ਡਾਕਟਰ ਜਗਤਾਰ ਦਾ ਪਾਕਿਸਤਾਨ 'ਚ ਰਾਜ ਭਾਗ ਵੇਖਣ ਵਾਲਾ ਸੀ। ਉਨ੍ਹਾਂ ਦੇ ਮਿੱਤਰਾਂ 'ਚੋਂ ਅੱਬਾਸ ਅਤਹਰ ਨਾਲ ਹੁੰਦੀ ਚੁੰਝ ਚਰਚਾ ਮੇਰੀ ਯਾਦ ਪੋਟਲੀ ਵਿਚ ਸਾਂਭੀ ਪਈ ਹੈ।
.jpg)
ਬਲ਼ਦੇ ਬਿਰਖ ਦੀ ਛਾਂ ਜਿਹਾ ਸੀ ਡਾਕਟਰ ਜਗਤਾਰ ਜੜ੍ਹਾਂ ਸਲਾਮਤ ਚਾਰ ਚੁਪੇਰੇ ਫ਼ੈਲੀਆਂ ਪਰ ਹਰ ਪਲ ਬੇਚੈਨ। ਉਸ ਦੇ ਟਾਹਣਾਂ ਨਾਲ ਹਿੰਮਤੀ ਬੰਦਾ ਹੀ ਪੀਂਘ ਪਾ ਸਕਦਾ ਸੀ। ਮੈਨੂੰ ਮਾਣ ਹੈ ਕਿ ਮੈਂ ਡਾਕਟਰ ਜਗਤਾਰ ਦੇ ਟਾਹਣਾਂ ਨਾਲ ਕਈ ਵਰ੍ਹੇ ਲਗਾਤਾਰ ਪਿਆਰ ਪੀਂਘਾਂ ਝੂਟੀਆਂ ਹਨ। ਉਹ ਦਹਿਸ਼ਤਗਰਦ ਨਹੀਂ ਸੀ ਪਰ ਸਾਹਿਤ ਦੇ ਖੇਤਰ 'ਚ ਬਹੁਤੇ ਬੰਦੇ ਉਸ ਤੋਂ ਕੰਨ ਭੰਨਦੇ ਸਨ ਨੇੜੇ ਆਉਣ ਤੋਂ ਤ੍ਰਭਕਦੇ।
ਹੱਥ ਨਾ ਲਾਈ ਕਸੁੰਭੜੇ
ਜਲ ਜਾਸੀ ਢੋਲਾ...
ਮੈਂ ਕਸੁੰਭੜਾ ਚੁੱਗਿਆ ਹੈ, ਇਸ ਦੇ ਪੱਕੇ ਚੌਲ ਝਾੜ-ਝਾੜ ਚੱਬੇ ਹਨ। ਚਿੱਟੇ-ਚਿੱਟੇ ਕਸੁੰਭੜੇ ਦੇ ਬੀਜ। ਕੰਡਿਆਲੇ ਫੁੱਲਾਂ 'ਚ ਇੰਨੀ ਕੋਮਲਤਾ ਵੀ ਹੋ ਸਕਦੀ ਹੈ ਪਹਿਲੀ ਵਾਰ ਅੱਖੀਂ ਵੇਖਿਆ।
ਡਾਕਟਰ ਜਗਤਾਰ ਦੀ ਹਾਲਤ ਵੀ ਕਸੁੰਭੜੇ ਦੇ ਫੁੱਲ ਵਰਗੀ ਸੀ ਅੰਦਰ ਚਿੱਟੇ ਦੁੱਧ ਦਾਣੇ। ਮੈਂ ਡਾਕਟਰ ਜਗਤਾਰ ਨੂੰ 1970 'ਚ ਪਹਿਲੀ ਵਾਰ ਗੁਰੂ ਨਾਨਕ ਕਾਲਜ ਕਾਲਾ ਅਫ਼ਗਾਨਾ (ਗੁਰਦਾਸਪੁਰ) 'ਚ ਹੋਏ ਗੁਰੂ ਨਾਨਕ ਦੇਵ ਸ਼ਤਾਬਲੀ ਕਵੀ ਦਰਬਾਰ ਵਿਚ ਸੁਣਿਆ। ਮੇਰੇ ਅਧਿਆਪਕ ਤੇ ਸ਼ਾਇਰ ਪ੍ਰੋਫੈਸਰ ਸੁਰਿੰਦਰ ਗਿੱਲ ਦੀ ਹਿੰਮਤ ਸਦਕਾ ਹੀ ਇਹ ਵਿਸ਼ਾਲ ਕਵੀ ਦਰਬਾਰ ਹੋ ਸਕਿਆ। ਇਸ ਵਿਚ ਪ੍ਰੋਫੈਸਰ ਮੋਹਨ ਸਿੰਘ, ਸੂਬਾ ਸਿੰਘ, ਐੱਸਐੱਸ ਮੀਸ਼ਾ, ਡਾ, ਜਗਤਾਰ, ਸੁਰਿੰਦਰ ਸਿੰਘ ਨੂਰ, ਹਰਭਜਨ ਸਿੰਘ ਹੁੰਦਲ, ਸੁਰਜੀਤ ਪਾਤਰ, ਕਸ਼ਮੀਰ ਕਾਦਰ, ਡਾ. ਹਰਿਭਜਨ ਸਿੰਘ ਵਰਗੇ ਵੱਡੇ ਸ਼ਾਇਰ ਸ਼ਾਮਲ ਹੋਏ। ਕਵੀ ਦਰਬਾਰ 'ਚ ਸੁਰਿੰਦਰ ਗਿੱਲ ਨੇ ਜਦ ਡਾਕਟਰ ਜਗਤਾਰ ਨੂੰ ਪੇਸ਼ ਕੀਤਾ ਤਾਂ ਦੱਸਿਆ ਕਿ ਅਸਾਂ ਲੋਕਾਂ ਡਾਕਟਰ ਜਗਤਾਰ ਵਰਗੇ ਪਰਪੱਕ ਸ਼ਇਰਾਂ ਨੂੰ ਪੜ੍ਹ-ਪੜ੍ਹ ਲਿਖਣਾ ਸਿੱਖਿਆ ਹੈ। ਅਸਾਂ ਕੰਨ ਖੜ੍ਹੇ ਕਰ ਲਏ। ਡਾਕਟਰ ਜਗਤਾਰ ਨੇ ਨਾਜ਼ਮ ਛੋਹੀ। ਆਓ ਪੁਰਾਣੀ ਰਸਮ ਦੁਹਰਾਈਏ।
ਇਹ ਨਜ਼ਮ 'ਚ ਗੱਲ ਇਹੀ ਸੀ ਕਿ ਕਿਸੇ ਦੀਵਾਰ, ਫੁੱਟੇ ਖੂਹ ਜਾਂ ਰੁੱਖ ਦੀ ਖੋੜ 'ਚ ਉੱਗਣ ਦਾ ਕੀ ਫਾਇਦਾ ਜੇ ਉੱਗਣਾ ਹੈ ਤਾਂ ਧਰਤੀ ਚ ਉੱਗੀਦਾ। ਉਸ ਦਾ ਕਰਾਰਾ ਅੰਦਾਜ਼ ਮੈਨੂੰ ਭਾਇਆ। ਚਿਣ ਕੇ ਬੱਧੀ ਦਸਤਾਰ, ਕਤਰੀ ਦਾਹੜੀ, ਵੇਖਣ ਨੂੰ ਉਹ ਸ਼ਾਇਰ ਘੱਟ ਤੇ ਪੁਲਸ ਅਧਿਕਾਰੀ ਵੱਧ ਲੱਗਦਾ ਸੀ । ਉਸ ਦਾ ਰੋਹਬਦਾਰ ਸਲੀਕਾ ਉਸ ਨੂੰ ਆਮ ਸ਼ਇਰਾਂ ਨਾਲੋਂ ਨਿਖੇੜਦਾ। ਸਕੂਲ ਅਧਿਆਪਕ ਹੋ ਕੇ ਵੀ ਉਹ ਯੂਨੀਵਰਸਿਟੀਆਂ ਦੇ ਪੋਸਟ ਗ੍ਰੈਜੂਏਟ ਸਿਲੇਬਸ 'ਚ ਪੜਾਇ੍ਹਆ ਜਾਂਦਾ ਸੀ।
ਮੈਨੂੰ ਉਨ੍ਹਾਂ ਦੀ ਇਕ ਹੋਰ ਨਜ਼ਮ 'ਨਿਆਂਸ਼ਾਲਾ ਵਿਚ ਲਿਆਂਦਾ ਗਿਆ ਦੋਸ਼ੀ' ਤ੍ਰੈਮਾਸਿਕ ਪੱਤਰ ਸਿਰਜਣਾ ਵਿਚ ਪੜ੍ਹਨ ਨੂੰ ਮਿਲੀ। ਮੈਂ ਇਹ ਕਵਿਤਾ ਪੜ੍ਹ ਕੇ ਝੰਜੋੜਿਆ ਗਿਆ। ਬਿਲਕੁਲ ਨਵਾਂ ਅੰਦਾਜ਼ ਲੱਗਿਆ ਜਿਵੇਂ ਕੋਈ ਤੁਹਾਡੇ ਨਾਲ ਗੱਲਾਂ ਕਰਦਾ ਹੈ।
1971 'ਚ ਮੈਂ ਲੁਧਿਆਣੇ ਪੜ੍ਹਨ ਆ ਗਿਆ। ਇੱਥੇ ਡਾਕਟਰ ਐੱਸਪੀ ਸਿੰਘ ਦੇ ਕਹਿਣ ਤੇ ਮੈਂ ਡਾਕਟਰ ਜਗਤਾਰ ਦੀ ਕਾਵਿ ਪੁਸਤਕ 'ਦੁੱਧ ਪੱਥਰੀ' ਪੜ੍ਹੀ। ਉਸ ਦੇ ਕੁਝ ਪੁਰਾਣੇ ਗੀਤ ਸਾਹਿਤਕ ਮੈਗਜ਼ੀਨ ਕਵਿਤਾ ਵਿੱਚੋਂ ਪੜ੍ਹੇ ਪੜ੍ਹਿਆ। ਇਕ ਗੀਤ ਸੀ।
ਹਵਾ ਦੇ ਵਿਚ ਉੱਡਦੀ ਫਿਰੇ
ਮੇਰੀ ਤਿੱਤਰਾਂ ਵਾਲੀ ਫੁਲਕਾਰੀ
ਨੀ ਅੱਗੇ ਅੱਗੇ ਮੈਂ ਤੁਰਦੀ
ਮੇਰੇ ਤੁਰਦੇ ਨੇ ਮਗਰ ਸ਼ਿਕਾਰੀ।
ਇਹ ਗੀਤ ਪੜ੍ਹ ਕੇ ਮੈਂ ਸਰੂਰਿਆ ਗਿਆ। ਇਨ੍ਹਾਂ ਦਿਨਾਂ 'ਚ ਹੀ ਉਸ ਦੀ ਕਿਤਾਬ 'ਲਹੂ ਦੇ ਨਕਸ਼' ਆਈ। ਇਸ ਕਿਤਾਬ ਨੇ ਪੂਰੇ ਪੰਜਾਬ ਨੂੰ ਹਲੂਣਿਆ। ਗ਼ਜ਼ਲਾਂ 'ਚ ਕਮਾਲ ਦੀ ਰਵਾਨੀ ਸੀ।
ਹਰ ਮੋੜ ਤੇ ਸਲੀਬਾਂ,
ਹਰ ਪੈਰ ਤੇ ਹਨੇਰਾ,
ਫਿਰ ਵੀ ਅਸੀਂ ਰੁਕੇ ਨਾ,
ਸਾਡਾ ਵੀ ਦੇਖ ਜੇਰਾ।
ਇਕ ਹੋਰ ਗ਼ਜ਼ਲ ਸੀ।
ਖ਼ੂਨ ਲੋਕਾਂ ਦਾ ਹੈ
ਇਹ ਪਾਣੀ ਨਹੀਂ,
ਇਸ ਦੀ ਸੁਰਖ਼ੀ
ਕਦੇ ਜਾਣੀ ਨਹੀਂ।
ਅਸੀਂ ਤੇਰੇ ਲਈ
ਛਿੜਕਾਅ ਕੇ ਲੰਘੇ ਬੇੜੀਆਂ
ਤੂੰ ਹੀ ਸਾਡੀ ਚਾਲ
ਪਹਿਚਾਣੀ ਨਹੀਂ।
ਇਸ ਸਮੇਂ ਤੀਕ ਮੈਂ ਡਾਕਟਰ ਜਗਤਾਰ ਨੂੰ ਕਦੇ ਨਹੀਂ ਸੀ ਮਿਲਿਆ। ਇਸ ਕਿਤਾਬ ਨੂੰ ਪੜ੍ਹ ਕੇ ਮਿਲਣ ਦੀ ਤਾਂਘ ਜਾਗੀ। ਉਦੋਂ ਉਹ ਪੰਜਾਬ ਯੂਨੀਵਰਸਿਟੀ 'ਚ ਜਾ ਚੁੱਕੇ ਸਨ। ਡਾਕਟਰ ਵਿਸ਼ਵਨਾਥ ਤਿਵਾੜੀ ਦੀ ਕੋਸ਼ਿਸ਼ ਸੀ ਕਿ ਡਾਕਟਰ ਜਗਤਾਰ ਸਕੂਲ ਅਧਿਆਪਕ ਛੱਡ ਕੇ ਯੂਨੀਵਰਸਿਟੀ ਜਾਂ ਕਾਲਜ 'ਚ ਪੜ੍ਹਾਵੇ। ਬਾਬਾ ਫ਼ਰੀਦ ਚੇਅਰ ਵਾਂਗ ਹੀ ਜਦ ਭਾਈ ਵੀਰ ਸਿੰਘ ਚੇਅਰ ਦੀ ਸਥਾਪਨਾ ਹੋਈ ਤਾਂ ਡਾਕਟਰ ਤਿਵਾੜੀ ਇਸ ਚੇਅਰ ਦੇ ਚੇਅਰਮੈਨ ਬਣੇ। ਡਾਕਟਰ ਜਗਤਾਰ ਇਸ ਯੂਨੀਵਰਸਿਟੀ ਵਿਚ ਰਿਸਰਚ ਫੈਲੋ ਵਜੋਂ ਕਾਰਜਸ਼ੀਲ ਸਨ। ਇਸ ਵਕਤ ਹੀ ਉਨ੍ਹਾਂ ਪਾਕਿਸਤਾਨ ਦੀ ਪੰਜਾਬੀ ਕਵਿਤਾ ਦਾ ਮੁੱਲਵਾਨ ਸੰਗ੍ਰਹਿ 'ਦੁੱਖ ਦਰਿਆ ਪਾਰ ਦੇ' ਡਾਕਟਰ ਜਗਤਾਰ ਨਾਲ ਮਿਲ ਕੇ ਸੰਪਾਦਿਤ ਕੀਤਾ। ਇਸ ਕਿਤਾਬ ਨੇ ਹੀ ਅਸਲ ਵਿਚ ਪਾਕਿਸਤਾਨ 'ਚ ਲਿਖੀ ਜਾ ਰਹੀ ਕਵਿਤਾ ਨੂੰ ਏਧਰਲੇ ਪੰਜਾਬ ਨਾਲ ਮਿਲਾਇਆ। ਭਾਈ ਵੀਰ ਸਿੰਘ ਸੰਦਰਭ ਕੋਸ਼ ਵੀ ਉਨ੍ਹਾਂ ਦੀ ਮਹੱਤਵ-ਪੂਰਨ ਖੋਜ਼ ਪੁਸਤਕ ਸੀ। ਇਵੇਂ ਹੀ ਸੂਫ਼ੀ ਕਵਿਤਾ ਦਾ ਪਿਛੋਕੜ ਵੀ ਡਾਕਟਰ ਜਗਤਾਰ ਦੀ ਵਡਮੁੱਲੀ ਕਿਰਤ ਬਣੀ।
ਇਸ ਸਮੇਂ ਦੌਰਾਨ ਮੈਂ 1975-76 'ਚ ਐੱਮਏ ਕਰਦਿਆਂ ਕਵੀ ਦਰਬਾਰਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ। ਇਹ ਕਵੀ ਦਰਬਾਰ ਗੌਰਮਿੰਟ ਕਾਲਜ ਫਾਰ ਵਿਮੈਨ ਬਟਾਲਾ 'ਚ ਪ੍ਰੋਫੈਸਰ ਮਨੋਹਰ ਕੌਰ ਅਰਪਨ ਨੇ ਕਰਵਾਇਆ। ਜਿਸ ਵਿਚ ਸਭ ਤੋਂ ਨਿੱਕੀ ਉਮਰ ਦਾ ਕਵੀ ਮੈਂ ਹੀ ਸੀ। ਮੈਨੂੰ ਦੱਸਿਆ ਗਿਆ ਕਿ 'ਸਿਰਜਣਾ' 'ਚ ਛਪੀ ਮੇਰੀ ਕਵਿਤਾ 'ਸ਼ੀਸ਼ਾ ਝੂਠ ਬੋਲਦਾ ਹੈ' ਸਦਕਾ ਪ੍ਰੋਫੈਸਰ ਮਨੋਹਰ ਕੌਰ ਦੇ ਪਤੀ ਤੇ ਪ੍ਰਸਿੱਧ ਨਾਟਕਕਾਰ ਡਾਕਟਰ ਸੁਰਜੀਤ ਸਿੰਘ ਸੇਠੀ ਨੇ ਮੇਰੀ ਸਿਫ਼ਾਰਸ਼ ਕੀਤੀ ਸੀ। ਇਸ ਕਵੀ ਦਰਬਾਰ 'ਚ ਡਾਕਟਰ ਜਗਤਾਰ ਨੂੰ ਮੈਂ ਪਹਿਲੀ ਵਾਰ ਮਿਲਿਆ। ਮਿਲਾਇਆ ਵੀ ਵੱਡੇ ਵੀਰ ਤੇ ਸ਼ਾਇਰ ਤ੍ਰਲੋਚਨ (ਬੱਤਾ) ਰੋਪੜ ਵਾਲੇ ਨੇ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨੇ ਕੀਤੀ ਸੀ ।
ਕਵੀ ਦਰਬਾਰ ਤੋਂ ਬਾਅਦ ਤ੍ਰੈਲੋਚਨ ਟਹਿਲ ਸੇਵਾ ਲਈ ਡਾਕਟਰ ਜਗਤਾਰ ਨੂੰ ਆਪਣੇ ਕਮਰੇ ਵਿਚ ਲੈ ਕੇ ਜਾਣਾ ਚਾਹੁੰਦਾ ਸੀ। ਡਾਕਟਰ ਜਗਤਾਰ ਨੇ ਮੈਨੂੰ ਵੀ ਨਾਲ ਤੋਰ ਲਿਆ। ਮੈਂ ਲੁਧਿਆਣਿਓਂ ਡਾਕਟਰ ਰਣਧੀਰ ਸਿੰਘ ਚੰਦ ਨਾਲ ਬੱਸ ਚੜ੍ਹ ਕੇ ਪਟਿਆਲੇ ਗਿਆ ਸਾਂ। ਉਦੋਂ ਇਹੀ ਰਿਵਾਜ ਸੀ। ਹੁਣ ਵਾਂਗ ਕਾਰਾਂ ਵਾਲੇ ਕਵੀ ਨਹੀਂ ਸਨ ਹੁੰਦੇ। ਚੰਦ ਤੇ ਡਾਕਟਰ ਜਗਤਾਰ ਦਾ ਮਨ ਮੁਟਾਵ ਜਗ ਜ਼ਾਹਰ ਸੀ। ਦੋਹਾਂ ਦਾ ਪਹਿਲਾਂ ਪਿਆਰ ਵੀ ਮਿਸਾਲੀ ਸੀ ਤੇ ਮਗਰੋਂ ਦੁਸ਼ਮਣੀ ਵੀ। ਦੋਵੇਂ ਇਕ ਦੂਜੇ ਨੂੰ ਭੋਰਾ ਨਹੀਂ ਸੀ ਜਰਦੇ। ਡਾਕਟਰ ਚੰਦ ਨੇ ਜਗਤਾਰ ਨਾਲ ਤੁਰਨਾ ਨਹੀਂ ਸੀ ਤੇ ਮੇਰੀ ਨਾਂਹ ਕਰਨ ਦੀ ਹਿੰਮਤ ਨਾ ਪਵੇ। ਅਖੀਰ ਤ੍ਰੈਲੋਚਨ ਨੇ ਡਾਕਟਰ ਚੰਦ ਨੂੰ ਨਾਲ ਤੁਰਨ ਲਈ ਮਨਾ ਲਿਆ। ਅੱਧਾ ਪੌਣਾ ਕਿਲੋਮੀਟਰ ਤੁਰੇ ਜਾਂਦਿਆਂ ਤ੍ਰਲੋਚਨ ਨੇ ਸੁਲ੍ਹਾ ਸਫ਼ਾਈ ਦੀ ਗੱਲ ਛੋਹ ਕੇ ਕਮਰੇ ਤੀਕ ਪਹੁੰਚਣ ਤੋਂ ਪਹਿਲਾਂ ਦੋਹਾਂ ਨੂੰ ਬਗਲਗੀਰ ਕਰ ਦਿੱਤਾ। ਇਸ ਮਗਰੋਂ ਦੋਵੇਂ ਅੱਥਰੂ-ਅੱਥਰੂ ਸਨ। ਸਿਆਣੀ ਉਮਰ ਦੇ ਸ਼ਾਇਰ ਮੈਂ ਪਹਿਲੀ ਵਾਰ ਪਛਤਾਵੇ ਦੇ ਅੱਥਰੂ ਕੇਰਦੇ ਵੇਖੇ।
ਇਸ ਮੁਲਾਕਾਤ ਤੋਂ ਮਗਰੋਂ ਡਾਕਟਰ ਜਗਤਾਰ ਮੇਰੇ ਲਈ ਵੱਡੇ ਭਾਜੀ ਬਣ ਗਏ। ਉਨ੍ਹਾਂ ਦੀ ਹਰ ਪੁਸਤਕ ਨੂੰ ਸਭ ਤੋਂ ਪਹਿਲਾਂ ਖ਼ਰੀਦ ਕੇ ਪੜ੍ਹਨਾ ਮੇਰਾ ਸ਼ੌਕ ਬਣ ਗਿਆ। ਡਾਕਟਰ ਜਗਤਾਰ ਦੀ ਗ਼ਜ਼ਲ ਤੇ ਨਜ਼ਮ ਦਾ ਇੱਕੋ ਜਿਹਾ ਕਦਰਦਾਨ ਹਾਂ। ਵਾਰਤਕ ਵਿਚ ਤਾਂ ਉਹ ਹੋਰ ਵੀ ਤਰਲ ਹੋ ਜਾਂਦੀਆਂ ਜਾਂਦੇ।
ਡਾਕਟਰ ਜਗਤਾਰ ਦਾ ਸ਼ੌਕ ਪੁਰਾਣੇ ਸਿੱਕਿਆਂ ਨੂੰ ਇਕੱਠੇ ਕਰਨਾ ਵੀ ਸੀ। ਪੁਰਾਣੇ ਕੰਧ ਚਿੱਤਰਾਂ ਨੂੰ ਕੈਮਰਾ ਫੋਟੋ ਰਾਹੀਂ ਉਨ੍ਹਾਂ ਬਹੁਤ ਫਿਰ ਤੁਰ ਕੇ ਸੰਭਾਲਿਆ, ਉਨ੍ਹਾਂ ਦਾ ਇਹ ਖੋਜ਼ ਕਾਰਜ ਹਾਲੇ ਤੀਕ ਅਣਛਪਿਆ ਪਿਆ ਹੈ। ਪਰਿਵਾਰ ਦੀ ਮਦਦ ਨਾਲ ਇਹ ਕੰਮ ਪੰਜਾਬ ਦੀ ਕਿਸੇ ਯੂਨੀਵਰਸਿਟੀ ਜਾਂ ਆਰਟਸ ਕੌਂਸਲ ਨੂੰ ਪ੍ਰਕਾਸ਼ਿਤ ਕਰ ਲੈਣਾ ਚਾਹੀਦਾ ਹੈ।
ਕੰਧ ਚਿੱਤਰਾਂ ਬਾਰੇ ਗੱਲ ਛੇੜ ਲਵੋ ਤਾਂ ਉਹ ਘੰਟਿਆਂ ਬੱਧੀ ਬੋਲਦੇ। ਮੰਦਰਾਂ, ਗੁਰਦੁਆਰਿਆਂ ਤੇ ਸਾਂਝੇ ਭਵਨਾਂ ਅੰਦਰ ਬਣੇ ਕੰਧ ਚਿੱਤਰਾਂ ਦਾ ਦੀ ਵਿਆਖਿਆ ਹੋਰ ਵੀ ਰਸਵੰਤੀ ਹੋ ਜਾਂਦੀ ਜਦ ਡਾਕਟਰ ਜਗਤਾਰ ਦੱਸਦੇ।
ਮੇਰੀ ਗ਼ਜ਼ਲ ਪੁਸਤਕ 'ਮਨ ਦੇ ਬੂਹੇ ਬਾਰੀਆਂ' ਦਾ ਮੁੱਖ ਬੰਦ ਲਿਖਦਿਆਂ ਉਨ੍ਹੇ ਮੈਨੂੰ ਨਿਰੋਲ ਪੰਜਾਬੀ ਗ਼ਜ਼ਲ ਦਾ ਸਿਰਜਕ ਕਿਹਾ। ਮੈਨੂੰ ਯਕੀਨ ਨਾ ਆਵੇ ਕਿ ਇਹ ਸਨਦ ਡਾਕਟਰ ਜਗਤਾਰ ਨੇ ਜਾਰੀ ਕੀਤੀ ਹੈ। ਜੋ ਆਪ ਗ਼ਜ਼ਲ ਯੂਨੀਵਰਸਿਟੀ ਦਾ ਅਣਐਲਾਨਿਆ ਵਾਈਸ ਚਾਂਸਲਰ ਹੈ।
ਡਾਕਟਰ ਜਗਤਾਰ ਕੋਲੋਂ ਸਿੱਖਣ ਲਈ ਬਹੁਤ ਕੁਝ ਸੀ। ਉਹ ਮਰੇ ਰਿਸ਼ਤਿਆਂ ਦਾ ਭਾਰ ਨਹੀਂ ਸੀ ਢੋਂਦਾ। ਆਪਣੇ ਆਭਾ ਮੰਡਲ 'ਚ ਸਿਰਫ਼ ਉਨ੍ਹਾਂ ਰੂਹਾਂ ਨੂੰ ਹੀ ਦਾਖ਼ਲਾ ਦਿੰਦੇ ਸਨ ਜੋ ਉਨ੍ਹਾਂ ਦੀਆਂ ਕੋਝੀਆਂ ਕੁਸੈਲੀਆਂ ਦੇ ਅਰਥ ਸਮਝਦੇ ਹੋਣ। ਅਨਰਥ ਨਾ ਕਰਨ।
2002 'ਚ ਮੈਨੂੰ ਡਾਕਟਰ ਜਗਤਾਰ ਦੀ ਸੰਗਤ ਪੂਰਾ ਇਕ ਹਫ਼ਤਾ ਮਾਣਨ ਦਾ ਮੌਕਾ ਮਿਲਿਆ। ਲਹੌਰ 'ਚ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਡੈਲੀਗੇਟ ਵਜੋਂ ਡਾ. ਸੁਤਿੰਦਰ ਸਿੰਘ ਨੂਰ ਨੇ ਡਾਕਟਰ ਜਗਤਾਰ, ਅਜਮੇਰ ਸਿੰਘ ਔਲਖ, ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਨ ਸਿੰਘ, ਸੁਖਦੇਵ ਸਿੰਘ ਸਿਰਸਾ, ਇੰਦਰਜੀਤ ਹਸਨਪੁਰੀ ਤੇ ਹੋਰ ਲਿਖਾਰੀਆਂ ਦੇ ਨਾਲ ਹੀ ਮੈਨੂੰ ਵੀ ਡੈਲੀਗੇਸ਼ਨ ਵਿਚ ਸ਼ਾਮਲ ਕਰ ਲਿਆ। ਡਾਕਟਰ ਜਗਤਾਰ ਦਾ ਪਾਕਿਸਤਾਨ 'ਚ ਰਾਜ ਭਾਗ ਵੇਖਣ ਵਾਲਾ ਸੀ। ਉਨ੍ਹਾਂ ਦੇ ਮਿੱਤਰਾਂ 'ਚੋਂ ਅੱਬਾਸ ਅਤਹਰ ਨਾਲ ਹੁੰਦੀ ਚੁੰਝ ਚਰਚਾ ਮੇਰੀ ਯਾਦ ਪੋਟਲੀ ਵਿਚ ਸਾਂਭੀ ਪਈ ਹੈ। ਅਬਦੁੱਲ ਕਰੀਮ ਕੁਦਸੀ ਵਰਗੇ ਪਰਪੱਕ ਸ਼ਾਇਰ ਨਾਲ ਡਾਕਟਰ ਜਗਤਾਰ ਦੀ ਦੋਸਤੀ ਸੀ। ਕੁਦਸੀ ਦੇ ਭਣੇਵੇਂ ਇਕਬਾਲ ਨਾਲ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ ਆਏ। ਇਕਬਾਲ ਕਾਰ ਚਲਾ ਰਿਹਾ ਸੀ। ਮੈਂ ਅਗਲੀ ਸੀਟ 'ਤੇ ਸੀ ਤੱ ਪਿਛਲੀ ਸੀਟ 'ਤੇ ਇਕ ਪਾਸੇ ਕੁਦਮੀ ਦੂਜੇ ਬੰਨੇ ਡਾਕਟਰ ਜਗਤਾਰ। ਵਿਚਕਾਰ ਸੁਖਦੇਵ ਸੀ। ਸੁਖਦੇਵ ਨੂੰ ਥੱਲਿਓਂ ਟਯੋਕਾ ਕਾਰ ਦੀ ਹੁੱਡ ਚੁੱਭੇ ਤੇ ਉੱਪਰੋਂ ਡਾਕਟਰ ਜਗਤਾਰ ਦੀ ਤਲਖ਼ ਕਲਾਮੀ ਦਾ ਸੇਕ। ਪਤਾ ਨਹੀਂ ਦਿਨ ਕਿਹੋ ਜਿਹਾ ਸੀ, ਰਾਹ 'ਚ ਕਾਰ ਦੋ ਵਾਰ ਪੈਂਚਰ ਹੋਈ। ਡਾਕਟਰ ਜਗਤਾਰ ਦਾ ਪਾਰਾ ਸੱਤਵੇਂ ਅਸਮਾਨ 'ਤੇ। ਅਖੇ ਕਾਰ ਵਾਰ-ਵਾਰ ਕਿਉਂ ਪੰਚਰ ਹੋ ਰਹੀ ਹੈ। ਸੇਖੂਪੁਰਾ ਪਹੁੰਚ ਕੇ ਟਿਊਬਾਂ ਬਦਲਾਉਣ ਲੱਗੇ ਤਾਂ ਦੁਕਾਨਦਾਰ ਕਹੇ ਟਿਊਬ ਤਾਂ ਹੁਣ ਕੋਈ ਪਾਉਂਦਾ ਨਹੀਂ। ਟਿਊਬਲੈੱਸ ਟਾਇਰ ਪੁਆ ਲਵੋ। ਡਾ. ਜਗਤਾਰ ਦਾ ਆਦੇਸ਼ ਸੀ ਪਾ ਦਿਉ। ਅਗਲਾ ਸਿਆਪਾ ਇਹ ਕਿ ਟਾਇਰ ਤਾਂ ਲੈ ਲਏ ਪਰ ਫਿੱਟ ਨਾ ਹੋਣ ਅਖੇ ਟਿਊਬਲੈੱਸ ਟਾਇਰਾਂ ਦੇ ਰਿੰਮ ਹੋਰ ਹੁੰਦੇ ਨੇ। ਡਾਕਟਰ ਜਗਤਾਰ ਕਿਹਾ ਇਹ ਵੀ ਪਾ ਦਿਉ। ਸ਼ਹਿਨਸ਼ਾਹੀ ਹੁਕਮ ਹੋ ਗਿਆ ਸੀ। ਬਿੱਲ ਬਣਾਇਆ ਤਾਂ ਡਾਕਟਰ ਜਗਤਾਰ ਬਟੂਆ ਕੱਢ ਕੇ ਬਹਿ ਗਿਆ। ਅਖੇ ਭਣਜੇਂ ਪੈਸੇ ਮੈਂ ਦਿਆਂਗਾ ਪਰ ਇਕਬਾਲ ਨੇ ਹੁਕਮ ਅਦੂਲੀ ਕਰ ਕੇ ਕਰੈਡਿਟ ਕਾਰਡ ਘਸਾ ਦਿੱਤਾ। ਇਹ ਸੀ ਸਾਡਾ ਬੇਤਾਜ ਬਾਦਸ਼ਾਹ ਡਾ. ਜਗਤਾਰ।
ਡਾਕਟਰ ਜਗਤਾਰ ਜਦ ਵੀ ਕਦੇ ਲੁਧਿਆਣੇ ਆਉਂਦੇ ਤਾਂ ਸੁਨੇਹਾ ਭੇਜ ਕੇ ਬੁਲਾ ਲੈਂਦੇ। ਸਦੀਵੀ ਅਲਵਿਦਾ ਤੋਂ ਕੁਝ ਸਮਾਂ ਪਹਿਲਾਂ ਉਹ ਲੁਧਿਆਣੇ ਦੇ ਮੈਡੀਸਿਟੀ ਹਸਪਤਾਲ 'ਚ ਆਪਣੇ ਡਾਕਟਰ ਕੋਲ ਆਦੇ ਤਾਂ ਵਾਪਸੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਮੇਰੇ ਕਮਰੇ ਅੰਦਰ ਪਹੁੰਚ ਗਏ। ਗਰਮੀ ਬਹੁਤ ਸੀ ਮੈਂ ਆਪਣੇ ਉੱਚ ਅਧਿਕਾਰੀ ਦੇ ਠੰਡੇ ਕਮਰੇ 'ਚ ਲੈ ਗਿਆ। ਮੈਨੂੰ ਸਮਝ ਨਾ ਆਵੇ ਕਿ ਕੀ ਕਰਾਂ। ਏਡਾ ਵੱਡਾ ਸ਼ਹਿਰ ਬਿਮਾਰੀ ਦੀ ਹਾਲਤ 'ਚ ਮਿਲਣ ਆਇਐ। ਪਹਿਲਾ ਫ਼ਿਕਰਾ ਸੀ, 'ਬਹੁਤ ਦਿਨਾਂ ਤੋਂ ਤੈਨੂੰ ਮਿਲਣਾ ਚਾਹੁੰਦਾ ਸਾਂ। ਸਾਡੀ ਯੂਨੀਵਰਸਿਟੀ ਦੇ ਉਦੋਂ ਡਾਕਟਰ ਮਨਜੀਤ ਸਿੰਘ ਕੰਗ ਵਾਈਸ ਚਾਂਸਲਰ ਸਨ। ਕਿਸੇ ਕੰਮ ਲਈ ਉਨ੍ਹਾਂ ਮੈਨੂੰ ਫੋਨ 'ਤੇ ਬੁਲਾਇਆ ਤਾਂ ਮੈਂ ਦੱਸਿਆ ਕਿ ਡਾਕਟਰ ਜਗਤਾਰ ਆਏ ਹੋਏ ਨੇ। ਪੰਜ ਮਿੰਟਾਂ 'ਚ ਹੀ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਡਾਕਟਰ ਜਗਤਾਰ ਨੂੰ ਮਿਲਣ ਲਈ ਸਾਡੇ ਦਫ਼ਤਰ 'ਚ ਸਨ ਲੰਮੀਆਂ ਡਾਰਾਂ ਨੇ ਯਾਦਾਂ ਦੀਆਂ, ਬਾਕੀ ਕਦੇ ਫੇਰ ਸਹੀ।
- ਗੁਰਭਜਨ ਗਿੱਲ
98726-31199