸਿਆਣਾ।
ਮਿੱਠੀ-ਮਿੱਠੀ ਨੀਂਦੇ ਆ ਜਾ,
ਛੇਤੀ ਛੇਤੀ ਨੀਂਦੇ ਆ ਜਾ,
ਸੋਹਣੇ ਵੀਰ ਨੂੰ ਸਵਾ ਜਾ,
ਸੋਹਣੇ ਸੁਪਨੇ ਦਿਖਾ ਜਾ।
ਹੁਣ ਤੱਕ ਜੋ ਬੋਲੀਆਂ ਉੱਪਰ ਪੇਸ਼ ਕੀਤੀਆਂ ਗਈਆਂ ਹਨ, ਉਹ ਸਾਰੀਆਂ ਦੀਆਂ ਸਾਰੀਆਂ ਲੜਕੇ ਲਈ ਹਨ। ਅਜਿਹਾ ਨਹੀਂ ਕਿ ਲੜਕੀ ਲਈ ਕੋਈ ਵੀ ਲੋਰੀ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਉਨ੍ਹਾਂ ਦੀ ਗਿਣਤੀ ਲੜਕੇ ਨੂੰ ਦਿੱਤੀਆਂ ਜਾਣ ਵਾਲੀਆਂ ਲੋਰੀਆਂ ਤੋਂ ਕਾਫ਼ੀ ਘੱਟ ਹੈ। ਕੁਝ ਲੋਰੀਆਂ ਦੇਖਦੇ ਹਾਂ ਜੋ ਲੜਕੀ ਲਈ ਲੋਕਧਾਰਾ ਵਿਚ ਮਿਲਦੀਆਂ ਹਨ :
ਗੁੱਡੀ ਮੇਰੀ ਬੀਬੀ ਰਾਣੀ,
ਸੌਂ ਜਾ ਮੇਰੀ ਧੀ ਧਿਆਣੀ,
ਗੁੱਡੀ ਮੇਰੀ ਬੀਬੀ ਰਾਣੀ,
ਭਰ ਲਿਆਏ ਖੂਹ ਤੋਂ ਪਾਣੀ,
ਛਮ-ਛਮ ਬਰਸਿਆ ਮੀਂਹ,
ਡਿੱਗ ਪਈ ਮੇਰੀ ਰਾਣੀ ਧੀ।
ਨਿੱਕੀ ਦੇ ਸਹੁਰੇ ਮੈਂ ਵਿਚ ਬਣਾਵਾਂ,
ਜਾਂ ਜੀਅ ਓਦਰੇ ਮੈਂ ਮਿਲ ਆਵਾਂ।
ਉੱਡ ਨੀਂ ਚਿੜੀਏ, ਉੱਡ ਵੇ ਕਾਵਾਂ,
ਮੇਰੀ ਬੱਚੀ ਖੇਡੇ ਨਾਲ ਭਰਾਵਾਂ।
ਲੱਲਾ ਲੱਲਾ ਲੋਰੀ,
ਸੌਂ ਜਾ ਮੇਰੀ ਗੋਰੀ,
ਗੋਰੀ ਗਈ ਨਾਨਕੇ,
ਨਾਨਕੇ ਵੰਡੇ ਲੱਡੂ,
ਲੱਡੂ ਖਾ ਗਈ ਬਿੱਲੀ।
ਬਿੱਲੀ ਨੇ ਮਾਰਿਆ ਪੰਜਾ,
ਮਾਮਾ ਹੋ ਗਿਆ ਗੰਜਾ।
ਅਸੀਂ ਦੇਖ ਸਕਦੇ ਹਾਂ ਕਿ ਇਨ੍ਹਾਂ ਲੋਰੀਆਂ ਵਿਚ ਉਸ ਸਮੇਂ ਦੀ ਲੋਕ-ਮਾਨਸਿਕਤਾ ਛਿਪੀ ਹੋਈ ਹੈ। ਜੇ ਲੜਕੀਆਂ ਘਰ ਦਾ ਕੰਮ ਕਰਦੀਆਂ ਸਨ ਤਾਂ ਲੋਰੀ ਵਿਚ ਵੀ ਕੁੜੀ ਦਾ ਖੂਹ ਤੋਂ ਪਾਣੀ ਲਿਆਉਣ ਦਾ ਜ਼ਿਕਰ ਹੈ। ਭਰਾਵਾਂ ਨਾਲ ਖੇਡਣ ਦੀ ਅਸੀਸ ਵੀ ਹੈ ਕਿਉਂਕਿ ਉਸ ਸਮੇਂ ਕੁੜੀ ਨੂੰ ਭਰਾਵਾਂ ਵਾਲੀ ਹੋਣ ਕਰਕੇ ਹੀ ਮਾਣ ਮਿਲਦਾ ਸੀ। ਅੱਜ ਵਿੱਦਿਆ ਦੇ ਪਸਾਰ ਕਰਕੇ, ਲੜਕੀਆਂ ਦੇ ਆਰਥਿਕ ਪੱਖ ਤੋਂ ਲੜਕਿਆਂ ਦੇ ਬਰਾਬਰ ਖੜ੍ਹਨ ਕਰਕੇ ਸੋਚ ਵਿਚ ਉਸਾਰੂ ਫ਼ਰਕ ਆਇਆ ਹੈ। ਹੁਣ ਕੁੜੀਆਂ ਵੀ ਪੂਰਾ ਪਿਆਰ ਲੈਂਦੀਆਂ ਹਨ ਪਰ ਅੱਜ ਨਵੀਂਆਂ ਲੋਰੀਆਂ ਤਾਂ ਬਣ ਨਹੀਂ ਰਹੀਆਂ। ਸ਼ਾਇਰ ਗੁਰਭਜਨ ਗਿੱਲ ਹੋਰਾਂ ਦਾ ਇਹ ਨਿਹੋਰਾ ਤਾਂ ਅੱਜ ਵੀ ਕਾਇਮ ਹੀ ਹੈ : ਬਹੁਤੀਆਂ ਜੇ ਨਹੀਂ ਭਾਵੇਂ ਦੇ ਦਿੰਦੀ ਥੋੜੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ ?
- ਜਸਵਿੰਦਰ ਸਿੰਘ ਰੁਪਾਲ