Sant Ram Udasi ਦੇ ਜਨਮ ਵੇਲੇ ਦਲਿਤ ਲੋਕ ਸਿਰਫ਼ ਮਜ਼ਦੂਰੀ ਕਰ ਕੇ ਹੀ ਗੁਜ਼ਾਰਾ ਕਰਦੇ ਸਨ। ਪੜ੍ਹਾਈ ਲਈ ਇਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀ ਜਾਂਦਾ ਸੀ ਇਸ ਕਰਕੇ ਗ਼ੁਰਬਤ ਵਿਚ ਹੀ ਉਦਾਸੀ ਦਾ ਬਚਪਨ ਗੁਜ਼ਰਿਆ। ਦੇਸ਼ ਆਜ਼ਾਦ ਹੋਣ ਬਾਅਦ ਸਰਕਾਰ ਵਲੋਂ ਪੜ੍ਹਾਈ ਵੱਲ ਧਿਆਨ ਦਿੱਤਾ ਜਾਣ ਲੱਗਾ।
ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਨੂੰ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਮਾਤਾ ਧੰਨ ਕੌਰ ਅਤੇ ਪਿਤਾ ਮਿਹਰ ਸਿੰਘ ਦੇ ਘਰ ਹੋਇਆ। ਸੰਤ ਰਾਮ ਉਦਾਸੀ ਦੇ ਜਨਮ ਵੇਲੇ ਦਲਿਤ ਲੋਕ ਸਿਰਫ਼ ਮਜ਼ਦੂਰੀ ਕਰ ਕੇ ਹੀ ਗੁਜ਼ਾਰਾ ਕਰਦੇ ਸਨ। ਪੜ੍ਹਾਈ ਲਈ ਇਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀ ਜਾਂਦਾ ਸੀ ਇਸ ਕਰਕੇ ਗ਼ੁਰਬਤ ਵਿਚ ਹੀ ਉਦਾਸੀ ਦਾ ਬਚਪਨ ਗੁਜ਼ਰਿਆ। ਦੇਸ਼ ਆਜ਼ਾਦ ਹੋਣ ਬਾਅਦ ਸਰਕਾਰ ਵਲੋਂ ਪੜ੍ਹਾਈ ਵੱਲ ਧਿਆਨ ਦਿੱਤਾ ਜਾਣ ਲੱਗਾ। ਇਸ ਕਰਕੇ ਸੰਤ ਰਾਮ ਉਦਾਸੀ ਨੂੰ ਪੜ੍ਹਨ ਦਾ ਮੌਕਾ ਮਿਲਿਆ। ਭਾਵੇਂ ਸੰਤ ਰਾਮ ਉਦਾਸੀ ਦਾ ਪਰਿਵਾਰ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਿਹਾ ਸੀ ਪਰ ਫਿਰ ਵੀ ਉਸ ਨੇ ਪੜ੍ਹਾਈ ਜਾਰੀ ਰੱਖੀ।
ਮੁੱਢਲੀ ਵਿੱਦਿਆ ਆਪਣੇ ਪਿੰਡ ਰਾਏਸਰ ਤੋਂ ਅਤੇ ਦਸਵੀਂ ਤੇ ਜੇ. ਬੀ. ਟੀ ਪਿੰਡ ਬਖਤਗੜ੍ਹ ਤੋਂ ਪਾਸ ਕੀਤੀ। ਫਿਰ ਸਰਕਾਰੀ ਸਕੂਲ ਬੀਹਲੇ ਅਧਿਆਪਕ ਲੱਗ ਗਿਆ। ਉਦਾਸੀ ਨੂੰ ਜਾਤੀ ਵਿਤਕਰਾ ਆਪ ਦੇ ਪਿੰਡੇ 'ਤੇ ਹੰਢਾਉੁਣਾ ਪਿਆ ਅਤੇ ਕੰਮੀਆਂ ਨੂੰ ਕੰਮ ਕਰਦੇ ਬੜੇ ਧਿਆਨ ਨਾਲ ਵੇਖਦਿਆਂ ਕਲਮ ਚੁੱਕਣੀ ਪਈ। ਉਦਾਸੀ ਦਾ ਪੜਦਾਦਾ ਕਾਹਲਾ ਸਿੰਘ ਬਹੁਤ ਵਧੀਆ ਗਵੱਈਆ ਸੀ ਇਸ ਕਰਕੇ ਉੁਦਾਸੀ ਨੂੰ ਹੇਕ ਲਾਉਣ ਦੀ ਦਾਤ ਅਤੇ ਦਿਲ ਕੀਲਣ ਵਾਲੀ ਆਵਾਜ਼ ਵਿਰਸੇ ਵਿਚ ਹੀ ਮਿਲ ਗਈ ਸੀ।
ਉੁਦਾਸੀ ਦਾ ਪਰਿਵਾਰ ਨਾਮਧਾਰੀ ਸੀ। ਇਸ ਕਰਕੇ ਉਸ ਦੀਆਂ ਪਹਿਲੀਆਂ ਕਵਿਤਾਵਾਂ ਨਿਰੋਲ ਧਾਰਮਿਕ ਜਾਂ ਨਾਮਧਾਰੀਆਂ ਨਾਲ ਸਬੰਧਤ ਹਨ। ਫਿਰ ਉਸ ਨੇ ਦੇਸ਼ ਭਗਤੀ ਦੇ ਗੀਤ ਲਿਖੇ। ਸੰਤ ਰਾਮ ਉਦਾਸੀ 1960-61 ਵਿਚ ਲੋਕ ਰੰਗ ਦੇ ਸਾਹਿਤਕ ਗੀਤ ਰੇਡੀਓ ਸਟੇਸ਼ਨ 'ਤੇ ਵੀ ਗਾ ਆਇਆ ਸੀ। 1964 ਤੋਂ 1968 ਤਕ ਉਸ ਨੇ ਮਾਰਕਸ, ਏਂਗਲਜ, ਲੈਨਿਨ, ਗੋਰਕੀ, ਜੂਲੀਅਸ ਫਿਊਚਕ, ਲੂਸਨ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਲੇਖਕਾਂ ਦੀਆਂ ਕਿਤਾਬਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਵਿਗਿਆਨਿਕ ਢੰਗ ਨਾਲ ਘੋਖਿਆ। ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਲੋਕਾਂ ਵਿਚ ਨਵੀਂ ਰੂਹ ਭਰ ਦਿੱਤੀ। ਜਦੋਂ ਪੰਜਾਬ ਵਿਚ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਉਦਾਸੀ ਉਸ ਵਿਚ ਸ਼ਾਮਲ ਹੋ ਗਿਆ। ਉਹ ਇਨਕਲਾਬੀ ਗੀਤ ਗਾਉਣ ਲੱਗ ਪਿਆ। ਉਸ ਦੇ ਗੀਤਾਂ ਨੂੰ ਲੋਕ ਸੁਣ ਕੇ ਜਾਗਰਿਤ ਹੋ ਰਹੇ ਸਨ।
13 ਅਗਸਤ 1971 ਨੂੰ ਸਾਹਿਤ ਸਭਾ ਨਕੋਦਰ ਵਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ। ਉਸ ਵਿਚ ਸੰਤ ਰਾਮ ਉਦਾਸੀ ਪੰਜਾਬ ਪੱਧਰ ਦੇ ਕਵੀ ਵਜੋਂ ਉਭਰ ਕੇ ਸਾਹਮਣੇ ਆਆਿ। ਉਦਾਸੀ ਦੀ ਜ਼ਿੰਦਗੀ ਭਾਵੇਂ ਗ਼ਰੀਬੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ ਪਰ ਉਹ ਦਿਲ ਦਾ ਬੜਾ ਅਮੀਰ ਬੰਦਾ ਸੀ। ਉਸ ਦੇ ਕਿ ਮਿੱਤਰ ਜਸਵਿੰਦਰ ਦੇ ਦੱਸਣ ਮੁਤਾਬਕ ਇਕ ਵਾਰ ਸੰਤ ਰਾਮ ਉਦਾਸੀ ਨੂੰ ਖੇਤੀ-ਬਾੜੀ ਯੂਨੀਵਰਸਿਟੀ ਵਿਚ ਬਾਵਾ ਬਲਵੰਤ ਐਵਾਰਡ ਦਿੱਤਾ ਗਿਆ। ਹਾਲ ਵਿਚ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ। ਵਿਦਵਾਨਾਂ ਨੇ ਉਦਾਸੀ ਦੇ ਗੀਤਾਂ ਅਤੇ ਉਸਦੇ ਸੰਗਰਾਮੀ ਜੀਵਨ ਦੀ ਰੱਜਕੇ ਪ੍ਰਸੰਸਾ ਕੀਤੀ। ਉਦਾਸੀ ਇਸ ਪ੍ਰਸੰਸਾ ਤੋਂ ਨਿਰਲੇਪ ਸਟੇਜ 'ਤੇ ਬੈਠਾ ਸੀ। ਉਹਦੇ ਹੱਥ ਵਿਚ ਬੈਗ ਸੀ। ਸਿਰਫ਼ ਮੈਨੂੰ ਹੀ ਪਤਾ ਸੀ ਕਿ ੁਉਸ ਬੈਗ ਵਿਚ ਹੋਰ ਕੁਝ ਨਹੀਂ ਬਸ ਇਕ ਦਾਤੀ ਤੇ ਇਕ ਪੱਲੀ ਹੈ। ਉਸ ਨੇ ਵਾਪਸੀ 'ਤੇ ਪਿੰਡ ਨੇੜਿਉਂ ਮੱਝ ਵਾਸਤੇ ਪੱਠੇ ਲੈ ਕੇ ਜਾਣੇ ਸੀ। ਉਸ ਨੂੰ ਐਵਾਰਡ ਵਿਚ ਇੱਕੀ ਸੌ ਰੁਪਏ, ਸ਼ਾਲ, ਅਤੇ ਮੋਮੈਂਟੋ ਮਿਲਿਆ ਸੀ। ਉਦਾਸੀ ਨੇ ਪੈਸਿਆਂ ਵਾਲਾ ਲਿਫ਼ਾਫ਼ਾ ਜੇਬ ਵਿਚ ਪਾ ਲਿਆ। ਮੁੜਨ ਵੇਲੇ ਉਹਨੇ ਲਿਫ਼ਾਫ਼ੇ 'ਚੋਂ ਸੌ ਦਾ ਨੋਟ ਕੱਢ ਕੇ ਮੈਨੂੰ ਦੇ ਕੇ ਕਹਿੰਦਾ ਤੂੰ ਟੁੱਟੇ ਬੂਟ ਪਾਈ ਫਿਰਦੈਂ, ਆਹ ਫੜ੍ਹ ਨਵੇਂ ਬੂਟ ਲੈ ਲਵੀਂ।
1967 ਵਿਚ ਜਦ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਸੰਤ ਰਾਮ ਉਦਾਸੀ ਉਸ ਲਹਿਰ ਤੋਂ ਪ੍ਰਭਾਵਿਤ ਹੋ ਗਿਆ। ਉਦਾਸੀ ਨੇ ਕਵਿਤਾਵਾਂ ਲਿਖ ਕੇ ਸਟੇਜ 'ਤੇ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਹਕੂਮਤ ਨੂੰ ਵੰਗਾਰਨ ਵਾਲੀਆਂ ਸਨ ਜਿਹੜੀਆਂ ਸਰਕਾਰ ਨੂੰ ਹਜ਼ਮ
ਨਹੀਂ ਹੋ ਰਹੀਆਂ ਸਨ ਇਸ ਕਰਕੇ ਪੁਲਿਸ ਨੇ ਉਦਾਸੀ ਨੂੰ ਪਹਿਲਾਂ 1969-70 ਵਿਚ ਫਿਰ 11-1-1971 ਨੂੰ ਬਹਾਦਰ ਸਿੰਘ ਵਾਲਾ ਦਾ ਸਪੈਸ਼ਲ ਸਟਾਫ ਚੁੱਕ ਕੇ ਲੱਢਾ ਕੋਠੀ (ਸੰਗਰੂਰ) ਲੈ ਗਏ ਉਥੇ ਉਦਾਸੀ 'ਤੇ ਸਰੀਰਕ ਤਸ਼ੱਦਦ ਢਾਹਿਆ ਗਿਆ। ਕਈ ਦਿਨਾਂ ਦੀ ਕੁੱਟਮਾਰ ਤੋਂ ਬਾਅਦ ਸਰੀਰ ਵਿਚ ਇੰਨੀ ਕਮਜ਼ੋਰੀ ਪੈ ਗਈ ਕਿ ਉਦਾਸੀ ਤੋਂ ਖੜ੍ਹਾ ਨਹੀਂ ਹੋ ਹੁੰਦਾ ਸੀ। ਇਸ ਤੋਂ ਬਾਅਦ ਉਦਾਸੀ ਨੂੰ ਹੱਡ ਪੈਰ ਦੁੱਖਣ ਦਾ ਰੋਗ ਲੱਗ ਗਿਆ।
1975 ਵਿਚ ਐਮਰਜੈਂਸੀ ਲੱਗ ਗਈ ਫਿਰ ਵੀ ਹਕੂਮਤ ਨੇ ਉਦਾਸੀ ਦਾ ਖਹਿੜਾ ਨਾ ਛੱਡਿਆ। ਘਰ ਤੋਂ ਚੁੱਕ ਲੈਂਦੀ ਤਸ਼ਦੱਦ ਕਰਦੀ ਇਸ ਕਰਕੇ ਉਦਾਸੀ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਗਿਆ। ਉਦਾਸੀ ਦਾ ਪਰਿਵਾਰ ਵੀ ਭਾਰੀ ਸੀ ਇਕੱਲੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਇਸ ਫ਼ਿਕਰ ਨੇ ਵੀ ਉਦਾਸੀ ਦੇ ਮਾਨਸਿਕ ਤਣਾਅ ਵਿਚ ਵਾਧਾ ਕਰ ਦਿੱਤਾ ਸੀ।
1979 ਵਿਚ ਸੰਤ ਰਾਮ ਉਦਾਸੀ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ(ਇਪਾਨਾ) ਦੇ ਸੱਦੇ 'ਤੇ ਕੈਨੇਡਾ ਗਿਆ। ਇਸ ਫੇਰੀ ਦੌਰਾਨ ਉਦਾਸੀ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਪ੍ਰੋਗਰਾਮ ਕੀਤੇ। ਇਪਾਨਾ ਨੇ ਸੰਤ ਰਾਮ ਉਦਾਸੀ ਦੇ ਗੀਤਾਂ ਦਾ ਇਕ ਰਿਕਾਰਡ ਤਿਆਰ ਕਰਵਾਇਆ ਅਤੇ ਉਸ ਦਾ ਨਾਂ ਰੱਖਿਆ ਗਿਆ 'ਸੰਤ ਰਾਮ ਉਦਾਸੀ ਦੇ ਗੀਤ।'
ਉਦਾਸੀ ਨੇ ਮਜ਼ਦੂਰਾਂ ਅਤੇ ਕਾਮਿਆਂ ਦੇ ਦੁੱਖ ਨੂੰ ਅਣਗਿਣਤ ਕਵਿਤਾਵਾਂ ਵਿਚ ਖੁੱਲ੍ਹ ਕੇ ਬਿਆਨ ਕੀਤਾ ਹੈ। ਸੰਤ ਰਾਮ ਉਦਾਸੀ ਕੰਮੀਆਂ ਦੇ ਵਿਹੜੇ ਦੀ ਗੱਲ ਕਰਦਾ ਹੋਇਆ ਸੂਰਜ ਨੂੰ ਕਹਿੰਦਾ ਹੈ ਤੂੰ ਕੰਮੀਆਂ ਦੇ ਵਿਹੜੇ ਸਦਾ ਮੱਘਦਾ ਹੋਇਆ ਸੰਘਰਸ਼ ਅਤੇ ਇਨਕਲਾਬ ਦਾ ਸੁਨੇਹਾ ਦਿੰਦਾ ਰਹੀ ਇਹ ਉਦਾਸੀ ਦੀ ਹਰਮਨ ਪਿਆਰੀ ਰਚਨਾ ਸੀ। ਇਸ ਰਚਨਾ ਨੂੰ ਉੁਹ ਉੱਚੀ ਹੇਕ ਲਾ ਕੇ ਸਟੇਜ 'ਤੇ ਗਾਉਂਦਾ ਹੁੰਦਾ ਸੀ...
ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਤੰਗ ਨਾ ਸਮਝਣ
ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਅੱਖਾਂ ਸੁੰਨੀਆਂ ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਉੁਦਾਸੀ ਨੇ ਰੱਬ 'ਤੇ ਗਿਲਾ ਕਰਦਿਆਂ ਕਿਰਤੀਆਂ ਅਤੇ ਰਾਜਿਆਂ ਦੇ ਫ਼ਰਕ ਨੂੰ ਬਿਆਨ ਕਰਦਿਆਂ ਲਿਖਿਆ-
ਰੋਣ ਵਾਲਿਓ! ਲੋਥ ਮੇਰੀ 'ਤੇ,
ਬੰਨੋ ਕੁਝ ਤਲਵਾਰਾਂ।
ਜਿਸ ਦੇ ਵਰ ਤੋਂ ਰਾਜੇ ਜੰਮਦੇ,
ਉਸ ਰੱਬ ਨੂੰ ਲਲਕਾਰਾਂ।
ਦਾਜ ਦੀ ਬਲੀ ਚੜ੍ਹਨ ਵਾਲੀਆਂ ਧੀਆਂ ਦਾ ਦੁੱਖ ਵੀ
ਉਦਾਸੀ ਨੇ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ-
੦ ਇਕ ਤਲਵਾਰ ਮੇਰੀ ਡੋਲੀ
ਵਿਚ ਰੱਖ ਦਿਓ
ਹੋਰ ਵੀਰੇ ਦਿਓ ਨਾ ਵੇ ਦਾਜ।
ਇਕ ਗੀਤ ਵਿਚ ਚੂੜੀਆਂ ਵੇਚਣ ਵਾਲੇ ਵਣਜਾਰੇ ਨੂੰ ਕਿਹਾ ਇਥੇ ਚੂੜੀਆਂ ਦਾ ਹੋਕਾ ਨਾ ਦੇਵੀਂ ਸਾਰੇ ਹੀ ਦੁਖੀ ਹਨ।
੦ ਸਾਡੀ ਬੀਹੀ ਵਿਚ ਚੂੜੀਆਂ ਦਾ ਹੋਕਾ
ਦੇਈ ਨਾ ਵੀਰਾ ਵਣਜਾਰਿਆ।
ਸਾਡੇ ਪਿੰਡ 'ਚ ਸਾਉਣ 'ਚ ਸੋਕਾ..
ਵੇ ਵੀਰਾ ਵਣਜਾਰਿਆ।
ਸੰਤ ਰਾਮ ਉਦਾਸੀ ਸਮੇਂ ਦੇ ਨਾਲ-ਨਾਲ ਗ਼ਲਤ ਵਰਤਾਰਾ ਕਰਨ ਵਾਲਿਆਂ ਨੂੰ ਫਟਕਾਰਾਂ ਪਾ ਦਿੰਦਾ ਸੀ ਇਸ ਤਰ੍ਹਾਂ ਹੀ ਲੋਕਾਂ ਨੂੰ ਲੀਡਰਾਂ ਤੋਂ ਬਚਣ ਲਈ ਆਖਦਾ ਹੈ..
੦ ਲੋਕੋ ਬਾਜ ਆ ਜਾਵੋ ਝੂਠੇ ਲੀਡਰਾਂ ਤੋਂ..
ਇਨ੍ਹਾਂ ਦੇਸ ਨੂੰ ਬਿਲੇ ਲਗਾ ਛੱਡਣਾ।
ਇਨ੍ਹਾਂ ਦੇਸ਼ ਦਾ ਕੁਝ ਵੀ
ਛੱਡਿਆ ਨੀ..
ਇਨ੍ਹਾਂ ਥੋਂਨੂੰ ਵੀ ਵੇਚ ਕੇ
ਖਾ ਜਾਣਾ।
ਸੰਤ ਰਾਮ ਉਦਾਸੀ ਦੀਆਂ ਲਹੂ ਭਿੱਜੇ ਬੋਲ, ਚੌਂਹ ਨੁੱਕਰੀਆਂ ਸੀਖਾਂ, ਸੈਨਤਾਂ, ਤਿੰਨ ਕਾਵਿ-ਸੰਗ੍ਰਹਿ ਉਹ ਆਪ ਛਪਵਾ ਗਿਆ ਸੀ ਅਤੇ ਲਿਖਾਰੀ ਸਭਾ ਬਰਨਾਲਾ ਨੇ 'ਕੰਮੀਆਂ ਦਾ ਵਿਹੜਾ' ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਨੇ 'ਦਿੱਲੀ ਏ ਦਿਆਲਾ ਵੇਖ' ਉੁਸ ਦੀ ਪਹਿਲੀ ਬਰਸੀ 'ਤੇ ਉਸ ਦੇ ਪਿੰਡ ਰਾਏਸਰ ਵਿਖੇ ਦੋ ਕਿਤਾਬਾਂ ਰਿਲੀਜ਼ ਕੀਤੀਆਂ।
ਰੇਲ ਗੱਡੀ 'ਚ ਉਦਾਸੀ ਦੀ ਮੌਤ ਹੋਣ 'ਤੇ ਨਾਲ ਦੇ ਲੇਖਕ ਨੇ ਪੁਲੀਸ ਨੂੰ ਉਦਾਸੀ ਦੀ ਜਾਣ ਪਹਿਚਾਣ ਕਰਵਾਈ। ਫਿਰ ਉਦਾਸੀ ਦੇ ਸਰੀਰ ਨੂੰ ਮਨਵਾੜ ਦੇ ਸਿੱਖਾਂ ਨੇ ਸੰਭਾਲ ਲਿਆ।
ਘਰ ਤਿੰਨ ਦਿਨਾਂ ਬਾਅਦ ਖ਼ਬਰ ਮਿਲਣ 'ਤੇ ਉਦਾਸੀ ਦੇ ਦੋ ਰਿਸ਼ਤੇਦਾਰ ਮਨਵਾੜ ਪਹੁੰਚ ਗਏ ਉੱਥੇ ਗੋਦਾਵਰੀ ਨਦੀ ਵਿਚ ਫੁੱਲ ਪਾ ਕੇ ਆਉਂਦੇ ਹੋਏ ਸੰਤ ਰਾਮ ਉਦਾਸੀ ਦੀ ਨਿਸ਼ਾਨੀ ਬੈਗ ਲੈ ਆਏ।
ਉੁਦਾਸੀ ਆਪਣੀ 'ਵਸੀਅਤ' ਕਵਿਤਾ ਰਾਹੀ ਸਰੀਰ ਦੀ ਵਸੀਅਤ ਇਸ ਤਰ੍ਹਾਂ ਲਿਖ ਗਿਆ ਸੀ..
੦ ਮੇਰੀ ਮੌਤ ਤੇ ਨਾਂ ਰੋਇਓ
ਮੇਰੀ ਸੋਚ ਨੂੰ ਬਚਾਇਓ..
ਮੇਰੇ ਲਹੂ ਦਾ ਕੇਸਰ ਰੇਤੇ 'ਚ
ਨਾ ਰਲਾਇਓ..
ਮੇਰੀ ਵੀ ਜ਼ਿੰਦਗੀ ਕੀ?
ਬਸ ਬੂਰ ਸਰਕੜੇ ਦਾ
ਹੋਣਾ ਨਹੀਂ ਚਾਹੁੰਦਾ
ਸੜ ਕੇ ਸੁਆਹ ਇਕੇਰਾਂ..
ਜਦ ਜਦ ਢਲੇਗਾ ਸੂਰਜ
ਕਣ ਕਣ ਮੇਰਾ ਜਲਾਇਓ।
ਜ਼ਿੰਦਗੀ ਦਾ ਆਖ਼ਰੀ ਸਫ਼ਰ
3 ਨਵੰਬਰ 1986 ਨੂੰ ਹਜ਼ੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਵੀ ਦਰਬਾਰ ਰੱਖਿਆ ਗਿਆ ਸੀ ਉਸ ਵਿਚ ਉਦਾਸੀ ਨੂੰ ਵੀ ਬੁਲਾਇਆ ਗਿਆ। ਵਾਪਸੀ ਤੇ ਜਦ ਉਦਾਸੀ ਆਉਣ ਲੱਗਾ ਤਾਂ ਇਸ ਦਾ ਇਕ ਹੋਰ ਲੇਖਕ ਨਾਲ ਮੇਲ ਹੋ ਗਿਆ। ਲੇਖਕ ਰੇਲ ਗੱਡੀ ਵਿਚ ਸੀਟ 'ਤੇ ਬੈਠ ਗਿਆ ਪਰ ਸੰਤ ਰਾਮ ਉਦਾਸੀ ਥੋੜ੍ਹੇ ਚਿਰ ਬਾਅਦ ਉਪਰਲੀ ਸੀਟ 'ਤੇ ਸੌਂ ਗਿਆ। ਮਨਵਾੜ ਆ ਕੇ ਜਦ ਲੇਖਕ ਨੇ ਉਦਾਸੀ ਨੂੰ ਉਠਾਇਆ ਤਾਂ 6 ਨਵੰਬਰ 1986 ਨੂੰ 47 ਸਾਲ ਦੀ ਉਮਰ ਵਿਚ ਉਦਾਸੀ ਇਸ ਦੁਨੀਆ ਤੋਂ ਜਾ ਚੁੱਕਿਆ ਸੀ।
- ਸੁਖਵਿੰਦਰ ਸਿੰਘ ਮੁੱਲਾਂਪੁਰ