ਜਸਵਿੰਦਰ ਸਿੰਘ ਨੌਕਰੀ ਦੇ ਆਖ਼ਰੀ ਸਾਲ ’ਚ ਤਰੱਕੀ ਲੈ ਕੇ ਇੰਸਪੈਕਟਰ ਬਣਨ ਤੋਂ ਬਾਅਦ ਫ਼ਤਹਿਪੁਰ ਸਦਰ ਥਾਣੇ ਦਾ ਇੰਚਾਰਜ ਬਣ ਕੇ ਆਇਆ ਸੀ। ਇਤਫ਼ਾਕਨ ਪੁਲਿਸ ’ਚ ਭਰਤੀ ਹੋ ਕੇ ਮੁੱਢਲੀ ਸਿਖਲਾਈ ਤੋਂ ਬਾਅਦ ਉਸ ਦੀ ਪਹਿਲੀ ਬਦਲੀ ਵੀ ਏਸੇ ਥਾਣੇ ’ਚ ਹੋਈ ਸੀ। ਚੰਗੀ ਗੱਲ ਏਹ ਵੀ ਸੀ ਕਿ ਨੌਕਰੀ ਦੇ ਆਖ਼ਰੀ ਸਾਲ ’ਚ ਉਹ ਘਰ ਦੇ ਨੇੜੇ ਸੀ।
ਜਸਵਿੰਦਰ ਸਿੰਘ ਨੌਕਰੀ ਦੇ ਆਖ਼ਰੀ ਸਾਲ ’ਚ ਤਰੱਕੀ ਲੈ ਕੇ ਇੰਸਪੈਕਟਰ ਬਣਨ ਤੋਂ ਬਾਅਦ ਫ਼ਤਹਿਪੁਰ ਸਦਰ ਥਾਣੇ ਦਾ ਇੰਚਾਰਜ ਬਣ ਕੇ ਆਇਆ ਸੀ। ਇਤਫ਼ਾਕਨ ਪੁਲਿਸ ’ਚ ਭਰਤੀ ਹੋ ਕੇ ਮੁੱਢਲੀ ਸਿਖਲਾਈ ਤੋਂ ਬਾਅਦ ਉਸ ਦੀ ਪਹਿਲੀ ਬਦਲੀ ਵੀ ਏਸੇ ਥਾਣੇ ’ਚ ਹੋਈ ਸੀ। ਚੰਗੀ ਗੱਲ ਏਹ ਵੀ ਸੀ ਕਿ ਨੌਕਰੀ ਦੇ ਆਖ਼ਰੀ ਸਾਲ ’ਚ ਉਹ ਘਰ ਦੇ ਨੇੜੇ ਸੀ। ਬਾਲ ਉਮਰੇ ਹਾਣੀਆਂ ਨਾਲ ਚੋਰ ਸਿਪਾਹੀ ਖੇਡਦਿਆਂ ਉਹ ਹਮੇਸ਼ਾ ਸਿਪਾਹੀ ਹੀ ਬਣਦਾ ਹੁੰਦਾ ਸੀ। ਉਦੋਂ ਮਾਵਾਂ ਅਕਸਰ ਸ਼ਰਾਰਤ ਕਰਦੇ ਬੱਚਿਆਂ ਨੂੰ ਏਹ ਆਖ ਕੇ ਡਰਾਵਾ ਦਿਆ ਕਰਦੀਆਂ ਸਨ, ‘ਤੂੰ ਪੰਗੇ ਕਰਨੋਂ ਨਾ ਹਟਿਆ ਤਾਂ ਤੈਨੂੰ ਸਿਪਾਹੀ ਨੂੰ ਫੜਾ ਦੇਣਾ ਆ।’
ਬੱਚੇ ਵੀ ਸਿਪਾਹੀ ਦੇ ਨਾਂ ਤੋਂ ਸਹਿਮ ਜਾਂਦੇ ਸਨ। ਉਹਨੂੰ ਯਾਦ ਹੈ ਇਕ ਵਾਰ ਉਨ੍ਹਾਂ ਦੇ ਪਿੰਡ ’ਚ ਇਕ ਘਰ ਵਿਚ ਸੰਨ੍ਹ ਲੱਗ ਗਈ ਸੀ। ਚੋਰ ਗਲ਼ੀ ਵੱਲ ਦੀ ਕੰਧ ਪਾੜ ਕੇ ਕਾਫ਼ੀ ਸਾਮਾਨ ਚੋਰੀ ਕਰ ਕੇ ਲੈ ਗਏ ਸਨ। ਮੌਕਾ ਵੇਖਣ ਮਾਵਾ ਲੱਗੀ ਆਕੜੇ ਤੁਰਲੇ, ਲਮੇਂ ਲੜ ਅਤੇ ਕੁੱਲੇ ਵਾਲੀ ਪੱਗ ਵਾਲਾ ਰੋਹਬਦਾਰ ਠਾਣੇਦਾਰ ਕਾਲੀ ਘੋੜੀ ’ਤੇ ਚੜ੍ਹ ਕੇ ਆਇਆ ਸੀ। ਨਿੱਕਰਾਂ ਵਾਲੀ ਖਾਕੀ ਵਰਦੀ ਪਾਈ ਹੱਥਾਂ ਵਿਚ ਬੈਂਤ ਦੇ ਰੂਲ ਫੜੀ ਪੈਦਲ ਹੀ ਠਾਣੇਦਾਰ ਦੇ ਨਾਲ ਆਏ ਬਹੁਤ ਸਾਰੇ ਸਿਪਾਹੀ ਉਸ ਨੇ ਪਹਿਲੀ ਵਾਰ ਵੇਖੇ ਸਨ। ਪੰਜਵੀਂ ਪਾਸ ਕਰ ਕੇ ਉਨ੍ਹਾਂ ਦੇ ਪਿੰਡ ਤੋਂ ਕਾਫ਼ੀ ਦੂਰ ਨੀਵੇਂ ਪਿੰਡ ਨਵੇਂ ਬਣੇ ਹਾਈ ਸਕੂਲੇ ਉਹ ਪੜ੍ਹਨ ਜਾਣ ਲੱਗ ਪਿਆ। ਉਨ੍ਹੀਂ ਦਿਨੀਂ ਉਸ ਪਿੰਡ ’ਚ ਇੱਕੋ ਘਰ ਦੇ ਪੰਜ ਜੀਅ ਕਤਲ ਹੋਏ ਸਨ। ਉਨ੍ਹਾਂ ਕਤਲਾਂ ਦੀ ਚਰਚਾ ਬੜੀ ਦੇਰ ਤੱਕ ਚੱਲਦੀ ਰਹੀ ਸੀ ਤੇ ਸਕੂਲ ਦੇ ਬੱਚੇ ਕਿੰਨਾ ਹੀ ਚਿਰ ਡਰਦੇ ਰਹੇ ਸਨ। ਉਹ ਆਪਣੀ ਬੀਬੀ ਤੇ ਭਾਅ ਨੂੰ ਹਮੇਸ਼ਾ ਆਖਦਾ, ‘ਮੈਂ ਪੜ੍ਹ ਕੇ ਠਾਣੇਦਾਰ ਹੀ ਬਣਾਂਗਾ, ਫਿਰ ਘੋੜੀ ’ਤੇ ਚੜ੍ਹ ਕੇ ਚੋਰਾਂ ਨੂੰ ਫੜਿਆ ਕਰਾਂਗਾ।’
ਦਸਵੀਂ ਪਾਸ ਕਰ ਕੇ ਉਹ ਉਸ ਵੇਲੇ ਭਰਤੀ ਹੋਇਆ ਸੀ, ਜਦੋਂ ਪੰਜਾਬ ਵਿਚ ਕਾਲਾ ਦੌਰ ਪੂਰੇ ਜ਼ੋਰਾਂ ’ਤੇ ਸੀ। ਪੁਲਿਸ ਜਿਹੜੇ ਮਰਜ਼ੀ ਨੌਜਵਾਨ ਮੁੰਡੇ ਨੂੰ ਫੜ ਕੇ ਮੁਕਾਬਲਾ ਵੀ ਬਣਾ ਦੇਂਦੀ ਸੀ। ਇਕ ਲਹਿਰ ਨਾਲ ਜੁੜੇ ਮੁੰਡੇ ਵੀ ਪੁਲਿਸ ਦੇ ਦੁਸ਼ਮਣ ਬਣ ਗਏ ਸਨ। ਬੇਸ਼ੱਕ ਮਾਂ-ਪਿਉ ਨੇ ਡਰ ਕਰ ਕੇ ਪੁਲਿਸ ਵਿਚ ਜਾਣ ਤੋਂ ਉਸ ਨੂੰ ਵਰਜਿਆ ਵੀ ਸੀ ਪਰ ਬਾਲ ਉਮਰ ਦੀ ਰੀਝ ਨੇ ਉਸ ਨੂੰ ਪੁਲਿਸ ਵਿਚ ਭਰਤੀ ਕਰਵਾ ਦਿੱਤਾ ਸੀ। ਐਨੇ ਲੰਮੇ ਅਰਸੇ ਦੌਰਾਨ ਪੁਲਿਸ ਮਹਿਕਮੇ ’ਚ ਬੜੇ ਬਦਲਾਅ ਹੋ ਚੁੱਕੇ ਸਨ। ਸਿਖਲਾਈ ਦੌਰਾਨ ਹੀ ਨਿੱਕਰ ਵਾਲੀ ਵਰਦੀ ਅਤੇ ਭਾਰੇ ਬੂਟਾਂ ਦੀ ਥਾਂ ਵਧੀਆ ਵਰਦੀ ਨਾਲ ਪਾਏ ਹਲਕੇ ਤੇ ਵਧੀਆ ਬੂਟਾਂ ਨੇ ਪੁਲਿਸ ਦਾ ਰੋਹਬ ਵਧਾ ਦਿੱਤਾ ਸੀ। ਸਿਰੋਂ ਮੋਨੇ ਸਿਪਾਹੀ ਝਾਲਰ ਲੱਗਾ ਕੁੱਲਾ ਪਾਉਂਦੇ ਸਨ। ਸਿੱਖ ਮੁੰਡੇ ਨੀਲੀ ਪੱਗ ਉੱਤੇ ਲਾਲ ਪੱਟੀ ਨਾਲ ਝਾਲਰ ਲਾਉਂਦੇ ਸਨ।
ਦਸਵੀਂ ਪਾਸ ਹੋਣ ਕਰਕੇ ਉਸ ਨੇ ਤਿੰਨ ਸਾਲ ਬਾਅਦ ਟੈੱਸਟ ਪਾਸ ਕਰਕੇ ਹੌਲਦਾਰ ਬਣਨ ਮਗਰੋਂ ਲੋਅਰ ਕਰਕੇ ਫਲੌਰ ਪਾਸ ਵੀ ਕਰ ਲਿਆ ਸੀ। ਆਪਣੇ ਨੰਬਰ ’ਤੇ ਏਐੱਸਆਈ ਬਣ ਕੇ ਤਫ਼ਤੀਸ਼ੀ ਡਿਊਟੀ ਕਰਦਿਆਂ ਬਦਲੀਆਂ ਹੁੰਦਿਆਂ ਜਸਵਿੰਦਰ ਸਿੰਘ ਨੂੰ ਸਾਰੀ ਸਰਵਿਸ ਇਮਾਨਦਾਰੀ ਨਾਲ ਕਰਨ ਮਗਰੋਂ ਆਪਣੇ ਨੰਬਰ ’ਤੇ ਮਿਲੀ ਇਹ ਤਰੱਕੀ ਇਕ ਤਰ੍ਹਾਂ ਮਰੇ ਦੇ ਮੂੰਹ ’ਚ ਘਿਓ ਪਾਉਣ ਬਰਾਬਰ ਹੀ ਸੀ। ਹਾਂ, ਜੇ ਉਹ ਅੱਗੇ ਭੱਜ-ਭੱਜ ਮੁਕਾਬਲੇ ਕਰਦਾ, ਨੇਤਾਵਾਂ ਅਤੇ ਵੱਡੇ ਅਫ਼ਸਰਾਂ ਦੇ ਕਹੇ ਲੱਗ ਗ਼ਲਤ ਕੰਮ ਕਰਦਾ ਤਾਂ ਬਹੁਤ ਸਮਾਂ ਪਹਿਲਾਂ ਹੀ ਇਸ ਰੁਤਬੇ ਨੂੰ ਹਾਸਿਲ ਕਰ ਲੈਂਦਾ। ਵਰਨਾ ਉਨ੍ਹਾਂ ਵੇਲਿਆਂ ਵਿਚ ਛੋਟਾ ਥਾਣੇਦਾਰ ਬਣਨ ਲਈ ਹੀ ਪੂਰੀ ਨੌਕਰੀ ਨਿਕਲ ਜਾਂਦੀ ਸੀ।
ਜਦੋਂ ਉਹ ਸਖ਼ਤ ਟ੍ਰੇਨਿੰਗ ਕਰ ਕੇ ਆਇਆ ਸੀ ਤਾਂ ਉਸ ਵੇਲੇ ਵੀ ਏਥੇ ਉੱਚਾ-ਲੰਮਾ ਸੰਘਣੀਆਂ ਮੁੱਛਾਂ, ਮਾਵਾ ਲੱਗੀ ਆਕੜੇ ਤੁਰਲੇ, ਲੰਮੇ ਲੜ ਅਤੇ ਕੁੱਲੇ ਵਾਲੀ ਪੱਗ ਵਾਲਾ ਚੌਧਰੀ ਨਾਂ ਨਾਲ ਮਸ਼ਹੂਰ ਥਾਣੇਦਾਰ ਸੀ, ਜਿਸ ਦਾ ਇਲਾਕੇ ਵਿਚ ਹੀ ਨਹੀਂ ਥਾਣੇ ਵਿਚ ਵੀ ਖੌਫ਼ ਸੀ। ਕਿਸੇ ਮੁਖ਼ਬਰ ਵੱਲੋਂ ਮਿਲੀ ਸੂਚਨਾ ਕਰਕੇ ਗਲ਼ ’ਚ ਚਮੜੇ ਦੇ ਕਵਰ ਵਿਚ ਅਠੱਤੀ ਬੋਰ ਦਾ ਪਿਸਤੌਲ ਪਾਈ ਜਦੋਂ ਕਾਲੀ ਘੋੜੀ ਦੀ ਥਾਂ ਜੀਪ ਉੱਤੇ ਸਵਾਰ ਹੋ ਕੇ ਰੇਡ ਨੂੰ ਤੁਰਦਾ ਤਾਂ ਪੁਰਾਣੇ ਸਿਪਾਹੀ 303 ਰਾਈਫ਼ਲਾਂ ਸੰਭਾਲਦੇ ਤੇ ਬਾਕੀ ਚਾਰ ਫੁੱਟੇ ਬੈਂਤ ਦੇ ਰੂਲ ਹੱਥਾਂ ਵਿਚ ਫੜੀ ਤੁਰਦੀ ਜੀਪ ਵਿਚ ਜਲਦੀ-ਜਲਦੀ ਜਿੱਥੇ ਹੱਥ ਪੈਂਦਾ ਪਾ ਕੇ ਚੜ੍ਹ ਜਾਂਦੇ, ਕਿਤੇ ਅੜਬ ਸਾਬ੍ਹ ਕੋਲੋਂ ਝਿੜਕਾਂ ਪੈ ਜਾਣ। ਅੰਗਰੇਜ਼ਾਂ ਵੇਲੇ ਦੀ ਨਾਨਕਸ਼ਾਹੀ ਇੱਟ ਦੀ ਚੌੜੀਆਂ ਕੰਧਾਂ ਵਾਲੀ ਗਰਮੀਆਂ ਵਿਚ ਵੀ ਠੰਢੀ ਥਾਣੇ ਦੀ ਇਮਾਰਤ ਦੀ ਚਾਰਦੀਵਾਰੀ ਨੂੰ ਲੱਗਾ ਵੱਡਾ ਸਾਰਾ ਲੱਕੜ ਦਾ ਗੇਟ ਵਿਚ ਛੋਟੀ ਜਿਹੀ ਖਿੜਕੀ, ਚਾਰਦੀਵਾਰੀ ਉੱਤੇ ਬਣੇ ਗੁੰਬਦ ਕਿਸੇ ਛੋਟੇ ਕਿਲ੍ਹੇ ਦਾ ਭੁਲੇਖਾ ਪਾਉਂਦੇ। ਗਰਮੀਆਂ ਦੇ ਦਿਨੀਂ ਸ਼ਾਮ ਨੂੰ ਕਿਸੇ ਹਵਾਲਾਤੀ ਵੱਲੋਂ ਛਿੜਕੇ ਪਾਣੀ ਕਰਕੇ ਭਿੰਨੀ-ਭਿੰਨੀ ਹਵਾੜ ਛੱਡਦਾ ਵਿਹੜਾ ਕਿਸੇ ਧਰਮਸ਼ਾਲਾ ਵਿਚ ਬਰਾਤੀਆਂ ਵਾਸਤੇ ਡਾਹੇ ਮੰਜਿਆਂ ਵਾਂਗਰ ਉੱਤੇ ਵੱਖ-ਵੱਖ ਰੰਗਾਂ ਦੀਆਂ ਵਿਛੀਆਂ ਚਾਦਰਾਂ ਜਾਂ ਖੇਸ, ਇਕ ਪਾਸੇ ਵੱਡੇ ਥਾਣੇਦਾਰ ਚੌਧਰੀ ਸਾਹਿਬ ਦਾ ਵੱਖਰਾ ਕਵਾਟਰ, ਮੁਜਰਮਾਂ ਨੂੰ ਕੁੱਟਦਿਆਂ ‘ਮੈਂ ਤਾਂ ਕੁੱਤੀਆਂ ਕੰਧਾਂ ’ਤੇ ਚੜ੍ਹਾਅ ਦੂੰ’ ਤਕੀਆ ਕਲਾਮ ਆਖਣ ਵਾਲਾ ਸਿਪਾਹੀ, ਜਿਸ ਦਾ ਨਾਂ ਹੀ ਕੁੱਤੀਆਂ ਵਾਲਾ ਪੱਕ ਚੁੱਕਾ ਸੀ। ਸਵੇਰੇ ਥਾਣੇ ਵਿਚ ਲੱਗੀ ਹਲਟੀ ਗੇੜਦੇ ਮੁਜਰਮ ਤੇ ਟੂਟੀਆਂ ਥੱਲੇ ਮਲ਼-ਮਲ਼ ਨਹਾਉਂਦੇ ਸਿਪਾਹੀ ਜਦੋਂ ਕਿਤੇ ਨਵੇਂ ਸਿਪਾਹੀ ਇਕ-ਦੂਜੇ ਨੂੰ ਮਖੌਲ ਕਰਦੇ, ਉੱਚੀ ਹੱਸਦੇ ਚੌਧਰੀ ਸੁਣ ਲੈਂਦਾ ਤਾਂ ਦਬਕਾ ਮਾਰਦਾ ਆਖਦਾ,‘ਤੁਸੀਂ ਚੁੱਪ ਕਰਦੇ ਓ ਕਿ ਕਰਾਂ ਹਵਾਲਾਤ ’ਚ ਬੰਦ, ਕਿਵੇਂ ਹਿੜ-ਹਿੜ ਲਾਈ ਆ।’ ਅੱਜ ਵੀ ਸਾਰਾ ਕੁਝ ਉਸ ਦੇ ਚੇਤਿਆਂ ’ਚ ਵਸਿਆ ਹੋਇਆ ਹੈ।
ਪੁਰਾਣੀ ਇਮਾਰਤ ਦੀ ਥਾਂ ਅਧੁਨਿਕ ਸਹੂਲਤਾਂ ਵਾਲੀ ਥਾਣੇ ਦੀ ਇਮਾਰਤ ਦੇ ਖੁੱਲ੍ਹੇ ਕਮਰੇ ਵਿਚ ਵੱਡੇ ਸਾਰੇ ਸ਼ੀਸ਼ੇ ਵਾਲੇ ਮੇਜ਼ ਪਿੱਛੇ ਘੁੰਮਣ ਵਾਲੀ ਗੱਦੇਦਾਰ ਕੁਰਸੀ, ਮਿਲਣ ਆਉਣ ਵਾਲੇ ਮੁਹਤਬਰਾਂ ਲਈ ਲੱਗੀਆਂ ਕੁਰਸੀਆਂ, ਕਮਰੇ ਦੇ ਬਾਹਰ ‘ਮੁੱਖ ਅਫ਼ਸਰ’ ਲਿਖੀ ਪਲੇਟ, ਨਾਲ ਹੀ ਮੁੱਖ ਮੁਨਸ਼ੀ ਦਾ ਕਮਰਾ। ਕਿੰਨਾ ਕੁਝ ਬਦਲ ਗਿਆ ਹੈ। ਥਾਣੇਦਾਰ ਵਾਸਤੇ ਹੁਣ ਜੀਪ ਨਹੀਂ ਜਿਪਸੀ ਹੈ। ਥਾਣੇ ਵਿੱਚ ਲੋੜ ਮੁਤਾਬਿਕ ਨਫ਼ਰੀ ਅੱਧ ਤੋਂ ਵੀ ਘੱਟ, ਉਹ ਵੀ ਕੋਈ ਕਿਸੇ ਨਾ ਕਿਸੇ ਨੇਤਾ ਦਾ ਸਿਫਾਰਸ਼ੀ, ਰਾਤ ਵੇਲੇ ਇਕ-ਦੋ ਡਿਊਟੀ ਵਾਲਿਆਂ ਨੂੰ ਛੱਡ ਕੇ ਭਾਂ-ਭਾ ਕਰਦੀ ਥਾਣੇ ਦੀ ਇਮਾਰਤ। ਚਾਰਜ ਦੇਣ ਵਾਲਾ ਲੋਕਲ ਰੈਂਕ ਇੰਸਪੈਕਟਰ ਕਿਸੇ ਦੂਸਰੇ ਥਾਂ ਆਪਣੀ ਜਾਇਜ਼ ਤੈਨਾਤੀ ਦੀ ਰਵਾਨਗੀ ਲਈ ਹੀ ਬਹੁੜਿਆ ਕਿਉਂਕਿ ਜੈਲ ’ਤੇ ਹਕੂਮਤ ਕਰਨ ਤੋਂ ਮਗਰੋਂ ਕਿਸੇ ਦੇ ਮੁਤੈਹਿਤ ਕੰਮ ਕਰਨਾ ਮੁਸ਼ਕਿਲ ਜੂ ਲੱਗਦਾ ਸੀ। ਸਿਪਾਹੀ ਦੋ ਚਾਰ ਹੀ ਬਾਕੀ ਸਭ ਸਟਾਰਾਂ ਵਾਲੇ ਟੈਰੀਕਾਟ ਦੀਆਂ ਸਾਫ਼-ਸੁਥਰੀਆਂ ਵਰਦੀਆਂ ਪਾਈ ਨਵੀਆਂ ਕਾਰਾਂ ਜਾਂ ਬੁਲੇਟ ਮੋਟਰਸਾਈਕਲਾਂ ਉੱਤੇ ਜਦੋਂ ਮਰਜ਼ੀ ਦੁਗ-ਦੁਗ ਕਰਦੇ ਥਾਣੇ ਪਹੁੰਚਦੇ। ਉਤਰਦਿਆਂ ਹੀ ਹੱਥਾਂ ਵਿਚ ਮਹਿੰਗੇ ਫੋਨ ਕੰਨਾਂ ਨਾਲ ਲਾਈ ਤੁਰੇ ਆਉਂਦੇ ਇਕ ਹੱਥ ਨਾਲ ਢਿੱਲਾ ਜਿਹਾ ਸਲਿਊਟ ਇੰਜ ਮਾਰਦੇ ਜਿਵੇਂ ਅਹਿਸਾਨ ਕਰ ਰਹੇ ਹੋਣ। ਲੇਟ ਆਉਣ ਦੇ ਵੀਹ ਬਹਾਨੇ। ਨੱਕ ’ਤੇ ਰੱਖੀਆਂ ਨਜ਼ਰ ਦੀਆਂ ਐਨਕਾਂ, ਸੇਵਾ-ਮੁਕਤੀ ਦੇ ਨੇੜੇ ਪੁੱਜਾ ਲੋਕਲ ਰੈਂਕ ਲਾਈ ਕੱਲਰੀ ਧੋੜੀ ਵਾਂਗ ਗਿੱਚੀ ਅਤੇ ਕੰਨਾਂ ਉੱਪਰ ਕੁਝ ਬਚੇ-ਖੁਚੇ, ਕੱਚੇ-ਪੱਕੇ ਵਾਲ਼ਾਂ ਵਾਲਾ ਪੁਰਾਣਾ ਮੁਨਸ਼ੀ ਸੀਤਾ ਰਾਮ, ਜਦੋਂ ਕਿਤੇ ਦਸਤਖ਼ਤ ਕਰਾਉਣ ਵਾਲੀ ਡਾਕ ਲੈ ਕੇ ਆਇਆ ਆਖਦਾ, ’ਜਨਾਬ ਸਿਆਸੀ ਦਖ਼ਲ ਨੇ ਤਾਂ ਪੁਲਿਸ ਫੋਰਸ ਦਾ ਬੇੜਾ ਈ ਗਰਕ ਕਰ ਕੇ ਰੱਖ ਦਿੱਤਾ ਆ।’ ਉਸ ਵੇਲੇ ਜਸਵਿੰਦਰ ਸਿੰਘ ਨੂੰ ਇਮਾਨਦਾਰੀ ਤੇ ਅਸੂਲਾਂ ਨਾਲ ਨੌਕਰੀ ਕਰਦਿਆਂ ਪੂਰਾ ਪੰਜਾਬ ਘੁੰਮਿਆ ਯਾਦ ਆ ਜਾਂਦਾ। ਬਹੁਤ ਹੀ ਮਾੜੇ ਦੌਰ ’ਚ ਪੁਲਿਸ ਵਿਚ ਭਰਤੀ ਹੋਏ ਜਸਵਿੰਦਰ ਸਿੰਘ ਨੇ ਬੜਾ ਕੁਝ ਵੇਖਿਆ ਹੈ। ਜਾਇਜ਼-ਨਜ਼ਾਇਜ ਪੁਲਿਸ ਮੁਕਾਬਲੇ, ਸਿਆਸਤ ਤੋਂ ਪ੍ਰਭਾਵਿਤ ਇਕ ਤਰਫ਼ਾ ਫ਼ੈਸਲੇ, ਧੱਕੇਸ਼ਾਹੀਆਂ ਆਦਿ ਪਰ ਆਪਣੇ ਅਸੂਲਾਂ ਅਤੇ ਇਮਾਨਦਾਰੀ ਨਾਲ ਕੰਮ ਕਰਦਿਆਂ ਵਰਦੀ ਬੇਦਾਗ਼ ਰੱਖੀ ਹੈ।
ਥਾਣੇ ਦਾ ਚਾਰਜ ਲੈਣ ਤੋਂ ਬਾਅਦ ਇਲਾਕੇ ਦੇ ਪਤਵੰਤਿਆਂ ਨਾਲ ਧੜਾਧੜ ਵਿਕ ਰਹੇ ਨਸ਼ਿਆਂ ਦੇ ਸਬੰਧ ਵਿਚ ਕੀਤੀ ਬੈਠਕ ਨੂੰ ਕੁਝ ਹੀ ਦਿਨ ਹੋਏ ਸਨ ਕਿ ਸਦਰ ਥਾਣੇ ਵਿਚ ਪੈਂਦੇ ਨੀਵੇਂ ਪਿੰਡ ਦੇ ਸਰਪੰਚ ਅਤੇ ਪੰਚਾਇਤ ਨੇ ਆ ਕੇ ਰਿਪੋਰਟ ਲਿਖਵਾਈ ਕਿ ਪਿੰਡ ਵਿਚ ਇਕ ਨਸ਼ੇੜੀ ਦੋਹਤਾ ਆਪਣੇ ਨਾਨੇ ਦਾ ਕਤਲ ਕਰ ਕੇ ਭੱਜ ਗਿਆ ਹੈ।ਥਾਣੇਦਾਰ ਜਸਵਿੰਦਰ ਸਿੰਘ ਨੇ ਇਕ ਤਫ਼ਤੀਸ਼ੀ ਅਫ਼ਸਰ ਦੀ ਡਿਊਟੀ ਲਾ ਕੇ ਕੁਝ ਸਿਪਾਹੀਆਂ ਸਮੇਤ (ਨਕਲੀ ਥਾਣੇਦਾਰਾਂ) ਨੂੰ ਨੀਵੇਂ ਪਿੰਡ ਵੱਲ ਰਵਾਨਾ ਕਰ ਦਿੱਤਾ। ਨੀਵੇਂ ਪਿੰਡ ਦਾ ਵਾਕਿਆ ਸੁਣ ਕੇ ਜਸਵਿੰਦਰ ਸਿੰਘ ਨੂੰ ਹਾਈ ਸਕੂਲੇ ਪੜ੍ਹਦਿਆਂ ਨੀਵੇਂ ਪਿੰਡ ਵਿਚ ਇਕੱਠੇ ਪੰਜ ਕਤਲ ਹੋਏ ਯਾਦ ਆ ਗਏ। ਉਸ ਨੇ ਹੋਰ ਪੁੱਛਗਿੱਛ ਕਰਨ ਦੇ ਮਨਸ਼ੇ ਨਾਲ ਆਪਣੀ ਹੀ ਉਮਰ ਦੇ ਸਰਪੰਚ ਨੂੰ ਰੋਕ ਕੇ ਬਾਕੀ ਲੋਕਾਂ ਨੂੰ ਵਾਪਸ ਮੋੜ ਦਿੱਤਾ। ਸੰਤਰੀ ਨੂੰ ਆਵਾਜ਼ ਮਾਰ ਕੇ ਅੱਡੇ ’ਚੋਂ ਚਾਚੇ ਭਜੇ ਦੀ ਦੁਕਾਨ ਤੋਂ ਚਾਹ ਮੰਗਵਾਉਣ ਲਈ ਆਖ ਸਰਪੰਚ ਗੁਰਮੇਲ ਸਿੰਘ ਦੇ ਨਾਲ ਆਪਣੇ ਦਫ਼ਤਰ ਵਿਚ ਆ ਗਿਆ। ਜਸਵਿੰਦਰ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਪ੍ਰਕਾਸ਼ ਕੀਤੇ ਦਾੜ੍ਹੇ ਵਿਚਲੇ ਨਕਸ਼ ਉਸ ਦੇ ਜਾਣੇ-ਪਛਾਣੇ ਹੋਣ ਪਰ ਯਾਦ ਨਾ ਆ ਰਹੇ ਹੋਣ। ‘ਸਰਪੰਚ ਸਾਹਿਬ, ਕਤਲ ਦਾ ਕੋਈ ਵਿਸ਼ੇਸ਼ ਕਾਰਨ ਵੀ ਹੋਵੇਗਾ’, ਥਾਣੇਦਾਰ ਜਸਵਿੰਦਰ ਸਿੰਘ ਨੇ ਸਰਪੰਚ ਨੂੰ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕਰ ਕੇ ਆਪ ਕੁਰਸੀ ਉੱਤੇ ਬੈਠਦਿਆਂ ਕਿਹਾ।
‘ਸਰਦਾਰ ਬਹਾਦਰ, ਕਾਰਨ ਕੀ ਹੋਣਾ ਆ! ਲਾਡਾਂ ਨਾਲ ਪਲੀ ਔਲਾਦ ਉਪਰੋਂ ਨਸ਼ੇ ਦੀ ਲਤ, ਨਾਨਕਾ ਢੇਰੀ ਮੁੰਡੇ ਨੂੰ ਹੀ ਆਉਂਦੀ ਹੈ। ਬਜ਼ੁਰਗ ਨਾਨਾ ਆਖਦਾ ਸੀ ਮੈਂ ਨਸ਼ਿਆਂ ’ਚ ਉਡਾਉਣ ਲਈ ਅੱਗ ਨਹੀਂ ਸੀ ਫੱਕੀ, ਜੀਂਦੇ ਜੀਅ ਤੇਰੇ ਨਾਂ ਨਹੀਂ ਲਵਾਉਣੀ, ਤੂੰ ਤਾਂ ਦਿਨਾਂ ਵਿੱਚ ਹੀ ਉਡਾ ਦੇਵੇਂਗਾ। ਬੱਸ ਹਾਥਾ-ਪਾਈ ਵਿਚ ਨਾਨੇ ਦੇ ਟਿਕਾਣੇ ਵੱਜ ਗਈ ਦੁਬਾਰਾ ਸਾਹ ਈ ਨਹੀਂ ਲਿਆ। ਮੁੰਡੇ ਦੀ ਮਾਂ ਕਲਪਦੀ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ’, ਸਰਪੰਚ ਸੰਖੇਪ ਵਿਚ ਕਹਿ ਕੇ ਚੁੱਪ ਕਰ ਗਿਆ। ਇੰਸਪੈਕਟਰ ਜਸਵਿੰਦਰ ਸਿੰਘ ਨੂੰ ਉਮਰ ਕਰਕੇ ਥੋੜ੍ਹੇ ਫਰਕ ਨਾਲ ਆਵਾਜ਼ ਵੀ ਕੁਝ ਜਾਣੀ-ਪਛਾਣੀ ਹੀ ਲੱਗੀ। ‘ਸਰਪੰਚ ਸਾਹਿਬ ਸ਼ਾਇਦ ਤੁਹਾਨੂੰ ਵੀ ਯਾਦ ਹੋਵੇਗਾ, ਤੁਹਾਡੇ ਪਿੰਡ ਪਹਿਲਾਂ ਵੀ ਇੱਕੋ ਘਰ ਦੇ ਪੰਜ ਜੀਆਂ ਦਾ ਕਤਲ ਹੋਇਆ ਸੀ। ਕਤਲ ਕਰਨ ਵਾਲਾ ਕਤਲ ਕਰਕੇ ਆਪ ਹੀ ਥਾਣੇ ਆ ਕੇ ਪੇਸ਼ ਹੋ ਗਿਆ ਸੀ।’ ‘ਹਾਂ ਜੀ, ਉਹ ਤਾਂ ਬੜਾ ਚਿਰ ਹੋ ਗਿਆ ਹੈ, ਉਦੋਂ ਮੈਂ ਸੱਤਵੀਂ ’ਚ ਸਾਂ ਪਰ ਤੁਹਾਨੂੰ ਕਿਵੇਂ ਜਾਣਕਾਰੀ ਹੈ’, ਸਰਪੰਚ ਹੈਰਾਨ ਹੋਇਆ। ‘ਮੈਂ ਵੀ ਉਦੋਂ ਨੀਵੇਂ ਪਿੰਡ ਸੱਤਵੀਂ ’ਚ ਹੀ ਪੜ੍ਹਦਾ ਸਾਂ, ਜੇ ਮੇਰੀ ਯਾਦਦਾਸ਼ਤ ਠੀਕ ਹੈ ਤਾਂ ਤੁਸੀਂ ਗੁਰਮੇਲ ਉਰਫ਼ ਗੇਲਾ ਤਾਂ ਨਹੀਂ’? ਜਸਵਿੰਦਰ ਸਿੰਘ ਨੇ ਸਰਪੰਚ ਨੂੰ ਯਾਦ ਕਰਾਉਂਦਿਆਂ ਹੋਏ ਕਿਹਾ।
‘ਮੈਨੂੰ ਵੀ ਲੱਗ ਰਿਹਾ ਸੀ ਕਿ ਤੁਹਾਨੂੰ ਕਿਤੇ ਵੇਖਿਆ ਹੈ ਫਿਰ ਸੋਚਿਆ ਚਿਹਰਿਆਂ ਵਰਗੇ ਚਿਹਰੇ ਹੁੰਦੇ ਨੇ। ਜੇ ਮੈਂ ਵੀ ਭੁੱਲਦਾ ਨਹੀਂ ਤਾਂ ਤੁਸੀਂ ਭੈਣੀ ਖੁੰਡੇ ਪਿੰਡੋਂ ਤਿੰਨ ਮੁੰਡੇ ਛੇਵੀਂ ਵਿਚ ਦਾਖ਼ਲ ਹੋਏ ਸੀ। ਉਨ੍ਹਾਂ ਮੁੰਡਿਆਂ ਦੇ ਨਾਂ ਤਾਂ ਯਾਦ ਨਹੀਂ ਤੁਹਾਨੂੰ ਜੱਸੀ ਕਹਿ ਕੇ ਬੁਲਾਉਂਦੇ ਹੁੰਦੇ ਸਾਂ’, ਆਖਦਾ ਕੁਰਸੀ ਤੋਂ ਉੱਠਦੇ ਠਾਣੇਦਾਰ ਨੂੰ ਵੇਖ ਸਰਪੰਚ ਵੀ ਉੱਠ ਖੜ੍ਹਿਆ। ਅਗਲੇ ਪਲ ਦੋਵੇਂ ਜਮਾਤੀ ਇਕ-ਦੂਜੇ ਦੀ ਗਲਵਕੜੀ ’ਚ ਸਨ। ‘ਉਸ ਕਾਤਲ ਨੂੰ ਕੀ ਸਜ਼ਾ ਹੋਈ ਸੀ। ਨਾਲੇ ਆਹ ਜੋ ਤੁਸੀਂ ਕਿਹਾ ਕਿ ਨਸ਼ਿਆਂ ’ਚ ਉਡਾਉਣ ਲਈ ਮੈਂ ਅੱਗ ਨਹੀਂ ਸੀ ਫੱਕੀ’, ਜਸਵਿੰਦਰ ਸਿੰਘ ਨੇ ਤਾਜ਼ੇ ਕਤਲ ਦਾ ਵਿਸ਼ਾ ਫਿਰ ਛੋਹ ਲਿਆ। ‘ਯਾਰ ਉਨ੍ਹਾਂ ਕਤਲਾਂ ਦਾ ਕਾਰਨ ਵੀ ਜ਼ਮੀਨ ਸੀ ਪਰ ਬਜ਼ੁਰਗ ਮਾਂ-ਬਾਪ ਨੇ ਕਤਲ ਕਰਨ ਵਾਲੇ ਨਾਲ ਵਿਤਕਰਾ ਕੀਤਾ ਸੀ। ਕੱਲ੍ਹ ਮਰਨ ਵਾਲਾ ਉਹੀ ਕਾਤਲ ਹੈ। ਸੈਸ਼ਨ ਜੱਜ ਤੋਂ ਤਿੰਨ ਸਾਲ ਬਾਅਦ ਉਸ ਨੂੰ ਉਮਰ ਕੈਦ ਹੋਈ ਸੀ। ਕੋਈ ਗਵਾਹੀ ਨਾ ਹੋਣ ਕਰਕੇ ਹਾਈ ਕੋਰਟ ਦੇ ਜੱਜ ਨੇ ਹਵਾਲਾਤ ਨੂੰ ਤਿੰਨ ਸਾਲ ਕੈਦ ਮੰਨ ਕੇ ਉਸ ਨੂੰ ਰਿਹਾਅ ਕਰ ਦਿੱਤਾ ਸੀ’ ਜਮਾਤੀ ਨੂੰ ਮਿਲ ਕੇ ਸਰਪੰਚ ਸਰਦਾਰ ਬਹਾਦਰ ਤੋਂ ਯਾਰ ਸ਼ਬਦ ’ਤੇ ਆ ਗਿਆ। ‘ਹੱਛਾ.. ! ਕਹਿ ਕੇ ਜਸਵਿੰਦਰ ਸਿੰਘ ਚੁੱਪ ਕਰ ਗਿਆ, ਜਿਸ ਦਾ ਭਾਵ ਸਮਝ ਗੁਰਮੇਲ ਸਰਪੰਚ ਦੁਬਾਰਾ ਬੋਲਿਆ, ‘ਹੋਇਆ ਇੰਜ ਸੀ ਕਿ ਕੱਲ੍ਹ ਮਰਨ ਵਾਲੇ ਦਾ ਬਜ਼ੁਰਗ ਚੰਗੇ ਸਿਆੜਾਂ ਦਾ ਮਾਲਕ ਸੀ। ਉਸ ਨੇ ਦੋਵੇਂ ਮੁੰਡੇ ਵੀ ਵਿਆਹ ਦਿੱਤੇ ਸਨ। ਵੱਡੇ ਨੂੰਹ-ਪੁੱਤ ਵੱਲ ਦਾਦੀ-ਦਾਦੇ ਦਾ ਝੁਕਾਅ ਜ਼ਿਆਦਾ ਸੀ ਕਿਉਂਕਿ ਉਹ ਸਹਿੰਦੇ ਘਰੋਂ ਸੀ। ਵੈਸੇ ਵੀ ਲੋਕ ਦੱਬੀ ਜ਼ੁਬਾਨ ਨਾਲ ਬੁੱਢੇ ਦੇ ਚਾਲ-ਚਲਣ ਬਾਰੇ ਵੀ ਗੱਲਾਂ ਚਿੱਥਦੇ ਰਹਿੰਦੇ ਸਨ ਪਰ ਖੁੱਲ੍ਹ ਕੇ ਕੋਈ ਗੱਲ ਨਹੀਂ ਸੀ ਕਰਦਾ। ਛੋਟੀ ਨੂੰਹ ਹਮਾਤੜ ਘਰ ਵਿੱਚੋਂ ਆਈ ਸੀ। ਵੱਡੀ ਨੂੰਹ ਮੁੰਡਾ ਜੰਮ ਕੇ ਮਾਣ ਮੱਤੀ ਸੀ ਤੇ ਛੋਟੀ ਉੱਪਰੋ-ਥੱਲੀ ਦੋ ਕੁੜੀਆਂ ਜੰਮ ਕੇ ਤਾਅਨਿਆਂ ਜੋਗੀ ਰਹਿ ਗਈ ਸੀ। ਘਰ ਵਿਚ ਪਏ ਕਲੇਸ਼ ਨੇ ਚੁੱਲ੍ਹੇ ਵੱਖਰੇ ਤਾਂ ਕਰ ਦਿੱਤੇ ਪਰ ਬਜ਼ੁਰਗ ਨੇ ਆਪਣੇ ਜਿਉਂਦੇ ਜੀਅ ਛੋਟੇ ਨੂੰ ਹਿੱਸੇ ਆਉਂਦੀ ਜ਼ਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੰਚਾਇਤ ਨੇ ਵੀ ਉਸ ਦਾ ਬਣਦਾ ਹੱਕ ਦੇਣ ਲਈ ਇਕੱਠ ਕੀਤਾ ਪਰ ਬੁੱਢਾ ਟੱਸ ਤੋਂ ਮੱਸ ਨਾ ਹੋਇਆ। ਲਹੂ ਐਨਾ ਚਿੱਟਾ ਹੋ ਜਾਵੇਗਾ, ਕਿਸੇ ਨੇ ਸੋਚਿਆ ਵੀ ਨਹੀਂ ਸੀ। ਕੋਈ ਵੇਲਾ ਘੜੀ ਹੀ ਸੀ ਕਿ ਛੋਟਾ ਖਾਰ ਖਾ ਗਿਆ। ਨਤੀਜਾ ਏਹ ਹੋਇਆ ਕਿ ਉਹ ਬਦੀ ਉੱਤੇ ਉੱਤਰ ਆਇਆ। ਆਪਣੇ ਦਿਲ ਦੀ ਗੱਲ ਉਸ ਨੇ ਆਪਣੀ ਪਤਨੀ ਨੂੰ ਵੀ ਨਹੀਂ ਦੱਸੀ ਹੋ ਸਕਦਾ ਸੀ, ਉਹ ਰੋਕ ਲੈਂਦੀ। ਉਹ ਬਿਨਾਂ ਕੁਝ ਦੱਸੇ ਆਪਣੀਆਂ ਧੀਆਂ ਤੇ ਪਤਨੀ ਨੂੰ ਪੇਕੇ ਛੱਡ ਆਇਆ। ਨਵੀਂ ਕਿਰਪਾਨ ਉਚੇਚੀ ਖ਼ਰੀਦ ਕੇ ਲਿਆਇਆ। ਉਸ ਦਿਨ ਉਹਨੇ ਸ਼ਾਇਦ ਪਹਿਲੀ ਵਾਰ ਰੱਜ ਕੇ ਸ਼ਰਾਬ ਪੀਤੀ ਹੋਵੇਗੀ ਕਿਉਂਕਿ ਉਸ ਨੂੰ ਸ਼ਰਾਬ ਪੀਂਦਿਆਂ ਕਦੇ ਵੀ ਕਿਸੇ ਨੇ ਵੇਖਿਆ ਹੀ ਨਹੀਂ ਸੀ। ਉਹਨੇ ਪਹਿਲਾਂ ਪਿੜ ਵਿਚ ਜਾ ਕੇ ਵੱਡਾ ਭਰਾ ਤੇ ਪਿਓ ਵੱਢਿਆ। ਘਰ ਆ ਕੇ ਭਰਜਾਈ ਤੇ ਭਤੀਜੇ ਨੂੰ ਮਾਰ ਕੇ ਜ਼ਮੀਨ ਦਾ ਵਾਰਸ ਹੀ ਖ਼ਤਮ ਕਰ ਦਿੱਤਾ। ਤਰਲੇ ਪਾਉਂਦੀ ਮਾਂ ਵੀ ਮਾਰ ਦਿੱਤੀ। ਉਸ ਤੋਂ ਬਾਅਦ ਲਹੂ ਲਿੱਬੜੀ ਕਿਰਪਾਨ ਲੈ ਕੇ ਉਹ ਰਾਤ ਹੀ ਠਾਣੇ ਪਹੁੰਚ ਗਿਆ ਸੀ। ਮੈਨੂੰ ਯਾਦ ਹੈ ਪੁਲਿਸ ਨੇ ਉਸ ਨੂੰ ਉਦੋਂ ਫੜਿਆ ਨਹੀਂ ਸੀ ਲੋਅ ਲਗਦੀ ਨੂੰ ਠਾਣੇਦਾਰ ਘੋੜੀ ’ਤੇ ਚੜ੍ਹਿਆ ਫੋਰਸ ਨਾਲ ਉਸ ਨੂੰ ਨਾਲ ਲੈ ਕੇ ਪਿੰਡ ਆ ਗਿਆ ਸੀ। ਚੌਕੀਦਾਰ ਤੋਂ ਤਸਦੀਕ ਕਰ ਕੇ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਸੀ।’ ਪਿੰਡ ਵਾਲਿਆਂ ਨੂੰ ਉਸ ਨਾਲ ਪਿਓ ਵੱਲੋਂ ਕੀਤੇ ਵਿਤਕਰੇ ਦਾ ਪਤਾ ਸੀ। ਕਿਸੇ ਨੇ ਵੀ ਉਸ ਦੇ ਖਿਲਾਫ਼ ਗਵਾਹੀ ਨਹੀਂ ਦਿੱਤੀ।
ਉਸ ਦੇ ਰਿਹਾਅ ਹੋਣ ਤੱਕ ਕੁੜੀਆਂ ਤੇ ਪਤਨੀ ਪੇਕੇ ਹੀ ਸਨ। ਇਸ ਦੌਰਾਨ ਛੋਟੀ ਕੁੜੀ ਤੇ ਪਤਨੀ ਕਿਸੇ ਰੋਗ ਕਰਕੇ ਪੂਰੀਆਂ ਹੋ ਗਈਆਂ ਸਨ। ਪਿਓ ਦੀ ਜ਼ਮੀਨ ਦਾ ਕਨੂੰਨੀ ਵਾਰਸ ਤਾਂ ਉਹ ਹੈ ਈ ਸੀ ਪਰ ਪੰਜ ਕਤਲ ਕਰਨ ਕਰਕੇ ਪਿੰਡ ਦੇ ਲੋਕ ਉਸ ਨਾਲ ਕੋਈ ਬਹੁਤਾ ਮੇਲ ਜੋਲ ਨਹੀਂ ਸਨ ਰੱਖਦੇ। ਉਹ ਪਿੰਡ ਵਿਚਲਾ ਘਰ ਛੱਡ ਕੇ ਖੇਤਾਂ ਵਿਚ ਘਰ ਪਾ ਕੇ ਰਹਿਣ ਲੱਗਿਆ ਸੀ। ਪਿੰਡ ਵਾਲਾ ਘਰ ਅੱਜ ਵੀ ਸੁੰਨ੍ਹਾ ਹੀ ਪਿਆ ਹੈ। ਕੁੜੀ ਜਵਾਨ ਹੋਈ ਦੇ ਰਿਸ਼ਤੇ ਲਈ ਵੀ ਅੜਿੱਕਾ ਪੰਜ ਜੀਆਂ ਦੇ ਕਤਲ ਬਣੇ ਸਨ। ਕਾਫ਼ੀ ਦੂਰੋਂ ਕਿਸੇ ਤਰ੍ਹਾਂ ਘਰ ਜਵਾਈ ਰੱਖਣ ਦੀ ਸ਼ਰਤ ’ਤੇ ਕੁੜੀ ਦਾ ਵਿਆਹ ਵੀ ਹੋ ਗਿਆ। ਸਾਲ ਬਾਅਦ ਦੋਹਤਰਾ ਵੀ ਪੈਦਾ ਹੋ ਗਿਆ ਪਰ ਜਵਾਈ ਬਲੈਕੀਆ ਹੈ, ਇਸ ਦਾ ਪਤਾ ਨਾ ਲੱਗਾ। ਉਹ ਪਾਰ (ਪਾਕਿਸਤਾਨ) ਗਿਆ ਫੜਿਆ ਗਿਆ, ਜਿਸ ਦਾ ਅੱਜ ਤੱਕ ਮਰੇ-ਜਿਉਂਦੇ ਦਾ ਪਤਾ ਹੀ ਨਹੀਂ। ਪਿਓ-ਧੀ ਮੁੰਡੇ ਨੂੰ ਲਾਡਾਂ ਨਾਲ ਪਾਲਣ ਲੱਗੇ। ਪਤੀ ਨੂੰ ਉਡੀਕਦੀ ਕੁੜੀ ਇਕ ਤਾਂ ਟੀਬੀ ਦੀ ਸ਼ਿਕਾਰ ਹੋ ਗਈ ਤੇ ਦੂਸਰਾ ਲਾਡਾਂ ਨਾਲ ਪਲ਼ਿਆ ਪੁੱਤ ਨਸ਼ਿਆਂ ਦਾ ਆਦੀ ਹੋਇਆ ਵੇਖ ਝੂਰਦੀ ਵਕਤੋਂ ਪਹਿਲਾਂ ਹੀ ਪੂਰੀ ਹੋ ਗਈ ਸੀ। ਉਸ ਦੇ ਰਿਹਾਅ ਹੋਣ ਬਾਰੇ ਮੈਂ ਪਹਿਲਾਂ ਦੱਸ ਹੀ ਚੁੱਕਾ ਹਾਂ, ਬਾਕੀ ਨਤੀਜਾ ਤੁਹਾਡੇ ਸਾਹਮਣੇ ਹੈ।’ ਸਰਪੰਚ ਪੁਰਾਣੀ ਵਾਰਦਾਤ ਸੁਣਾ ਕੇ ਚੁੱਪ ਹੋ ਗਿਆ।
ਚਾਹ ਪੀਂਦਿਆਂ ਸਕੂਲ ਦੀਆਂ ਯਾਦਾਂ ਸਾਂਝੀਆਂ ਕਰਨ ਤੋਂ ਬਾਅਦ ਦੁਬਾਰਾ ਮਿਲਣ ਦੇ ਵਾਅਦੇ ਨਾਲ ਸਰਪੰਚ ਆਪਣੇ ਪਿੰਡ ਨੂੰ ਚਲਾ ਗਿਆ ਸੀ। ਜ਼ਮੀਨ ਖ਼ਾਤਰ ਆਪਣੇ ਪੰਜ ਜੀਅ ਕਤਲ ਕਰਨ ਵਾਲਾ ਆਪ ਵੀ ਲਾਡਾਂ ਨਾਲ ਪਾਲ਼ੇ ਆਪਣੇ ਖ਼ੂਨ ਦੇ ਰਿਸ਼ਤੇ ਹੱਥੋਂ ਜ਼ਮੀਨ ਖਾਤਰ ਹੀ ਮਾਰਿਆ ਗਿਆ ਸੀ। ਕਾਤਲ ਨੂੰ ਸਜ਼ਾ ਮਿਲਣੀ ਸੀ ਜਾਂ ਨਹੀਂ ਪਰ ਸੇਵਾ ਮੁਕਤੀ ਨੇੜੇ ਪੁੱਜਾ ਜਸਵਿੰਦਰ ਸਿੰਘ ਆਪਣੇ ਦਫ਼ਤਰ ਵਿੱਚ ਬੈਠਾ ਅੱਜ ਦਿਨੋਂ-ਦਿਨ ਚਿੱਟੇ ਹੋ ਰਹੇ ਲਹੂ ਦੇ ਰਿਸ਼ਤਿਆਂ ਦਾ ਮੰਥਨ ਕਰ ਰਿਹਾ ਸੀ।
-ਤਰਸੇਮ ਸਿੰਘ ਭੰਗੂ