ਮੱਧਕਾਲੀ ਪੰਜਾਬੀ ਸਾਹਿਤ ਦੀ ਅਮੀਰ ਕਾਵਿ ਪਰੰਪਰਾ ਹੈ ਜਿਸ ਦੀ ਜਾਨਦਾਰ ਅਤੇ ਸ਼ਾਨਦਾਰ ਲੌਕਿਕ ਧਾਰਾ ਕਿੱਸਾ ਕਾਵਿ ਹੈ। ਪੰਜਾਬ ਦੇ ਪ੍ਰੀਤ ਕਿੱਸਿਆਂ ਵਿੱਚੋਂ ਹੀਰ ਰਾਂਝੇ ਦਾ ਕਿੱਸਾ ਅਤੇ ਹੀਰ ਰਾਂਝੇ ਦੇ ਕਿੱਸਿਆਂ ਵਿੱਚੋਂ ਵਾਰਿਸ ਸ਼ਾਹ (ਜਨਮ 1722) ਰਚਿਤ ਹੀਰ ਰਾਂਝੇ ਦੇ ਕਿੱਸੇ (ਕਿੱਸਾ ਮੁਕੰਮਲ ਹੋਣ ਦਾ ਸਮਾਂ 1766) ਦਾ ਸਥਾਨ ਸ਼੍ਰੋਮਣੀ ਹੈ।

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ,
ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ,
ਜੀਭ ਸੁਹਣੀ ਨਾਲ ਸੁਣਾਈਏ ਜੀ।
ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ,
ਰਾਂਝੇ ਹੀਰ ਦਾ ਮੇਲ ਕਰਾਈਏ ਜੀ।
ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ,
ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ।
ਮੱਧਕਾਲੀ ਪੰਜਾਬੀ ਸਾਹਿਤ ਦੀ ਅਮੀਰ ਕਾਵਿ ਪਰੰਪਰਾ ਹੈ ਜਿਸ ਦੀ ਜਾਨਦਾਰ ਅਤੇ ਸ਼ਾਨਦਾਰ ਲੌਕਿਕ ਧਾਰਾ ਕਿੱਸਾ ਕਾਵਿ ਹੈ। ਪੰਜਾਬ ਦੇ ਪ੍ਰੀਤ ਕਿੱਸਿਆਂ ਵਿੱਚੋਂ ਹੀਰ ਰਾਂਝੇ ਦਾ ਕਿੱਸਾ ਅਤੇ ਹੀਰ ਰਾਂਝੇ ਦੇ ਕਿੱਸਿਆਂ ਵਿੱਚੋਂ ਵਾਰਿਸ ਸ਼ਾਹ (ਜਨਮ 1722) ਰਚਿਤ ਹੀਰ ਰਾਂਝੇ ਦੇ ਕਿੱਸੇ (ਕਿੱਸਾ ਮੁਕੰਮਲ ਹੋਣ ਦਾ ਸਮਾਂ 1766) ਦਾ ਸਥਾਨ ਸ਼੍ਰੋਮਣੀ ਹੈ। ਕਿੱਸਾ ਕਾਵਿ ਵਿਚ ਪ੍ਰੇਮ, ਵੀਰਤਾ ਅਤੇ ਅਦਭੁੱਤੀ ਸਾਹਸ ਦੇ ਬਹੁਤ ਸਾਰੇ ਕਿੱਸੇ ਹਨ ਪਰ ਪ੍ਰੇਮ ਕਿੱਸਿਆਂ ਵਿੱਚੋਂ ਹੀਰ ਰਾਂਝੇ ਦਾ ਕਿੱਸਾ ਸਭ ਤੋਂ ਵੱਧ ਪ੍ਰਸਿੱਧ ਹੈ।
ਹੀਰ ਰਾਂਝੇ ਦਾ ਕਿੱਸਾ ਸੌ ਤੋਂ ਉੱਪਰ ਕਵੀਆਂ ਨੇ ਲਿਖਿਆ ਹੈ ਪਰ ਜੋ ਪ੍ਰਸਿੱਧੀ ਸੱਯਦ ਵਾਰਿਸ ਸ਼ਾਹ ਦੇ ਹਿੱਸੇ ਆਈ ਉਹ ਲਾਮਿਸਾਲ ਹੈ। ਹਾਲਾਂ ਕਿ ਦਮੋਦਰ, ਮੁਕਬਲ ਅਤੇ ਅਹਿਮਦ ਗੁੱਜਰ ਉਸ ਤੋਂ ਪਹਿਲਾਂ ਇਹ ਕਿੱਸਾ ਲਿਖ ਚੁੱਕੇ ਸਨ। ਸੱਯਦ ਵਾਰਿਸ ਸ਼ਾਹ ਦਾ ਜਨਮ ਜੰਡਿਆਲਾ ਸ਼ੇਰ ਖਾਂ ਤਹਿਸੀਲ ਜ਼ਿਲ੍ਹਾ ਸ਼ੇਖੂਪੁਰਾ ਵਿਚ (ਪਾਕਿਸਤਾਨੀ ਪੰਜਾਬ) ਪਿਤਾ ਗੁਲਸ਼ੇਰ ਸ਼ਾਹ ਅਤੇ ਮਾਤਾ ਕਮਾਲ ਬਾਨੋ ਦੇ ਘਰ ਹੋਇਆ। ਵਾਰਿਸ ਸ਼ਾਹ ਦੇ ਮਕਬਰੇ ’ਤੇ ਲੱਗੇ ਪੱਥਰ ਅਨੁਸਾਰ ਜਨਮ 1722 ਅਤੇ ਦੇਹਾਂਤ 1792 ਵਿਚ ਹੋਇਆ। ਭਾਵੇਂ ਉਨ੍ਹਾਂ ਦੇ ਜਨਮ ਅਤੇ ਦੇਹਾਂਤ ਬਾਰੇ ਕੁਝ ਮੁਬਾਲਿਗਾ ਹੋ ਸਕਦਾ ਹੈ ਪਰ
ਇਕ ਗੱਲ ਪੱਕੀ ਹੈ ਕਿ ਹੀਰ ਰਾਂਝੇ ਦੇ ਕਿੱਸੇ ਦੀ ਰਚਨਾ 1766 ਈਸਵੀ ਵਿਚ ਹੋ ਗਈ ਸੀ ਕਿਉਂਕਿ
ਇਹ ਉਨ੍ਹਾਂ ਨੇ ਆਪ ਹੀ ਕਿੱਸੇ ਵਿਚ ਦਰਜ ਕਰ ਦਿੱਤਾ ਹੈ।
ਸਨ ਯਾਰਾਂ ਸੈ ਅੱਸੀਆਂ
ਨਬੀ ਹਿਜ਼ਰਤ,
ਲੰਮੇ ਦੇਸ਼ ਦੇ ਵਿਚ
ਤਿਆਰ ਹੋਈ।
ਇਸਲਾਮਿਕ ਪਰੰਪਰਾ ਵਿਚ ਪੈਗੰਬਰ ਮੁਹੰਮਦ ਸਾਹਿਬ ਦੀ ਅੰਸ਼ ਵਿੱਚੋਂ ਹੋਣ ਕਾਰਨ ਸੱਯਦਾਂ ਦਾ ਵਿਸ਼ੇਸ਼ ਇੱਜ਼ਤ ਮਾਣ ਹੈ। ਸੱਯਦ ਬਦਰੂਦੀਨ ਅਤੇ ਸੱਯਦ ਮੁਹੰਮਦ ਅਲਮੱਕੀ ਰਾਹੀਂ ਉਨ੍ਹਾਂ ਦੀ ਜੈਵਿਕ ਵਿਰਾਸਤ ਮਾਣਮੱਤੀ ਸੀ। ਇਹ ਕਿਹਾ ਜਾਂਦਾ ਹੈ ਕਿ ਵਾਰਿਸ ਸ਼ਾਹ ਦੀ ਚੜ੍ਹਦੀ ਜਵਾਨੀ ਵਿਚ ਹੀ ਮਾਤਾ ਪਿਤਾ ਦੀ ਮੌਤ ਹੋ ਗਈ ਸੀ। ਇਸ ਦੀ ਅਸਿੱਧੀ ਸ਼ਾਹਦੀ ਹੀਰ ਰਾਂਝੇ ਦੇ ਕਿੱਸੇ ਦੇ ਵਿਚ ਹੀ ਮਿਲ ਜਾਂਦੀ ਹੈ। ਉਨ੍ਹਾਂ ਨੇ ਆਰੰਭਕ ਸਿੱਖਿਆ ਕਸੂਰ ਦੇ ਚਿਸ਼ਤੀ ਸੰਪਰਦਾਇ ਦੇ ਹਾਫ਼ਿਜ਼ ਗ਼ੁਲਾਮ ਮੁਰਤਜ਼ਾ ਤੋਂ ਹਾਸਿਲ ਕੀਤੀ। ਬਾਅਦ ਵਿਚ ਉਹ ਪਾਕ ਪਟਨ ਦੇ ਉੱਤਰ ਵੱਲ 12ਕਿਲੋਮੀਟਰ ਦੂਰ ਖਰਲਾਂ ਦੇ ਪਿੰਡ ਮਲਕਾ (ਰਾਣੀ) ਹਾਂਸ ਦੀ ਮਸੀਤ ਵਿਚ ਰਹਿਣ ਲੱਗ ਪਏ। ਸਮਝਿਆ ਜਾਂਦਾ ਹੈ ਕਿ ਹੀਰ ਰਾਂਝੇ ਦਾ ਕਿੱਸਾ ਉਸ ਨੇ ਉੱਥੇ ਹੀ ਮੁਕੰਮਲ ਕੀਤਾ।
ਵਾਰਿਸ ਸ਼ਾਹ ਰਚਿਤ ਕਿੱਸੇ ਹੀਰ ਰਾਂਝੇ ਦੀ ਕਹਾਣੀ ਸਿਰਫ਼ ਏਨੀ ਹੈ ਕਿ ਤਖ਼ਤ ਹਜ਼ਾਰੇ ਦੇ ਰਾਂਝਾ ਗੋਤ ਦੇ ਮੌਜੂ ਚੌਧਰੀ ਦੇ ਘਰ ਅੱਠ ਪੁੱਤਰ ਅਤੇ ਦੋ ਬੇਟੀਆਂ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਪੁੱਤਰ ਧੀਦੋ ਸੀ। ਬਾਪ ਦੀ ਮੌਤ ਬਾਅਦ ਧੀਦੋ ਨੂੰ ਭਾਈਆਂ ਨੇ ਬੰਜਰ ਜ਼ਮੀਨ ਦੇ ਦਿੱਤੀ। ਭਾਬੀਆਂ ਨੇ ਮਿਹਣਾ ਮਾਰਿਆ ਕਿ ਤੂੰ ਕੋਈ ਕੰਮਕਾਰ ਕਰਦਾ ਨਹੀਂ, ਜਾਹ ਸਿਆਲਾਂ ਦੀ ਜਾਈ ਵਿਆਹ ਲਿਆ। ਰਸਤੇ ਵਿਚ ਉਸ ਦੇ ਰਾਤ ਕੱਟਣ ਪਿੱਛੇ ਮਸੀਤ ਦੇ ਮੌਲਵੀ ਨਾਲ ਤਕਰਾਰ ਹੁੰਦਾ ਹੈ ਅਤੇ ਅੱਗੋਂ ਬਿਨਾਂ ਪੈਸੇ ਤੋਂ ਲੁੱਡਣ ਮਲਾਹ ਝੰਗ ਦਰਿਆ ਪਾਰ ਕਰਾਉਣ ਤੋਂ ਇਨਕਾਰੀ ਹੋ ਜਾਂਦਾ ਹੈ ਪਰ ਸਮਝਾਉਣ ’ਤੇ ਲਿਜਾਣਾ ਮੰਨ ਜਾਂਦਾ ਹੈ। ਇੱਥੇ ਬੇੜੀ ਵਿਚ ਹੀ ਰਾਂਝਾ ਸਿਆਲਾਂ ਦੇ ਮਹਿਰ ਚੂਚਕੇ ਖ਼ਾਨ ਦੀ ਖ਼ੂਬਸੂਰਤ ਲਾਡਲੀ ਮਾਣਮੱਤੀ ਬੇਟੀ ਹੀਰ ਦੇ ਪਲੰਘ ’ਤੇ ਸੌਂ ਜਾਂਦਾ ਹੈ। ਪਾਰ ਜਾਣ ’ਤੇ ਜਦੋਂ ਹੀਰ ਨੂੰ ਪਤਾ ਲਗਦਾ ਹੈ ਤਾਂ ਪਹਿਲਾਂ ਉਹ ਗੁੱਸੇ ਹੋ ਕੇ ਮਾਰਨ ਲੱਗਦੀ ਹੈ ਪਰ ਫੇਰ ਪਹਿਲੀ ਨਜ਼ਰ ਦਾ ਹੀ ਪਿਆਰ ਹੋ ਜਾਂਦਾ ਹੈ।
ਦੋਹੇਂ ਕੌਲ ਇਕਰਾਰ ਕਰਦੇ ਹਨ ਅਤੇ ਹਰ ਰੋਜ਼ ਮਿਲਣ ਲਈ ਜੁਗਤ ਬਣਾਉਂਦਿਆਂ ਹੀਰ, ਧੀਦੋ ਰਾਂਝੇ ਨੂੰ ਆਪਣੇ ਬਾਪ ਕੋਲ ਮੰਗੂ (ਮੱਝਾਂ) ਚਾਰਨ ਲਈ ਚਾਕ (ਨੌਕਰ) ਰਖਵਾ ਦਿੰਦੀ ਹੈ। ਹੀਰ ਉਸ ਲਈ ਬੇਲੇ ਵਿਚ ਪਿਆਰ ਨਾਲ ਚੂਰੀ ਲੈ ਕੇ ਜਾਂਦੀ ਹੈ। ਜਿਸ ਦਾ ਹੀਰ ਦੇ ਚਾਚੇ ਕੈਦੋਂ (ਲੰਙੇ) ਨੂੰ ਪਤਾ ਲੱਗ ਜਾਂਦਾ ਹੈ। ਉਹ ਹੀਰ ਦੇ ਮਾਂ ਬਾਪ ਤੇ ਸ਼ਰੀਕੇ ਕੋਲ ਰੌਲਾ ਪਾ ਦਿੰਦਾ ਹੈ। ਇਸ ਨਾਲ ਇਕ ਪਾਸੇ ਰਾਂਝੇ ਨੂੰ ਇਕ ਵਾਰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਪਰ ਫਿਰ ਵਿਆਹ ਤੀਕ ਰੱਖਣ ਦਾ ਮਤਾ ਪਕਾ ਲਿਆ ਜਾਂਦਾ ਹੈ।
ਦੂਜੇ ਪਾਸੇ ਹੀਰ ਨੂੰ ਮਾਪੇ ਤੇ ਕਾਜ਼ੀ ਵਾਰੋ ਵਾਰੀ ਸਮਝਾਉਂਦੇ ਹਨ ਪਰ ਜਦੋਂ ਹੀਰ ਨਹੀਂ ਮੰਨਦੀ ਤਾਂ ਮਾਪੇ ਹੀਰ ਦਾ ਵਿਆਹ ਖੇੜਿਆਂ ਦੇ ਸੈਦੇ(ਕਾਣੇ) ਨਾਲ ਕਰਨ ਦਾ ਫ਼ੈਸਲਾ ਕਰ ਦਿੰਦੇ ਹਨ ਤਾਂ ਹੀਰ ਰਾਂਝੇ ਨੂੰ ਉਧਾਲ ਲਿਜਾਣ ਦਾ ਮਸ਼ਵਰਾ ਦਿੰਦੀ ਹੈ ਪਰ ਰਾਂਝਾ ‘ਹੀਰੇ ਇਸ਼ਕ ਨਾ ਮੂਲ ਸੁਆਦ ਦਿੰਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ’ ਆਖ ਜਵਾਬ ਦਿੰਦਾ ਹੈ। ਹੀਰ ਕਾਜੀ ਨਾਲ ਵੀ ਝਗੜਦੀ ਹੈ ਪਰ ਉਸ ਨੂੰ ਜ਼ਬਰਦਸਤੀ ਵਿਆਹ ਦਿੱਤਾ ਜਾਂਦਾ ਹੈ। ਸਹੁਰਿਆਂ ਤੋਂ ਹੀਰ ਰਾਂਝੇ ਨੂੰ ਸੁਨੇਹਾ ਭੇਜਦਿਆਂ ਜੋਗੀ ਬਣ ਕੇ ਆ ਮਿਲਣ ਦੀ ਤਦਬੀਰ ਦੱਸਦੀ ਹੈ। ਰਾਂਝਾ ਬਾਲ ਨਾਥ ਤੋਂ ਜੋਗ ਲੈ ਕੇ ਰੰਗਪੁਰ ਖੇੜਿਆਂ ਦੇ ਪਿੰਡ ਜਾਂਦਾ ਹੈ। ਜੋਗੀ ਬਣਿਆ ਰਾਂਝਾ ਹੀਰ ਦੇ ਸਹੁਰੇ ਘਰ ਜਾ ਕੇ ਅਲਖ ਜਗਾਉਂਦਾ ਹੈ। ਇੱਥੇ ਉਸ ਦਾ ਹੀਰ ਦੀ ਨਣਾਨ ਸਹਿਤੀ ਨਾਲ ਤਕਰਾਰ ਹੁੰਦਾ ਹੈ ਪਰ ਅਖੀਰ ਹੀਰ, ਸਹਿਤੀ ਨੂੰ ਮਨਾ ਲੈਂਦੀ ਹੈ। ਹੀਰ ਉਸ ਨੂੰ ਆਖਦੀ ਹੈ ਕਿ ਤੈਨੂੰ ਤੇਰਾ ਆਸ਼ਿਕ ਮੁਰਾਦ ਮਿਲ ਜਾਵੇਗਾ ਤੇ ਮੈਨੂੰ ਮੇਰਾ ਰਾਂਝਾ। ਹੀਰ ਦਾ ਜੀਅ ਲਗਵਾਉਣ ਦੇ ਬਹਾਨੇ ਨਣਾਨ ਭਰਜਾਈ ਸਹੇਲੀਆਂ ਸਮੇਤ ਬਾਗ਼ ਵਿਚ ਜਾਂਦੀਆਂ ਹਨ ਅਤੇ ਉੱਥੇ ਹੀਰ ਸੱਪ ਲੜਨ ਦਾ ਢੌਂਗ ਕਰਦੀ ਹੈ। ਹੀਰ ਜਦੋਂ ਹਕੀਮ ਤੋਂ ਠੀਕ ਨਹੀਂ ਹੁੰਦੀ ਤਾਂ ਖ਼ੁਦ ਸੈਦਾ ਅਤੇ ਬਾਪ ਮਹਿਰ ਅਜੂ ਜੋਗੀ ਨੂੰ ਸੱਦਦੇ ਹਨ। ਉੱਥੋਂ ਇਲਾਜ ਦੇ ਬਹਾਨੇ ਹੀਰ ਰਾਂਝਾ ਦੋਵੇਂ ਭੱਜ ਨਿਕਲਦੇ ਹਨ। ਅਖੀਰ ਹੀਰ ਰਾਂਝੇ ਨੂੰ ਖੇੜੇ ਕੈਦ ਕਰ ਲੈਂਦੇ ਹਨ। ਝਗੜਾ ਰਾਜੇ ਪਾਸ ਪੇਸ਼ ਹੋ ਜਾਂਦਾ ਹੈ। ਕਾਜੀ ਦਾ ਫ਼ੈਸਲਾ ਖੇੜਿਆਂ ਦੇ ਹੱਕ ਵਿਚ ਹੋ ਜਾਂਦਾ ਹੈ ਤਾਂ ਰਾਂਝੇ ਜੋਗੀ ਦੇ ਬਦਦੁਆ ਦੇਣ ਨਾਲ ਸ਼ਹਿਰ ਨੂੰ ਅੱਗ ਲੱਗ ਜਾਂਦੀ ਹੈ। ਰਾਜਾ ਕਰਾਮਾਤ ਦੇਖ ਹੀਰ ਰਾਂਝੇ ਜੋਗੀ ਨੂੰ ਦੇਣ ਦਾ ਫ਼ੈਸਲਾ ਕਰਦਾ ਹੈ। ਹੀਰ ਅਤੇ ਰਾਂਝਾ ਝੰਗ ਸਿਆਲ ਪਹੁੰਚ ਜਾਂਦੇ ਹਨ, ਉੱਥੋਂ ਰਾਂਝਾ ਬਰਾਤ ਲੈਣ ਲਈ ਤਖ਼ਤ ਹਜ਼ਾਰੇ ਵੱਲ ਜਾਂਦਾ ਹੈ, ਮੁੜਦਿਆਂ ਤਕ ਹੀਰ ਨੂੰ ਜ਼ਹਿਰ ਦੇ ਦਿੱਤਾ ਜਾਂਦਾ ਹੈ। ਹੀਰ ਦਾ ਮਰਨਾ ਸੁਣ ਰਾਂਝਾ ਵੀ ਆਹ ਮਾਰ ਕੇ ਮਰ ਜਾਂਦਾ ਹੈ। ਇੰਜ ਕਿੱਸਾ ਦੁਖਾਂਤ ਵਿਚ ਸਮਾਪਤ ਹੋ ਜਾਂਦਾ ਹੈ।
ਮੁਹਾਵਰੇਦਾਰ ਭਾਸ਼ਾ
ਵਾਰਿਸ ਸ਼ਾਹ ਤੇ ਉਤਰਕਾਲੀ ਲਗਪਗ ਸਾਰੇ ਕਵੀਆਂ ਅਤੇ ਆਲੋਚਕਾਂ ਨੇ ਵਾਰਿਸ ਸ਼ਾਹ ਦੇ ਕਿੱਸੇ ਹੀਰ ਰਾਂਝੇ ਦੇ ਕਲਾਤਮਿਕ ਗੁਣਾਂ ਦੀ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ ਹੈ। ਵਾਰਿਸ ਸ਼ਾਹ ਦੀ ਮੁਹਾਵਰੇਦਾਰ ਭਾਸ਼ਾ ਢੁਕਵੇਂ ਬਿੰਬਾਂ ਨਾਲ ਉਸਾਰੇ ਭਾਵ ਚਿੱਤਰ, ਬੈਂਤ ਛੰਦ ਦੀ ਢੁਕਵੀਂ ਵਰਤੋਂ, ਟਕਰਾਓ ਅਤੇ ਸੰਵਾਦ ਉਸ ਦੇ ਕਿੱਸੇ ਨੂੰ ਲਾਸਾਨੀ ਬਣਾਉਂਦੇ ਹਨ। ਉਸ ਦੇ ਕਿੱਸੇ ਦੀ ਵਿਚਾਰਧਾਰਕ ਪੱਖ ਤੋਂ ਪੜਚੋਲ ਕਰਦਿਆਂ ਵੱਖੋ ਵੱਖਰੇ ਵਿਚਾਰ ਸਾਹਮਣੇ ਆਉਂਦੇ ਹਨ। ਇਕ ਧਿਰ ਜਿਨ੍ਹਾਂ ਵਿਚ ਪ੍ਰੋ. ਨਜ਼ਮ ਹੁਸੈਨ ਸੱਯਦ ਅਤੇ ਪ੍ਰੋ. ਕਿਸ਼ਨ ਸਿੰਘ ਵਰਗੇ ਦਿਗਜ਼ ਵਾਰਿਸ ਸ਼ਾਹ ਦੇ ਕਿੱਸੇ ਨੂੰ ਵਿਚਾਰਧਾਰਕ ਪੱਖ ਤੋਂ ਪਾਠ ਅੰਦਰ ਪਈਆਂ ਵਿਰੋਧਤਾਈਆਂ ਰਾਹੀਂ ਸਮਝਦੇ ਸਿੱਟਾ ਕੱਢਦੇ ਹਨ ਕਿ ਹੀਰ ਰਾਂਝੇ ਦਾ ਪ੍ਰਸੰਗ ਨਿਰੋਲ ਮੁੰਡੇ ਕੁੜੀਆਂ ਦੀ ਸਧਾਰਨ ਪਿਆਰ ਗਾਥਾ ਨਹੀਂ ਸਗੋਂ ਆਪਣੇ ਸਮੇਂ ਦੇ ਸਮਾਜ ਦਾ ਸੱਚਾ ਭਾਵ ਚਿੱਤਰ ਹੈ। ਜਿਸ ਵਿਚ ਜਾਗੀਰਦਾਰੀ ਰਾਜਾਸ਼ਾਹੀ ਪ੍ਰਬੰਧ ਦੀ ਵਿਆਹ ਸੰਸਥਾ ਅਧੀਨ ਮਾਪਿਆਂ ਦੀ ਮਰਜ਼ੀ ਅਹਿਮ ਹੈ, ਨੂੰ ਹੀ ਨਹੀਂ ਵੰਗਾਰਿਆ ਜਾ ਰਿਹਾ ਸਗੋਂ ਵਿਅਕਤੀਗਤ ਸੁਤੰਤਰਤਾ ਦੀ ਕਹਾਣੀ ਹੋਣ ਦੇ ਨਾਲੋ ਨਾਲ ਮਨੁੱਖੀ ਆਜ਼ਾਦੀ ਦੀ ਜੱਦੋਜਹਿਦ ਦਾ ਸੱਭਿਆਚਾਰਕ ਦਸਤਾਵੇਜ਼ ਹੈ। ਰਾਂਝੇ ਦਾ ਮਸੀਤ ਦੇ ਮੌਲਵੀ ਨਾਲ ਝਗੜਾ, ਹੀਰ ਦਾ ਆਪਣੇ ਮਾਪਿਆਂ ਤੇ ਕਾਜ਼ੀ ਨਾਲ ਸੰਵਾਦ ਰਾਂਝੇ ਦਾ ਜੋਗੀ ਹੋਣ ਸਮੇਂ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਉਹ ਆਪਣੇ ਸਮੇਂ ਦੇ ਕਾਬਜ਼ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਵੰਗਾਰਦਾ ਹੈ। ਉਸ ਦਾ ਅਮਲ ਭਾਵੇਂ ਵਿਅਕਤੀਗਤ ਹੈ ਪਰ ਉਸ ਨੂੰ ਹਰਮਨਪਿਆਰਤਾ ਦੇ ਰੂਪ ਵਿਚ ਹੁੰਗਾਰਾ ਸਮੂਹਿਕ ਹੈ। ਇੰਜ ਇਹ ਵਿਚਾਰਧਾਰਕ ਪੱਖੋਂ ਅਗਾਂਹਵਧੂ ਇਨਕਲਾਬੀ ਰਚਨਾ ਹੈ। ਦੂਜੀ ਧਿਰ ਉਸ ਦੀ ਕਹਾਣੀ ਦੇ ਰਸਦਾਇਕ ਹੋਣ ਅਤੇ ਭਾਸ਼ਾ ਉੱਪਰ ਪਕੜ ਦੀ ਥਾਂ ਪ੍ਰਸੰਸਾ ਕਰਦੀ ਹੈ ਪਰ ਉਸ ਦੀ ਰਚਨਾ ਦੇ ਵਿਚਾਰਧਾਰਕ ਪੱਖ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ।
ਸੰਤ ਸਿੰਘ ਸੇਖੋਂ ਵਾਰਿਸ ਸ਼ਾਹ ਦੇ ਕਿੱਸੇ ਨੂੰ ਸੰਪਾਦਤ ਕਰਦਿਆਂ ਪ੍ਰਸ਼ਨ ਉਠਾਉਂਦੇ ਹਨ ‘ਕੀ ਮੂਲ ਰੂਪ ਵਿਚ ਆਰਥਿਕ ਪ੍ਰਬੰਧ ਦੀ ਤਬਦੀਲੀ ਲਿਆਏ ਬਿਨਾਂ ਅਸੀਂ ਵਰਤਮਾਨ ਵਿਆਹ ਪ੍ਰਬੰਧ ਨੂੰ ਬਦਲ ਸਕਦੇ ਹਾਂ? ਅਸਾਡੀ ਮੱਧ ਸ਼੍ਰੇਣੀ ਵਿਚ ਹੁਣ ਕਈ ਵਾਰ ਮੁੰਡੇ ਕੁੜੀਆਂ ਦੀ ਸੁਤੰਤਰ ਚੋਣ ਨਾਲ ਵਿਆਹ ਹੋ ਜਾਂਦਾ ਹੈ ਪਰ ਉਹ ਵੀ ਕੁਝ ਗਿਣੇ ਮਿੱਥੇ ਬੰਧੇਜ ਵਿਚ। ਸਾਡੇ ਕਿਰਸਾਣੀ ਜੀਵਨ ਵਿਚ ਹਾਲੀ ਇੰਨਾ ਵੀ ਸੰਭਵ ਨਹੀਂ। ਸਦਾਚਾਰ ਉਹ ਹੈ ਜੋ ਕਿਸੇ ਆਰਥਿਕ ਤੇ ਸਮਾਜਿਕ ਸਥਿਤੀ ਵਿਚ ਯੋਗ ਹੀ ਨਹੀਂ ਸੰਭਵ ਵੀ ਹੈ।
ਇਹ ਠੀਕ ਹੈ ਕਿ ਹੀਰ ਰਾਂਝੇ ਦਾ ਵਿਆਹ ਹੋ ਜਾਣਾ ਉਸ ਸਥਿਤੀ ਵਿਚ ਸੰਭਵ ਵੀ ਸੀ ਤੇ ਜਿੱਥੋਂ ਤਕ ਚੂਚਕ ਨੇ ਇਸ ਸੰਭਵ ਗੱਲ ਨੂੰ ਹੋਣ ਨਹੀਂ ਦਿੱਤਾ, ਉਹ ਗ਼ਲਤੀ ਉੱਤੇ ਸੀ ਪਰ ਇਸ ਤਰ੍ਹਾਂ ਸਵਾਲ ਵਿਅਕਤੀਗਤ ਬਣ ਜਾਂਦਾ ਹੈ। ਸਮਾਜਿਕ ਨਹੀਂ ਰਹਿੰਦਾ ਤੇ ਵਾਰਿਸ ਸ਼ਾਹ ਨੇ ਇਸੇ ਸਵਾਲ ਨੂੰ ਇਸੇ ਰੋਸ਼ਨੀ ਵਿਚ ਲਿਆ ਹੈ। ਇਹ ਇਕ ਸਮਾਜਿਕ ਵਿਕਾਸ ਦਾ ਸਵਾਲ ਨਹੀਂ ਤੇ ਇਨਕਲਾਬ ਦਾ ਤਾਂ ਜਿਸ ਤਰ੍ਹਾਂ ਅਸਾਡੇ ਕਈ ਉਪਭਾਵੁਕ ਆਲੋਚਕ ਸਮਝਦੇ ਹਨ, ਕਦਾਚਿਤ ਨਹੀਂ।’ ਅਸਲ ਵਿਚ ਇਹ ਕਿਸੇ ਰਚਨਾ ਨੂੰ ਸਮਝਣ ਪ੍ਰਤੀ ਨਜ਼ਰੀਏ ਦਾ ਵਖਰੇਵਾਂ ਹੈ।
ਜੀਵਨ ਦੀਆਂ ਅਟੱਲ ਸੱਚਾਈਆਂ
ਵਾਰਿਸ ਸ਼ਾਹ ਨੇ ਨਿਵੇਕਲੇ ਢੰਗ ਨਾਲ ਹੀਰ ਲਿਖਕੇ ਆਪਣੀ ਕਲਾ ਦਾ ਸਿੱਕਾ ਮਨਵਾਇਆ। ਉਸ ਨੇ ਸਮਾਜ ਦੀਆਂ ਅਜਿਹੀਆਂ ਅਟੱਲ ਸੱਚਾਈਆਂ ਨੂੰ ਕਿੱਸੇ ਰਾਹੀਂ ਪੇਸ਼ ਕੀਤਾ ਜੋ ਅੱਜ ਵੀ ਅਟੱਲ ਹਨ ਜਿਵੇਂ ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ’, ਤੇ ‘ਬਿਨਾਂ ਮੁਰਸ਼ਦ ਰਾਹ ਨਾ ਹੱਥ ਆਵੇ ਦੁੱਧ ਬਾਝ ਨਾ ਰਿਝਦੀ ਖੀਰ ਮੀਆਂ’। ਵਾਰਿਸ ਸ਼ਾਹ ਨੇ ਇਸ ਕਿੱਸੇ ’ਚ ਰੂਹਾਨੀ ਪਿਆਰ ਭਰਿਆ ਹੈ।
ਰਚਨਾ ਅੰਦਰਲਾ ਕਾਵਿਕ ਤਰਕ
ਬਿਨਾਂ ਸ਼ੱਕ ਵਾਰਿਸ ਸ਼ਾਹ ਵਿਚ ਅੱਜ ਦੀ ਸਮਝ ਅਨੁਸਾਰ ਬਹੁਤ ਸਾਰੇ ਔਰਤ ਵਿਰੋਧੀ ਕਾਵਿ ਪੰਕਤੀਆਂ ਮਿਲ ਜਾਣਗੀਆਂ, ਇੰਜ ਹੀ ਵਾਰਿਸ ਸ਼ਾਹ ਹੀਰ ਰਾਂਝੇ ਦੇ ਪ੍ਰੇਮ ਦੇ ਅਧਿਆਤਮਿਕ ਅਰਥ ਰੂਹ ਕਲਬੂਤ ਆਖ ਕੇ ਕਰਦਾ ਹੈ। ਉਨ੍ਹਾਂ ਦੇ ਰਿਸ਼ਤੇ ਨੂੰ ਆਦਰਸ਼ਕ, ਕਾਮੁਕ, ਪਵਿੱਤਰਤਾ ਦਾ ਜਾਮਾ ਪਹਿਨਾਉਂਦਾ ਹੈ। ਇੱਥੋਂ ਤਕ ਕਿ ਵਾਰਿਸ ਸ਼ਾਹ ਤਾਂ ਹੀਰ ਤੋਂ ਇਹ ਦਾਅਵਾ ਕਰਾਉਂਦਾ ਹੈ ਕਿ ਵਿਆਹ ਉਪਰੰਤ ਵੀ ਉਸ ਦੇ ਸੈਦੇ ਨਾਲ ਸਰੀਰਕ ਸਬੰਧ ਨਹੀਂ ਸਨ। ਉਹ ਕਿੱਸੇ ਦੀ ਮੂਲ ਰਚਨਾ ਤੋਂ ਪਾਸੇ ਜਾ ਕੇ ਪੰਜਾਬ ਦੀ ਮੁੱਖ ਕਾਸ਼ਤਕਾਰੀ ਧਿਰ ਜੱਟ ਬਿਰਾਦਰੀ ਅਤੇ ਉੱਭਰਦੀ ਸਿੱਖ ਲਹਿਰ ਬਾਰੇ ਵੀ ਨਕਾਰਾਤਮਿਕ ਰਵੱਈਆ ਰੱਖਦਾ ਹੈ ਪ੍ਰੰਤੂ ਜੇ ਉਸਦੀ ਰਚਨਾ ਦੇ ਸਮੁੱਚੇ ਅੰਦਰਲੇ ਕਾਵਿਕ ਤਰਕ ਨੂੰ ਸਮਝੀਏ ਤਾਂ ਉਹ ਔਰਤ ਦੀ ਆਜ਼ਾਦੀ ਦੇ ਪੱਖ ਵਿਚ ਅਤੇ ਖੋਖਲੇ ਹੋ ਰਹੇ ਜਾਗੀਰਦਾਰੀ ਰਾਜਾਸ਼ਾਹੀ ਪ੍ਰਬੰਧ, ਪਾਖੰਡੀ ਧਾਰਮਿਕ ਆਡੰਬਰ ਅਤੇ ਵੇਲਾ ਵਿਹਾ ਚੁੱਕੀਆਂ ਸਮਾਜਿਕ ਸੰਸਥਾਵਾਂ ਖ਼ਿਲਾਫ਼ ਬਗਾਵਤ ਹੈ। ਬਹੁਤ ਸਾਰੇ ਸਮਕਾਲੀ ਚਿੰਤਕ ਜਿਵੇਂ ਈਸ਼ਵਰ ਦਿਆਲ ਗੌੜ, ਸੁਮੇਲ ਸਿੰਘ ਸਿੱਧੂ ਇਸੇ ਪ੍ਰਸੰਗ ਵਿਚ ਹੀ ਹੀਰ ਰਾਂਝੇ ਦੇ ਕਿੱਸੇ ਦਾ ਸੱਭਿਆਚਾਰਕ ਮਹੱਤਵ ਅਤੇ ਵਿਚਾਰਕ ਪੱਖ ਨੂੰ ਵਿਚਾਰਦੇ ਹਨ। ਜੇ ਦੋਹਾਂ ਉਲਾਰਾਂ ਨੂੰ ਛੱਡ ਵੀ ਦੇਈਏ ਤਾਂ ਹੀਰ ਰਾਂਝੇ ਦਾ ਕਿੱਸਾ ਆਪਣੇ ਦੁਹਰਾਓ ਅਤੇ ਵਾਧੂ ਵਿਸਤਾਰ ਦੇ ਬਾਵਜੂਦ ਮਹੱਤਵਪੂਰਨ ਮੱਧਕਾਲੀ ਸੱਭਿਆਚਾਰਕ ਦਸਤਾਵੇਜ਼ ਹੈ ਜਿਸ ਰਾਹੀਂ ਨਾ ਕੇਵਲ ਮੱਧਕਾਲੀ ਸਮਾਜ ਨੂੰ ਹੀ ਸਮਝਿਆ ਜਾ ਸਕਦਾ ਹੈ ਸਗੋਂ ਆਧੁਨਿਕ ਸਮੇਂ ਵਿਚ ਵੀ ਪੰਜਾਬੀ ਅਵਚੇਤਨ
ਨੂੰ ਸਮਝਣ ਲਈ ਇਹ ਮਹੱਤਵਪੂਰਨ
ਪਾਠ ਸਮੱਗਰੀ ਹੈ।
- ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ